This question has already been answered in great detail in this article by Bhai Kulbir Singh:
[
gurmatbibek.com]
ਸਿਖ ਬੀਬੀਆਂ ਦੇ ਸਿਰ ਦਾ ਤਾਜ - ਦਸਤਾਰ
ਸਿਖ ਧਰਮ ਇਕੋ ਇਕ ਧਰਮ ਹੈ ਜਿਸ ਵਿਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਤੇ ਬਰਾਬਰ ਦੀਆਂ ਜ਼ਿਮੇਵਾਰੀਆਂ ਹਨ। ਕੋਈ ਐਸਾ ਸਿਖੀ ਨਾਲ ਸੰਬੰਧਤ ਕੰਮ ਨਹੀਂ ਜੋ ਮਰਦ ਕਰ ਸਕਦੇ ਹਨ ਤੇ ਔਰਤਾਂ ਨਹੀਂ ਕਰ ਸਕਦੀਆਂ। ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤਾਂ ਦੀ ਹਾਲਤ ਸਮਾਜਿਕ ਅਤੇ ਧਾਰਮਕ ਤੌਰ ਤੇ ਬਹੁਤ ਬਦਤਰ ਸੀ । ਹਿੰਦੋਸਤਾਨ ਦੇ ਉਸ ਵੇਲੇ ਦੇ ਪ੍ਰਮੁਖ ਧਰਮਾਂ ਹਿੰਦੂ ਧਰਮ ਤੇ ਇਸਲਾਮ ਮਜ਼ਹਬ ਵਲੋਂ ਔਰਤ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਨਹੀਂ ਸੀ। ਉਸ ਵੇਲੇ ਸਤਿਗੁਰੂ ਜੀ ਨੇ ਜੋ ਇੰਕਲਾਬੀ ਮਹਾਵਾਕ ਉਚਾਰੇ ਸਨ ਉਹਨਾਂ ਦੀ ਗੂੰਜ ਅਜ ਤੱਕ ਕੋਟਿ ਬ੍ਰਹਮੰਡਾਂ ਵਿਚ ਗੂੰਜ ਰਹੀ ਹੈ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭਾਵ ਜਿਸ ਔਰਤ ਨੇ ਮਹਾਨ ਰਾਜੇ ਆਦਿ ਜੰਮੇ ਹਨ, ਉਸ ਨੂੰ ਮੰਦਾ ਕਿਉਂ ਆਖਿਆ ਜਾਵੇ।
ਦੋਇਮ ਸਤਿਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਵਲੋਂ ਉਸ ਵੇਲੇ ਖਾਸ ਕਰਕੇ ਲੰਗਰ ਦੀ ਸੇਵਾ ਕਰਨ ਵਿਚ ਸੰਗਤਾਂ ਦੀ ਅਗਵਾਈ ਕੀਤੀ ਗਈ ਤੇ ਉਹਨਾਂ ਨੇ ਇਸ ਤਰਾਂ ਮਨ ਮਾਰਕੇ ਮਹਾਨ ਸੇਵਾ ਕੀਤੀ ਕਿ ਇਸ ਸੇਵਾ ਦਾ ਜ਼ਿਕਰ ਗੁਰਬਾਣੀ ਵਿਚ ਖਾਸ ਤੌਰ ਤੇ ਇਸ ਪ੍ਰਕਾਰ ਕੀਤਾ ਗਿਆ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
ਗੁਰਬਾਣੀ ਫੁਰਮਾੳਂਦੀ ਹੈ ਕਿ, ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਨੇਕ ਔਰਤ ਹਨ ਜਿਨ੍ਹਾਂ ਦੀ ਮਮਤਾ ਮਈ ਛਾਂ ਭਾਰੀ ਪਤਰਾਂ ਵਾਲੀ ਹੈ ਭਾਵ ਬਹੁਤ ਹੀ ਘਣੀ ਹੈ। ਇਸ ਨਿਘੀ ਮਮਤਾ ਮਈ ਛਾਂ ਵਿਚ ਅੰਮ੍ਰਿਤ ਮਈ ਘਿਓ ਵਾਲੀ ਖੀਰ ਦਾ ਜ਼ਿਕਰ ਉਚੇਚੇ ਤੌਰ ਤੇ ਮਿਲਦਾ ਹੈ। ਜਿਸ ਤਰਾਂ ਮਮਤਾ ਵਿਚ ਮਾਂ ਆਪਣੇ ਬਚਿਆਂ ਨੂੰ ਲਾਡ ਤੇ ਚਾਓ ਨਾਲ ਖਿਲਾ ਕੇ ਵਿੱਗਸਦੀ ਹੈ ਉਸੇ ਤਰਾਂ ਹੀ ਮਾਤਾ ਜੀ ਲੰਗਰ ਵਿਚ ਸੰਗਤਾਂ ਦੀ ਸੇਵਾ ਚਾਓ ਤੇ ਉਮਾਹ ਨਾਲ ਘਿਓ, ਖੀਰ ਆਦਿ ਅੰਮ੍ਰਿਤਮਈ ਪਦਾਰਥ ਵਰਤਾ ਕੇ ਕਰਦੇ ਸਨ। ਇਹ ਸਤਿਗੁਰਾਂ ਦਾ ਮਹਾਨ ਉਪਕਾਰ ਸੀ ਕਿ ਉਹਨਾਂ ਨੇ ਮਾਤਾ ਜੀ ਨੂੰ ਸੰਗਤਾਂ ਦੀ ਅਗਵਾਈ ਕਰਨ ਦਾ ਮੌਕਾ ਦਿਤਾ ਤੇ ਇਸ ਤਰਾਂ ਔਰਤਾਂ ਨੂੰ ਨਿਵਾਜ਼ਿਆ ਤੇ ਸਨਮਾਨਿਆ।
ਤੀਸਰੇ ਸਤਿਗੁਰੂ, ਆਸਾ ਨਿਵਾਸ, ਜਗਤ ਪਿਤਾ, ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁਤਰੀ ਜੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ ਬੀਬੀ ਭਾਨੀ ਜੀ ਨੇ ਵੀ ਅਣਥਕ ਸੇਵਾ ਪਿਤਾ ਸਤਿਗੁਰਾਂ ਦੀ ਕਰਕੇ ਸੇਵਾ ਦੀ ਮਿਸਾਲ ਕਾਇਮ ਕੀਤੀ। ਤੀਜੇ ਸਤਿਗੁਰ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਦੇ ਕੋਨੇ ਕੋਨੇ ਵਿਚ ਬਾਈ ਮੰਜੀਆਂ ਅਸਥਾਪਤ ਕੀਤੀਆਂ ਤੇ ਇਹਨਾਂ 22 ਮੰਜੀਆਂ ਵਿਚੋਂ ਅਨੇਕਾਂ ਸਿਖ ਬੀਬੀਆਂ ਨੂੰ ਦਿਤੀਆਂ ਗਈਆਂ ਸਨ। ਉਸ ਜ਼ਮਾਨੇ ਵਿਚ ਜਦੋਂ ਕਈ ਫਿਰਕਿਆਂ ਵਿਚ ਔਰਤ ਨੂੰ ਅਖਾਊਤੀ ਸ਼ੂਦਰਾਂ ਤੋਂ ਵੀ ਘਟੀਆ ਦਰਜਾ ਹਾਸਲ ਸੀ, ਇਸ ਕ੍ਰਾਂਤੀਕਾਰੀ ਕਦਮ ਨੇ ਸਿਖ ਔਰਤਾਂ ਵਿਚ ਇਕ ਅਨੋਖਾ ਆਤਮ-ਵਿਸ਼ਵਾਸ ਭਰ ਦਿੱਤਾ ਸੀ। ਸਤਿਗੁਰਾਂ ਨੇ ਵਿਧਵਾਵਾਂ ਦੇ ਪੁਨਰ ਵਿਆਹ ਦੀ ਇਜਾਜ਼ਤ ਦੇ ਕੇ ਅਣਗਿਣਤ ਮਾਸੂਮ ਬਚੀਆਂ ਜੋ ਬਾਲੀ ਉਮਰੇ ਹੀ ਵਿਧਵਾਵਾਂ ਹੋ ਜਾਂਦੀਆਂ ਸਨ ਤੇ ਜਿਨਾਂ ਨੂੰ ਉਸ ਸਮੇਂ ਦੇ ਸਮਾਜ ਵਲੋਂ ਬਹੁਤ ਆਸ ਹੀਨੀ ਜ਼ਿੰਦਗੀ ਜੀਉਣ ਲਈ ਮਜਬੂਰ ਕੀਤਾ ਜਾਂਦਾ ਸੀ, ਨੂੰ ਇਕ ਨਵੀਂ ਜ਼ਿੰਦਗੀ ਦਿਤੀ ਸੀ। ਸਤਿਗੁਰਾਂ ਵਲੋਂ ਹੋਰ ਪਰਉਪਕਾਰ ਕਰਦਿਆਂ ਪ੍ਰਚਲਤ ਸਤੀ ਦੀ ਰਸਮ ਅਕਬਰ ਨੂੰ ਕਹਿ ਕੇ ਸਰਕਾਰੀ ਤੌਰ ਤੇ ਗੈਰ ਕਾਨੂਨੀ ਕਰਾਰ ਦਿਤੀ ਗਈ।
ਇਸ ਤਰਾਂ ਦੀਆਂ ਉਸਾਰੂ ਤੇ ਵਿਸ਼ਵਾਸ ਕਾਇਮ ਕਰਨ ਵਾਲੀਆਂ ਮਿਸਾਲਾਂ ਕਾਇਮ ਕਰਕੇ ਸਤਿਗੁਰਾਂ ਨੇ ਸਿਖ ਔਰਤਾਂ ਨੂੰ ਸਵੈਮਾਨ ਨਾਲ ਭਰਪੂਰ ਕਰ ਦਿਤਾ। ਇਸੇ ਤਰਾਂ ਹੀ ਸਭ ਗੁਰੂ ਸਾਹਿਬਾਨ ਵਲੋਂ ਔਰਤਾਂ ਦੇ ਸਮਾਜਿਕ ਤੇ ਧਾਰਮਿਕ ਦਰਜੇ ਨੂੰ ਉਭਾਰਨ ਲਈ ਉਪਰਾਲੇ ਹੁੰਦੇ ਰਹੇ ਪਰ ਸ੍ਰੀ ਗੁਰੂ ਦਸਮੇਸ਼ ਜੀ ਨੇ ਤਾਂ ਸਿਖ ਬੀਬੀਆਂ ਨੂੰ ਖਾਲਸਾ ਪੰਥ ਵਿਚ ਸ਼ਾਮਲ ਕਰਕੇ ਸਭ ਭੇਦ ਭਾਵ ਹੀ ਮਿਟਾ ਦਿਤੇ। ਸਤਿਗੁਰਾਂ ਵਲੋਂ ਜਿਥੇ ਬੀਬੀਆਂ ਨੂੰ ਖਾਲਸੇ ਬਣਾ ਕੇ ਬਰਾਬਰ ਦੇ ਅਧਿਕਾਰ ਦਿਤੇ ਹਨ ਉਥੇ ਉਹਨਾਂ ਨੂੰ ਕਮਜ਼ੋਰ ਨਾ ਜਾਣ ਕੇ ਸਿੰਘਾਂ ਦੇ ਬਰਾਬਰ ਦੀ ਜ਼ਿਮੇਵਾਰੀ ਵੀ ਦਿਤੀ ਹੈ। ਇਹ ਨਹੀਂ ਕਿ ਕੀਤਾ ਕਿ ਸਿੰਘ ਨੂੰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਹੁਕਮ ਦਿਤਾ ਹੋਵੇ ਤੇ ਔਰਤਾਂ ਨੂੰ ਇਕ ਬਾਣੀ ਦਾ। ਦੋਹਾਂ ਨੂੰ ਇਕੋ ਹੀ ਨਿਤਨੇਮ ਬਖਸ਼ਿਆ ਹੈ ਕਿਉਂਕਿ ਜਿਹੜੇ ਪੰਜ ਭੂਤ ਕਾਮ, ਕ੍ਰੌਧ, ਲੋਭ, ਮੋਹ, ਤੇ ਹੰਕਾਰ ਮਰਦਾਂ ਨੂੰ ਚਿੰਬੜੇ ਹੋਏ ਹਨ, ਉਹਨਾਂ ਤੋਂ ਹੀ ਬੀਬੀਆਂ ਵੀ ਗ੍ਰਸਤ ਹਨ। ਜਦ ਰੋਗ ਇਕ ਹੈ ਤਾਂ ਉਸ ਦਾ ਔਖਧ ਵੀ ਇਕੋ ਹੀ ਹੋਣਾ ਚਾਹੀਦਾ ਸੀ। ਇਸੇ ਕਰਕੇ ਹੀੇ ਸਤਿਗੁਰਾਂ ਵਲੋਂ ਮਰਦਾਂ ਤੇ ਔਰਤਾਂ ਵਾਸਤੇ ਇਕੋ ਹੀ ਗੁਰਮੰਤ੍ਰ, ਇਕੋ ਹੀ ਮੂਲ ਮੰਤ੍ਰ ਤੇ ਇਕੋ ਹੀ ਗੁਰਬਾਣੀ ਦਾ ਨਿਤਨੇਮ ਤਜਵੀਜ਼ ਕੀਤਾ ਗਿਆ ਹੈ। ਜਿਨਾਂ ਬੱਜਰ ਕੁਰਹਿਤਾਂ ਜਿਵੇਂ ਕਿ ਕੇਸ ਕਤਲ ਕਰਨੇ, ਤੰਬਾਕੂ ਦਾ ਸੇਵਨ ਆਦਿ ਤੋਂ ਮਰਦਾਂ ਨੂੰ ਪਰਹੇਜ਼ ਕਰਨ ਲਈ ਹੁਕਮ ਦਿਤਾ ਗਿਆ ਹੈ ਉਹ ਔਰਤਾਂ ਨੂੰ ਵੀ ਮਨਾ ਕੀਤੀਆਂ ਗਈਆਂ ਹਨ।
ਜਦ ਸਾਰੀ ਰਹਿਤ ਇਕ ਹੈ ਤਾਂ ਫਿਰ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਸਿਖ ਮਰਦ ਨੂੰ ਤਾਂ ਦਸਤਾਰ ਦੇ ਕੇ ਸਤਿਕਾਰਿਆ ਗਿਆ ਹੋਵੇ ਤੇ ਹੋਰ ਮਨੁੱਖਤਾ ਤੋਂ ਨਿਰਾਲਾ ਕਰ ਦਿਤਾ ਗਿਆ ਹੋਵੇ ਪਰ ਸਿਖ ਔਰਤਾਂ ਨੂੰ ਉਵੇਂ ਹੀ ਆਨਮਤੀਆਂ ਵਾਂਗ ਖੁਲੇ ਤੇ ਨੰਗੇ ਸਿਰ ਹੀ ਰਹਿਣ ਦਿਤਾ ਗਿਆ ਹੋਵੇ? ਇਹ ਕਦਾਚਿਤ ਨਹੀਂ ਹੋ ਸਕਦਾ! ਸਾਡੇ ਸਰਬੱਗ ਸਤਿਗੁਰੂ ਜੀ ਇਸ ਤਰਾਂ ਕਦੇ ਨਹੀਂ ਸਨ ਕਰ ਸਕਦੇ। ਇਸੇ ਕਰਕੇ ਹੀ ਸ੍ਰੀ ਗੁਰੂ ਦਸ਼ਮੇਸ਼ ਜੀ ਨੇ ਆਪਣੀਆਂ ਸਿਖ ਪੁਤਰੀਆਂ ਨੂੰ ਦਸਤਾਰ ਦੇ ਕੇ ਨਿਵਾਜ਼ਿਆ ਤੇ ਇਸ ਤਰਾਂ ਉਹਨਾਂ ਨੂੰ ਵੀ ‘ਮੈ ਗੁਰ ਮਿਲਿ ਉਚ ਦੁਮਾਲੜਾ ॥’ ਦੇ ਪਾਤਰ ਬਣਾਇਆ। ਦੁਮਾਲੜਾ ਦਸਤਾਰ ਨੂੰ ਕਿਹਾ ਹੈ। ਜੇਕਰ ਸਿਖ ਬੇਟੀ ਦਸਤਾਰ ਦੀ ਧਾਰਨੀ ਨਹੀਂ ਬਣੇਗੀ ਤਾਂ ਇਸ ਹੁਕਮ ਦਾ ਕਿਸ ਤਰਾਂ ਪਾਲਨ ਕਰੇਗੀ? ਸ਼ੋ ਜ਼ਾਹਿਰ ਹੈ ਕਿ ਦਸਤਾਰ ਇਕ ਜ਼ਰੂਰੀ ਰਹਿਤ ਹੈ ਨਾ ਸਿਰਫ ਸਿਖ ਮਰਦਾਂ ਵਾਸਤੇ ਬਲਕਿ ਸਿਖ ਔਰਤਾਂ ਵਾਸਤੇ ਵੀ।
ਕੇਸਾਂ ਦੀ ਸੰਭਾਲ ਤੇ ਦਸਤਾਰ
ਕੇਸ ਸਿਖੀ ਦੀ ਮੋਹਰ ਹਨ। ਸਤਿਗੁਰਾਂ ਨੇ ਕਾਬਲ ਦੀ ਸੰਗਤ ਨੂੰ ਹੁਕਮਨਾਮੇ ਵਿਚ ਸਾਫ ਲਿਖਿਆ ਹੈ ਕਿ ‘ਕੇਸ ਰਖਣੇ, ਇਹ ਅਸਾਡੀ ਮੋਹਰ ਹੈ’। ਸਿਖਾਂ ਵਾਸਤੇ ਕੇਸਾਂ ਬਾਰੇ ਹੁਕਮ ਪਹਿਲੀ ਪਾਤਸ਼ਾਹੀ ਦੇ ਵੇਲੇ ਤੋਂ ਹੀ ਜਾਰੀ ਹੈ। ਸ੍ਰੀ ਦਸਮੇਸ਼ ਜੀ ਨੇ, ਕੇਸਾਂ ਦੀ ਸੰਭਾਲ ਲਈ ਦੋ ਕਕਾਰ ਨਿਯਤ ਕੀਤੇ – ਕੇਸਕੀ ਤੇ ਕੰਘਾ। ਕੇਸਾਂ ਦਾ ਮਰਤਬਾ ਕਕਾਰਾਂ ਤੋਂ ਬਹੁਤ ਉਚਾ ਹੈ। ਕੇਸ ਨਾ ਕੱਟਣ ਦਾ ਹੁਕਮ ਚਾਰ ਬੱਜਰ ਕੁਰਹਿਤਾਂ ਵਿਚ ਆ ਜਾਂਦਾ ਹੈ। ਕੇਸ ਕਤਲ ਕਰਨ ਵਾਲਾ ਸਿਖੀ ਵਲੋਂ ਪਤਿਤ ਹੋ ਜਾਂਦਾ ਹੈ ਤੇ ਉਸ ਨੂੰ ਸਿਖੀ ਵਿਚ ਮੁੜ ਸ਼ਾਮਲ ਹੋਣ ਲਈ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ। ਕਕਾਰਾਂ ਦਾ ਸਰੀਰ ਤੋਂ ਜਾਣ ਬੁਝ ਕੇ ਅੱਡ ਹੋ ਜਾਣ ਨਾਲ ਸਿਖ ਪਤਿਤ ਨਹੀਂ ਹੁੰਦਾ ਬਲਕਿ ਤਨਖਾਈਆ ਹੁੰਦਾ ਹੈ ਤੇ ਉਸ ਦੀ ਭੁਲ ਸੰਗਤ ਵਿਚ ਜਾਂ ਪੰਜ ਪਿਆਰਿਆਂ ਦੇ ਦਰਬਾਰ ਵਿਚ ਬਿਨਾ ਅੰਮ੍ਰਿਤ ਛਕਾਉਣ ਤੋਂ ਬਖਸ਼ੀ ਜਾਂਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕੇਸਾਂ ਦਾ ਰੁਤਬਾ ਕਕਾਰਾਂ ਨਾਲੋਂ ਉਚੇਰਾ ਹੈ।
ਜਿਸ ਵੇਲੇ ਅੰਮ੍ਰਿਤ ਛਕਾਇਆ ਜਾਂਦਾ ਹੈ ਉਸ ਵੇਲੇ ਪੰਜ ਪਿਆਰੇ ਪਹਿਲਾਂ ਮੁੱਖ ਵਿਚ ਅੰਮ੍ਰਿਤ ਦੇਂਦੇ ਹਨ, ਫਿਰ ਨੇਤ੍ਰਾਂ ਵਿਚ ਤੇ ਅਖੀਰ ਵਿਚ ਉਹਨਾਂ ਵਲੋਂ ਕੇਸਾਂ ਵਿਚ ਅੰਮ੍ਰਿਤ ਪਾਇਆ ਜਾਂਦਾ ਹੈ। ਕੇਸਾਂ ਵਿਚ ਅੰਮ੍ਰਿਤ ਪੈਣ ਕਰਕੇ ਅਤੇ ਇਹ ਗੁਰਾਂ ਦੀ ਮੋਹਰ ਹੋਣ ਕਰਕੇ ਗੁਰਸਿਖਾਂ ਵਲੋਂ ਗੁਰਮਤਿ ਮਰਿਆਦਾ ਅਨੁਸਾਰ ਕੇਸ ਬਹੁਤ ਸਤਿਕਾਰੇ ਜਾਂਦੇ ਹਨ।
ਕੇਸਾਂ ਦੀ ਸੰਭਾਲ ਲਈ ਗੁਰਾਂ ਦੇ ਹੇਠ ਲਿਖੇ ਹੁਕਮ ਹਨ:
1) ਕਿਸੇ ਵੀ ਤਰੀਕੇ ਨਾਲ ਕੇਸਾਂ ਦੀ ਬੇਅਦਬੀ ਨਾ ਕਰਨੀ।
2) ਕਿਸੇ ਵੀ ਤਰੀਕੇ ਨਾਲ ਕੇਸ ਕਤਲ ਨਾ ਕਰਨੇ। ਕੇਸ ਕੱਟਣੇ ਜਾਂ ਸਾੜਨੇ ਮਨ੍ਹਾ ਹਨ। ਇਹ ਕਰਮ ਕਰਨ ਵਾਲਾ ਪਤਿਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਦੁਬਾਰਾ ਅੰਮ੍ਰਿਤ ਛਕਨਾ ਪੈਂਦਾ ਹੈ।
3) ਕੇਸਾਂ ਵਿਚ ਆਏ ਹੀਰੇ (ਧੌਲੇ) ਚੁਗਣੇ ਮਨ੍ਹਾ ਹਨ।
4) ਕੇਸ ਰੰਗਣੇ ਵੀ ਮਨ੍ਹਾ ਹਨ। ਜੋ ਕੇਸ ਰੰਗਦਾ ਹੈ ਉਹ ਤਨਖਾਈਆ ਮੰਨਿਆ ਜਾਂਦਾ ਹੈ।
5) ਅੰਮ੍ਰਿਤ ਵੇਲੇ ਕੇਸੀਂ ਇਸ਼ਨਾਨ ਕਰਨਾ ਜ਼ਰੂਰੀ ਹੈ।
6) ਕੇਸਾਂ ਵਿਚ ਦੋ ਵਾਰ, ਸਵੇਰ ਤੇ ਸ਼ਾਮ ਨੂੰ ਕੰਘਾ ਫੇਰਨਾ ਲਾਜ਼ਮੀ ਹੈ ਤਾਂ ਕੇਸ ਸਵੱਛ ਤੇ ਤੰਦਰੁਸਤ ਰਹਿਣ।
7) ਕੇਸਾਂ ਦੇ ਸਤਿਕਾਰ ਲਈ ਕੇਸ ਕਦੇ ਵੀ (ਨਹਾਉਣ, ਹਰੇ ਕਰਨ ਜਾਂ ਵਾਹੁਣ ਵੇਲਿਆਂ ਨੂੰ ਛੱਡ ਕੇ) ਨੰਗੇ ਨਾ ਰੱਖਣੇ ਤੇ ਸਦਾ ਹੀ ਦਸਤਾਰ ਨਾਲ ਢੱਕ ਕੇ ਰੱਖਣੇ।
ਉਪਰ ਦਰਜ ਕੀਤੇ ਰਹਿਤ ਦੇ ਨੁਕਤਿਆਂ ਲਈ ਹੇਠਾਂ ਲਿਖੇ ਪ੍ਰਮਾਣ ਪੇਸ਼ ਹਨ:
1) ਅੰਮ੍ਰਿਤ ਛਕਨੇ ਵਾਲੇ ਨੂੰ ਪਹਿਲੇ ਕਛ ਪਹਿਰਾਨੀ। ਕੇਸ ਇਕਠੇ ਕਰ ਜੂੜਾ ਦਸਤਾਰ ਸਜਾਵਨੀ। ਗਾਤ੍ਰੇ ਸ੍ਰੀ ਸਾਹਿਬ ਹਾਥ ਜੋੜ ਖੜਾ ਰਹੈ। (ਰਹਿਤਨਾਮਾ ਭਾਈ ਦਯਾ ਸਿੰਘ)
2) ਜੂੜਾ ਸੀਸ ਕੇ ਮਧ ਭਾਡ ਮੇ ਰਾਖੈ ਔਰ ਪਾਗ ਬੜੀ ਬਾਂਧੈ, ਕੇਸ ਢਾਂਪ ਰਖੈ, ਕੰਘਾ ਦਵੈ ਕਾਲ ਕਰੈ, ਪਾਗ ਚੁਨ ਕਰ ਬਾਧੇ।(ਰਹਿਤਨਾਮਾ ਭਾਈ ਦਯਾ ਸਿੰਘ)
3) ਇਸਤ੍ਰੀਓਂ ਕਾ ਸੀਸ ਜੂੜੇ ਵਤ ਕਰਾਵੇ, ਲੰਬਾ ਨ ਕਰਾਵੈ।(ਰਹਿਤਨਾਮਾ ਭਾਈ ਦਯਾ ਸਿੰਘ)
4) ਜੋ ਅੰਮ੍ਰਿਤ ਛਕਿਆ ਚਾਹੈ, ਕਛ ਪਹਿਰਾਵੈ। ਕੇਸ ਇਕਠੇ ਕਰ ਜੂੜਾ ਕਰੇ, ਦਸਤਾਰ ਸਜਾਵੈ। (ਸੁਧਰਮ ਮਾਰਗ ਗ੍ਰੰਥ)
5) ਪਾਗ ਉਤਾਰਿ ਪ੍ਰਸਾਦ ਜੋ ਪਾਵੈ। ਸੋ ਸਿਖ ਕੁੰਭੀ ਨਰਕ ਸਿਧਾਵੈ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
6) ਕੰਘਾ ਦੋਨੋ ਵਕਤ ਕਰ, ਪਾਗ ਚੁਨੇ ਕਰ ਬਾਂਧਈ। ਦਾਤਨ ਨੀਤ ਕਰੇਇ, ਨ ਦੁਖ ਪਾਵੈ ਲਾਲ ਜੀ। (ਤਨਖਾਹਨਾਮਾ ਭਾਈ ਨੰਦ ਲਾਲ ਜੀ)
7) ਪ੍ਰਾਤ ਇਸਨਾਨ ਜਤਨ ਸੇ ਸਾਧੇ। ਕੰਘਾ ਕਰਦ ਦਸਤਾਰਹਿ ਬਾਧੇ। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਉਪਰ ਦਰਜ ਇਤਿਹਾਸਕ ਪ੍ਰਮਾਨਾਂ ਨਾਲ ਇਹ ਸਿਧ ਹੋ ਜਾਂਦਾ ਹੈ ਕਿ ਦਸਤਾਰ ਸਜਾਉਣੀ ਸਿਖ ਵਾਸਤੇ ਲਾਜ਼ਮੀ ਹੈ। ਕਈ ਸਜਣ ਸ਼ੰਕਾ ਕਰਦੇ ਹਨ ਕਿ ੳਪਰਲੇ ਹੁਕਮ ਤਾਂ ਸਿੰਘਾਂ ਵਾਸਤੇ ਹਨ ਨਾ ਕਿ ਬੀਬੀਆਂ ਵਾਸਤੇ। ਇਸ ਦਾ ਜਵਾਬ ਇਹ ਹੈ ਕਿ ਸਾਰੇ ਗੁਰ ਹੁਕਮ ਸਿੰਘਾਂ ਤੇ ਬੀਬੀਆਂ ਵਾਸਤੇ ਸਾਂਝੇ ਹਨ। ਦੋਹਾਂ ਵਿਚ ਕੋਈ ਤਫਰਕਾ (ਅੰਤਰ) ਨਹੀਂ ਰਖਿਆ ਗਿਆ। ਪੰਜ ਬਾਣੀਆਂ ਦਾ ਨਿਤਨੇਮ, ਬੱਜਰ ਕੁਰਿਹਤਾਂ ਦਾ ਤਿਆਗ, ਦਸਵੰਧ ਦੇਣਾ, ਕਕਾਰ ਪਹਿਨਣੇ ਆਦਿ ਸਭ ਹੁਕਮ ਸਿਖ ਮਰਦਾਂ ਤੇ ਬੀਬੀਆਂ ਵਾਸਤੇ ਸਾਂਝੇ ਹਨ। ਫਿਰ ਉਪਰ ਦਰਜ ਕੀਤੇ ਪ੍ਰਮਾਣ ਕਿਉਂ ਸਿਰਫ ਮਰਦਾਂ ਵਾਸਤੇ ਹਨ?
ਖਾਲਸਾ ਜੀ ਦਾ ਨਿਆਰਾਪਨ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ ਕਿ ਜਦੋਂ ਤੱਕ ਖਾਲਸਾ ਆਪਣੀ ਵੱਖਰੀ ਪਛਾਣ ਬਣਾਈ ਰੱਖੇਗਾ, ਉਦੋਂ ਤੱਕ ਸਤਿਗੁਰ ਜੀ ਆਪਣੀ ਸਾਰੀ ਤਾਕਤ ਖਾਲਸੇ ਨੂੰ ਮੁਹਈਆ ਕਰਨਗੇ:
ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦੀਓ ਮੈ ਸਾਰਾ॥
ਖਾਲਸਾ ਜੀ ਦਾ ਵਿਲੱਖਣ ਬਾਣਾ ਜਿਸ ਵਿਚ ਪੰਜ ਕਕਾਰ ਤੇ ਸੁੰਦਰ ਦਸਤਾਰਾ ਸ਼ਾਮਲ ਹਨ ਇਸੇ ਕਰਕੇ ਹੀ ਸਤਿਗੁਰਾਂ ਵਲੋਂ ਖਾਲਸਾ ਜੀ ਨੂੰ ਬਖਸ਼ਿਆ ਗਿਆ ਹੈ ਕਿ ਖਾਲਸਾ ਸੰਸਾਰ ਤੋਂ ਨਿਆਰਾ ਰਹੇ। ਖਾਲਸਾ ਜੀ ਦਾ ਸਰੂਪ ਐਸਾ ਹੈ ਕਿ ਹਜ਼ਾਰਾਂ ਵਿਚੋਂ ਵੀ ਪਛਾਣਿਆ ਜਾਂਦਾ ਹੈ। ਕਦੇ ਵੀ ਲੁਪਤ ਨਹੀਂ ਰਹਿ ਸਕਦਾ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਿਖ ਮਰਦ ਤਾਂ ਨਿਆਰਾ ਨਜ਼ਰ ਆਉਂਦਾ ਹੈ ਪਰ ਦਸਤਾਰਹੀਨ ਸਿਖ ਅਖਵਾਉਂਦੀ ਬੀਬੀ ਕਿਵੇਂ ਹਿੰਦੂ ਤੇ ਮੁਸਲਮਾਨ ਔਰਤਾਂ ਤੋਂ ਵਿਲੱਖਣ ਰਹਿ ਸਕਦੀ ਹੈ? ਸਤਿਗੁਰਾਂ ਦਾ ਨਿਆਰੇ ਰਹਿਣ ਦਾ ਹੁਕਮ ਦਸਤਾਰਹੀਨ ਸਿਖ ਔਰਤਾਂ ਕਿਵੇਂ ਪੂਰਾ ਕਰ ਸਕਦੀਆਂ ਹਨ। ਕਨਿੰਘਮ ਨੇ ਅੱਜ ਤੋਂ ਪੌਣੇ ਦੋ ਸੌ ਸਾਲ ਪਹਿਲਾਂ ਜੋ ਸਿਖ ਬੀਬੀਆਂ ਦੇ ਨਿਆਰੇ ਹੋਣ ਦੀ ਨਿਸ਼ਾਨੀ ਉਸ ਦੀ ਦਸਤਾਰ ਦੱਸੀ ਸੀ, ਉਹ ਅੱਜ ਸਿਖ ਬੀਬੀਆਂ ਦੇ ਸਿਰਾਂ ਤੋਂ ਗਾਇਬ ਹੋ ਗਈ ਹੈ। ਅੱਜ ਦੀਆਂ ਸਿਖ ਬੀਬੀਆਂ ਕਿਵੇਂ ਨਿਆਰੀਆਂ ਰਹਿ ਸਕਦੀਆਂ ਹਨ ਜਦਕਿ ਉਹ ਦਸਤਾਰ ਸਜਾਉਣ ਤੋਂ ਆਕੀ ਹੋ ਗਈਆਂ ਹਨ?
ਇਸ ਖਾਲਸਾਈ ਨਿਆਰੇਪਨ ਦਾ ਮੁੱਢ ਗੁਰਬਾਣੀ ਦੀ ਇਸ ਪੰਕਤੀ ਤੋਂ ਹੀ ਭਲੀ ਭਾਂਤਿ ਸਿਧ ਹੋ ਜਾਂਦਾ ਹੈ:
“ਸਾਬਤ ਸੂਰਤ ਦਸਤਾਰ ਸਿਰਾ”
ਸਤਿਗੁਰਾਂ ਦਾ ਸਪਸ਼ਟ ਹੁਕਮ ਹੈ ਕਿ ਸਿਖ ਸਾਬਤ ਸੂਰਤ ਰੱਖੇ ਭਾਵ ਕੇਸਾਂ ਦੀ ਬੇਅਦਬੀ ਨਾ ਕਰੇ ਅਤੇ ਸਿਰ ਤੇ ਦਸਤਾਰ ਦਾ ਧਾਰਣੀ ਹੋਵੇ। ਜੇਕਰ ਸਿਖ ਬੀਬੀਆਂ ਦਸਤਾਰ ਧਾਰਨ ਨਹੀਂ ਕਰਨਗੀਆਂ ਤਾਂ ਉਹ ਇਸ ਉਪਰ ਦਰਜ ਗੁਰਵਾਕ ਦੀ ਕਮਾਈ ਕਰਨ ਤੋਂ ਵਾਂਝੀਆਂ ਹੀ ਰਹਿ ਜਾਣਗੀਆਂ। ਇਸ ਵਾਸਤੇ ਦਸਤਾਰ ਧਾਰਨ ਕਰਨੀ, ਹਰ ਸਿਖ ਮਰਦ ਤੇ ਔਰਤ ਵਾਸਤੇ ਲਾਜ਼ਮੀ ਹੈ।
ਦਸਤਾਰ ਬਨਾਮ ਚੁੰਨੀ
ਗੁਰੂ ਸਾਹਿਬ ਦਾ ਹੁਕਮ ਹੈ ਕਿ ਸਿਖ ਨੇ ਇਸ਼ਨਾਨ, ਕੇਸ ਵਾਹੁਣ ਅਤੇ ਕੇਸ ਹਰੇ ਕਰਨ ਤੋਂ ਇਲਾਵਾ, ਸਿਰ ਕਦੇ ਵੀ ਨੰਗਾ ਨਹੀਂ ਕਰਨਾ। ਸਿੰਘ ਤਾਂ ਦਸਤਾਰ ਅਤੇ ਕੇਸਕੀ ਦੇ ਧਾਰਨੀ ਹੋਣ ਕਰਕੇ ਇਸ ਹੁਕਮ ਦੀ ਬਾਖੂਬੀ ਪਾਲਨਾ ਕਰ ਲੈਂਦੇ ਹਨ ਪਰ ਜੋ ਸਿਖ ਬੀਬੀਆਂ ਦਸਤਾਰ ਨਹੀਂ ਸਜਾਉਂਦੀਆਂ ਤੇ ਚੁੰਨੀ ਨਾਲ ਹਮੇਸ਼ਾ ਸਿਰ ਢਕਣ ਦੀ ਕੋਸ਼ਿਸ਼ ਕਰਦੀਆਂ ਹਨ, ਉਹ ਇਸ ਹੁਕਮ ਦੀ ਪਾਲਨਾ ਸਹੀ ਢੰਗ ਨਾਲ ਨਹੀਂ ਕਰ ਪਾਉਂਦੀਆਂ।
ਚੁੰਨੀ ਨਾਲ ਹਮੇਸ਼ਾਂ ਸਿਰ ਢਕਣਾ ਇਕ ਨਾਕਾਮ ਕੋਸ਼ਿਸ਼ ਹੈ। ਆਮ ਹੀ ਦੇਖਣ ਵਿਚ ਆਇਆ ਹੈ ਕਿ ਉਹਨਾਂ ਦੀ ਚੁੰਨੀ ਉਤਰਦੀ ਹੀ ਰਹਿੰਦੀ ਹੈ। ਇਥੋਂ ਤੱਕ ਕਿ ਗੁਰਦੁਆਰਾ ਸਾਹਿਬ ਵਿਚ ਵੀ ਚੁੰਨੀ ਲੈਣ ਵਾਲੀਆਂ ਸਾਡੀਆਂ ਮਾਤਾਵਾਂ ਤੇ ਭੈਣਾਂ, ਸਿਰ ਦੀ ਚੁੰਨੀ ਹੀ ਠੀਕ ਕਰਦੀਆਂ ਰਹਿੰਦੀਆਂ ਹਨ ਕਿਉਂਕਿ ਚੁੰਨੀ ਸਿਰ ਤੇ ਟਿਕਦੀ ਨਹੀਂ ਹੈ।
ਚਲੋ ਆਮ ਹਾਲਾਤਾਂ ਵਿਚ ਜਦੋਂ ਕੋਈ ਸਰੀਰਕ ਗਤੀਵਿਧੀ ਨਾ ਹੋਵੇ ਉਦੋਂ ਤਾਂ ਫੇਰ ਵੀ ਸ਼ਾਇਦ ਕੋਸ਼ਿਸ਼ ਕੀਤਿਆਂ ਚੁੰਨੀ ਸਿਰ ਤੇ ਟਿਕ ਹੀ ਜਾਵੇ ਪਰ ਸਰੀਰਕ ਗਤੀਵਿਧੀ ਕਰਨ ਵੇਲੇ ਤਾਂ ਕੋਈ ਵੀ ਚੁੰਨੀ ਬੀਬੀ ਦੇ ਸਿਰ ਤੇ ਨਹੀਂ ਟਿਕ ਸਕਦੀ। ਉਦੋਂ ਤਾਂ ਜ਼ਰੂਰ ਹੀ ਗੁਰੂ ਸਾਹਿਬ ਦੇ ਸਿਰ ਹਮੇਸ਼ਾਂ ਢਕੇ ਰੱਖਣ ਦੇ ਹੁਕਮ ਦੀ ਉਲੰਘਣਾ ਹੋਵੇਗੀ।
ਦੂਸਰੇ ਪਾਸੇ ਦਸਤਾਰ ਦੀਆਂ ਧਾਰਨੀ ਸਿਖ ਬੀਬੀਆਂ ਬੜੇ ਇਤਮੀਨਾਨ ਨਾਲ ਆਪਣੇ ਸਿਖ ਵੀਰਾਂ ਵਾਂਗ ਹੀ ਹਮੇਸ਼ਾਂ ਸਿਰ ਢੱਕ ਕੇ ਰੱਖਣ ਦਾ ਹੁਕਮ ਪੂਰਾ ਕਰਦੀਆਂ ਹਨ। ਦਸਮ ਦੁਆਰ ਤੇ ਜੂੜਾ ਕਰਕੇ, ਦਸਤਾਰ ਸਜਾ ਕੇ ਉਹ ਗੁਰੂ ਸਾਹਿਬ ਦੇ ਹੁਕਮ ਦੀ ਤਾਮੀਲ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।
ਪਹਿਲੇ ਸਮੇਂ ਵਿਚ ਤਾਂ ਬੀਬੀਆਂ ਆਮ ਤੌਰ ਤੇ ਸਿਰਫ ਸਲਵਾਰ ਕਮੀਜ਼ ਪਹਿਣਦੀਆਂ ਸਨ ਤੇ ਇਸ ਕਰਕੇ ਚੁੰਨੀ ਵੀ ਲੈ ਲੈਂਦੀਆਂ ਸਨ ਪਰ ਹੁਣ ਨਵੀਂ ਪੀੜੀ ਦੀਆਂ ਸਿਖ ਬੀਬੀਆਂ ਪੈਂਟਾਂ ਵੀ ਪਾ ਲੈਂਦੀਆਂ ਹਨ ਜਾਂ ਸਲਵਾਰ-ਕਮੀਜ਼ ਤੋਂ ਇਲਾਵਾ ਹੋਰ ਪੁਸ਼ਾਕ ਪਹਿਣ ਲੈਂਦੀਆਂ ਹਨ ਤੇ ਇਹ ਦੇਖਣ ਵਿਚ ਆਇਆ ਹੈ ਕਿ ਤਕਰੀਬਨ ਸਾਰੀਆਂ ਹੀ ਅਜਿਹੀਆਂ ਬੀਬੀਆਂ ਸਿਰ ਤੋਂ ਨੰਗੀਆਂ ਹੀ ਹੁੰਦੀਆਂ ਹਨ ਕਿਉਂਕਿ ਚੁੰਨੀ ਆਮ ਤੌਰ ਤੇ ਹੋਰ ਪੋਸ਼ਾਕਾਂ ਨਾਲ ਨਹੀਂ ਪਹਿਣੀ ਜਾਂਦੀ। ਜਦੋਂ ਕਈ ਦਸਤਾਰ ਵਾਲੀਆਂ ਬੀਬੀਆਂ ਹੋਰ ਪੋਸ਼ਾਕ ਪਹਿਣਦੀਆਂ ਹਨ ਉਹ ਸਿਰ ਨੰਗਾ ਰੱਖਣ ਕਰਕੇ ਹੋਣ ਵਾਲੀ ਹੁਕਮ ਅਦੂਲੀ ਤੋਂ ਬੱਚ ਜਾਂਦੀਆਂ ਹਨ। ਇਥੇ ਇਹ ਕਹਿਣਾ ਕੁਥਾਂਇਂ ਨਹੀਂ ਹੈ ਕਿ ਉਪਰੋਕਤ ਵਿਚਾਰ ਤੋਂ ਇਹ ਅਸਰ ਨਹੀਂ ਲੈਣਾ ਕਿ ਸਿਖਾਂ ਵਾਸਤੇ ਬਾਣੇ ਤੋਂ ਇਲਾਵਾ ਹੋਰ ਪਹਿਰਾਵਾ ਜਾਇਜ਼ ਹੈ। ਉਪਰੋਕਤ ਵਿਚਾਰ ਦੇਣ ਦਾ ਮੰਤਵ ਹੈ ਕਿ ਦਸਤਾਰ ਤੋਂ ਬਿਨਾ ਸਿਖ ਬੀਬੀਆਂ ਸਿਰ ਨੰਗਾ ਨਾ ਕਰਨ ਵਾਲਾ ਗੁਰੂ ਸਾਹਿਬ ਦਾ ਹੁਕਮ ਪੂਰਾ ਨਹੀਂ ਕਰ ਸਕਦੀਆਂ।
ਅਸਲ ਗੱਲ ਇਹ ਹੈ ਕਿ ਦਸਤਾਰ ਤੋਂ ਬਿਨਾਂ ਸਿਰ ਹਮੇਸ਼ਾਂ ਢਕਿਆ ਰੱਖਣਾ ਸੰਭਵ ਨਹੀਂ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਸਾਡੀਆਂ ਸਿਖ ਭੈਣਾਂ ਤੇ ਮਾਤਾਵਾਂ ਜੋ ਹਾਲੇ ਦਸਤਾਰ ਦੀਆਂ ਧਾਰਨੀ ਨਹੀਂ ਹਨ, ਉਹ ਫੌਰਨ ਦਸਤਾਰ ਅਪਨਾ ਕੇ, ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰਨ।
ਦਸਤਾਰਧਾਰੀ ਬੀਬੀਆਂ ਦਾ ਸਤਿਕਾਰ
ਇਕ ਹੋਰ ਨੁਕਤਾ ਜੋ ਦਸਤਾਰਧਾਰੀ ਬੀਬੀਆਂ ਵਲੋਂ ਦਸਿਆ ਗਿਆ ਹੈ ਉਹ ਇਹ ਹੈ ਕਿ ਦਸਤਾਰ ਸਜਾਉਣ ਤੋਂ ਬਾਅਦ ਆਮ ਲੋਕਾਂ ਵਲੋਂ ਉਹਨਾਂ ਦਾ ਉਚੇਚਾ ਸਤਿਕਾਰ ਕੀਤਾ ਜਾਂਦਾ ਹੈ। ਇਕ ਦਸਤਾਰਧਾਰੀ ਨੌਜਵਾਨ ਭੁਜੰਗਣ ਨੂੰ ਲੜਕਿਆਂ ਵਲੋਂ ਛੇੜਖਾਨੀ ਕਰਨ ਦੀ ਜੁਰਅਤ ਨਹੀਂ ਹੋ ਸਕਦੀ। ਇਕ ਨੌਜਵਾਨ ਲੜਕੀ ਜੋ ਪਹਿਲਾਂ ਦਸਤਾਰ ਨਹੀਂ ਸੀ ਸਜਾਉਂਦੀ ਹੁੰਦੀ ਦਾ ਕਹਿਣਾ ਸੀ ਕਿ ਦਸਤਾਰ ਸਜਾਉਣ ਤੋਂ ਪਹਿਲਾਂ ਅਨੇਕਾਂ ਵਾਰ ਉਸ ਨੂੰ ਕਾਲਜ ਤੋਂ ਆਉਂਦਿਆਂ ਜਾਂਦਿਆਂ ਆਵਾਰਾ ਮੁੰਡਿਆਂ ਵਲੋਂ ਕੀਤੀ ਜਾਣ ਵਾਲੀ ਛੇੜਖਾਨੀ ਸਹਿਣੀ ਪੈਂਦੀ ਸੀ ਪਰ ਜਦੋਂ ਦੀ ਉਸਨੇ, ਅੰਮ੍ਰਿਤ ਛਕ ਕੇ, ਦਸਤਾਰ ਸਜਾਉਣੀ ਸ਼ੁਰੂ ਕੀਤੀ ਹੈ, ਕਿਸੇ ਦੀ ਜੁਰਅਤ ਨਹੀਂ ਪੈਂਦੀ ਕਿ ਕੋਈ ਉਸ ਨਾਲ ਗਲਤ ਹਰਕਤ ਕਰੇ। ਹਰੇਕ ਨੂੰ ਪਤਾ ਹੈ ਕਿ ਇਹ ਦਸਤਾਰਧਾਰੀ ਨੌਜਵਾਨ ਲੜਕੀ ਗੁਰੂ ਸਾਹਿਬ ਦੀ ਧੀ ਹੈ ਤੇ ਖਾਲਸੇ ਦੀ ਇਜ਼ਤ ਹੈ। ਇਸ ਲਈ ਹਰ ਕੋਈ ਸਤਿਕਾਰ ਕਰਦਾ ਹੈ।
ਇਕ ਹੋਰ ਦਸਤਾਰਧਾਰੀ ਬੀਬੀ ਨੇ ਆਪਣੀ ਦਸਤਾਰ ਸਜਾਉਣ ਤੋਂ ਬਾਅਦ ਦਾ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਹੋਇਆਂ ਦਸਿਆ ਕਿ ਦਸਤਾਰ ਧਾਰਣ ਕਰਨ ਤੋਂ ਬਾਅਦ ਉਸ ਵਿਚ ਆਤਮ ਵਿਸ਼ਵਾਸ ਦਾ ਜ਼ਬਰਦਸਤ ਵਾਧਾ ਹੋਇਆ ਹੈ। ਉਸ ਨੂੰ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੇ ਸਿਰ ਤੇ ਹਮੇਸ਼ਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਹੱਥ ਹੈ ਤੇ ਸਾਰੇ ਖਾਲਸੇ ਉਸ ਦੇ ਵੀਰ ਹਨ। ਜਿਵੇਂ ਕਈ ਭਰਾਵਾਂ ਵਾਲੀ ਭੈਣ ਨੂੰ ਆਪਣੇ ਭਰਾਵਾਂ ਤੇ ਮਾਣ ਹੁੰਦਾ ਹੈ ਉਸੇ ਤਰਾਂ ਹੀ ਅੰਮ੍ਰਿਤਧਾਰੀ ਦਸਤਾਰਧਾਰੀ ਇਸਤਰੀਆਂ ਨੂੰ ਪਤਾ ਹੈ ਕਿ ਖਾਲਸਾ ਉਹਨਾਂ ਦੇ ਨਾਲ ਹੈ ਉਹਨਾਂ ਦੇ ਲਈ ਜਾਨ ਤੱਕ ਵਾਰ ਦੇਵੇਗਾ।
ਸਰਦਾਰ ਰਘਬੀਰ ਸਿੰਘ ਬੀਰ ਨੇ ਦਾਹੜਾ ਪ੍ਰਕਾਸ਼ ਕਰਨ ਬਾਰੇ ਲਿਖਿਆ ਹੈ ਕਿ ਬੰਨੀ ਹੋਈ ਦਾਹੜੀ ਦਾ ਭੇਤ ਤੇ ਫਰਕ ਇਨਸਾਨ ਨੂੰ ਉਦੋਂ ਪਤਾ ਲਗਦਾ ਹੈ ਜਦੋਂ ਉਹ ਦਾਹੜਾ ਪ੍ਰਕਾਸ਼ ਕਰ ਲਵੇ। ਸਰਦਾਰ ਜੀ ਪਹਿਲਾਂ ਦਾਹੜੀ ਬੰਨਿਆ ਕਰਦੇ ਸਨ ਪਰ ਜਦੋਂ ਉਹਨਾਂ ਨੇ ਦਾਹੜਾ ਪ੍ਰਕਾਸ਼ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਮਹਿਸੂਸ ਕੀਤਾ ਕਿ ਲੋਕ ਉਹਨਾਂ ਦਾ ਅੱਗੇ ਨਾਲੌ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ। ਕਦੇ ਦੁਕਾਨ ਤੇ ਜਾਂਦੇ ਸਨ ਤਾਂ ਦੁਕਾਨਦਾਰ ਪਹਿਲਾਂ ਉਹਨਾਂ ਨੂੰ ਮੁਖਾਤਬ ਹੁੰਦਾ ਸੀ। ਜੇਕਰ ਕਿਤੇ ਉਹਨਾਂ ਨੇ ਲਾਈਨ ਵਿਚ ਲੱਗੇ ਹੋਣਾ ਤਾਂ ਲੋਕਾਂ ਨੇ ਸਤਿਕਾਰ ਵਿਚ ਉਹਨਾਂ ਨੂੰ ਪਹਿਲਾਂ ਜਾਣ ਦੇਣਾ। ਇਸੇ ਤਰ੍ਹਾਂ ਦਸਤਾਰ ਸਜਾਉਣ ਦਾ ਸੁਆਦ ਅਤੇ ਮਹੱਤਵ ਉਦੋਂ ਪਤਾ ਲਗਦਾ ਹੈ ਜਦੋਂ ਕੋਈ ਦਸਤਾਰ ਦਾ ਧਾਰਣੀ ਹੋ ਜਾਵੇ।
ਇਕ ਦਸਤਾਰਧਾਰੀ ਬੀਬੀ ਵਲੋਂ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦਸਿਆ ਗਿਆ ਕਿ ਜਦੋ ਉਸ ਨੇ ਪਹਿਲੀ ਵਾਰੀ ਅੰਮ੍ਰਿਤ ਛਕਿਆ ਸੀ ਤਾਂ ਉਸ ਵਕਤ ਪੰਜ ਪਿਆਰਿਆਂ ਵਲੋਂ ਉਸ ਨੂੰ ਦਸਤਾਰ ਲਾਜ਼ਮੀ ਨਹੀਂ ਸੀ ਕੀਤੀ ਗਈ ਤੇ ਇਸ ਲਈ ਉਸ ਨੇ ਦਸਤਾਰ ਨਹੀਂ ਸੀ ਸਜਾਈ। ਪੰਜ ਪਿਆਰਿਆਂ ਵਲੋਂ ਦਸਤਾਰ ਲਾਜ਼ਮੀ ਤਾਂ ਨਾ ਕੀਤੀ ਗਈ ਪਰ ਇਹ ਹੁਕਮ ਜ਼ਰੂਰ ਦਿਤਾ ਗਿਆ ਕਿ ਸਿਰ ਹਮੇਸ਼ਾਂ ਢੱਕ ਕੇ ਰੱਖਣਾ ਹੈ। ਇਸ ਸਿਰ ਢਕਣ ਦੇ ਹੁਕਮ ਦੀ ਪਾਲਣਾ ਕਰਨ ਵਿਚ ਇਸ ਬੀਬੀ ਜੀ ਨੂੰ ਬਹੁਤ ਮੁਸ਼ਕਿਲ ਪੇਸ਼ ਆਈ ਕਿਉਂਕਿ ਚੁੰਨੀ ਨਾਲ ਸਿਰ ਨੰਗਾ ਹੀ ਹੁੰਦਾ ਰਹਿੰਦਾ ਸੀ ਤੇ ਕੰਘਾ ਆਦਿ ਵੀ ਸਿਰ ਵਿਚ ਨਹੀਂ ਸੀ ਟਿਕਦਾ ਹੁੰਦਾ। ਜਦੋਂ ਦੀ ਇਸ ਬੀਬੀ ਨੇ ਦਸਤਾਰ ਧਾਰਨ ਕੀਤੀ ਹੈ, ਉਸ ਤੋਂ ਬਾਅਦ ਹੀ ਸਿਰ ਹਮੇਸ਼ਾਂ ਢੱਕ ਕੇ ਰੱਖਣ ਦੇ ਹੁਕਮ ਦੀ ਤਾਮੀਲ ਹੋ ਸਕੀ ਹੈ। ਸੋ ਇਸ ਤੋਂ ਸਿਧ ਹੰਦਾ ਹੈ ਕਿ ਦਸਤਾਰ ਧਾਰਨ ਕੀਤੇ ਬਗੈਰ ਇਹਨਾਂ ਹੁਕਮਾਂ ਦੀ ਤਾਮੀਲ ਨਹੀਂ ਹੋ ਸਕਦੀ।
ਬਿਲਕੁਲ ਉਪਰ ਲਿਖੇ ਵਾਂਗ ਹੀ ਦਸਤਾਰ ਸਜਾਉਣ ਤੋਂ ਪਹਿਲਾਂ ਕਈ ਬੀਬੀਆਂ ਨੂੰ ਦਸਤਾਰ ਇਕ ਹਊਆ ਪ੍ਰਤੀਤ ਹੁੰਦੀ ਹੈ ਪਰ ਜਦੋਂ ਉਹ ਦਸਤਾਰ ਦੀਆਂ ਧਾਰਨੀ ਹੋ ਜਾਂਦੀਆਂ ਹਨ ਤਾਂ ਅਕਸਰ ਇਹ ਕਹਿੰਦੀਆਂ ਸੁਣੀਦੀਆਂ ਹਨ ਕਿ "ਅਸੀਂ ਤਾਂ ਭੁਲੀਆਂ ਹੀ ਰਹੀਆਂ। ਐਨਾ ਸਮਾਂ ਐਵੇਂ ਹੀ ਗਵਾ ਲਿਆ"।
ਹੱਕ ਅਤੇ ਫਰਜ਼
ਜੇਕਰ ਬੀਬੀਆਂ ਮਰਦਾਂ ਦੇ ਬਰਾਬਰ ਦੇ ਅਧਿਕਾਰਾਂ ਦੀ ਲੋਚਨਾ ਰਖਦੀਆਂ ਹਨ ਤਾਂ ਉਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਹੱਕਾਂ ਦੇ ਨਾਲ ਫਰਜ਼ ਵੀ ਮਰਦਾਂ ਵਾਲੇ ਹੀ ਕਰਨੇ ਪੈਣੇ ਹਨ। ਬਰਾਬਰੀ ਹੱਕਾਂ ਤੇ ਫਰਜ਼ਾਂ ਦੋਹਾਂ ਦੀ ਚਾਹੀਦੀ ਹੈ। ਆਓ ਗੁਰਮਤਿ ਦੀ ਰੌਸ਼ਨੀ ਵਿਚ ਕੁਝ ਹੱਕਾਂ ਦੀ ਤੇ ਕੁਝ ਫਰਜ਼ਾਂ ਦੀ ਗੱਲ ਕਰੀਏ।
ਜਿਹੜੀਆਂ ਬੀਬੀਆਂ ਦੇ ਘਰੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉਹ ਦਸਤਾਰ ਤੋਂ ਬਗੈਰ ਕਿਸ ਤਰਾਂ ਮਹਾਰਾਜ ਦੇ ਸਰੂਪ ਦੀ ਸੇਵਾ ਕਰਦੀਆਂ ਹਨ, ਅਤੇ ਉਹ ਕਿਸ ਤਰਾਂ ਦਸਤਾਰਹੀਣੇ ਸੀਸ ਤੇ ਮਹਾਰਾਜ ਦਾ ਸਰੂਪ ਰੱਖਦੀਆਂ ਹਨ, ਇਹ ਗੱਲ ਤਾਂ ਉਹੋ ਹੀ ਜਾਣਦੀਆਂ ਹਨ। ਉਹਨਾਂ ਨੂੰ ਦਿਲ ਵਿਚ ਇਹ ਸੋਚਣਾ ਚਾਹੀਦਾ ਹੈ ਕਿ ਮਹਾਰਾਜ ਦਾ ਸਤਿਕਾਰ ਤਾਂ ਇਸ ਵਿਚ ਹੀ ਹੈ ਕਿ ਸੇਵਾ ਕਰਨਵਾਲਾ ਦਸਤਾਰ ਦਾ ਧਾਰਨੀ ਹੋਵੇ। ਇਸਤਰੀਆਂ ਤੇ ਮਰਦਾਂ ਲਈ ਅਲਗ ਅਲਗ ਮਾਪਦੰਡਾਂ ਹੋਣਾ ਸਹੀ ਨਹੀਂ ਲਗਦਾ। ਜੇਕਰ ਕੋਈ ਮਰਦ ਦਸਤਾਰ ਤੋਂ ਬਗੈਰ ਮਹਾਰਾਜ ਦੀ ਸੇਵਾ ਨਹੀਂ ਕਰ ਸਕਦਾ, ਤਾਂ ਕੋਈ ਬੀਬੀ ਕਿਵੇਂ ਕਰ ਸਕਦੀ ਹੈ? ਜੇਕਰ ਕੋਈ ਬੀਬੀ ਮਹਾਰਾਜ ਦੀ ਸੇਵਾ ਕਰਨ ਦਾ ਹੱਕ ਚਾਹੁੰਦੀ ਹੈ ਤਾਂ ਉਸ ਨੂੰ ਖਾਲਸੇ ਦੀ ਮਰਿਆਦਾ ਦਾ ਵੀ ਖਿਆਲ ਰੱਖਣਾ ਹੋਵੇਗਾ ਤੇ ਮਰਦਾਂ ਵਾਂਗ ਦਸਤਾਰ ਦੀ ਧਾਰਨੀ ਹੋਣਾ ਪਵੇਗਾ।
ਆਮ ਸੁਨਣ ਵਿਚ ਆਉਂਦਾ ਹੈ ਕਿ ਬੀਬੀਆਂ ਪੰਜਾਂ ਵਿਚ ਸੇਵਾ ਕਰਨ ਦੀ ਗੱਲ ਕਰਦੀਆਂ ਹਨ ਤੇ ਦਲੀਲ ਇਹ ਦਿੰਦੀਆਂ ਹਨ ਕਿ ਸਿਖ ਧਰਮ ਵਿਚ ਮਰਦਾਂ ਤੇ ਔਰਤਾਂ ਦੀ ਬਰਾਬਰੀ ਹੈ। ਗੱਲ ਵੀ ਠੀਕ ਹੈ ਪਰ ਪਾਠਕ ਜੀਓ, ਆਪ ਜੀ ਖੁਦ ਹੀ ਸੋਚ ਕੇ ਦੇਖੋ ਕਿ ਪੰਜਾਂ ਪਿਆਰਿਆਂ ਵਿਚ ਕੀ ਗੁੱਤਾਂ ਵਾਲੀਆਂ ਤੇ ਦਸਤਾਰ ਤੋਂ ਹੀਣੀਆਂ ਬੀਬੀਆਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ? ਇਕ ਵਾਰ ਸੋਚ ਕੇ ਦੇਖੋ ਕਿ ਗੁੱਤਾਂ ਵਾਲੀਆਂ ਜਾਂ ਦਸਤਾਰ ਤੋਂ ਹੀਣੀਆਂ ਬੀਬੀਆਂ ਪੰਜਾਂ ਵਿਚ ਸ਼ਾਮਲ ਹੋਈਆਂ ਕੈਸੀਆਂ ਲਗਣਗੀਆਂ।
ਪਿਛੇ ਜਿਹੇ ਭਾਰਤ ਦੇ ਭਿੰਨ ਭਿੰਨ ਸ਼ਹਿਰਾਂ ਵਿਚ ਸਕੂਟਰਾਂ ਤੇ ਮੋਟਰ ਸਾਈਕਲ ਚਾਲਕਾਂ ਲਈ ਹੈਲਮਟ ਦੀ ਵਰਤੋਂ ਲਾਜ਼ਮੀ ਕਰਾਰ ਦਿਤੀ ਗਈ ਸੀ। ਸਿਖਾਂ ਵਲੋਂ ਰੋਸ ਪ੍ਰਗਟ ਕਰਨ ਤੇ ਉਹਨਾਂ ਨੂੰ ਹੈਲਮਟ ਪਾਉਣ ਤੋਂ ਛੋਟ ਦੇ ਦਿਤੀ ਗਈ ਸੀ। ਦਸਤਾਰਧਾਰੀ ਮਰਦਾਂ ਨੂੰ ਤਾਂ ਕੋਈ ਸਮਸਿਆ ਨਹੀਂ ਆਈ ਪਰ ਕਈ ਦਸਤਾਰ ਤੋਂ ਬਿਨਾਂ ਵਾਲੀਆਂ ਸਿਖ ਬੀਬੀਆਂ ਦਾ ਚਲਾਣ ਕੀਤਾ ਗਿਆ ਤੇ ਉਹਨਾਂ ਬੀਬੀਆਂ ਵਲੋਂ ਇਹ ਰੋਸ ਪ੍ਰਗਟ ਕੀਤਾ ਗਿਆ ਕਿ ਉਹ ਸਿਖ ਹੋਣ ਦੇ ਨਾਤੇ ਹੈਲਮਟ ਨਹੀਂ ਪਾ ਸਕਦੀਆਂ। ਇਹ ਮਸਲਾ ਕਾਫੀ ਦੇਰ ਭਖਦਾ ਰਿਹਾ ਤੇ ਅਖੀਰ ਪਸ਼ਾਸਨ ਨੇ ਝਗੜਾ ਵਧਦਾ ਦੇਖ ਕੇ ਦਸਤਾਰ ਤੋਂ ਬਿਨਾਂ ਵੀ ਸਿਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦੇ ਦਿਤੀ ਸੀ। ਜੇ ਆਪਾਂ ਇਸ ਮਸਲੇ ਦੀ ਠੰਡੇ ਦਿਮਾਗ ਨਾਲ ਵਿਚਾਰ ਕਰੀਏ ਤਾਂ ਇਸ ਸਿੱਟੇ ਪੁਜਦੇ ਹਾਂ ਕਿ ਜੋ ਬੀਬੀਆਂ ਦਸਤਾਰ ਨਹੀਂ ਸਜਾਉਂਦੀਆਂ ਉਹਨਾਂ ਨੂੰ ਹੀ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹਨਾਂ ਦੀ ਸਿਖ ਹੋਣ ਦੀ ਪਛਾਣ ਕਰਨੀ ਔਖੀ ਸੀ। ਵੈਸੇ ਵੀ ਦਸਤਾਰਧਾਰੀ ਤਾਂ ਮੰਨਿਆ ਕਿ ਹੈਲਮਟ ਨਹੀਂ ਪਾ ਸਕਦਾ ਪਰ ਜੇਕਰ ਕੋਈ ਸਿਖ ਪਰਿਵਾਰ ਦਾ ਮੋਨਾ ਵਿਅਕਤੀ ਕਹੇ ਕਿ ਉਸ ਨੂੰ ਵੀ ਹੈਲਮਟ ਤੋਂ ਛੋਟ ਹੋਣੀ ਚਾਹੀਦੀ ਹੈ ਕਿਉਂਕਿ ਦਸਤਾਰਹੀਣੀਆਂ ਸਿਖ ਬੀਬੀਆਂ ਨੂੰ ਵੀ ਛੋਟ ਹੈ, ਤਾਂ ਇਹ ਕੈਸਾ ਗੰਭੀਰ ਮਸਲਾ ਹੋ ਜਾਵੇਗਾ। ਫਿਰ ਤਾਂ ਹਰ ਕੋਈ ਹੀ ਕਹੇਗਾ ਕਿ ਉਹ ਸਿਖ ਹੈ (ਚਾਹੇ ਉਸਦੇ ਦਸਤਾਰ ਹੋਵੇ ਜਾਂ ਨਾ ਹੋਵੇ) ਤੇ ਇਸ ਤਰਾਂ ਇਸ ਹੈਲਮਟ ਦੇ ਕਾਨੂੰਨ ਤੋਂ ਛੁਟੀ ਚਾਹੇਗਾ। ਫਿਰ ਕਾਨੂੰਂਨ ਦਾ ਲਾਗੂ ਕਰਨਾ ਹੀ ਮੁਸ਼ਕਲ ਹੋ ਜਾਵੇਗਾ।
ਮਾਤਾ ਭਾਗ ਕੌਰ ਜੀ ਅਤੇ ਦਸਤਾਰ
ਇਹ ਤਾਂ ਸਭ ਭਲੀ ਭਾਂਤ ਜਾਣਦੇ ਹਨ ਕਿ ਮਾਤਾ ਭਾਗ ਕੌਰ ਜੀ ਜਿਨਾਂ ਨੂੰ ਪਿਆਰ ਨਾਲ ਮਾਈ ਭਾਗੋ ਵੀ ਕਿਹਾ ਜਾਂਦਾ ਹੈ, ਦਸਤਾਰ ਦੇ ਧਾਰਨੀ ਸਨ। ਉਹਨਾਂ ਦੀ ਦਸਤਾਰ ਵਾਲੀ ਪੁਰਾਤਨ ਤਸਵੀਰ ਸ੍ਰੀ ਹਜ਼ੂਰ ਸਾਹਿਬ ਵਿਖੇ ਤਖਤ ਸਾਹਿਬ ਦੇ ਨਾਲ ਲਗਦੇ ਮਾਤਾ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਸਸ਼ੋਬਿਤ ਹੈ। ਜਦੋਂ ਮਾਤਾ ਜੀ ਦੇ ਦਸਤਾਰਧਾਰੀ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਈ ਸੱਜਣ ਜਵਾਬ ਦਿੰਦੇ ਹਨ ਕਿ ਮਾਤਾ ਜੀ ਨੇ ਤਾਂ ਦਸਤਾਰ ਇਸ ਕਰਕੇ ਸਜਾਈ ਸੀ ਕਿ ਉਹ ਸਿੰਘਾਂ ਨਾਲ ਜੰਗਾਂ ਵਿਚ ਹਿੱਸਾ ਲੈਂਦੇ ਸਨ। ਇਸ ਦਾ ਜਵਾਬ ਇਹ ਹੈ ਕਿ ਜੇਕਰ ਆਪਾਂ ਇਹ ਦਲੀਲ ਮੰਨੀਏ ਤਾਂ ਫਿਰ ਆਪਾਂ ਨੂੰ ਕਈ ਹਿੰਦੂਆਂ ਦੀ ਇਹ ਦਲੀਲ ਵੀ ਮੰਨਣੀ ਪਵੇਗੀ ਕਿ ਖਾਲਸਾ ਪੰਥ ਤਾਂ ਗੁਰੂ ਸਾਹਿਬ ਨੇ ਸਿਰਫ ਮੁਗਲਾਂ ਤੇ ਜਰਵਾਣਿਆਂ ਨਾਲ ਮੁਕਾਬਲਾ ਕਰਨ ਲਈ ਕਾਇਮ ਕੀਤਾ ਸੀ ਤੇ ਅੱਜ ਇਸ ਦੀ ਕੋਈ ਲੋੜ ਨਹੀਂ ਹੈ। ਕੀ ਆਪਾਂ ਐਹੋ ਜਿਹੀ ਮਿਥਿਆ ਕਥਨੀ ਮੰਨ ਸਕਦੇ ਹਾਂ? ਕਦਾਚਿਤ ਨਹੀਂ!
ਇਤਿਹਾਸਕ ਗਵਾਹੀ ਹੈ ਕਿ ਮਾਤਾ ਜੀ ਦਸਤਾਰ ਦੇ ਧਾਰਨੀ ਇਸ ਕਰਕੇ ਸਨ ਕਿ ਇਹ ਸ੍ਰੀ ਦਸਮੇਸ਼ ਜੀ ਦਾ ਹੁਕਮ ਸੀ ਸਿਖ ਔਰਤਾਂ ਵਾਸਤੇ। ਸਤਿਗੁਰਾਂ ਨੇ ਖੁਦ ਆਪ ਸਿਖ ਭੁਜੰਗਣਾ ਦੇ ਸਿਰਾਂ ਤੇ ਦਸਤਾਰਾਂ ਸਜਾ ਕੇ ਬਹੁਤ ਖੁਸ਼ੀ ਪ੍ਰਾਪਤ ਕਰਦੇ ਸਨ। ਇਕ ਬਹੁਤ ਹੀ ਦਿਲਚਸਪ ਵਾਕਿਆ ਸੂਰਜ ਪ੍ਰਤਾਪ ਗ੍ਰੰਥ ਵਿਚ ਸ਼ਾਮਿਲ ਹੈ। ਕਹਿੰਦੇ ਹਨ ਕਿ ਮੁਕਤਸਰ ਦੀ ਜੰਗ ਤੋਂ ਬਾਅਦ ਮਾਤਾ ਜੀ ਭਗਤੀ ਵਿਚ ਲੀਨ ਹੋ ਗਏ ਤੇ ਪਰਮਹੰਸ ਜਾਂ ਬ੍ਰਹਮਗਿਆਨੀ ਦੀ ਅਵਸਥਾ ਨੂੰ ਪ੍ਰਾਪਤ ਹੋਏ ਸਨ। ਉਸ ਨਾਮ ਦੀ ਮਸਤਾਨੀ ਅਵਸਥਾ ਵਿਚ ਮਾਤਾ ਜੀ ਨੂੰ ਆਪਣੇ ਸਰੀਰ ਦੀ ਵੀ ਕੋਈ ਸੁਧ ਨਾ ਰਹੀ ਤੇ ਆਪ ਜੰਗਲ ਵਿਚ ਦਿਗੰਬਰ (ਨਗਨ) ਅਵਸਥਾ ਵਿਚ ਰਹਿਣ ਲੱਗ ਪਏ। ਇਸ ਤਰਾਂ ਕੁਝ ਸਮਾਂ ਗੁਜ਼ਰ ਗਿਆ। ਕੁਝ ਸਿੰਘਾਂ ਨੇ ਸ੍ਰੀ ਦਸਮੇਸ਼ ਜੀ ਪਾਸ ਬੇਨਤੀ ਕੀਤੀ ਤੇ ਮਾਤਾ ਜੀ ਦੀ ਹਾਲਤ ਬਾਰੇ ਸਤਿਗੁਰਾਂ ਨੂੰ ਸੂਚਿਤ ਕੀਤਾ। ਉਸ ਵੇਲੇ ਸਤਿਗੁਰਾਂ ਨੇ ਮਾਤਾ ਜੀ ਕੋਲ ਬੁਲਾ ਕੇ ਹੇਠ ਲਿਖੇ ਬਚਨ ਉਚਾਰੇ:
ਗੁਰਵੀ ਸਾਂਗ ਹਾਥ ਮਹਿ ਧਰੈ। ਸਦਾ ਅਨੰਦ ਏਕ ਰਸ ਥਿਰੈ।
ਕੇਤਕ ਮਾਸ ਨਗਨ ਜਬ ਰਹੀ। ਇਕ ਦਿਨ ਦੇਖ ਨਿਕਟ ਗੁਰ ਕਹੀ।
ਸੁਨ ਮਾਈ ਭਾਗ ਕੌਰ ਸਚਿਆਰੀ। ਕੁਲ ਨੈਨਹਿ ਸੁਸਰਾਰਿ ਉਬਾਰੀ।
ਪਰਮਹੰਸ ਅਵਸਥਾ ਪਾਈ। ਤੁਝ ਕੋ ਦੋਸ ਨ ਲਾਗੈ ਕਦਾਈ।
ਰਹਿਤ ਦਿਗੰਬਰ ਤੁਝੁ ਬਨਿਆਈ। ਇਕ ਰਸ ਬਿਰਤੀ ਭਈ ਲਿਵ ਲਾਈ।
ਤਨ ਹੰਤਾ ਸਭ ਰਿਦੈ ਬਿਨਾਸੀ। ਪਾਇਓ ਪਰਮ ਰੂਪ ਅਬਿਨਾਸੀ।
ਤਊ ਸੰਗ ਤ ਰਹਿਤ ਹਮਾਰੇ। ਪਹਿਰਿ ਕਾਛ ਲਘੁ ਸਿਰ ਦਸਤਾਰੇ।
ਸਤਿਗੁਰਾਂ ਨੇ ਮਾਤਾ ਜੀ ਨੂੰ ਉਪਦੇਸ਼ ਕੀਤਾ ਕਿ ਮਾਤਾ ਜੀ ਤਾਂ ਪਰਮਹੰਸ ਅਵਸਥਾ ਵਿਚ ਵਿਚਰਦੇ ਹਨ ਤੇ ਉਹਨਾਂ ਨੂੰ ਦੇਹ ਦਾ ਕੋਈ ਅਧਿਆਸ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਨਗਨ ਰਹਿਣ ਦਾ ਦੋਸ਼ ਨਹੀਂ ਲਗਦਾ ਪਰ ਫਿਰ ਵੀ ਸਤਿਗੁਰਾਂ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਰਹਿਤ ਰੱਖਣੀ ਹੈ ਤੇ ਘਟੋ ਘਟ ਤੇੜ ਕਛਹਿਰਾ ਤੇ ਸਿਰ ਪਰ ਦਸਤਾਰ ਧਾਰਨ ਕਰਨੀ ਹੈ। ਹੈਰਾਨੀ ਦੀ ਗੱਲ ਹੈ ਕਿ ਮਾਤਾ ਜੀ ਦਾ ਬਾਕੀ ਜਿਸਮ ਢਕਣਾ ਸਤਿਗੁਰਾਂ ਨੇ ਲਾਜ਼ਮੀ ਨਹੀਂ ਕੀਤਾ ਪਰ ਦੋ ਕਕਾਰ ਯਾਨੀ ਕਿ ਦਸਤਾਰ ਤੇ ਕਛਹਿਰਾ ਜ਼ਰੂਰ ਹੀ ਧਾਰਨ ਕਰਨ ਲਈ ਹੁਕਮ ਕੀਤਾ। ਸਰੀਰ ਦੇ ਮੱਧ ਭਾਗ ਨਾਲੋਂ ਜ਼ਰੂਰੀ ਕੇਸਾਂ ਦਾ ਢਕਨਾ ਕਰਾਰ ਦਿਤਾ। ਇਸਤ੍ਰੀ ਦੇ ਸਰੀਰ ਦਾ ਮਧ ਭਾਗ ਦਾ ਨੰਗਾ ਹੋਣਾ ਬਿਲਕੁਲ ਗ਼ਲਤ ਹੈ ਪਰ ਦੇਖੋ ਗੁਰੂ ਸਾਹਿਬ ਨੇ ਕੇਸਾਂ ਦਾ ਲਘੂ-ਦਸਤਾਰੇ ਭਾਂਵ ਕੇਸਕੀ ਨਾਲ ਢਕਨਾ ਲਾਜ਼ਮੀ ਮੰਨਿਆ ਹੈ। ਇਹ ਇਕ ਬਹੁਤ ਵੱਡਾ ਸਬੂਤ ਹੈ ਕਿ ਕੇਸਕੀ ਦੀ ਰਹਿਤ ਔਰਤਾਂ ਤੇ ਮਰਦਾਂ ਲਈ ਲਾਜ਼ਮੀ ਹੈ।
ਪੁਰਾਤਨ ਬੀਬੀਆਂ ਦੇ ਸਿਰਾਂ ਤੇ ਦਸਤਾਰਾਂ ਕਿਉਂ ਸਨ?
ਆਓ ਬੀਬੀਆਂ ਦੇ ਸਿਰਾਂ ਤੇ ਦਸਤਾਰ ਦੇ ਮਸਲੇ ਨੂੰ ਇਕ ਹੋਰ ਨੁਕਤੇ ਨਾਲ ਦੇਖੀਏ। ਇਹ ਵਿਚਾਰਨ ਵਾਲੀ ਗੱਲ ਹੈ ਕਿ ਜੇਕਰ ਦਸਤਾਰ ਸਿਖ ਬੀਬੀਆਂ ਵਾਸਤੇ ਹੁਕਮ ਨਹੀਂ ਸੀ ਤਾਂ ਫਿਰ ਪੁਰਾਤਨ ਤੇ ਨਵਤਨ ਸਿਖ ਬੀਬੀਆਂ ਦਸਤਾਰ ਧਾਰਨ ਹੀ ਕਿਉਂ ਕਰਦੀਆਂ ਹਨ? ਆਖਿਰ ਕੋਈ ਤਾਂ ਕਾਰਨ ਹੋਵੇਗਾ ਦਸਤਾਰ ਧਾਰਨ ਕਰਨ ਦਾ। ਕਈ ਸਜਣ ਇਹ ਖਿਆਲ ਕਰਦੇ ਹਨ ਕਿ ਬੀਬੀਆਂ ਦੇ ਦਸਤਾਰ ਅਖੰਡ ਕੀਰਤਨੀ ਜਥੇ ਵਾਲਿਆਂ ਕਰਕੇ ਸ਼ੁਰੂ ਹੋਈ ਹੈ। ਜੇਕਰ ਆਪਾਂ ਇਹ ਮੰਨੀਏ ਕਿ ਦਸਤਾਰ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਤਾਂ ਫਿਰ ਇਸ ਗੱਲ ਦਾ ਕੀ ਜਵਾਬ ਹੋਵੇਗਾ ਕਿ ਭਾਈ ਸਾਹਿਬ ਦੇ ਜਨਮ ਲੈਣ ਤੋਂ ਵੀ ਕਈ ਸਾਲ ਪਹਿਲਾਂ ਗੋਰਾ ਇਤਿਹਾਸਕਾਰ ਸਿਖ ਬੀਬੀਆਂ ਬਾਬਤ ਇਹ ਲਿੱਖ ਗਿਆ ਹੈ:
The Sikh women are distinguished from Hindus of their sex by some variety of dress, chiefly by a higher top knot of hair. (History of the Sikhs by Mr. Cunningham)
‘ਸਿਖ ਇਸਤ੍ਰੀਆਂ ਹਿੰਦੂ ਇਸਤ੍ਰੀਆਂ ਤੋਂ ਕੁਝ ਤਾਂ ਪਹਿਰਾਵੇ ਤੋਂ, ਤੇ ਖਾਸ ਤੌਰ ਤੇ ਸਿਰ ਉਪਰ ਜੂੜਾ ਕਰਨ ਕਰਕੇ ਅਲਗ ਲਗਦੀਆਂ ਹਨ’
ਇਹ ਸਬੂਤ ਹੈ ਕਿ ਭਾਈ ਸਾਹਿਬ ਰਣਧੀਰ ਸਿੰਘ ਵਲੋਂ ਦਸਤਾਰ ਦੇ ਹੱਕ ਵਿਚ ਪਰਚਾਰ ਕਰਨ ਤੋਂ ਪਹਿਲਾਂ ਵੀ ਦਸਤਾਰ ਇਸਤ੍ਰੀਆਂ ਵਿਚ ਪ੍ਰਚਲਤ ਸੀ। ਭਾਈ ਸਾਹਿਬ ਦੇ ਸਮਕਾਲੀ ਸੰਤ ਅੱਤਰ ਸਿੰਘ ਜੀ ਮਸਤੁਆਣੇ ਵਾਲਿਆਂ ਦੇ ਜਥੇ ਵਿਚ ਉਦੋਂ ਵੀ ਤੇ ਅਜੇ ਵੀ ਇਸਤ੍ਰੀਆਂ ਤੇ ਭੁਜੰਗਣਾ ਵਾਸਤੇ ਦਸਤਾਰ ਲਾਜ਼ਮੀ ਹੈ।
ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਜੇਕਰ ਸਿਖ ਇਸਤ੍ਰੀਆਂ ਪੁਰਾਤਨ ਸਮੇਂ ਤੋਂ, ਸਿੰਘਾਂ ਵਾਂਗ ਹੀ ਦਸਤਾਰ ਦੀਆਂ ਧਾਰਨੀ ਰਹੀਆਂ ਹਨ ਤਾਂ ਉਸ ਪਿਛੇ ਕੋਈ ਕਾਰਨ ਤਾਂ ਹੋਵੇਗਾ ਹੀ। ਜੇਕਰ ਸਿਖ ਬੀਬੀਆਂ ਦੇ ਸਿਰਾਂ ਤੇ ਦਸਤਾਰ ਬਾਅਦ ਦਾ ਜਾਂ ਨਵੀਨ ਰੁਝਾਨ ਹੁੰਦਾ ਤਾਂ ਸਮਝ ਆਉਂਣੀ ਸੀ ਕਿ ਇਹ ਨਵੀਂ ਘੜੀ ਗਈ ਰਹਿਤ ਹੈ ਪਰ ਪੁਰਾਤਨ ਤੇ ਨਵਤਨ ਬੀਬੀਆਂ ਦੇ ਸਿਰਾਂ ਤੇ ਦਸਤਾਰ ਦਾ ਹੋਣਾ ਇਹ ਸਾਬਤ ਕਰਦਾ ਹੈ ਕਿ ਦਸਤਾਰ ਜ਼ਰੂਰ ਗੁਰਾਂ ਦੇ ਹੁਕਮ ਕਰਕੇ ਧਾਰਨ ਕੀਤੀ ਗਈ ਸੀ। ਐਂਵੀਂ ਹੀ ਕੀ ਲੋੜ ਸੀ ਸਿਖ ਬੀਬੀਆਂ ਨੂੰ ਦਸਤਾਰ ਸਜਾਉਣ ਦੀ? ਜੇਕਰ ਦਸਤਾਰ ਰਹਿਤ ਨਾ ਹੁੰਦੀ ਤਾਂ ਸਿਖ ਬੀਬੀਆਂ ਅਠਾਰਵੀਂ ਸਦੀ ਵਿਚ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋਏ ਸਨ, ਬੜੇ ਆਰਾਮ ਨਾਲ ਹਿੰਦੂ ਤੇ ਮੁਸਲਿਮ ਬੀਬੀਆਂ ਵਿਚ ਉਹਨਾਂ ਵਰਗਾ ਭੇਖ ਬਣਾ ਕੇ ਲੁੱਕ ਸਕਦੀਆਂ ਸਨ। ਪਰ ਇਤਿਹਾਸ ਗਵਾਹ ਹੈ ਕਿ ਐਸਾ ਨਹੀਂ ਹੋਇਆ ਤੇ ਜਰਵਾਣਿਆਂ ਵਲੋਂ ਅਨੇਕਾਂ ਬੀਬੀਆਂ ਦੇ ਸਿਰ ਕੱਟ ਕੇ, ਉਹਨਾਂ ਸਿਰਾਂ ਨੂੰ ਅਣਦਾੜੀਏ ਸਿਖਾਂ ਭੁਜੰਗੀਆਂ ਦੇ ਸਿਰ ਦੱਸ ਕੇ, ਹਕੂਮਤ ਪਾਸ ਪੇਸ਼ ਕਰਕੇ ਇਨਾਮ ਹਾਸਲ ਕੀਤੇ ਗਏ।
ਕਈ ਸਜਣ ਹੁੱਜਤ ਡਾਹੁੰਦੇ ਹਨ ਕਿ ਪੁਰਾਤਨ ਜ਼ਮਾਨੇ ਵਿਚ ਬੀਬੀਆਂ ਦੇ ਸਿਰਾਂ ਤੇ ਦਸਤਾਰ ਇਸ ਕਰਕੇ ਸੀ ਕਿਉਂਕਿ ਉਹ ਸਿੰਘਾਂ ਨਾਲ ਜੰਗਾਂ ਜੁਧਾਂ ਵਿਚ ਸ਼ਾਮਲ ਹੁੰਦੀਆਂ ਸਨ। ਇਸ ਦਾ ਜਵਾਬ ਇਹ ਹੈ ਕਿ ਜਿਨਾਂ ਬੀਬੀਆਂ ਦੇ ਸਿਰ ਕੱਟ ਕੇ ਜਰਵਾਣੇ ਇਨਾਮ ਪ੍ਰਾਪਤ ਕਰਨ ਲਈ ਲੈ ਜਾਂਦੇ ਸਨ, ਕੀ ਉਹ ਜੰਗ ਕਰਨ ਵਾਲੀਆਂ ਬੀਬੀਆਂ ਸਨ ਕਿ ਘਰੇਲੂ ਬਾਲ ਬੱਚੇ ਸਾਂਭਣ ਵਾਲੀਆਂ ਸਨ? ਸਾਫ ਹੈ ਕਿ ਉਹ ਘਰ ਗ੍ਰਿਸਥੀ ਵਾਲੀਆਂ ਬੀਬੀਆਂ ਸਨ। ਫਿਰ ਇਹਨਾਂ ਬੀਬੀਆਂ ਨੇ ਦਸਤਾਰਾਂ ਕਿਉਂ ਸਜਾਈਆਂ ਹੋਈਆਂ ਸਨ? ਗੱਲ ਸਾਫ ਹੈ ਕਿ ਪੁਰਾਤਨ ਸਿਖ ਬੀਬੀਆਂ ਦਸਤਾਰ ਦੀਆਂ ਧਾਰਨੀ ਇਸ ਕਰਕੇ ਸਨ ਕਿਉਂਕਿ ਇਹ ਗੁਰੂ ਸਾਹਿਬ ਦਾ ਹੁਕਮ ਹੈ।...