21
ਪ੍ਰੇਮ ਸੁਨੇਹੜਾਪ੍ਰੇਮ ਦੇ ਰੰਗ ਵਿਚ ਰਤੜੇ ‘ਰਾਂਗ ਰੰਗੀਲੜੇ’ ਸਿਖਾਂ ਸਜਯਣਾਂ ਦੇ ਪਰਸਪਰ ਪ੍ਰੇਮ ਦੇ ਹੁਲਾਸ, ਅਤੇ ਨਾਇ-ਰਸੀਅੜੇ ਮਧੁਰ ਮਿਠ-ਬੋਲੜੇ ਪ੍ਰੇਮੀ ਜਨਾਂ ਦੇ ਪ੍ਰੇਮ-ਬਿਲਾਸ ਜੇ ਪ੍ਰੇਮਾ ਭਗਤੀ ਨਹੀਂ ਤਾਂ ਪ੍ਰੇਮ-ਕਹਾਣੀਆਂ ਤਾਂ ਜ਼ਰੂਰ ਹਨ। ਇਹਨਾਂ ਪ੍ਰੇਮ-ਕਹਾਣੀਆਂ ਦਾ ਕਹਿਣਾ ਕੀ ਹੈ? ਪ੍ਰੇਮ ਦਾ ਗਹਿਣਾ ਪਹਿਰਨਾ ਹੈ। ਚਾਉ-ਚਈਲੀ ਅਤੇ ਰਸ-ਰਸੀਲੀ ਪ੍ਰੇਮ ਦੀ ਧੁਨੀ ਵਿਚ ਮਧੁਰ ਮਧੁਰ ਪ੍ਰੇਮ ਦੇ ਪੁਹਾਰੇ ਫੁਟ ਕੇ ਜਦ ਕਦੀ ਕਿ ਪ੍ਰੇਮੀਆਂ ਦੀ ਚਲੂਲੇ ਰੰਗਾਂ ਦੀ ਮਸਤ ਦਸ਼ਾ ਹੁੰਦੀ ਹੈ, ਉਸ ਨੂੰ ਦੇਖ ਕੇ ਦੇਖਣਹਾਰਾ ਅਜਿਹਾ ਕੋਈ ਨਹੀਂ ਹੁੰਦਾ ਹੋਵੇਗਾ ਜਿਸ ਦਾ ਹਿਰਦਾ ਅਨੰਦਤ ਨਾ ਹੁੰਦਾ ਹੋਵੇ। ਕੀਰਤਨ-ਮੰਡਲ ਵਿਚ ਪ੍ਰੇਮੀਆਂ ਦੇ ਪਰਸਪਰ ਜੁੜ ਜਾਣ ਦਾ ਸਮਾਗਮ, ਜਗ ਕਦੀ ਕਿ ਗੁਰੁ ਪ੍ਰੇਰਨਾ ਅਨੁਸਾਰ ਬਝਦਾ ਹੈ, ਉਸ ਦਾ ਵਰਨਣ ਹੋਣਾ ਅਤੀਅੰਤ ਅਲੌਕਿਕ ਗੱਲ ਹੈ :-
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥121॥
ਸਲੋਕ ਕਬੀਰ ਜੀ, ਪੰਨਾ 1370
ਵਾਲਾ ਗੁਰਪ੍ਰਮਾਣ ਏਥੇ ਘਟ ਜਾਏ ਤਾਂ ਭੀ ਅਸਚਰਜ ਨਹੀਂ। ਕੀਰਤਨੀ ਸਜਣਾਂ ਦੇ ਚੇਹਰਿਆਂ ਉਪਰ ਚੜ੍ਹੇ ਰੱਬੀ ਨੂਰ ਦੀ ਝਲਕਾਰ ਅਤੇ ਨਾਮ ਮਹਾਂ ਰਸ ਵਿਚ ਮਗਨ ਹੋਏ ਮਰਜੀਵੜਿਆਂ ਦੇ ਅੰਮ੍ਰਿਤ-ਭਿੰਨੇ ਲੋਇਣਾਂ ਦੀ ਤਾਰ ਅਤੇ ਪ੍ਰੇਮ ਦੀ ਲਹਿਰ ਵਿਚ ਨਿਮਗਨ ਹੋਏ ਅਭਿਆਸੀਆਂ ਦੀ ਅਕਲ-ਬਿਕਲੀ ਦਸ਼ਾ ਵਾਲੀ ਲੋਟ-ਪੋਟੀ ਹੁਲਾਰ ਇਹੋ ਗੁਰ-ਲੋਰੀ ਮੂੰਹੋਂ ਕਢਾਉਂਦੀ ਹੈ ਕਿ :-
ਹਰਿ ਅਮਿਉ ਰਸਾਇਣੁ ਪੀਵੀਐ॥
ਮੁਹਿ ਡਿਠੈ ਜਨ ਕੈ ਜੀਵੀਐ…॥4॥(8॥4॥38)
ਮਾਝ ਮ:5 ਘਰੁ 2, ਪੰਨਾ 132
ਨਾਮ ਦੀ ਪ੍ਰਮਾਰਥੀ ਚਮਕ ਨਾਲ ਚਮਕੀਲੇ ਕਉਤਕੀ ਚੇਹਰਿਆਂ ਉਤੇ ਹਰਿ ਰਸ ਟੁਲ ਟੁਲ ਪਉਂਦਾ ਪੇਖ ਕੇ ਸਹਿਜ ਸਮਾਧਿ ਦਾ ਸੱਚਾਵਾ ਅਰਥ ਸਮਝ ਵਿਚ ਆਉਂਦਾ ਹੈ। ਬਿਰਹੋਂ-ਬੇਧੇ ਹੀਅੜਿਆਂ ਵਿਚੋਂ ਨਿਕਸੇ ਪ੍ਰੇਮ ਦੇ ਤੀਰ, ਸਰੋਤੇ ਜਨਾਂ ਦੇ ਸੀਨਿਆਂ ਅੰਦਰ ਸਾਂਗ ਖੜੀ ਕਰਾਵੰਦੇ ਹਨ ਅਤੇ ਰੰਗ-ਰਤੜੀ ਦਸ਼ਾ ਦੇ ਕਉਤਕੀ ਕਟਖਿਸ਼, ਅਜਿਹੇ ਪ੍ਰੇਮ ਦੇ ਚਾਬਕ ਕਸ ਕ ਸਕੇ ਲਗਾਉਂਦੇ ਹਨ ਕਿ ਬਿਹਬਲ ਕੀਤੇ ਬਿਨਾਂ ਨਹੀਂ ਛਡਦੇ। ਇਹ ਸਾਰੇ ਚਮਤਕਾਰੀ ਕ੍ਰਿਸ਼ਮੇ ਕੋਈ ਮਿਣ ਮਿਥ ਕੇ ਨਹੀਂ ਖੇਡੇ ਜਾਂਦੇ, ਸਤਿਸੰਗ-ਮੰਡਲ ਦੇ ਇਹ ਸੁਤੇ-ਸੁਭਾਵੀ ਚੋਜ ਹਨ।
ਹਰਿ ਕੀਰਤਨ ਵਿਚ ਜੁੜੇ ਹਰਿਨਾਮੇ ਕੇ ਜੋੜੀ ਗੁਰਮੁਖ ਜਨਾਂ ਦੇ ਅਨੰਦ ਹੁਲਾਸ ਦ ਿਇਹ ਗੋਝ ਕਥਾ ਹੈ। ਇਸ ਦਾ ਜਾਣੂ ਪਛਾਣੂ ਕੇਵਲ ਓਹੋ ਵਡਭਾਗਾ ਜਨ ਹੋ ਸਕਦਾ ਹੈ ਜਿਸ ਨੂੰ ਪੂਰਬ ਕਰਮਾਂ ਦੇ ਪਰਭਾਵ ਕਰਕੇ ਅਜਿਹੇ ਸਤਿਸੰਗ ਦੀ ਸਮੀਪਤਾ ਦਾ ਸ਼ੁਭ ਸਮਾਗਮ, ਅਰਥਾਤ ਅਵਸਰ ਪ੍ਰਾਪਤ ਹੋਵੇ, ਜੈਸਾ ਕਿ ਗੁਰਵਾਕ ਹੈ:-
ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਿਨਾ॥8॥
(1॥3) ਸੋਰਠਿ ਮ: 5 ਅਸ਼ਟ, ਪੰਨਾ 642
ਅਜਿਹੇ ਅਖੰਡ ਸਤਿਸੰਗ ਅਤੇ ਅਖੰਡ ਕੀਰਤਨ ਦੇ ਸਮਾਗਮਾਂ ਤੋਂ ਵਿਛੜੇ ਦਰਸ-ਵੈਰਾਗੀ ਵੀਰਾਂ ਦੇ ਬਿਰਹੜੇ ਦੇਸ ਬਦੇਸੀਅੜੇ ਸਜਣਾਂ ਨੂੰ ਦੂਰ ਬੈਠੇ ਹੀ ਚੁੰਭਕ-ਤਾਰਾਂ ਪੁਚਾ ਕੇ, ਇਕ ਦੂਜੇ ਨੂੰ ਟੁੰਬ ਕੇ ਮਿਲਣ ਲਈ ਬੁਲਾ ਲੈਂਦੇ ਹਨ। ਗੱਲ ਕੀ, ਬਿਰਹਾ ਵਿਜੋਗ ਅਤੇ ਸਉਣ ਸੰਜੋਗ ਓਤ ਪੋਤ ਹੋ ਕੇ ਇਕ-ਤਾਰੀ ਅਕੱਥ ਕਹਾਣੀ ਬਣਾ ਦੇਂਦੇ ਹਨ।
ਪ੍ਰੇਮ ਮਾਰਗ ਦੇ ਪਾਂਧੀਆਂ ਦੇ ਪਰਸਪਰ ਮਿਲਣ ਦੇ ਪ੍ਰੇਮ-ਸਮਾਗਮਾਂ ਅੰਦਰ ਜੈਸੀ ਜੁੜਵੀਂ ਸਿੱਕ “ਇਕ ਪਿਆਰੇ” ਦੇ ਮਿਲਣ ਦੀ ਹੈ, ਤੈਸੀ ਹੀ ਬਿਰਹੋਂ ਬੈਰਾਗੀਆਂ ਦੇ ਪਰਸਪਰ ਬਹੁੜ ਮਿਲ ਬੈਠਣ ਤੇ ਗਲ ਮਿਲਣ ਦੀ ਤਾਂਘ ਹੈ। ਸਮੂਹ ਹਾਲਤਾਂ ਵਿਚ ਸਮੁੱਚਾ “ਪ੍ਰੇਮ ਸੁਨੇਹੜਾ” ਸ਼ਬਦ ਦੀ ਇਹ ਧੁਨਕਾਰ ਉਠਾਉਂਦਾ ਹੈ :-
ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥3॥
(4॥4) ਤੁਖਾਰੀ ਮ: 1, ਪੰਨਾ 1111
ਜਦ ਦੂਰ ਬੈਠੇ ਪ੍ਰੇਮ-ਸਨੇਹੀ ਪ੍ਰੇਮ ਬੈਰਾਗੀ ਸਜਣਾਂ ਦੇ ਪ੍ਰੇਮ-ਸੰਦੇਸੇ ਕੇਵਲ ਪ੍ਰੇਮ ਦੀ ਤਾਰ ਦੁਆਰਾ ਹੀ ਇਕ ਦੂਜੇ ਪਾਸ ਪੁੱਜ ਪੈਣ ਤਦ ਨਿਕਟਵਰਤੀ, ਘਟ ਘਟ ਵਾਸੀ, ਨੇਰੇ ਹੂੰ ਤੇ ਨੇਰੇ ਵਸਣ ਵਾਲੇ ਸਜਣ ਪ੍ਰਤੀ ਪਰੁੰਨਿਆ “ਪ੍ਰੇਮ ਸੁਨੇਹੜਾ” ਪੁੱਜ ਪੈਣ ਵਿਚ ਤਾਂ ਫੋਰਾ ਨਹੀਂ ਲਗ ਸਕਦਾ, ਕਿਉਂਕਿ ਉਹ ਸਾਜਨ ਤਾਂ ਅਜਿਹਾ ਜਾਨੀਅੜਾ ਸਾਜਨ ਹੈ। ਯਥਾ ਗੁਰਵਾਕ:-
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥
ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥
ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥
ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥
ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥
ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥1॥
(8॥1) ਰਾਮਕਲੀ ਮ: 5 ਛੰਤ, ਪੰਨਾ 924
ਨੈਣ ਅਲੋਇਆ, ਨਿਕਟਿ ਖਲੋਇਆ ਅਤੇ ਘਟਿ ਘਟਿ ਸੋਹਿਆ ਸਾਜਣ ਦੇਸ ਬਦੇਸੀਅੜਾ ਕਿਉਂ ਬਣਿਆ? ਅਤੇ ਸਾਨੇਹੜੇ ਦੇਣ ਦੀ ਲੋੜ ਤਿਸੁ ਸਾਜਨ ਨੂੰ ਕਿਉਂ ਪਈ? ਓੇਸ ਬੁਝਾਰਤ ਦਾ ਬੁਝਣਾ ਪ੍ਰੇਮ-ਸਨੇਹੀ ਭੇਦਾਂ ਦੇ ਜਾਨਣਹਾਰੇ ਪਾਸੋਂ ਹੀ ਹੋ ਸਕਦਾ ਹੈ। ਪ੍ਰਿਉ ਪ੍ਰਿਉ ਉਚਰਨਹਾਰੇ ਬੰਬੀਹੇ ਬਾਬੀਹੇ ਦਆਂ ਕੋਕਲ-ਬਾਣੀਆਂ, ਬਾਬੀਹੇ ਦੇ ਬਿਗਸਣ ਅਤੇ ਬਿਲਲਾਉਣ ਅੰਦਰ ਇਕ-ਤਾਰ ਹੀ ਹੁੰਦੀਆਂ ਹਨ। ਸੋਈ ਅੱਖੀਆਂ ਹਰਿ ਹਰਿ ਨਾਮ ਨੂੰ ਪੇਖਣਹਾਰੀਆਂ ਪ੍ਰੇਮ-ਰੰਗ ਨੂੰ ਪੇਖਦੀਆਂ, ਪ੍ਰੇਮ ਨਾਲ ਕਸਾਈਆਂ ਜਾਂਦੀਆਂ ਹਨ ਅਤੇ ਸੋਈ ਅੱਖੜੀਆਂ ਜਾਨੀ ਦੇ ਪ੍ਰੇਮ-ਸੰਦੇਸੇ ਦੀ ਸਿਕ ਵਿਚ ਆਸ-ਉਡੀਣੀਆਂ ਇਕ-ਟਕ ਤਾਰ ਵਿਚ ਲਗ ਕੇ ਪ੍ਰੇਮ ਨਾਲ ਪ੍ਰੋਤੀਆਂ ਜਾਂਦੀਆਂ ਹਨ:-
“ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿ”* ਵਾਲੇ ਗੁਰਵਾਕ ਦੇ ਭਾਵ ਦੀ ਦਸ਼ਾ:-
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥1॥(5)
ਸਲੋਕ ਮਃ 4, ਵਾਰ ਗਉੜੀ, ਪੰਨਾ 302
ਵਾਲੇ ਭਾਵ ਵਿਚ ਇਕ-ਮਿਕ ਹੋ ਕੇ ਲੀਨ ਹੋ ਜਾਂਦੀ ਹੈ। ਪ੍ਰਿੰਮ ਦੀ ਪੀਰ ਦੇ ਬੇਧੇ ਪ੍ਰੇਮ-ਸੰਜੋਗੀਆਂ, ਹਰਿ-ਕੀਰਤਨ ਦੇ ਅਹਾਰੀਆਂ, ਨਾਮ ਮਹਾ ਰਸ ਦੇ ਮੁਸ਼ਤਾਕ ਭਵਰਿਆਂ ਦੇ ਪਰਸਪਰ ਜੁੜਨ ਦੀ ਸੁਹਾਵੜੀ ਰੁਤ ਆਈ ਦੇਖ ਕੇ ਅਜਿਹਾ ‘ਪ੍ਰੇਮ ਸੁਨੇਹੜਾ’ ਹੁਣ ਫੇਰ ਪਠਾ ਭੇਜਣਾ ਐਨ ਸਮੇਂ ਅਨੁਸਾਰ ਹੀ ਹੋਵੇਗਾ:-
ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥1॥ ਰਹਾਉ ॥
ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥1॥
ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥2॥
ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥3॥
ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥4॥
ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥5॥
ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥6॥
ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥7॥
ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥8॥2॥5॥
ਮਾਰੂ ਮਹਲਾ 5, ਪੰਨਾ 1018