ੴਵਾਹਿਗੁਰੂ ਜੀ ਕੀ ਫ਼ਤਹ॥ਗੁਰੂ ਪਿਆਰੇ ਖ਼ਾਲਸਾ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥
ਮੁੱਢ ਕਦੀਮ ਤੋਂ ਹੀ ਸਿੱਖ ਪੰਥ ਵਿਚ ਇਹ ਤਰਾਸਦੀ ਹਮੇਸ਼ਾ ਹੀ ਰਹੀ ਹੈ ਕਿ ਕਈ ਸਿੱਖ ਅਗਿਆਨਤਾ ਵੱਸ ਸੁਣੀਆਂ ਸੁਣਾਈਆ ਚਟਕੀਲ਼ੀਆ ਗੱਲਾਂ ਨੂੰ ਸੁਨਣ ਤੇ ਸੁਨਾਉਣ ਮਾਤਰ ਭਾਂਵੇ ਕਿੰਨਾ ਵੀ ਸਮਾਂ ਲੱਗ ਜਾਵੇ ਸੁਣ ਸੁਣ ਕੇ ਉਸਨੂੰ ਸੱਚ ਦਾ ਪਹਿਰਾਵਾ ਹੀ ਪਹਿਨਾ ਦਿੰਦੇ ਹਨ ਭਾਂਵੇ ਕਿ ਸੱਚ ਉਸ ਤੋਂ ਬਿਲਕੁਲ ਉਲਟ ਹੀ ਕਿਉਂ ਨਾ ਹੋਵੇ। ਦਾਸ ਇਸਦਾ ਕਾਰਨ ਇਕ ਇਹ ਵੀ ਸਮਝਦਾ ਹੈ ਕਿ ਬਹੁਤਾਂਤ ਸਿੱਖ ਸੰਗਤਾਂ ਵਿਚ ਖੋਜ ਆਪ ਨਾ ਕਰਨ ਦੀ ਰੂਚੀ ਨੇ ਇਸ ਗੱਲ ਨੂੰ ਵਧੇਰੇ ਬੜਾਵਾ ਦਿੱਤਾ ਹੈ ਕਿ ਗੁਰੂ ਘਰ ਅੰਦਰ ਭੀ ਬਹੁਤਾਂਤ ਸਾਖੀਆ ਐਸੀਆਂ ਉਪਜ ਖਲੋਈਆਂ ਹਨ ਜਿਹੜੀਆਂ ਕਿ ਗੁਰਮਤਿ ਦੇ ਪ੍ਰਤਿਕੂਲ ਤਾਂ ਹਨ ਹੀ ਨਾਲ ਦੀ ਨਾਲ ਸਿੱਖੀ ਸਪਿਰਟ ਨੂੰ ਵੀ ਢਾਹ ਲਾਉਂਦੀਆਂ ਹਨ। ਖੈਰ ਦਾਸ ਦਾ ਇਥੇ ਵਿਸ਼ਾਂ ਇਹਨਾਂ ਸਾਖੀਆਂ ਦੀ ਪੁਣ ਛਾਣ ਕਰਨ ਦਾ ਨਹੀਂ ਪਰ ਇੱਕ ਸਾਖੀ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਬਾਬਤ ਕਈ ਵਾਰ ਪੜਨ ਸੁਨਣ ਨੂੰ ਆਈ ਹੈ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਭੰਗ ਕੀਤੀ ਸੀ ਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬੀੜ ਨੂੰ ਪਦ ਛੇਦ ਕਰਨ ਦੀ ਵੀ ਸੋਚੀ ਜਿਸ ਕਰਕੇ ਉਹਨਾਂ ਨੂੰ ਆਪਣੇ ਬੰਦ ਬੰਦ ਕਟਵਾਉਣੇ ਪਏ। ਇਸ ਗੱਲ ਵਿਚ ਕਿੰਨੀ ਕੂ ਸਚਾਈ ਹੈ ਜਾਂ ਕੋਈ ਸਚਾਈ ਹੈ ਭੀ ਇਸ ਬਾਰੇ ਪੂਰਨ ਤੌਰ ਤੇ ਭਾਈ ਮਨੀ ਸਿੰਘ ਜੀ ਹੀ ਦੱਸ ਸਕਦੇ ਸਨ ਜਾਂ ਗੁਰੂ ਸਾਹਿਬ ਜੀ ਹੀ ਜਾਣਦੇ ਹਨ ਪਰ ਭਾਈ ਮਨੀ ਸਿੰਘ ਜੀ ਦੀ ਨਿਰਮਲ ਜੀਵਨੀ, ਦਸਮ ਪਾਤਸ਼ਾਹ ਵਲੋਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ਼ ਲਿਖ਼ਾਰੀ ਵਜੋਂ ਸੇਵਾ ਸੌਪਣੀ ਅਤੇ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਇਹੋ ਜਿਹੀਆ ਨਿਰਮੂਲ ਸਾਖੀਆਂ ਨੂੰ ਆਪੇ ਹੀ ਰੱਦ ਕਰ ਦਿੰਦੀਆਂ ਹਨ। ਇਸ ਕਰਕੇ ਦਾਸ ਇਸ ਝੰਝਟ ਵਿਚ ਪੈਣ ਤੋਂ ਸੰਕੋਚ ਹੀ ਕਰਦਾ ਹੈ ਕਿਉਂਕਿ ਇਹ ਤਾਂ ਨਾ ਮੁਕਣ ਵਾਲੇ ਕਿੱਸੇ ਹੀ ਜਾਪਦੇ ਹਨ। ਪਰ ਹੁਣ ਬੜੀ ਹੈਰਾਨੀ ਹੋਈ ਕਿ ਇਸ ਗੁਰਮਤਿ ਦੇ ਫੋਰਮ ਤੇ ਇੱਕ ਵਖਰੇ ਵਿਸ਼ੇ ‘ਚ ਭਾਈ ਸੁਖਦੀਪ ਸਿੰਘ ਜੀ ਨੇ ਜਾਣੇ ਜਾਂ ਅਣਜਾਣੇ ਵਿਚ ਹੁਣ ਇਹ ਗੱਲ ਭੀ ਲਿਖ ਦਿੱਤੀ ਹੈ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਨਾਰੰਗਵਾਲ ਨੇ ਭੀ ਆਪਣੀ ਪੁਸਤਕ ‘ਜੋਤਿ ਵਿਗਾਸ’ ਵਿਚ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਵਰਤਾਰੇ ਹੇਠ ਇਹ ਭੀ ਲਿਖਿਆਂ ਹੋਇਆ ਹੈ ਕਿ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਦੀ ਤਰਤੀਬ ਨੂੰ ਤੋੜਿਆ। ਦਾਸ ਦੇ ਇਹ ਪੁੱਛਣ ਤੇ ਕਿ ਉਹ ਲਾਇਨਾਂ ਸੰਗਤਾਂ ਦੇ ਸਨਮੁਖ ਕੀਤੀਆਂ ਜਾਣ ਜਿਥੋ ਪਤਾ ਲੱਗ ਸਕੇ ਕਿ ਇਹ ਗੱਲ ਭਾਈ ਸਾਹਿਬ ਜੀ ਨੇ ਲਿਖੀ ਹੋਈ ਹੈ ਤਾਂ ਜਵਾਬ ਸੀ ਕਿ:
Quote
Bhai Jasjit Singh Jeeo- Bhai Randhir SIngh Ji has mentioned the following in Joti Bigaas.
ਗੁਰਬਾਣੀ ਦੇ ਅਦਬ ਸਨਮਾਨ ਦਾ ਧੁਰਵਾ ਬੰਨਣ ਹੇਤ ਸਿਰੀ ਭਾਈ ਮਨੀ ਜੀ ਦਾ ਅੰਗ ਅੰਗ ਜੁਦਾ ਕਰਾਉਣ ਵਾਲਾ ਸਾਕਾ
ਅੰਗ ਅੰਗ ਕਟਾ ਲਏ ਮਨੀ ਸਿੰਘ ਜੀ, ਧੁਰਵਾ ਬੰਨਿ੍ ਗੁਰ ਗਰੰਥ ਅਦਬੋਲਿਆਂ ਦਾ ||
ਵੱਡ ਵਰਤਾਇ ਸਾਕਾ ਸਾਡੇ ਕੰਨ ਖੋਲੇ੍, ਵੱਡ ਦਰਿਸ਼ਟਾਂਤ ਭਾਣਾ ਸਿਖਸ਼ੋਲਿਆਂ ਦਾ ||
source provided by MB Singh Veer Ji
ਇਹਨਾਂ ਪਦਿਆਂ ਵਿਚ ਐਸਾ ਕੋਈ ਵੀ ਜ਼ਿਕਰ ਨਹੀਂ ਜਿਸ ਤੋਂ ਬੀੜ ਨੂੰ ਤੋੜਣ ਬਾਬਤ ਲਿਖਿਆ ਹੋਵੇ ਇਥੋ ਤੱਕ ਕਿ ਪੂਰੀ ਕਵਿਤਾ ਅੰਦਰ ਭਾਈ ਮਨੀ ਸਿੰਘ ਜੀ ਵਲੋਂ ਬੀੜ ਨੂੰ ਤੋੜਨ ਦਾ ਕੋਈ ਜ਼ਿਕਰ ਨਹੀਂ। ਦਾਸ ਉਹਨਾਂ ਕਾਵਿ ਬੰਦਾਂ ਨੂੰ ਸੰਗਤ ਦੇ ਸਨਮੁਖ ਰੱਖ ਕੇ ਇਥੇ ਵਾਚਣਾ ਚਾਹੇਗਾ:
ਪਾਰਸ ਰੂਪ ਬਾਣੀ, ਅੰਮ੍ਰਿਤ ਰੂਪ ਬਾਣੀ, ਬਾਣੀ ਰੂਪ ਪਰਤੱਖ ਗੁਰ ਢੋਲਿਆਂ ਦਾ।
ਸ਼ਕਤਿ ਅਗਾਧ ਸਪੰਨ ਹੈ ਗੁਰੂ ਬਾਣੀ, ਬਾਣੀ ਪਿਉਂਦ ਪਵਿਤ ਜਨਮੋਲਿਆ ਦਾ।
ਸ੍ਰੀ ਭਾਈ ਗੁਰਦਾਸ ਜੀ ਭਗਤ ਪੂਰੇ, ਮਿਲਿਆ ਮਰਤਬਾ ਅਨਿੰਨ ਸਿਖੋਲਿਆ ਦਾ।
ਮਨੀ ਸਿੰਘ ਜੀ ਦੂਲੜੇ ਸਿੰਘ ਮੁਕਤੇ, ਪਦਵਾ ਅਨਿੰਨ ਸ਼ਹੀਦ ਯਕਤੋਲਿਆ ਦਾ । 304।ਹੁਣ ਇਸ ਉਪਰਲੇ ਬੰਦ ਵਿਚ ਭਾਈ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਅਤੇ ਭਾਈ ਮਨੀ ਸਿੰਘ ਦੀ ਸਰਾਹਨਾ ਹੀ ਕੀਤੀ ਹੈ। ਇਥੋ ਤੱਕ ਕਿ ਭਾਈ ਮਨੀ ਸਿੰਘ ਜੀ ਨੂੰ ‘ਦੂਲੜੇ ਸਿੰਘ ਮੁਕਤੇ’ ਆਖਿਆ ਹੈ।
ਦੋਈ ਸਿੱਖ ਯਕਤੇ, ਜੀਵਨ-ਮੁਕਤਿ ਭਗਤੇ, ਸਿਰੋਪਾਉ ਗੁਰਬਾਣੀ ਬਕਤੋਲਿਆਂ ਦਾ।
ਏਵੱਡ ਸ਼ਕਤਿ ਕਿਥੋਂ ਆਈ ਦੋਹਾਂ ਅੰਦਰਿ, ਸਭੁ ਪ੍ਰਭਾਵ ਬਾਣੀ ਲਿਖਤੋਲਿਆਂ ਦਾ।
ਪਾਰਸ ਸ਼ਕਤਿ ਵੱਡੀ ਬਾਣੀ ਲਿਖਤ ਕੇਰੀ, ਪਾਰਸ ਅੰਗੁ ਪਾਰਸ ਭੇਟਣੋਲਿਆਂ ਦਾ।
ਪਾਰਸ ਸ਼ਕਤਿ ਵੱਡੀ ਲਿਖਾਰੀਆਂ ਦੀ, ਵਡ ਖ਼ਿਤਾਬ ਸ਼ਕਤਿ ਪਾਰਸੋਲਿਆਂ ਦਾ। 305।ਹੁਣ ਇਸ ਬੰਦ ਵਿਚ ਵੀ ਦੋਹਾਂ ਹੀ ਬ੍ਰਹਮ ਗਿਆਨੀ ਲਿਖਾਰੀਆਂ ਦੀ ਸਿਫਤ ਕੀਤੀ ਗਈ ਹੈ। ਦੋਹਾਂ ਹੀ ਗੁਰਸਿੱਖਾਂ ਵਾਸਤੇ ‘ਦੋਈ ਸਿੱਖ ਯਕਤੇ, ਜੀਵਨ-ਮੁਕਤਿ ਭਗਤੇ’ ਸ਼ਬਦ ਵਰਤੇ ਹਨ ਅਤੇ ਦਰਸਾਇਆ ਗਿਆ ਹੈ ਦੋਵੇਂ ਹੀ ਸਿੱਖ ਜੀਵਨ-ਮੁਕਤਿ ਸਿੱਖ ਸਨ। ਇਕ ਛਿਨ ਲਈ ਇੱਥੇ ਹੁਣ ਵਿਚਾਰ ਕਰਨੀ ਬਣਦੀ ਹੈ ਕਿ ਜੇਕਰ ਭਾਈ ਮਨੀ ਸਿੰਘ ਜੀ ਜੀਵਨ ਮੁਕਤਿ ਸਨ ਤਾਂ ਇਹ ਕਦਾਚਿਤ ਵੀ ਸੰਭਵ ਨਹੀਂ ਕਿ ਉਹਨਾਂ ਕਿਸੇ ਗੁਰੂ ਹੁਕਮਾਂ ਦੀ ਅਦੂਲੀ ਕੀਤੀ ਹੋਵੇ।
ਆਉ ਹੋਰ ਅਗਾਂਹ ਚਲੀਏ:
ਦੋਈ ਮੁੱਖ ਲਿਖਾਰੀ ਗੁਰਬਾਣੀਆਂ ਦੇ, ਜਿਨ੍ਹਾਂ ਬਿਢਿਆ ਬਿੱਢ ਮੁਢੋਲਿਆਂ ਦਾ।
ਮੁੱਢ ਮੁੱਖ ਬਾਣੀ ਸ਼ੁਧਿ ਲਿਖਤ ਵਾਲੀ, ਸਭ ਉਪਕਾਰ ਦੋਹਾਂ ਗੁਰਮੁਖੋਲਿਆਂ ਦਾ।
ਸ੍ਰੀ ਗੁਰੂ ਗ੍ਰੰਥ ਦੀਆਂ ਦੋਈ ਲਿਖਤ ਬੀੜਾਂ, ਜਿਨ੍ਹਾਂ ਮਾਣ ਗੁਰ ਮੁਹਰ ਛਾਪੋਲਿਆਂ ਦਾ।
ਮੁੱਢ ਆਦਿ ਤੇ ਦਸਮ ਗੁਰੂ ਗ੍ਰੰਥ ਬੀੜਾਂ, ਲਿਖਤੀ ਫ਼ਖਰ ਦੋਹਿ ਲਿਖਤੀਸ਼ਰੋਲਿਆਂ ਦਾ। 306।ਇਸ ਬੰਦ ਵਿਚ ਵੀ ਗੁਰਬਾਣੀ ਦੀਆਂ ਬੀੜਾਂ ਲਿਖਣ ਦਾ ਅਤੇ ਭਾਈ ਮਨੀ ਸਿੰਘ ਵਲੋਂ ਦਸਮ ਗ੍ਰੰਥ ਦੀ ਬੀੜ ਲਿਖਣ ਦਾ ਹੀ ਜ਼ਿਕਰ ਹੈ।
ਲਿਖਤ ਮੁਖ ਦੋਹਾਂ ਲਿਖਤੀਸ਼ਰਾਂ ਦੀ, ਸਰਟੀਫ਼ਿਕੇਟ ਗੁਰ ਦਸਤਖ਼ਤੋਲਿਆਂ ਦਾ।
ਉਹ ਗੁਰ ਗ੍ਰੰਥ ਲਿਖਾਰੀ ਭੀ ਧੰਨ ਹੋਏ, ਜਿਨਿ ਅਰੰਭ ਕੀਤਾ ਉਤਾਰੋਲਿਆਂ ਦਾ।
ਸਭ ਤੋਂ ਮੁਕਟ ਮਣੀ ਦੀਪ ਸਿੰਘ ਭਾਈ, ਪਾਇਆ ਪਦ ਸ਼੍ਰੋਮਣਿ ਸ਼ਹੀਦੋਲਿਆਂ ਦਾ।
ਅੰਗ ਅੰਗ ਕਟਾ ਲਏ ਮਨੀ ਸਿੰਘ ਜੀ, ਧਰੁਵਾ ਬੰਨ੍ਹਿ ਗੁਰ ਗ੍ਰੰਥ ਅਦਬੋਲਿਆਂ ਦਾ। 307।ਉਪਰਲੇ ਇਹਨਾਂ ਸਬੰਧਤ ਕਾਵਿ ਬੰਦਾਂ ਵਿਚ ਕਿਤੇ ਵੀ ਭਾਈ ਮਨੀ ਸਿੰਘ ਜੀ ਵਲੋਂ ਬੀੜਾਂ ਦੀ ਤਰਤੀਬ ਭੰਗ ਦਾ ਜ਼ਿਕਰ ਨਹੀਂ ਸਗੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੀੜ ਲਿਖਣ ਕਾਰਨ ਮਿਲੀਆਂ ਅਕਾਲੀ ਸ਼ਕਤੀਆਂ ਅਤੇ ਭਾਉ ਭਾਵਨੀ ਵਾਲੀ ਭਗਤੀ ਜੀਵਨ-ਮੁਕਤਿ ਦੀ ਪਦਵੀ ਨੂੰ ਪ੍ਰਾਪਤ ਹੋ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਖਾਤਰ ਜਦ ਸਮਾਂ ਬਣਿਆਂ ਤਾਂ ਬੰਦ ਬੰਦ ਵੀ ਕਟਵਾ ਲਏ ਪਰ ਸਿੱਖੀ ਸਿੱਦਕ ਵਿਚ ਰੰਚਕ ਮਾਤਰ ਵੀ ਆਂਚ ਨਹੀਂ ਆਉਣ ਦਿੱਤੀ। ਵਾਰੇ ਜਾਈਏ ਭਾਈ ਸਾਹਿਬ ਜੀ ਦੀ ਲੇਖਣੀ ਦੇ ਕੀ ਖੂਬ ਚਰਿੱਤਰ ਪੇਸ਼ ਕੀਤੇ ਹਨ ਇਹਨਾਂ ਮਹਾਨ ਗੁਰਸਿੱਖ ਸ਼ਹੀਦਾਂ ਦੇ। ਹੁਣ ਅਗਲੇ ਬੰਦਾਂ ਵਿਚ ਭਾਈ ਸਾਹਿਬ ਜੀ ਨੇ ਇਹਨਾਂ ਵਡੇਰਿਆਂ ਗੁਰਸਿੱਖਾਂ ਦੇ ਪਾਏ ਪੂਰਨਿਆਂ ਨੂੰ ਸਨਮੁੱਖ ਰੱਖ ਕੇ 20ਵੀ ਸਦੀ ਵਿਚ ਬੀੜ ਵਿਚ ਛੇੜ ਛਾੜ ਕਰਨ ਕਰਕੇ ਪੰਥ ‘ਚੋ ਛੇਕੇ ਗਏ ਭਸੋੜੀਆਂ ਨੂੰ ਲਾਹਨਤ ਪਾਉਂਦਿਆਂ ਪੰਥ ਤੋਂ ਕੀਤੇ ਅਪਰਾਧੁ ਦੀ ਭੁੱਲ ਬਖਸ਼ਾਉਣ ਦੀ ਗੁਰਮਤੀ ਸਲਾਹ ਦਿੱਤੀ ਹੈ ਕਿ:
ਵੱਡ ਵਰਤਾਇ ਸਾਕਾ ਸਾਡੇ ਕੰਨ ਖੋਲ੍ਹੇ, ਵਡ ਦ੍ਰਿਸ਼ਟਾਂਤ ਭਾਣਾ ਵਡ ਸਿਖਸ਼ੋਲਿਆਂ ਦਾ।
ਸਿੱਖ ਮਤਿ ਨ ਆਈ ਕੁਮੱਤਿਆਂ ਨੂੰ, ਆਵੈ ਹਥਿ ਨ ਵੱਤੁ ਖੁੰਝੋਲਿਆ ਦਾ।
ਵੱਤ ਪਵੇ ਸੁਮਤਿ ਗੁਰ ਮਿਹਰ ਹੋਵੇ, ਪਸਚਾਤਾਪ ਕਰੇ ਮਨ ਮੂੜ੍ਹੋਲਿਆਂ ਦਾ।
ਲੱਜਤ ਹੋਇ ਬਖਸ਼ਾਣਿ ਅਪਰਾਧੁ ਆਪਣਾ, ਹੋਵੇ ਮੇਲਿ ਗੁਰੂ ਪੰਥ ਛੇਕੋਲਿਆਂ ਦਾ।308।ਇਸ ਉਪਰਲੀ ਵਿਚਾਰ ਤੋਂ ਬਿਲਕੁੱਲ ਹੀ ਸਪੱਸ਼ਟ ਦਿਖਾਈ ਦਿੰਦਾ ਹੈ ਭਾਈ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਸਬੰਧਤ ਕਾਵਿ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਭਾਈ ਮਨੀ ਸਿੰਘ ਜੀ ਨੇ ਬੀੜ ਦੀ ਤਰਤੀਬ ਤੋੜੀ ਹੈ। ਭਾਈ ਸੁਖਦੀਪ ਸਿੰਘ ਜੀ ਨੇ ਜਾਂ ਤਾਂ ਇਸ ਕਾਵਿ ਨੂੰ ਪੜਿਆ ਨਹੀ ਹੈ ਜਾਂ ਬੇਧਿਆਨਾ ਹੀ ਪੜਿਆ ਹੈ ਕੁਝ ਵੀ ਹੋਵੇ ਬਿਨਾਂ ਕਿਸੇ ਤੱਥ ਦੇ ਆਧਾਰ ਤੇ ਕਿਸੇ ਬਾਰੇ ਲਿਖ ਦੇਣਾ ਦਾਸ ਸਮਝਦਾ ਹੈ ਕਿ ਨਿੰਦਾ ਤੁੱਲ ਹੈ। ਦਾਸ ਦੀ ਇਹੋ ਹੀ ਅਰਜ਼ੋਈ ਕਿ ਭਾਈ ਸੁਖਦੀਪ ਸਿੰਘ ਅਗਾਂਹ ਤੋਂ ਕੋਈ ਦਾਅਵਾ ਬੰਨਣ ਤੋਂ ਪਹਿਲਾਂ ਤੱਥਾਂ ਦੀ ਖੋਜ ਖੁਦ ਆਪ ਕਰਿਆ ਕਰਨ ਨਾ ਕਿ ਕਿਸੇ ਸੁਣੀ ਸੁਣਾਈ ਗੱਲ ਨੂੰ ਹੀ ਸਚਾਈ ਦਾ ਫ਼ਤਵਾ ਲਾ ਦੇਣ।
ਵਿਚਾਰ ਕਰਦਿਆਂ ਅਗਰ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾਂ ਦਾ ਜਾਚਕ ਹੋਵਾਂਗਾਂ। ਫਿਰ ਵੀ ਅਗਰ ਭਾਈ ਸੁਖਦੀਪ ਸਿੰਘ ਜੀ ਨੂੰ ਲੱਗੇ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਕਿਸੇ ਹੋਰ ਪੁਸਤਕ ਵਿਚ ਇਸ ਸਾਖੀ ਦਾ ਜ਼ਿਕਰ ਕੀਤਾ ਹੈ ਤਾਂ ਦਾਸ ਆਪਣੀ ਜਾਣਕਾਰੀ ਹਿੱਤ ਜ਼ਰੂਰ ਜਾਨਣਾ ਚਾਹੇਗਾ ਜੀ।
ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ