ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀਕਰਤਾਰ ਸਿੰਘ ਬਲੱਗਣ
ਸਿੱਖਾ! ਡੁਲ੍ਹਿਆ ਕਿਉਂ ਏਂ ਗੁਰੂ ਰਾਖਾ, ਬਹਿ ਜਾ ਕੋਲ ਮੇਰੇ ਉਰੇ ਆ ਤਾਂ ਸਹੀ ।
ਹੋ ਕੇ ਸਿੱਖ ਤੂੰ ਚੜ੍ਹਦੀਆਂ ਕਲਾਂ ਵਾਲਾ, ਏਡਾ ਘਾਬਰੇਂ ਕਿਉਂ ਸਮਝਾ ਤਾਂ ਸਹੀ ।
ਅੜਿਆ! ਦੱਸ ਖਾਂ ਮਾਂ ਜੀ ਨੇ ਕਿਥੇ, ਸੁਨਿਹਾ ਉਨ੍ਹਾਂ ਦਾ ਕੋਈ ਪਹੁੰਚਾ ਤਾਂ ਸਹੀ ।
ਜੋਰਾਵਰ ਤੇ ਫਤਿਹ ਉਦਾਸ ਤਾਂ ਨਹੀਂ, ਮੈਨੂੰ ਉਨ੍ਹਾਂ ਦੀ ਗੱਲ ਸੁਣਾ ਤਾਂ ਸਹੀ ।
ਹਾਏ ਕਮਲਿਆ ਤੂੰ ਤਾਂ ਰੋ ਰਿਹਾਂ ਏਂ, ਓ ਕਦੇ ਸੂਰਮੇ ਹੌਸਲਾ ਹਾਰਦੇ ਨੇ ।
ਸਿੱਖ ਸਤਿਗੁਰੂ ਦੇ ਤੇਗਾਂ ਮਾਰਦੇ ਨੇ, ਵਾਂਗ ਕਾਇਰਾਂ ਦੇ ਢਾਈਂ ਮਾਰਦੇ ਨੇ?
ਸਿੱਖ ਨਾਲ ਜਕਲੰਬ ਦੇ ਜਿਹਾ ਰੁੰਨਾ, ਨੈਣਾਂ ਵਿਚੋਂ ਬਿਆਸਾ ਵਗਾ ਦਿੱਤੀ ।
ਰੋਏ ਜਿਮੀਂ ਅਸਮਾਨ ਤੇ ਰੁੱਖ ਬੂਟੇ, ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ ।
ਸਿੱਖ ਮਸਾਂ ਜਿਹੇ ਬੋਲਿਆ, ਪਾਤਸ਼ਾਹਾ! ਬੰਨੀ ਜੁਲਮ ਦੀ ਜਾਲਮਾਂ ਪਾ ਦਿੱਤੀ ।
ਸਿੱਖੀ ਅਣਖ ਦੇ ਸੁਹਲ ਕਲੇਜੜੇ ਤੇ ਮੁਗਲ ਰਾਜ ਨੇ ਛੁਰੀ ਚਲਾ ਦਿੱਤੀ ।
ਏਨੇ ਸਿੱਖਾਂ ਦੇ ਹੁੰਦਿਆਂ ਜੱਗ ਉੱਤੇ, ਤੇਰੇ ਪੁੱਤਰਾਂ ਦੇ ਡੱਕਰੇ ਗਿਣੀਦੇ ਨੇ ।
ਜੋਰਾਵਰ ਤੇ ਫਤਿਹ ਸਰਹੰਦ ਅੰਦਰ, ਮਹਿਲਾਂ ਵਾਲਿਆ! ਕੰਧੀਂ ਪਏ ਚਿਣੀਂਦੇ ਨੇ ।
ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ, ਜਿੱਤੀ ਹੋਈ ਬਾਜੀ ਗਏ ਹਰ ਤਾਂ ਨਹੀਂ ।
ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ, ਕਿਧਰੇ ਡੋਲ ਗਿਆ ਜੋਰਾਵਰ ਤਾਂ ਨਹੀਂ ।
ਰਿਹਾ ਖੇਡਦਾ ਨਾਲ ਖਡੌਣਿਆਂ ਦੇ, ਮੌਤ ਵੇਖ ਕਿਧਰੇ ਗਿਆ ਡਰ ਤਾਂ ਨਹੀਂ ।
ਸੀ ਮਾਸੂਮ, ਗੁਰਪੁਰੀ ਨੂੰ ਜਾਣ ਵੇਲੇ, ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ ।
ਛੇਤੀ ਦੱਸ ਮੈਨੂੰ ਉਨ੍ਹਾਂ ਜਾਲਮਾਂ ਨੇ, ਕੀਤੀ ਉਨ੍ਹਾਂ ਮਾਸੂਮਾਂ ਦੇ ਨਾਲ ਕੀ ਕੀ ।
ਉਨ੍ਹਾਂ ਬਾਲ ਸ਼ਹੀਦਾਂ ਦੇ ਮਰਨ ਵੇਲੇ, ਕੀਤੇ ਹੈਸਨ ਜੁਆਬ ਸੁਆਲ ਕੀ ਕੀ ।
ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਾਹਿਬਜਾਦਿਆਂ ਫਤਿਹ ਗਜਾ ਦਿੱਤੀ ।
ਸਤਿ ਸ੍ਰੀ ਅਕਾਲ ਦਾ ਮਾਰ ਨਾਹਰਾ, ਤਸਬੀਹ ਕਾਜੀ ਦੇ ਹੱਥੋਂ ਛੁਡਾ ਦਿੱਤੀ ।
ਸੂਬੇ ਕਿਹਾ ਕਰੋ ਸਲਾਮ ਮੁੰਡਿਓ, ਉਨ੍ਹਾਂ ਸਾਹਮਣੇ ਜੁੱਤੀ ਵਖਾ ਦਿੱਤੀ ।
ਉਨ੍ਹਾਂ ਜਦੋਂ ਤਲਵਾਰ ਦਾ ਖੌਫ ਦਿੱਤਾ, ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ ।
ਸੂਬੇ ਜੋਰ ਨਾਲ ਕਿਹਾ ਗੁਸਤਾਖ ਮੁੰਡਿਓ, ਅੱਜ ਤੁਸਾਂ ਦੀ ਅਣਖ ਮੁਕਾ ਦਿਆਂਗਾ ।
ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ ।
ਫਤਿਹ ਸਿੰਘ ਨੇ ਖੜਕ ਕੇ ਕਿਹਾ ਅੱਗੋਂ, ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ ।
ਅਸੀਂ ਅਸਲ ਫੌਲਾਦ ਦੇ ਡੱਕਰੇ ਹਾਂ, ਫੂਕਾਂ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ ।
ਅਸੀਂ ਉਹ ਪਤੰਗੇ ਹਾਂ ਸੜ ਮਰਨੇ, ਜਿਹੜੇ ਸ਼ਮ੍ਹਾਂ ਤੋਂ ਵੀ ਪਹਿਲਾਂ ਜਲ ਜਾਂਦੇ ।
ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੀ ਭੇਡਾਂ ਦੇ ਵਿਚ ਨਹੀਂ ਰਲ ਜਾਂਦੇ ।
ਹੱਥ ਸ਼ੇਰ ਦੀ ਮੁੱਛ ਨੂੰ ਪਾਣ ਲੱਗੈਂ, ਇੱਜਤ ਆਪਣੀ ਸਗੋਂ ਬਚਾ ਸਾਥੋਂ ।
ਮਾਸ ਬਾਜ ਦੀ ਚੁੰਝ ‘ਚੋਂ ਖੋਹਣ ਲੱਗੈਂ, ਅੜਿਆ ਆਪਣਾ ਮਾਸ ਛੁਡਾ ਸਾਥੋਂ ।
ਦਿੱਤਾ ਹੁਕਮ ਮੁੜ ਸੂਬੇ ਨੇ, ਪਾਤਸ਼ਾਹਾ ! ਇਨ੍ਹਾਂ ਦੋਹਾਂ ਨੂੰ ਕੰਧੀਂ ਚੁਣਾ ਦਿਓ ।
ਇਨ੍ਹਾਂ ਜੰਮਦੀਆਂ ਸੂਲਾਂ ਨੂੰ ਸਾੜ ਸੁੱਟੋ, ਫੜ ਕੇ ਸੱਪ ਦੇ ਪੁੱਤ ਮੁਕਾ ਦਿਓ ।
ਇਨ੍ਹਾਂ ਜਿਉਂਦਿਆਂ ਕੁਫਰ ਦੇ ਪੁਤਲਿਆਂ ਨੂੰ, ਫੜ ਕੇ ਮਿੱਟੀ ਦੇ ਵਿਚ ਮਿਲਾ ਦਿਓ ।
ਖੂਨ ਡੋਲ੍ਹ ਕੇ ਇਨ੍ਹਾਂ ਦੇ ਕਾਲਜੇ ਦਾ, ਮੇਰੇ ਜਿਗਰ ਦੀ ਅੱਗ ਬੁਝਾ ਦਿਓ ।
ਬੱਸ ਹੁਕਮ ਦੀ ਦੇਰ ਸੀ ਰਾਜ ਭੈੜੇ, ਦਿਹਾਂ ਕੂਲੀਆਂ ਤੇ ਇੱਟਾਂ ਧਰਨ ਲੱਗੇ ।
ਓਧਰ ਮਰਨ ਵੇਲੇ ਤੇਰੇ ਭਗਤ ਪੁੱਤਰ, ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ।
ਜਦੋਂ ਸੁਹਲ ਕਲੇਜੇ ਤੇ ਕੰਧ ਪਹੁੰਚੀ, ਸਾਹ ਚੰਨਾਂ ਦਾ ਰੁਕਿਆ ਜਾਣ ਲੱਗਾ ।
ਤਦੋਂ ਵੇਖ ਕੇ ਫਤਿਹ ਸਿੰਘ ਵੱਲੋਂ, ਜੋਰਾਵਰ ਦਾ ਚਿਹਰਾ ਕੁਮਲਾਉਣ ਲੱਗਾ ।
“ਕੀ ਕਿਹਾ ਈ”? ਪੁਛਿਆ ਪਾਤਸ਼ਾਹ ਨੇ, “ਜੋਰਾ ਹੈਸੀ ਕਮਜੋਰੀ ਵਖਾਉਣ ਲੱਗਾ”?
ਨਹੀਂ ਪਾਤਸ਼ਾਹ ਖੌਫ ਦੇ ਨਾਲ ਨਹੀਂ ਸੀ, ਜੋਰਾਵਰ ਦਾ ਚਿਤ ਘਬਰਾਉਣ ਲੱਗਾ ।
ਉਹ ਤਾਂ ਕਹਿੰਦਾ ਸੀ ਵੀਰਨਾ ਮੈਂ ਵੱਡਾ, ਅਤੇ ਤੂੰ ਮੈਥੋਂ ਪਹਿਲਾਂ ਮਰਨ ਲੱਗੈਂ ।
ਕਿਹੜਾ ਮੂੰਹ ਵਖਾਵਾਂਗਾ ਪਿਤਾ ਨੂੰ ਮੈਂ, ਛੋਟਾ ਹੋ ਮੈਥੋਂ ਬਾਜੀ ਕਰਨ ਲੱਗੈਂ ।
ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੰਗ ਦਾਤਾਰ ਮੇਰਾ ।
ਮੇਰੀ ਤੁੱਛ ਜਿਹੀ ਭੇਟ ਮਨਜੂਰ ਹੋ ਗਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ ।
ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, ਹੋਲਾ ਹੋ ਗਿਆ ਕਰਜ ਦਾ ਭਾਰ ਮੇਰਾ ।
ਰੋਂਦੇ ਪਏ ਨੇ ਲੋਕ ਮੈ ਆਖਦਾ ਹਾਂ, ਸਫਲਾ ਹੋ ਗਿਆ ਅੱਜ ਪਰਵਾਰ ਮੇਰਾ ।
ਖੂਨ ਡੋਲ੍ਹ ਕੇ ਜਿਸ ਤਰ੍ਹਾਂ ਪੁੱਤਰਾਂ ਤੋਂ, ਚੋਲੀ ਆਪਣੇ ਵਤਨ ਦੀ ਰੰਗਦਾ ਹਾਂ ।
ਤਿਵੇਂ ਮੇਰਾ ਵੀ ਏਥੇ ਸਰੀਰ ਲੱਗੇ, ਤੈਥੋਂ ਦਾਤਾ ‘ਕਰਤਾਰ’ ਇਹ ਮੰਗਦਾ ਹਾਂ ।