ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shaheedi Baba Jujhar Singh - A Poem

Posted by Bijla Singh 
ਜੁਝਾਰ ਸਿੰਘ ਦੀ ਸ਼ਹੀਦੀ


ਕਰਤਾਰ ਸਿੰਘ ਬਲੱਗਣ

ਦਸਮ ਪਿਤਾ ਨੇ ਬੈਠਿਆਂ ਗੜ੍ਹੀ ਅੰਦਰ, ਡਿਗਦੀ ਪੁੱਤ ਦੀ ਜਦੋਂ ਤਲਵਾਰ ਡਿੱਠੀ ।
ਚੜ੍ਹੀਆਂ ਮੂੰਹ ਤੇ ਲਾਲੀਆਂ ਮਣਾਂ ਮੂੰਹੀਂ, ਜਦੋਂ ਵਗਦੀ ਲਹੂ ਦੀ ਧਾਰ ਡਿੱਠੀ ।
ਖਿੜ ਗਈ ਚਿਤ ਦੀ ਕਲੀ ਅਨਾਰ ਵਾਂਗੂੰ, ਜਦੋਂ ਉਜੜੀ ਕੁੱਲ ਗੁਲਜਾਰ ਡਿੱਠੀ ।
ਡਿੱਠੀ ਜਿੱਤ ਅਜੀਤ ਦੇ ਮੂੰਹ ਉੱਤੇ, ਉਹਦੇ ਲਹੂ ਵਿਚ ਡੁੱਬਦੀ ਹਾਰ ਡਿੱਠੀ ।

ਬਸਤੀ ਖੁਸ਼ੀ ਦੀ ਵੇਖ ਕੇ ਥਿਹ ਹੁੰਦੀ, ਦਸਵੇਂ ਪਾਤਸ਼ਾਹ ਮੁਸਕ੍ਰਾਣ ਲੱਗੇ ।
ਅਤੇ ਸੱਦ ਕੇ ਕੋਲ ਜੁਝਾਰ ਜੀ ਨੂੰ, ਬੜੇ ਚਾਅ ਦੇ ਨਾਲ ਫੁਰਮਾਣ ਲੱਗੇ ।

ਮੇਰੇ ਲਾਲਾਂ ਤੋਂ ਮਹਿੰਗਿਆ ਮੋਤੀਆ ਓਏ, ਆਬ ਤੇਰੇ ਤੇ ਨਵੀਂ ਚੜ੍ਹਾਣ ਲੱਗਾਂ ।
ਮੇਰੇ ਦੁੱਧਾਂ ਦੇ ਪਾਲਿਆ ਮੱਖਣਾ ਓਏ, ਤੈਨੂੰ ਪੱਥਰਾਂ ਨਾਲ ਟਕਰਾਣ ਲੱਗਾਂ ।
ਚੰਦਰਮਾ ਤੋਂ ਚਿਟਿਆ ਚਾਨਣਾ ਓਏ, ਤੈਨੂੰ ਤੇਗਾਂ ਦੇ ਸਾਏ ਚਮਕਾਣ ਲੱਗਾਂ ।
ਮੇਰੇ ਸਿਹਰਿਆਂ ਵਾਲਿਆ ਬਿਨਾਂ ਸਾਹਿਓਂ, ਤੈਨੂੰ ਮੌਤ ਦੇ ਨਾਲ ਪਰਨਾਣ ਲੱਗਾਂ ।

ਚਰਬੀ ਪੁੱਤਾਂ ਦੀ ਪਾ ਪਾ ਕੇ ਆਪ ਹੱਥੀਂ, ਦਾਗ ਪੰਥ ਦੇ ਸਦਾ ਲਈ ਧੋਣ ਲੱਗਾਂ ।
ਰੱਤ ਪਾ ਕੇ ਆਪਣੇ ਕਾਲਜੇ ਦੀ, ਅੱਜ ਮੈਂ ਸੁਰਖਰੂ ਕਿਸੇ ਤੋਂ ਹੋਣ ਲੱਗਾਂ ।

ਉਠ ਤੀਰ ਕਮਾਨ ਦੀ ਪਰਖ ਕਰ ਲੈ, ਨਾਲੇ ਜਾਚ ਲੈ ਧਾਰ ਕਿਰਪਾਨ ਦੀ ਤੂੰ ।
ਜਾਨ ਜਾਣ ਲੱਗੀ ਤਾਂ ਫਿਰ ਜਾਣ ਦੇਵੀਂ, ਰਾਖੀ ਕਰੀਂ ਪਰ ਯੋਧਿਆ ਆਨ ਦੀ ਤੂੰ ।
ਉਹਦੀਆਂ ਸੱਧਰਾਂ ਆਸਾਂ ਨੀ ਕੋਲ ਤੇਰੇ, ਪੁੱਤਰ ਲਾਜ ਰੱਖੀਂ ਹਿੰਦੁਸਤਾਨ ਦੀ ਤੂੰ ।
ਜਿਹੜੀ ਪਾਈ ਸੀ ਤੇਰੇ ਵਡੇਰਿਆਂ ਨੇ, ਰਸਮ ਕਾਇਮ ਰੱਖੀਂ ਬਲੀਦਾਨ ਦੀ ਤੂੰ ।

ਝੱਖੜ ਦੁੱਖਾਂ ਦੇ ਵੱਗਣ ਹਜਾਰ ਭਾਂਵੇਂ, ਐਪਰ ਝਵੇਂ ਨਾ ਚਿਹਰੇ ਦਾ ਫੁੱਲ ਤੇਰਾ ।
ਲੰਘੀਂ ਹੱਸ ਕੇ ਤੇਗ ਦੀ ਧਾਰ ਉਤੋਂ, ਪੈਣਾ ਏਸੇ ਕਸਵੱਟੀ ਤੇ ਮੁੱਲ ਤੇਰਾ ।

ਸ਼ੇਰ, ਜੁੱਸੇ ਨੂੰ ਫੜਕ ਕੇ ਕਹਿਣ ਲੱਗਾ, ਨਵੇਂ ਪਿਤਾ ਜੀ ਪੂਰਨੇ ਪਾ ਦਿਆਂਗਾ ।
ਭਾਰਤ ਮਾਂ ਦੀਆਂ ਆਸਾਂ ਤੇ ਸੱਧਰਾਂ ਤੇ, ਚੁਣ ਚੁਣ ਅਮਲ ਦੇ ਪੁੱਲ ਚੜ੍ਹਾ ਦਿਆਂਗਾ ।
ਚਾੜ੍ਹ ਚਾੜ੍ਹ ਤਲਵਾਰ ਦੀ ਤੱਕੜੀ ਤੇ, ਮੰਡੀ ਸਿਰਾਂ ਤੇ ਧੜਾਂ ਦੀ ਲਾ ਦਿਆਂਗਾ ।
ਤੇਰੇ ਅੰਮ੍ਰਿਤ ਦੇ ਸਾਗਰ ਚੋਂ ਘੁੱਟ ਪੀਤੈ, ਐਪਰ ਖੂਨ ਦੇ ਵਹਿਣ ਵਗਾ ਦਿਆਂਗਾ ।

ਕੋਈ ਭਰਮ ਨਾ ਕਰੋ ਅਜੀਤ ਜੀ ਨੂੰ, ਕੱਲਾ ਇਕ ਵੀ ਘੜੀ ਨਹੀਂ ਰਹਿਣ ਦਿੰਦਾ ।
ਛੇਤੀ ਵੀਰ ਨੂੰ ਮਿਲਾਂਗਾ ਪਾ ਜੱਫੀ, ਭੰਗ ਜੋੜੀਆਂ ਵਿਚ ਨਹੀਂ ਪੈਣ ਦਿੰਦਾ ।

ਹੋ ਕੇ ਵਿਦਾ ਮੁੜ ਪਰਤ ਕੇ ਕਹਿਣ ਲੱਗਾ, ਦਾਤਾ ਕਰਾਂ ਜੇ ਸੁਣੋਂ ਅਰਦਾਸ ਮੇਰੀ ।
ਤੇਰੀ ਮਿਹਰ ਤੇ ਬਖਸ਼ਸ਼ ਦੇ ਨਾਲ ਬੱਧੀ, ਇਕ ਇਕ ਸੱਧਰ ਇਕ ਇਕ ਆਸ ਮੇਰੀ ।
ਉਹੋ ਵਿਚ ਦਰਗਾਹ ਦੇ ਗਿਣੀ ਜਾਣੀ, ਜਿਹੜੀ ਘੜੀ ਗੁਜਰੀ ਤੇਰੇ ਪਾਸ ਮੇਰੀ ।
ਭਾਂਵੇਂ ਹਰ ਵੇਲੇ ਅੰਗ ਸੰਗ ਏਂ ਤੂੰ, ਪਰ ਨਹੀਂ ਦਰਸ ਦੀ ਲਹਿੰਦੀ ਪਿਆਸ ਮੇਰੀ ।

ਏਸ ਲਈ ਜਾਂਦਾ ਜਾਂਦਾ ਪਰਤਿਆ ਨਹੀਂ, ਘੜੀਆਂ ਦੋ ਚਾਰ ਹੋਰ ਜੀ ਲਵਾਂ ਮੈਂ ।
ਤੇਰੇ ਭਰੇ ਸਮੁੰਦਰ ‘ਚ ਜੀ ਕਰਦੈ, ਪਾਣੀ ਘੁਟ ਕੁ ਜਾਂਦਿਆਂ ਪੀ ਲਵਾਂ ਮੈਂ ।

ਜਲਾਂ ਥਲਾਂ ਦੇ ਮਾਲਕ ਨੇ ਕਿਹਾ ਅੱਗੋਂ, ਬੀੜਾ ਚੁੱਕ ਕੇ ਜਾਂ ਤਾਂ ਜਾਣਾ ਨਹੀਂ ਸੀ ।
ਗਾਨਾ ਬੰਨ੍ਹ ਕੇ ਮੌਤ ਦਾ ਆਪ ਹੱਥੀਂ, ਜੇ ਸੈਂ ਗਿਆ, ਤਾਂ ਪਰਤ ਕੇ ਆਣਾ ਨਹੀਂ ਸੀ ।
ਜਿਹੜੀਆਂ ਅੱਖਾਂ ਨੂੰ ਪਿੱਠ ਵਿਖਾਈ ਸਾਈ, ਉਨ੍ਹਾਂ ਅੱਖਾਂ ਨੂੰ ਮੂੰਹ ਵਖਾਣਾ ਨਹੀਂ ਸੀ ।
ਸੂਰਮਤਾਈ ਦੀ ਸੁਹਣਿਆਂ ਆਬ ਉਤੇ, ਪਾਣੀ ਮੰਗ ਕੇ ਦਾਗ ਤੂੰ ਲਾਣਾ ਨਹੀਂ ਸੀ ।

ਜਿਥੇ ਜਗ ਵਿਚ ਤੇਰੀ ਬਹਾਦਰੀ ਦਾ, ਪਰਲੋ ਤੀਕਰਾਂ ਕਿਲ੍ਹਾ ਆਬਾਦ ਰਹਸੀ ।
ਓਥੇ ਸੁਹਣਿਆਂ ਪਰਤ ਕੇ ਜੰਗ ਵਿਚੋਂ, ਪਾਣੀ ਮੰਗਣ ਦੀ ਗੱਲ ਵੀ ਯਾਦ ਰਹਿਸੀ ।

ਚੰਨਾਂ! ਪਾਣੀ ਕੀ ਮੇਰੇ ਤੋਂ ਮੰਗਣਾ ਏਂ, ਤੈਨੂੰ ਆਬੇ-ਹਿਯਾਤ ਪਿਆਇਆ ਏ ਮੈਂ ।
ਲੋਕਾਂ ਵਾਸਤੇ ਮੌਤ ਸਹੇੜ ਦਿੱਤੀ, ਜੀਵਨ ਜੋਗਿਆ ਤੈਨੂੰ ਜੀਵਾਇਆ ਏ ਮੈਂ ।
ਵੱਸ ਪਿਆ ਹਾਂ ਅੱਜ ਮੈਂ ਜੱਗ ਉੱਤੇ, ਲੋਕਾਂ ਭਾਣੇ ਇਹ ਝੁਗਾ ਲੁਟਾਇਆ ਏ ਮੈਂ ।
ਜਾ ਕੇ ਵੀਰ ਅਜੀਤ ਤੋਂ ਮੰਗ ਪਾਣੀ, ਤੈਨੂੰ ਉਸੇ ਦਾ ਰਾਹ ਵਖਾਇਆ ਏ ਮੈਂ ।

ਅੱਗੋਂ ਹੱਸ ਕੇ ਕਿਹਾ ਜੁਝਾਰ ਜੀ ਨੇ, ਪਾਣੀ ਬਾਝ ਨਹੀ ਪਿਤਾ ਘਬਰਾਵਦਾ ਸਾਂ ।
ਕਿਤੇ ਜਿਗਰਾ ਤੁਹਾਡਾ ਨਾ ਡੋਲ ਜਾਏ, ਮੈਂ ਤਾਂ ਪਿਤਾ ਜੀ ਤੁਹਾਨੂੰ ਅਜਮਾਵਂਦਾ ਸਾਂ ।

ਵੜਿਆ ਜੰਗ ਅੰਦਰ ਜਾ ਕੇ ਸ਼ੇਰ ਬਾਂਕਾ, ਨਾਅਰੇ ਜਾਂਦਿਆਂ ਹੀ ਮਾਰਨ ਲੱਗ ਪਿਆ ।
ਆਪਣੀ ਨਿੱਕੀ ਜਿਹੀ ਤੇਗ ਦੀ ਧਾਰ ਉੱਤੋਂ, ਸੀਸ ਵੈਰੀਆਂ ਦੇ ਵਾਰਨ ਲੱਗ ਪਿਆ ।
ਵਗਦੀ ਉਨ੍ਹਾਂ ਦੀ ਲਹੂ ਦੀ ਨਦੀ ਅੰਦਰ, ਡੁੱਬ ਜਾਣਿਆਂ ਨੂੰ ਤਾਰਨ ਲੱਗ ਪਿਆ ।
ਕਲਗੀ ਵਾਲੇ ਦਾ ਲਾਡਲਾ ਪੁੱਤ ਦਿਲ ਵਿਚ, ਗੱਲਾਂ ਮਰਨ ਦੀਆਂ ਧਾਰਨ ਲੱਗ ਪਿਆ ।

ਤਾਂ ਹੀ ਡਿੱਠਾ ਦਸ਼ਮੇਸ਼ ਦੀਆਂ ਅੱਖੀਆਂ ਨੇ, ਤਾਰਾ ਅੱਖੀਆਂ ਦਾ ਵਿੰਹਦੇ ਹੀ ਟੱਟ ਗਿਆ ।
ਡਿੱਗ ਕੇ ਜੰਗ ਦੇ ਵਿਚ ਸ਼ਹੀਦ ਹੋਇਆ, ਹੱਥੋਂ ਤੀਰ ਕਮਾਨ ਵੀ ਛੁੱਟ ਗਿਆ ।

ਉੱਠੇ ਸ੍ਰੀ ਦਸ਼ਮੇਸ਼ ਜੀ ਹੱਸ ਕੇ ਤੇ, ਸਾਡੇ ਜੇਰੇ ਦੇ ਵਾਂਗ ਉਹ ਜਰੇ ਨਾਹੀਂ ।
ਓਸ ਮੋਤੀਆਂ ਵਾਲੇ ਦੀ ਲਾਸ਼ ਉੱਤੇ, ਚਾਰ ਅੱਥਰੂ ਵੀ ਓਸ ਦੇ ਕਿਰੇ ਨਾਹੀਂ ।
ਲੱਗੇ ਕਹਿਣ ਇਹ ਅੱਜ ਤੋਂ ਅਮਰ ਹੋ ਗਏ, ਲੋਕੋ ਭੋਲਿਓ ਇਹ ਕੋਈ ਮਰੇ ਨਾਹੀਂ ।
ਦੋ ਦੇ ਕੇ ਲੱਖਾਂ ਬਚਾ ਲਏ ਨੇ, ਸੌਦੇ ਇਨ੍ਹਾਂ ਕੋਲੋਂ ਹੋਰ ਖਰੇ ਨਾਹੀਂ ।

ਮੇਰਾ ਤੁਸਾਂ ਦਾ ਅੱਜ ਸਰਬੰਧ ਟੁੱਟਾ, ਲਓ ਹੁਣ ਬੱਚਿਓ ਮੈਂ ਵੀ ਚੱਲਦਾ ਹਾਂ ।
ਤੁਸੀਂ ਪੁਤਰੋ ਚੱਲ ਕੇ ਥਾਂ ਮੱਲੋ, ਹੁਣ ਮੈਂ ਦੂਜਿਆਂ ਦੋਹਾਂ ਨੂੰ ਘੱਲਦਾ ਹਾਂ ।
Reply Quote TweetFacebook
Sorry, only registered users may post in this forum.

Click here to login