ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਚਰਿਤਰੋ ਪਾਖਿਆਨ : ਇਕ ਅਧਿਐਨ

Posted by Singh 
ਚਰਿਤਰੋ ਪਾਖਿਆਨ : ਇਕ ਅਧਿਐਨ

DR. MOHINDER KAUR GILL

[news.panthic.org]

ਬਾਣੀ ਪਰੰਪਰਾ ਵਿਚ ਗੁਰੁ ਗੋਬਿੰਦ ਸਿੰਘ ਜੀ ਨੇ ਅਨੇਕ ਮੁੱਖ ਰਚਨਾ ਕੀਤੀ ਹੈ ਜਿਸ ਵਿਚੋਂ ਚਰਿਤ੍ਰੋ ਪਾਖਿਆਨ ੫੮੦ ਪੰਨਿਆਂ ਵਿਚ ਫੈਲੀ ਵੱਡੇ ਅਕਾਰ ਦੀ ਰਚਨਾ ਹੈ। ਇਸਦੇ ੪੦੪ ਅਧਿਆਇ ਹਨ ਜਿਹਨਾਂ ਦੀ ਕਾਵਿ-ਛੰਦਾਂ ਦੀ ਗਿਣਤੀ ੭੫੫੯ ਹੈ। ਇਹ ਗ੍ਰੰਥ ਅਨੰਦਪੁਰ ਸਾਹਿਬ ਦਰਿਆ ਸਤਿਲੁਜ ਦੇ ਕੰਢੇ ਸੰਮਤ ੧੭੫੩ ਯਨੀ ਸੰਨ ੧੬੯੬ ਈ. ਵਿਚ ਸੰਪੂਰਨ ਹੋਇਆ। ਖਾਲਸਾ ਸਿਰਜਣ ਇਸ ਤੋਂ ਤਿੰਨ ਸਾਲ ਬਾਅਦ ਹੋਈ। ਗੁਰੁ ਸਾਹਿਬ ਇਸ ਤੋਂ ਪਹਿਲਾਂ ਹੀ ਖਾਲਸੇ ਨੂੰ ਨਰੋਈ ਮਾਨਸਿਕਤਾ ਪ੍ਰਦਾਨ ਕਰਨ ਦੇ ਆਹਰ ਵਿਚ ਸਨ।

ਸਾਰੇ ਸਾਹਿਤ ਆਚਾਰੀਆ ਇਸ ਤੱਥ ਨਾਲ ਸਹਿਮਤ ਹਨ ਕਿ ਸੰਸਕ੍ਰਿਤ ਸਾਹਿਤ-ਪਰੰਪਰਾ ਦੇ ਗੁਣ ਲੱਛਣ ਅਪਭ੍ਰੰਸ ਸਾਹਿਬ ਪਰੰਪਰਾ ਵਿਚ ਪ੍ਰਵਾਹਿਤ ਹੋਏ। ਅਪਭੰਰਸ਼ ਸਾਹਿਬ ਪਰੰਪਰਾ ਦੇ ਗੁਣ-ਲੱਛਣ ਅਗੋਂ ਵਿਗਸਣ ਵਾਲੀਆਂ ਭਾਸ਼ਾਵਾਂ ਵਿਚ ਵੀ ਪਾਏ ਗਏ ਹਨ। ਧਿਆਨਯੋਗ ਤੱਥ ਤਾਂ ਇਹ ਹੈ ਕਿ ਅਪਭੰਸ਼ ਸਾਹਿਤ ਵਿਚ ਰਚਿਤ ਗ੍ਰੰਥਾਂ ਵਿਚ ਰਾਸੇ ਗ੍ਰੰਥ, ਸਤੋਤਰ ਤੇ ਚਰਿਤ ਕਾਵਿ ਦੇ ਗ੍ਰੰਥਾਂ ਦੀ ਬਹੁਤਾਤ ਹੈ। ਅਪਭ੍ਰੰਸ਼ ਸਾਹਿਤ ਵਿਚ ਚਰਿਤ-ਕਾਵਿ ਦੀ ਬੜੀ ਵੱਡੀ ਵੰਨਗੀ ਮੌਜ਼ੂਦ ਹੈ। ਦਸ਼ਮ ਗ੍ਰੰਥ ਵਿਚ ਇਸ ਪਖੋਂ ਚਰਿਤ੍ਰੋ
ਪਾਖਿਆਨ ਦੀ ਨਿਸ਼ਾਨ ਦੇਹੀ ਕੀਤੀ ਜਾ ਸਕਦੀ ਹੈ। ਦਸਮ ਗ੍ਰੰਥ ਵਿਚ ਇਸ ਪੱਖੋਂ ਚਰਿਤ੍ਰੋ ਪਾਖਿਆਨ ਦੀ ਨਿਸ਼ਾਨ ਦੇਹੀ ਕੀਤੀ ਜਾ ਸਕਦੀ ਹੈ। ਹੁਣ ਵਿਚਾਰਨਾ ਇਹ ਹੈ, ਜੇ ਚਰਿਤ-ਕਾਵਿ ਸਾਹਿਤ ਦੀ ਇਕ ਵੰਨਗੀ ਹੈ ਤਾਂ ਇਹ ਕਿਸ ਸਾਹਿਤ-ਵਰਗ ਦੇ ਅਧੀਨ ਆਕਿਆ ਜਾ ਸਕਦਾ ਹੈ। ਚੌਦਵੀਂ ਸਦੀ ਵਿਚ ਹੋਏ ਪ੍ਰਸਿਧ ਕਾਵਿ-ਸ਼ਾਸਤ੍ਰੀ ਵਿਸ਼ਵਨਾਥ ਨੇ ਸਾਹਿਤ ਦੇ ਤਿੰਨ ਵਰਗ ਸਥਾਪਿਤ ਕੀਤੇ ਹਨ। ਇਹਨਾਂ ਦਾ ਵੇਰਵਾ ਹੈ : ਗਦ, ਪਦ ਅਤੇ ਚੰਪੂ। ਗਦ ਪਦ ਦੇ ਅਡਰੇ ਰੂਪ ਤਾਂ ਸਰਬ ਨਿਖੇੜਦਾ ਹੈ, ਉਹ ਹੈ ਇਸ ਦਾ ਸੰਮਿਲਤ ਰੂਪ। ਚੰਪੂ ਸਾਹਿਤ ਦਾ ਪ੍ਰਾਣਾਧਾਰੀ ਤੱਤ ਬ੍ਰਿਤਾਂਤ ਨੂੰ ਲੈਅਬੱਧ ਜਾਂ ਛੰਦ ਬੱਧ ਕਰਕੇ ਪੇਸ਼ ਕਰਨਾ ਹੈ। ਸਾਹਿਤ ਦਾ ਇਹ ਰੂਪ ਢੇਰ ਚਿਰ ਆਕਰਸ਼ਣ ਦਾ ਕਾਰਨ ਰਿਹਾ ਹੈ। ਸਾਹਿਤ ਇਤਿਹਾਸ ਦੀ ਦ੍ਰਿਸ਼ਟੀ ਤੋਂ ਚੰਪੂ ਇਕ ਵੰਨਗੀ ਦੇ ਤੌਰ ਤੇ ਸਤਵੀਂ ਸਦੀ ਤੋਂ ਸ਼ੁਰੂ ਹੋ ਗਿਆ ਸੀ। ਇਸਦੇ ਪ੍ਰਮਾਣਿਕ ਗ੍ਰੰਥ ਦਸਵੀਂ ਸਦੀ ਵਿਚ ਸਾਹਮਣੇ ਆਏ। ਇਹ ਵੰਨਗੀ ਦੱਖਣੀ ਭਾਰਤ ਵਿਚ ਖਾਸੀ ਪ੍ਰਸਿੱਧਤਾ ਨੂੰ ਪ੍ਰਾਪਤ ਹੋਈ।ਦਸ਼ਮ ਗ੍ਰੰਥ ਦਾ ਵਡੇਰਾ ਭਾਗ ਕਥਾਤਮਕ ਹੈ ਤੇ ਵਿਸ਼ੇਸ਼ ਕਰਕੇ ਇਹ ਚਰਿਤ-ਕਾਵਿ-ਸ਼ੈਲੀ ਰਾਹੀਂ ਪ੍ਰਵਾਨ ਚੜ੍ਹਿਆ ਹੈ। ਚਰਿਤ ਕਾਵਿ ਦੀ ਮੂਲ ਪਛਾਣ ਹੀ ਇਹੋ ਹੈ, ਬ੍ਰਿਤਾਂਤ ਲੈਅਬੱਧ ਹੋ ਕੇ ਰੂਪਮਾਨ ਹੋਵੇਗਾ। ਆਚਾਰੀਆਂ ਨੇ ਚਰਿਤ-ਕਾਵਿ ਦੇ ਛੇ ਪ੍ਰਕਾਰ ਮੰਨੇ ਹਨ। ਮਸਲਨ :

੧. ਧਾਰਮਿਕ - ਇਸ ਵਿਚ ਬ੍ਰਹਮਾਵਾਤਾਰ ਦੇ ਰੁਦ੍ਰਾਵਤਾਰ ਰੂਪਮਾਨ ਹੋਏ ਹਨ।
੨. ਪ੍ਰਤੀਕਾਤਮਕ - ਗਿਆਨ ਪ੍ਰਬੋਧ (੧੨੬ ਤੋਂ ੩੩੬ ਛੰਦ ਤਕ)
੩. ਵੀਰਗਾਥਾਤਮਕ - ਚੰਡੀ ਚਰਿਤ੍ਰ ਉਕਤੀ ਬਿਲਾਸ ਤੇ ਚੰਡੀ ਚਰਿਤ੍ਰ ਦੂਜਾ।
੪. ਪ੍ਰੇਮ ਆਖਿਆਨਕ - ਚਰਿਤ੍ਰੋ ਪਾਖਿਆਨ।
੫. ਪ੍ਰਸੰਸਾਮੂਲਕ - ਚੌਬੀਸ ਅਵਤਾਰ।
੬. ਲੋਕ ਗਾਥਾਤਕਮਕ - ਚਰਿਤ੍ਰੋ ਪਾਖਿਆਨ ਵਿਚ ਅੰਕਿਤ ਸਾਰੇ ਲੋਕ ਨਾਇਕ ਚਰਿਤ-ਕਾਵਿ-ਸ਼ੈਲੀ ਰਾਹੀਂ ਪ੍ਰਵਾਨ ਚੜ੍ਹੇ ਹਨ। ਇਥੇ ਹਲਕੀ ਜਿਹੀ ਵਿਚਾਰ ਚਰਿਤ-ਕਾਵਿ ਦੇ ਗੁਣ ਲੱਛਣਾਂ ਉਪਰ ਕਰ ਲੈਣੀ ਵੀ ਉਚਿਤ ਹੈ ਤਾਂ ਜੁ ਕੀਤਾ ਜਾ ਰਿਹਾ ਅਧਿਐਨ ਆਪਣੀ ਪ੍ਰਮਾਣਿਕਤਾ ਸਿੱਧ ਕਰ ਸਕੇ।

ਚਰਿਤ ਕਾਵਿ ਵਿਚ ਪ੍ਰੇਮ, ਵੀਰਤਾ ਅਤੇ ਧਰਮ ਦਾ ਸਮਨਵੇ ਹੁੰਦਾ ਹੈ। ਮਸਲਨ:

ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੇ ਸੌ
ਭੁਲ ਛਿਮੋ ਹਮਰੀ ਪ੍ਰਭੁ ਆਪੁਨ ਭੁਲਨਹਾਰ ਕਹੁੰ ਕੋਊ ਮੋਸੌ
ਸ਼ੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ
ਯਾ ਕਲਿ ਮੈ ਸਭਿ ਕਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੌਂ
(ਪਹਿਲਾ ਚਰਿਤ੍ਰੋ ਪਾਖਿਯਾਨ, ੪੭ ਸਵੈਯਾ)

ਇਸ ਵਿਚ ਆਦਿ ਸ਼ਕਤੀ ਨਾਲ ਪ੍ਰੇਮ, ਉਸਦੀ ਸੂਰਬੀਰਤਾ ਤੇ ਉਸਦਾ ਵਿਤੀਰਾ ਜੋ ਸਮਾਜਿਕ ਵਿਹਾਰ ਵਿਚ ਦਿਸਦਾ ਹੈ, ਉਸਦਾ ਬਖਾਨ ਹੋਇਆ ਹੈ। ਉਸਦੀ ਹਸਤੀ ਸਾਹਮਣੇ ਅਤਿ ਨਿਮਾਣੀ ਹੋਂਦ ਹੈ-ਮਨੁੱਖ ਦੀ। ਚਰਿਤ ਕਾਵਿ-ਸ਼ੈਲੀ ਦਾ ਅਗਲਾ ਲੱਛਣ ਇਸ ਵਿਚ ਵਰਤਾ-ਸ੍ਰੋਤਾ ਜੁਗਤ ਲਾਜ਼ਮੀ ਹੁੰਦੀ ਹੈ। ਨਿਮਨ ਅੰਕਿਤ ਛੰਦ ਇਸ ਦੀ ਪੁਸ਼ਟੀ ਕਰਦਾ ਹੈ:

ਸੁਧਿ ਜਬ ਤੇ ਹਮ ਧਰੀ ਗੁਰ ਦਏ ਹਮਾਰੇ
ਪੂਤਿ ਇਹੈ ਪ੍ਰਨ ਤੋਹਿ ਜਬ ਲਗ ਘਟ ਥਾਰੇ
ਨਿਜ ਨਾਰੀ ਕੇ ਸੰਗਿ ਤੁਮ ਨਿਤ ਬਢੇਯਹੁ
ਪਾਰ ਨਰ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹ
(ਚਰਿਤ੍ਰੋ ਪਾਖਿਆਨ, ੨੧ ਛੰਦ ੪੧)

ਚਰਿਤ-ਕਾਵਿ-ਸ਼ੇਲੀ ਅਸਚਰਜਤਾ , ਸਾਹਸ ਪੂਰਨ ਰੋਮਾਚਿਕ ਤੱਤਾਂ ਨਾਲ ਭਰੀ ਪੂਰੀ ਹੁੰਦੀ ਹੈ। ਮਿਸਾਲ ਵਜੋਂ :

ਸੂਰਜ ਕਹ ਸੈਨਾਪਤਿ ਕੀਨਾ, ਦਹਿਨੈ ਓਰ ਚੰਦ੍ਰ ਕਹ ਦੀਨਾ
ਬਾਈ ਓਰ ਕਾਰਤਿ ਕੇ ਧਰਾ, ਜਿਹ ਪੌਰਖ ਕਿਨਹੂੰ ਨਹਿ ਹਰਾ
ਇਹ ਦਿਸ ਸਕਲ ਦੇਵ ਚੜਿ ਧਾਏ, ਓਹਿ ਦਿਸਿ ਤੇ ਦਾਨਵ ਮਿਲਿ ਆਏ
ਬਾਜਨ ਭਾਂਤਿ ਭਾਂਤਿ ਤਨ ਬਾਜੇ, ਦੋਊ ਦਿਸਿਨ ਸੂਰਮਾ ਗਾਜੇ
ਦੈ ਦੈ ਢੋਲ ਬਜਾਇ ਨਗਾਰੇ, ਪੀ ਪੀ ਭਏ ਕੈਫ ਮਤਵਾਰੇ
ਤੀਸ ਸਹਸ ਛੋਹਨਿ ਦਲ ਸਾਥਾ, ਰਨ ਦਾਰੁਨੁ ਰਚ ਜਗਨਾਥਾ
(ਚਰਿਤ੍ਰ ਪਾਖਿਯਨਾ ੪੦੪, ਸਬੁਧਿ ਬਾਚ, ਚੌਪਈ)

ਚਰਿਤ-ਕਾਵਿ-ਸ਼ੈਲੀ ਵਿਚ ਵਰਣਨ ਸਿੱਧਾ ਸਪਾਟ ਨਹੀਂ ਹੁੰਦਾ। ਇਸਦਾ ਇਕ ਖ਼ਾਸ ਉਦੇਸ਼ ਹੁੰਦਾ ਹੈ। ਉਪਰ ਅੰਕਿਤ ਚੌਪਈ ਤੋਂ ਸਾਫ਼ ਹੋ ਜਾਂਦਾ ਹੈ ਕਿ ਯੁਧ ਜਿੱਤਣਾ ਹੀ ਦੇਵੀ ਅਤੇ ਦੈਤਾਂ ਦਾ ਉਦੇਸ਼ ਹੈ। ਦੋਵੇਂ ਆਪੋ ਆਪਣੇ ਢੰਗ ਨਾਲ ਤਿਆਰੀ ਕਰਕੇ ਮੈਦਾਨੇ-ਜੰਗ ਵਿਚ ਆਉਂਦੇ ਹਨ ਪਰ ਬਾਣੀਕਾਰ ਸਪੱਸ਼ਟ ਹਨ ਇਸ ਤਰ੍ਹਾ ਦਾ ਭਿਅੰਕਰ ਯੁਧ ਮਚਾਉਣ ਦਾ ਕਾਰਨ ਵੀ ਕੇਵਲ ਤੇ ਕੇਵਲ ਰੱਬ ਆਪ ਹੀ ਹੈ। ਕੁਲ ਮਿਲਾਕੇ, ਚਰਿਤ੍ਰੋ ਚੰਪੂ ਸਾਹਿਤ ਦੀ ਹੀ ਇਕ ਵੰਨਗੀ ਹੈ। ਇਸ ਵਿਚ ਬ੍ਰਿਤਾਂਤਕ ਛੂਹਾਂ ਵੀ ਹਨ ਅਤੇ ਕਾਵਿ-ਛੰਦ ਵੀ ਆਪਣੀ ਛਾਪ ਲਾਉਂਦੇ ਹਨ। ਬ੍ਰਿਤਾਂਤ ਅਤੇ ਵਰਣਨ ਇਕ ਦੂਜੇ ਵਿਚ ਖਲਤ ਮਲਤ ਨਹੀਂ ਹੁੰਦਾ ਸਗੋਂ ਆਪੋ-ਆਪਣੀ ਪਛਾਣ ਰੱਖਣ ਦੇ ਬਾਵਯੂਦ ਆਪਣਾ ਮਿਸ਼੍ਰਤ ਰੂਪ ਉਜਾਗਰ ਕਰਦੇ ਹਨ। ਇਹੋ ਚੰਪੂ ਸਾਹਿਤ ਦੀ ਪ੍ਰਮੁਖ ਪਹਿਚਾਨ ਹੈ। ਇਸ ਪਖੋਂ ਚਰਿਤ੍ਰੋ ਪਾਖਿਆਨ ਭਰਿਆ ਪੂਰਾ ਹੈ।

ਮਹਾਨ ਕੋਸ਼ ਵਿਚ ਚਰਿਤ੍ਰ ਦੇ ੯ ਅਰਥ ਦਿੱਤੇ ਹਨ ਜਿਹਾ ਕਿ ਪਿਆਦਾ, ਪੈਦਲ, ਪਦਾਤਿ, ਕਰਨੀ, ਕਰਤੂਤ, ਅਚਾਰ, ਬਿਤ੍ਰਾਂਤ, ਹਾਲ, ਦਸਮ ਗ੍ਰੰਥ ਵਿਚ ਇਸਤ੍ਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ। ਇਸ ਭਾਗ ਦੀ ਸੰਗਿਆ ਚਰਿਤ੍ਰੋ ਪਾਖਿਆਨ ਹੈ। ਭਾਵੇਂ ਚਰਿਤ੍ਰਾਂ ਦੀ ਗਿਣਤੀ ੪੦੪ ਹੈ ਪਰ ਸਿਲਸਿਲੇਵਾਰ ਲਿਖਣ ਕਰਕੇ ੪੦੫ ਬਣ ਗਈ ਹੈ। ਦਰਅਸਲ, ੩੨੫ਵਾਂ ਚਰਿਤ੍ਰ ਲਿਖਿਆ ਨਹੀਂ ਗਿਆ ਪਰ ਇਸ ਦੇ ਅੰਤ ‘ਤੇ’ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿਤਾ ਹੋਇਆ ਹੈ। ਕੁਲ ਮਿਲਾਕੇ, ਚਰਿਤ੍ਰੋ ਪਾਖਿਯਾਨ ਦਾ ਸ਼ਬਦੀ ਅਰਥ ਹੈ, ਛਲ, ਕਪਟ ਭਰੇ ਕਿਂਸੇ ਅਥਵਾ ਦਿਲਚਸਪ ਕਹਾਣੀਆਂ ਦਾ ਵਰਣਨ।

ਚਰਿਤ੍ਰੋ ਪਾਖਿਆਨ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਰਾਜਾ ਚਿਤ੍ਰ ਸਿੰਘ ਦਾ ਸੁੰਦਰ ਰੂਪ ਵੇਖਕੇ ਇਕ ਅਪਸਰਾ ਮੋਹਿਤ ਹੋ ਗਈ। ਇਸੇ ਤੋਂ ਹਨੂਵੰਤ ਸਿੰਘ ਪੁੱਤਰ ਪੈਦਾ ਹੋਇਆ।ਇਸ ਰਾਜੇ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ ਨੌਜਵਾਨ ਹਨੂਵੰਤ ਸਿੰਘ ਤੇ ਮੋਹਿਤ ਹੋ ਗਈ ਜੋ ਰਾਜਾ ਚਿਤ੍ਰ ਸਿੰਘ ਦਾ ਪੁੱਤਰ ਸੀ। ਉਸਨੇ ਹਨੂਵੰਤ ਸਿੰਘ ਅਨੇਕ ਤਰ੍ਹਾਂ ਫੁਸਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਧਰਮੀ ਨੇ ਧਰਮ ਦਾ ਪਿਂਛਾ ਨਾ ਛੱਡਿਆ। ਨਿਰਾਸ ਰਾਣੀ ਨੇ ਆਪਣੇ ਬਜ਼ੁਰਗ ਪਤੀ ਰਾਜਾ ਚਿਤ੍ਰ ਸਿੰਘ ਨੂੰ ਸਪੁੱਤਰ ਹਨੂਵੰਤ ਉਪਰ ਤੋਹਮਤਾਂ ਲਾ ਕੇ ਦਸੀਆ। ਕ੍ਰੋਧਿਤ ਰਾਜਾ ਪੁੱਤਰ ਨੂੰ ਮਾਰਨ ਉਂਤੇ ਤੁਲ ਗਿਆ ਪਰ ਸਿਆਣੇ ਵਜ਼ੀਰ ਨੇ ਰਾਜੇ ਨੂੰ ਕਪਟੀ ਇਸਤ੍ਰੀਆਂ ਦੇ ਅਨੇਕਾਂ ਛਲ ਭਰੇ ਚਰਿਤ੍ਰ ਸੁਣਾਕੇ ਰਾਜੇ ਦੇ ਮਨ ਵਿਚ ਆਏ ਸ਼ੰਕੇ ਨੂੰ ਦੂਰ ਕਰਨ ਦਾ ਜਤਨ ਕੀਤਾ।

ਇਸ ਰਚਨਾ ਦਾ ਨਾਮ ਤਾਂ ਭਾਵੇਂ ਚਰਿਤ੍ਰੋ ਪਾਖਿਯਾਨ ਹੀ ਹੈ ਪਰ ਇਹ ਨਿਰਾ ਇਸਤ੍ਰੀਆਂ ਦੇ ਛਲ ਕਪਟ ਨੂੰ ਹੀ ਰੂਪਮਾਨ ਨਹੀਂ ਕਰਦੀ ਸਗੋਂ ਇਸਦਾ ਕਲਾਵਾ ਖ਼ਾਸਾ ਵੱਡਾ ਹੈ। ਇਸ ਵਿਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰ ਦਾਨਿਸ਼ ਕਿਤਾਬ ਤੋਂ, ਮੁਗਲਾਂ ਦੀ ਖਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿਂਸੇ ਕਹਾਣੀਆਂ ਤੋਂ, ਤੇ ਕੁਝ ਗੁਰੁ ਜੀ ਨੇ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਹਨ। ਦਰਅਸਲ, ਇਹ ਭਾਰਤੀ ਸੱਭਿਅਤਾ ਦੀ ਪਰਾਤਨਤਾ ਦੀ ਝਲਕ ਨੂੰ ਸਮਰਪਿਤ ਕਹਾਣੀਆਂ ਹਨ। ਇਥੇ ਇਹ ਸਪਸ਼ਟ ਕਰਨਾ ਉਚਿਤ ਪ੍ਰਤੀਤ ਹੁੰਦਾ ਹੈ ਇਕ ਪ੍ਰਸੰਗ ਇਕ ਤੋਂ ਵਧੀਕ ਚਰਿਤਰਾਂ ਵਿਚ ਵੀ ਰੂਪਮਾਨ ਹੋਇਆ ਹੈ। ਜਿਸ ਤਰ੍ਹਾਂ ਆਹਿਲਿਆ ੧੧੫, ੧੧੬, ੧੧੭ ਵਿਚ, ਕਲਪ ਮੁਨੀ ੧੧੫, ੧੦੯ ਵਿਚ, ਗੈਂਡੇ ਖਾਂ ਡੋਗਰ ੩੬, ੩੭ ਵਿਚ ਆਦਿ।

ਧਿਆਨਯੋਗ ਨੁਕਤਾ ਤਾਂ ਇਹ ਹੈ, ਰਬੀ ਲੀਲ੍ਹਾ ਵਾਂਗ ਇਹਨਾਂ ਚਰਿਤ੍ਰਾਂ ਦੀ ਵੰਨਗੀ ਵੀ ਅਨੇਕਮੁਖ ਹੈ। ਇਹ ਸਾਰੇ ਨਾ ਤਾਂ ਨਾਰੀ-ਸੰਸਾਰ ਨਾਲ ਜੁੜੇ ਹੋਏ ਹਨ ਤੇ ਨਾ ਹੀ ਮਰਦ-ਸੰਸਾਰ ਨਾਲ। ਇਹਨਾਂ ਵਿਚਲੀ ਇਤਿਹਾਸਕ ਸਾਮਗ੍ਰੀ ਖ਼ਾਸੀ ਮੁਲਵਾਨ ਹੈ। ਔਰੰਗਜ਼ੇਬ ਦੀ ਭੈਣ ਰੌਸਨ ਆਰਾ, ਸ਼ਿਵਾ ਜੀ ਦੇ ਸਪੁੱਤਰ ਸੰਭਾ ਜੀ ਤੇ ਸਿਕੰਦਰ ਬਾਦਸ਼ਾਹ ਤੇ ਰਾਧਾ ਕ੍ਰਿਸ਼ਨ ਦਾ ਚਰਿਤਰ ਆਦਿ। ਵੰਨਗੀ ਹਾਜ਼ਰ ਹੈ:

ਬਿੰਦਾਬਾਨ ਬ੍ਰਿਖਾਭਾਨ ਦੀ ਸੁਤਾ ਰਾਧਿਕਾ ਨਾਮ
ਹਰਿ ਸੋ ਕਿਯਾ ਚਰਿਤ੍ਰ ਤਿਹ ਦਿਨ ਕਹ ਦੇਖਤ ਥਾਮ
ਕ੍ਰਿਸਨ ਰੂਪਿ ਲਖਿ ਬਸਿ ਭਈ ਨਿਸੁ ਦਿਨ ਹੈਰਤ ਤਾਹਿ
ਬਯਾਸ ਪਰਾਸਰ ਅਸੁਰ ਸੁਰ ਭੇਦ ਨਾ ਪਾਵਤ ਜਾਹਿ
(ਚਰਿਤ੍ਰ ਪਾਖਿਆਨ, ੧੨ ਦੋਹਰਾ ੧,੨)

ਸੰਬਾਪੁਰ ਕਾ ਨਗਰ ਇਕ ਤਹਾ ਰਾਜ ਕਰਤੇ ਸੰਭਾ ਜੂ ਤਹਾ
ਇਕ ਕਵਿ ਕਲਸ ਰਹਤ ਗ੍ਰਿਹ ਵਾ ਕੇ, ਪਰੀ ਸਮਾਨ ਸੁਤਾ ਗ੍ਰਿਹ ਤਾ ਕੈ
ਜਬ ਸੰਭਾ ਤਿਹ ਰੂਪ ਨਿਹਾਰਿਯੋ, ਇਹੈ ਆਪਨੈ ਚਿਤ ਬਿਚਾਰਯੋ
ਯਾ ਕੌ ਭਲੀ ਭਾਂਤਿ ਗਹਿ ਤੋਰੇ, ਬ੍ਰਾਹਮਨੀ ਹਮ ਨ ਕਛੁ ਛੋਰੋ
(ਚਰਿਤ੍ਰ ਪਾਖਿਆਨ ੨੧੫, ਚੌਪਈ ੨,੩)

ਸਹਿਜਹਾਂ ਜਬ ਹੀ ਮਰਿ ਗਏ ਔਰੰਗ ਸਾਹ ਪਾਤਿਸਾਹ ਭਏ
ਸੈਫਦੀਂ ਸੰਗ ਯਾ ਕੋ ਪਯਾਰਾ ਪੀਰ ਅਪਨ ਕਰਿ ਤਾਹਿ ਬਿਚਾਰਾ
ਤਾ ਕੋ ਸੰਗ ਰੋਸਨਾ ਗਈ ਬਿਬਿਧ ਬਿਧਨ ਤਨ ਪ੍ਰੀਤੁ ਪਜਾਈ
ਕਾਮ ਭੋਗ ਤਿਹ ਸੰਗ ਕਮਾਯੋ ਤਾਹਿ ਪੀਰ ਅਪਨੋ ਠਹਿਰਾਯੋ
(ਚਰਿਤ੍ਰ ਪਾਖਿਆਨ ੨੭੮, ਚੌਪਈ ੨,੩)

ਬਾਦਸ਼ਾਹ ਸਿਕੰਦਰ ਦੁਨੀਆਂ ਨੂੰ ਜਿਤਣਾ ਚਾਹੁੰਦਾ ਸੀ। ਜਦੋਂ ਉਹ ਭਾਰਤ ਪੁੱਜਾ ਤਾਂ ਉਸ ਨੂੰ ਪਤਾ ਲਗਾ ਇਥੇ ਅੰਮ੍ਰਿਤ ਹੈ। ਉਹ ਆਬੇ ਹਯਾਤ ਦੀ ਤਲਾਸ਼ ਵਿਚ ਤੁਰ ਪਿਆ। ਜਿਥੇ ਉਸ ਅੰਮ੍ਰਿਤ ਦਾ ਚਸ਼ਮਾਂ ਸੀ ਉਸ ਪਾਸੇ ਟੁਰ ਪਿਆ। ਜਦੋਂ ਦੇਵਤਿਆ ਨੇ ਇੰਦਰ ਦੇਵ ਨੂੰ ਦਸਿਆ ਕਿ ਸਿਕੰਦਰ ਬਾਦਸ਼ਾਹ ਨੇ ਅੰਮ੍ਰਿਤ ਲੱਭ ਲਿਆ ਹੈ। ਜੇ ਉਹ ਅਮਰ ਹੋ ਜਾਏਗਾ ਤਾਂ ਚੌਦਾਂ ਲੋਕਾਂ ਨੂੰ ਜਿੱਤ ਲਏਗਾ। ਇਸਦਾ ਕੋਈ ਉਪਾਉ ਕਰਨਾ ਚਾਹੀਦਾ ਹੈ। ਇੰਦਰ ਦੇਵਤਾ ਉਪਾਅ ਕਰਦਾ ਹੈ:

ਅੜਿਲ
ਰੰਭਾ ਨਾਮ ਅਪਛਰਾ ਦਈ ਪਠਾਇ ਕੈ,
ਬਿਰਧ ਰੂਪ ਖਗ ਕੋ ਧਰ ਬੈਠੀ ਆਇ ਕੈ
ਏਕ ਪੰਖ ਤਨ ਰਹਿਯੋ ਨ ਤਾ ਕੌ ਜਾਨਿਯੈ,
ਹੋ ਜਾਤਨ ਲਹਿਯੋ ਜਾਇ ਘ੍ਰਿਣਾ ਜਿਯ ਨਾਠਿਯੈ (੪੭)

ਦੋਹਰਾ
ਜਬੈ ਸਿਕੰਦਰ ਅੰਮ੍ਰਿਤ ਪੀਵਨ ਲਗਯੋ ਬਨਾਇ
ਗਲਤ ਅੰਗ ਪੰਛੀ ਤਬੈ ਨਿਰਖਿ ਉਠਯੋ ਮੁਸਕਾਇ

ਚੌਪਈ
ਪੂਛਿਯੋ ਤਾਹਿ ਪੰਛਯਹਿ ਜਾਈ, ਕਯੋ ਤੈ ਹਸੌ ਹੇਰਿ ਮੁਹਿ ਭਾਈ
ਸਕਲ ਬ੍ਰਿਥਾ ਵਹੁ ਮੋਹਿ ਬਤੈਯੇ, ਹਮਰੇ ਚਿਤ ਜਬ ਤੇ ਪਿਯੋ ਕੁਨੀਰ(੪੯)

ਪੰਛੀ ਬਾਚ- ਦੋਹਰਾ
ਪਛ ਏਕ ਤਨ ਨ ਰਹਿਯੋ ਰਕਤ ਨ ਰਹਿਯੋ ਸਰੀਰ
ਤਨ ਨ ਛੁਟਤ ਦੁਖ ਸੋ ਜਿਯਤ ਜਬ ਤੇ ਪਿਯੋ ਕੁਨੀਰ(੫੦)

ਚੌਪਈ
ਭਲਾ ਭਯੋ ਅੰਮ੍ਰਿਤ ਯਹ ਪੀਹੈ ਹਮਰੀ ਭਾਤਿ ਬਹੁਤ ਦਿਨ ਜੀਹੈ
ਸ਼ੁਨਿ ਕੇ ਬਚਨ ਸਿਕੰਦਰ ਡਰਿਯੋ ਪਿਯਤ ਹੁਤੋ ਮਧੁ ਪਾਨ ਨਾ ਕਰਿਯੋ(੫੧)
ਅਛਲ ਛੈਲ ਛੈਲੀ ਛਲਯੋ ਇਹ ਚਰਿਤ੍ਰ ਕੈ ਸੰਗ
ਸ਼ੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ(੫੨)
(ਚਰਿਤ੍ਰੋ ਪਾਖਿਆਨ ੨੧੭)

ਜ਼ਾਹਿਰ ਹੈ, ਅਜਿਹੇ ਪ੍ਰਸੰਗ ਸਿਰਜ ਕੇ ਇਕ ਬਨਿਆਦੀ ਨੁਕਤਾ ਸਪਸ਼ਟ ਕਰਦੇ ਹਨ:
ਜੋ ਪਵਹਿ ਭਾਂਡੇ ਵਿਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ

ਜੇ ਇੰਦਰ ਦੇਵਤਾ ਆਰੰਭ ਕਾਲ ਤੋਂ ਹੀ ਫਰੇਬੀ ਚਾਲਾਂ ਕਰਦਾ ਆਇਆ ਹੈ। ਰੰਭਾ ਉਸੇ ਦੀ ਅਪਸਰਾ ਹੈ ਹਰ ਵਾਰ ਉਸੇ ਤੋਂ ਚੰਗਾ ਮੰਦਾ ਛਲ ਕਰਵਾਉਂਦਾ ਹੈ। ਭਲਾ ਜੇ ਇਸ ਅਪਸਰਾ ਕੋਲ ਵਿਲੱਖਣ ਸੁੰਦਰਤਾ ਹੈ ਤਾਂ ਛਲ ਕਪਟ ਕਰਨ ਦੀ ਭਰਪੂਰ ਯੋਗਤਾ ਵੀ ਤਾਂ ਹੈ। ਨਾ ਸੁੰਦਰਤਾ ਉਸਨੇ ਖ਼ੁਦ ਘੜੀ ਹੈ ਨਾ ਹੀ ਛਲੀਆ ਮਾਨਸਿਕਤਾ। ਇਹ ਦੋਵੇਂ ਕੁਦਰਤ ਵਲੌਂ ਹੀ ਉਸ ਵਿਚ ਪਾਈਆਂ ਗਈਆਂ ਹਨ। ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਦਸਮ ਗੁਰੁ ਜੀ ਨੇ ਚੰਡੀ ਦੀ ਵਾਰ ਵਿਚ ਇਸੇ ਤੱਥ ਨੂੰ ਸਪਸ਼ਟ ਕੀਤਾ ਹੈ:

੧. ਤੈ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ!।
੨. ਤੂ ਹੀ ਬਿਕ੍ਰਤ ਰੂਪਾ ਤੂ ਹੀ ਚਾਰ ਨੈਨਾ!।
ਤੁਹੀ ਰੂਪ ਬਾਲਾ ਤੁਹੀ ਬਕ ਬੈਨਾ
ਤੂ ਹੀ ਬਕ੍ਰ ਤੇ ਬੇਦ ਚਾਰੋ ਉਚਾਰੇ!।
ਤੁਮੀ ਸੁੰਭ ਨੇਸੁੰਭ ਦਾਨੋ ਸੰਘਾਰੇ!।

ਸਾਫ਼ ਹੈ, ਗੁਰੁ ਜੀ ਅਜਿਹੇ ਪ੍ਰਸੰਗ ਸਿਰਜ ਕੇ ਇਕ ਬੁਨਿਆਦੀ ਤਣਾਉ ਦਾ ਇੰਸ਼ਾਫ਼ ਕਰਦੇ ਹਨ। ਜਦੋਂ ਸਭ ਕੁਝ ਦਾ ਸਿਰਜਣਹਾਰ ਉਹ ਖੁਦ ਆਪ ਹੀ ਹੈ ਤਾਂ ਕਸੂਰਵਾਰ ਕੌਣ ਹੈ ਪਰ ਇਹ ਤੱਥ ਵੀ ਤਾਂ ਪ੍ਰਸੰਗਾਂ ਨਾਲ ਹੀ ਸਪਸ਼ਟ ਹੋ ਸਕਦਾ ਸੀ।ਨਾਲੇ, ਇਹ ਪ੍ਰਸੰਗ ਇਕ ਖ਼ਾਸ ਤਰ੍ਹਾਂ ਦੀ ਜਾਣਕਾਰੀ ਨਾਲ ਭਰਪੂਰ ਹਨ। ਰਚੈਤਾ ਦੀ ਨਜ਼ਰ ਪੰਜਾਬ ਦੇ ਲੋਕ ਨਾਇਕਾਂ ਤੇ ਵੀ ਪੈਦੀ ਹੈ। ਫਲਸਰੂਪ ਹੀਰ ਰਾਂਝੇ ਦੀ ਪ੍ਰੀਤ ਕਹਾਣੀ(੯੮), ਸੋਹਣੀ ਮਹੀਵਾਲ(੧੦੧), ਮਿਰਜ਼ਾ ਸਾਹਿਬਾਂ(੧੨੯), ਸਸੀ ਪੁਨੂੰ(੧੦੯) ਯੂਸਫ ਜ਼ੁਲੇਖਾ(੨੦੧), ਕੋਕਲਾ, ਢੋਲਾ ਮਾਰੂ, ਮਾਧਵਾਨਲ ਕਾਮ ਕੰਦਲਾ ਆਦਿ ਲੋਕ-ਪਸੰਗ ਵੀ ਉਹਨਾਂ ਦੇ ਚਰਿਤਰ-ਚਿਤਰਣ ਦਾ ਅੰਗ ਬਣਦੇ ਹਨ। ਗੁਰੁ ਜੀ ਦੀ ਨਜ਼ਰ ਜਿਥੇ ਲੋਕ ਨਾਇਕਾਂ ਉਪਰ ਪੈਂਦੀ ਹੈ ਉਥੇ ਧਾਰਮਿਕ ਜੀਵਨ ਨਾਲ ਜੁੜੇ ਦੇਵੀ-ਦੇਵਤੇ ਜਿਹਾ ਕਿ ਭਵਾਨੀ, (੧, ੪੦੪), ਬ੍ਰਹਮਾ ਬਿਸ਼ਨ, ਮਹੇਸ਼ ਤੇ ਇੰਦ੍ਰ(੧੮੬) ਵੀ ਚਰਿਤ੍ਰੋ ਪਾਖਿਆਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।

ਚਰਿਤ੍ਰੋ ਪਾਖਿਆਨ ਦੇ ਫਰੇਬੀ, ਕਪਟੀ, ਛਲੀਏ ਪਾਤਰ ਆਮ ਤੌਰ ਤੇ ਰਾਜੇ (੩੪, ੧੧, ੧੪, ੭) ਸਯਦ, ਸ਼ੇਖ, ਪਠਾਨ, ਮੁਗਲ, ਰਾਜਕੁਮਾਰ (੫੧) ਜੋਗੀ (੫) ਕਾਜ਼ੀ (੧੭) ਜਟ (੬) ਗੁਜਰ (੧੪, ੨੯) ਸ਼ਾਹੂਕਾਰ (੭) ਬਨੀਆ (੨੬) ਚੋਰ (੧੩) ਬ੍ਰਾਹਮਣ (੨੭) ਨੌਕਰ (੩੩) ਰਾਣੀ (੩੦) ਤੇ ਇਸਤ੍ਰੀਆਂ ਹਨ।

ਸੁਆਲ ਹੋ ਸਕਦਾ ਹੈ ਚਰਿਤ੍ਰੋ ਪਾਖਿਆਨ ਦੀ ਮੁਖ ਭੂਮਿਕਾ ਇਸਤਰੀਆਂ ਰਾਹੀਂ ਦਰਪੇਸ਼ ਹੈ। ਇਸਦਾ ਕਾਰਨ ਕੀ ਹੋ ਸਕਦਾ ਹੈ? ਇਹ ਤਾਂ ਸਪਸ਼ਟ ਹੀ ਹੈ ਇਸਦੇ ਪਾਤਰ pre-Vedic ਕਾਲ ਦੇ ਵੀ ਹਨ ਤੇ ਲੋਕ ਕਾਲ ਦੇ ਵੀ (ਲੋਕ ਕਾਲ ਜਿਸਨੂੰ ਨਿਸਚਿਤ ਨਹੀਂ ਕੀਤਾ ਜਾ ਸਕਦਾ) ਤੇ ਇਤਿਹਾਸ ਦੇ ਵੀ। ਪਰ ਹਰ ਹਾਲ ਵਿਚ ਉਥੇ ਨਾਰੀ ਮੌਜੂਦ ਹੈ। ਇਥੇ ਨਾਰੀ ਦੀ ਭੂਮਿਕਾ ਵਧੇਰੇ ਕਰਕੇ misogyny ਵਾਲੀ ਹੈ ਜਿਸਦਾ ਅਰਥ ਹੈ, ਉਸ ਨਾਲ ਇਕ ਖਾਸ ਤਰ੍ਹਾਂ ਦੀ ਨਫਰਤ ਪੈਦਾ ਕੀਤੀ ਜਾਏ, ਕਾਰਣ, ਕਿਉਂਕਿ ਉਹ ਚਲਿਤਰਹਾਰੀ ਫਰੇਬੀ, ਕਪਟੀ, ਮਕਾਰੀ, ਖੇਖਣਹਾਰੀ ਤੇ ਛਲਣ ਵਾਲੀ ਹੈ। ਸੁਆਲ ਹੈ - ਉਹ ਅਜਿਹੀ ਕਿਉਂ ਹੈ? ਜਾ ਅਜਿਹੀ ਕਿਉਂ ਹੋ ਗਈ? ਸਦੀਆਂ ਤੋਂ ਸਾਡਾ ਪੁਰਖ ਪਰਧਾਨ ਸਮਾਜ ਹੈ। ਸਮਾਜ ਨੇ ਉਸ ਨੂੰ ਦੁਜੈਲਾ ਸਥਾਨ ਦਿੱਤਾ ਹੈ। ਉਸਨੂੰ ਆਪਣੀ ਆਤਮ ਸੱਚ ਉਚਾਰਨ ਦੀ ਆਗਿਆ ਨਹੀਂ ਸੀ। ਉਸਦਾ ਆਲਾ-ਦੁਆਲਾ ਗਲ ਘੋਟੂ ਹੀ ਰਿਹਾ। ਉਹ ਦੂਜਿਆਂ ਦਾ ਧਿਆਨ ਆਪਣੇ ਵਲ ਖਿੱਚ ਸਕਦੀ ਸੀ, ਨਤੀਜਾ, ਉਸਨੇ ਚੁਪਚਾਪ ਉਹ ਰਾਹ ਲੱਭਣੇ ਸੁਰੂ ਕਰ ਦਿੱਤੇ ਜਿਹਨਾਂ ਰਾਹੀਂ ਉਹ ਆਪਣੀ ਪਿਆਸ ਬੁਝਾ ਸਕਦੀ ਸੀ। ਉਸ ਦੀਆਂ ਦਮਿਤ ਭਾਵਨਾਵਾਂ ਪੁਰੀਆਂ ਹੋ ਸਕਣ। ਉਸ ਨੂੰ ਤ੍ਰਿਪਤੀ ਦਾ ਅਹਿਸਾਸ ਹੋ ਸਕੇ। ਇਕ ਗੱਲ ਤਾਂ ਸਾਫ਼ ਹੈ ਉਸ ਦੇ ਅੰਦਰ ਜਿਹੜੇ ਵੀ ਗੁਣ ਪਾਏ ਗਏ ਸਨ, ਉਹ ਕੁਦਰਤੀ ਸਨ। ਜੇ ਉਹ ਰਬੋਂ ਹੀ ਚਲਾਕ ਸੀ ਤਾਂ ਰੱਬੌਂ ਹੀ ਅਸੀਲ ਵੀ ਤਾਂ ਸੀ। ਮਿੱਠੀ ਸੀਰਤ ਵਾਲੀ, ਕੋਮਲ ਤੇ ਸੰਜਮੀ ਵੀ ਤਾਂ ਸੀ। ਚਰਿਤ੍ਰੋ ਪਾਖਿਆਨ ਵਿਚ ਨਾਰੀ ਦੇ ਇਹਨਾਂ ਦੋਹਾਂ ਤਰ੍ਹਾਂ ਦੇ ਗੁਣਾਂ-ਔਗੁਣਾਂ ਦੀ ਪੇਸ਼ਕਾਰੀ ਹੋਈ ਹੈ। ਇਸ ਰਚਨਾ ਦਾ ਪਹਿਲਾ ਤੇ ਆਖਰੀ ਚਰਿਤਰ ਮਾਂ ਨੂੰ ਸਮਰਪਿਤ ਹੈ। ਮਾਂ ਜੋ ਦੁਨੀਆਂ ਦੀ ਸਭ ਤੋਂ ਹਸੀਨ ਹਕੀਕਤ ਹੈ ਜਿਸਦੀ ਗੋਦ ਵਿਚ ਵੱਡੇ ਵੱਡੇ ਪੀਰਾਂ-ਪੈਗੰਬਰਾਂ, ਗੁਰੁ ਸਾਹਿਬਾਨ, ਅਵਤਾਰਾਂ ਆਦਿ ਨੂੰ ਖੇਡਣ-ਮਲ੍ਹਣ ਦਾ ਅਵਸਰ ਮਿਲਿਆ ਹੈ। ਇਹ ਜੋ ਜਨਮਸਿੱਧ ਅਵਤਾਰੀ ਪੁਰਖ ਸਨ। ਮਾਵਾਂ ਦੀ ਨਿੱਘੀ ਗੋਦ ਵਿਚ ਬੈਠ ਕੇ ਚੁਹਲ-ਮੁਹਲ ਕਰਦੇ ਰਹੇ, ਲਾਡ ਪਿਆਰ ਲੈਂਦੇ-ਲੈਂਦੇ ਰਹੇ। ਮਾਵਾਂ ਦੀ ਮਿੱਠੀ ਸੀਰਤ ਇਹਨਾਂ ਸਾਰਿਆਂ ਦੀ ਵੱਡੀ ਦੌਲਤ ਬਣਕੇ ਰਹੀ। ਉਹਦੀ ਬੀਰਤਾ ਨੇ ਵੱਡੇ ਵੱਡੇ ਸੂਰਬੀਰਾਂ ਦੇ ਛੱਕੇ ਛੁੜਾ ਦਿੱਤੇ। ਇਹ ਕੇਵਲ ਗੁਰੁ ਗੋਬਿੰਦ ਸਿੰਘ ਜੀ ਹਨ ਜਿਹਨਾਂ ਨੇ ਚੰਡੀ ਚਰਿਤਰ ਲਿਖੇ, ਚੰਡੀ ਦੀ ਵਾਰ ਲਿਖ ਕੇ ਨਾਰੀ ਨੂੰ ਸੰਸਾਰ ਦੀ ਸ੍ਰੇਸ਼ਟ ਹਸਤੀ ਦੇ ਰੂਪ ਵਿਚ ਉਜਾਗਰ ਕੀਤਾ। ਦਸਮ ਗੁਰੁ ਦੀ ਸੰਤੁਲਿਤ ਦ੍ਰਿਸ਼ਟੀ ਨੇ ਕੇਵਲ ਨਾਰੀ ਦੀ ਹੀ ਨਹੀਂ ਸਗੋਂ ਨਰ ਦੇ ਵੀ ਦੋਵੇਂ ਪੱਖ ਸਾਹਮਣੇ ਲਿਆਂਦੇ। ਆਖ਼ਰਕਾਰ ਨਾਰੀ ਇਕੱਲੀ ਤਾਂ ਵਿਭਚਾਰ ਨਹੀਂ ਕਰਦੀ। ਉਸਦੇ ਨਾਲ ਦੂਸਰੀ ਹੋਂਦ ਪੁਰਖ ਹੀ ਹੈ। ਗੁਰੁ ਸਾਹਿਬ ਦੋਹਾਂ ਦੇ ਭਾਗੀਦਾਰ ਹੋਣ ਦੇ ਚਿੱਤਰ ਨੂੰ ਚਿਤਰਦੇ ਹਨ। ਦਸਮ ਗੁਰੁ ਦੀ ਸਾਂਵੀ ਸੰਤੁਲਿਤ ਨੀਝ ਤਤਕਾਲੀ ਸਮਾਜ ਨੂੰ ਨਰੋਆ ਦਿਲ-ਦਿਮਾਗ ਦੇਣਾ ਚਾਹੁੰਦੀ ਸੀ। ਏਹੋ ਕਾਰਨ ਹੈ, ਉਹਨਾਂ ਇਕ ਪਾਸੇ, ਦੇਵੀ ਦਾ ਚਰਿਤਰ ਆਂਕਿਆ ਦੂਜੇ ਪਾਸੇ, ਇਖਲਾਕ ਤੋਂ ਗਿਰੀ ਨਾਰੀ ਦੇ ਵੰਨਸੁਵੰਨ ਰੂਪਾਂ ਨੂੰ ਚਿਤਰਿਆ। ਇਹ ਤਾਂ ਉਹ ਵੰਨਗੀਆਂ ਹਨ ਜੋ ਇਨਸਾਨੀ ਸਮਾਜ ਨੂੰ ਅੰਦਰੋਂ ਅੰਦਰੀ ਘੁਣ ਵਾਂਗ ਖਾ ਰਹੀਆਂ ਹਨ।

‘ਕਾਮੁਕਤਾ’ ਨੂੰ ਸਮਾਜਿਕ ਵਿਹਾਰ ਵਿਚ ਪ੍ਰਮੁਖ ਸਥਾਨ ਪ੍ਰਾਪਤ ਹੈ। ਹੋਰ ਤਾਂ ਹੋਰ ਸਾਡੀ ਨਿੱਤ ਦੀ ਅਰਦਾਸ ਵਿਚ ਕਾਮ ਨੁੰ ਪਹਿਲ ਪ੍ਰਾਪਤ ਹੈ। ਸਾਡੀ ਅਰਦਾਸ ਹੈ:

“ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉਣਾ।” ਕਾਮ ਦੀ ਪ੍ਰਬਲਤਾ ਨੂੰ ਗੁਰੁ ਸਾਹਿਬ ਜਾਣਦੇ ਵੀ ਹਨ ਤੇ ਜਣਾਉਂਦੇ ਵੀ ਹਨ। ਸਧਾਰਨ ਬੰਦਾ ਤਾਂ ਇਸਦੀ ਗ੍ਰਿਫਤ ਵਿਚ ਵੀ ਹੈ ਪਰ ਲੁਕਾਉਂਦਾ ਹੀ ਰਹਿੰਦਾ ਹੈ। ਅੰਤਰਜਾਮੀ ਗੁਰੁ ਮਨੁੱਖ ਦੀ ਅੰਦਰਲੀ ਤਹਿ ਨੂੰ ਪਛਾਣਦਾ ਹੈ ਤੇ ਉਪਰਲੀ ਪਰਤ ਨੂੰ ਵੀ। ਉਹ ਤਾਂ ਮਨੁੱਖੀ ਮਨ ਦੀ ਅੰਦਰਲੀ ਪਰਤ ਨੂੰ ਬੇਬਾਕੀ ਨਾਲ ਸਾਹਮਣੇ ਲਿਆਉਂਦੇ ਹਨ। ਇਹੋ ਗੁਰੁ ਤੇ ਸਧਾਰਨ ਲੋਕਾਂ ਵਿਚ ਫ਼ਰਕ ਹੈ। ਗੁਰੁ ਵਿਕਾਰੀ ਪ੍ਰਸੰਗਾਂ ਨੂੰ ਸਿਰਜ ਕੇ ਨਵੀਂ ਉਭਰਦੀ ਪਨੀਰੀ ਨੂੰ ਸਾਵਧਾਨ ਕਰਨਾ ਚਾਹੁੰਦੇ ਹਨ। ਇਸ ਨੀਜ ਦੇ ਬੀਜ ਆਦਿ ਗੁਰੁ ਦੀ ਬਾਣੀ ਵਿਚ ਵੀ ਮੌਜੂਦ ਹਨ।

ਮੱਧਕਾਲ ਵਿਚ ਗੁਰੁ ਨਾਨਕ ਦੇਵ ਜੀ ਪਹਿਲੇ ਸਮਾਜ ਸੁਧਾਰਕ ਤੇ ਸੁਚੇਤ ਸਮਾਜ ਸ਼ਾਸਤਰੀ ਹਨ ਜਿਹਨਾਂ ਨੇ ਨਾਰੀ ਨੂੰ ਸਮਾਜ ਦੀ ਬੀਜ ਇਕਾਈ ਮੰਨਿਆ ਹੈ। ਉਸ ਦੇ ਦੁਆਲੇ ਉਸਾਰਿਆ ਮਾਹੌਲ ਚਾਹੇ ਉਹ ਸੁੱਚਮ ਦਾ ਸੀ, ਸੂਤਕ ਦਾ ਸੀ, ਭੰਡੀ ਦਾ ਸੀ ਜਾਂ ਕਰਮ ਪਾਖੰਡ ਦਾ ਸੀ। ਇਸਤਰੀ ਨੂੰ ਉਸ ਵਿਚੋਂ ਉਭਾਰਨ ਦਾ ਇਕੋਇਕ ਢੰਗ ਸੀ ਕਿ ਗੁਰੂ ਸਾਹਿਬ ਨੇ ਆਪਣੀ ਪ੍ਰਭੂ-ਪ੍ਰੀਤ-ਲੋਚਾ ਨੂੰ ਇਸਤ੍ਰੀ ਰੂਪ ਰਾਹੀਂ ਬਿਆਨ ਕਰਕੇ ਮਹਲਾ-ਜੁਗਤ ਦਾ ਨਿਰਮਾਣ ਕਰ ਲਿਆ। ਉਹ ਆਪੇ ਹੀ ਆਪਣੇ ਪ੍ਰਭੂ ਪ੍ਰੀਤਮ ਦੀ ਦਾਸੀ ਬਣ ਗਏ:

ਤੂੰ ਠਾਰਕੋ ਬੈਰਾਗਰੋ
ਮੈ ਜੇਹੀ ਘਣ ਚੇਰੀ ਰਾਮ

ਇਹ ਨਾਰੀ ਉਥਾਨ ਦਾ ਇਕ ਬੜਾ ਅਨੋਖਾ ਰਾਹ ਸੀ। ਆਪਣੀ ਤੁਲਨਾ ਉਸੇ ਨਾਲ ਹੀ ਕੀਤੀ ਜਾਂਦੀ ਹੈ, ਜਿਸਨੂੰ ਅੰਦਰੋਂ ਚੰਗਾ ਜਾਣਦੇ ਹੋ। ਅੰਤਰਜਾਮੀ ਗੁਰੁ ਜਨ ਇਸਦੇ ਕਾਰਨ ਜਾਣਦੇ ਸਨ। ਖ਼ਬਰੇ ਤਾਹੀਉਂ ਅਨੇਕ ਮੁੱਖ ਨਾਰੀ ਬਿੰਬ ਗੁਰਬਾਣੀ ਦਾ ਸ਼ਿੰਗਾਰ ਹਨ।

-ਸੂਹਵੀਏ ਸੁਹਾਗਣੀ
-ਸੁਣ ਨਾਹ ਪ੍ਰਭੂ ਜੀਉ ਏਕ ਲੜੀ ਬਨ ਮਾਹੇ
-ਆਵਹੁ ਮੀਤ ਪਿਅਰੇ ਮੰਗਲ ਗਾਵਹੁ ਨਾਰੇ
-ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸਕੀ ਬਲਿਰਾਮ ਜੀਉ
-ਪਹਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਕਾਰੀ ਰਾਮ

ਨਾਲੇ, ਏਕਾ ਪੁਰਖ ਸਬਾਈ ਨਾਰ ਦਾ ਸੰਕਲਪ ਵੀ ਤਾਂ ਰੂਪਮਾਨ ਕਰਨਾ ਸੀ। ਗੁਰੁ ਅੰਗਦਦੇਵ ਜੀ ਦਾ ਮਾਤਾ ਖੀਵੀ ਨੂੰ ਲੰਗਰ ਦੀ ਸਰਦਾਰੀ ਦੇਣੀ। ਗੁਰੁ ਅਮਰਦਾਸ ਦੇ ੭੨ ਪੰਘੂੜੇ ਸਥਾਪਿਤ ਕਰਨੇ।ਘੁੰਡ ਤੋਂ ਮੁਕਤ ਕਰਨਾ, ਵਿਧਵਾ ਵਿਆਹ ਦੀ ਆਗਿਆ ਦੇਣੀ, ਸਤੀ ਪ੍ਰਥਾ ਦਾ ਵਿਰੋਧ ਕਰਨਾ, ਨਾਰੀ ਉਥਾਨ ਵਲ ਬਹੁਤ ਸਿਹਤਮੰਦ ਕਦਮ ਹਨ।ਦਸਮ ਗੁਰੁ ਜੀ ਨੇ ਪੰਥ ਸਾਜਨਾ ਵੇਲੇ ਮਾਤਾ ਜੀਤੋ ਜੀ ਤੋਂ ਪਤਾਸੇ ਪੁਆਣਾ, ਮਾਤਾ ਸਾਹਿਬ ਦੇਵਾਂ ਨੂੰ ਖਾਲਸੇ ਦੀ ਮਾਤਾ ਬਨਾਉਣਾ, ਮਾਤਾ ਸੁੰਦਰੀ ਜੀ ਨੂੰ ਸੁਯੋਗ ਰਾਹਨੁਮਾ ਬਣਾਕੇ ਦਿੱਲੀ ਰਾਜਧਾਨੀ ਵਿਚ ਰੱਖਣਾ ਆਪਣੇ ਆਪ ਵਿਚ ਉਹ ਉਚੇਰੇ ਉਦਮ ਹਨ ਜਿਹਨਾਂ ਦੇ ਅਸਰ ਹੇਠ ਮਾਈ ਭਾਗੋ, ਬੀਬੀ ਸੁਸ਼ੀਲ ਕੌਰ, ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਵਰਗੀਆਂ ਬੀਬੀਆਂ ਨੇ ਸਿੱਖ ਪੰਥ ਵਿਚ ਉਂਚੀ ਛਬੀ ਦੀ ਸਾਖ ਭਰੀ। ਗੁਰੁ ਸਾਹਿਬਾਨ ਨੇ ਨਵੇਂ ਸਭਿਆਚਾਰ ਦੀ ਸਿਰਜਣਾ ਕੀਤੀ। ਇਸ ਵਿਚ ਅਨੇਕਾਂ ਨਵੇਂ ਵੇਰਵੇ ਜੋਵੇ। ਨਵੀਂ ਜੀਵਨ ਸ਼ੈਲੀ ਪ੍ਰਚਲਿਤ ਕੀਤੀ। ਸੁੱਤੀ ਰੂਹ ਨੂੰ ਝੰਜੋੜ ਕੇ ਜਗਾਇਆ। ਇਸ ਤੋਂ ਪਹਿਲਾਂ ਆਮ ਲੋਕ ਕਾਇਰ ਹੋਏ ਪਏ ਹਨ। ਚਲਾਕੀ ਤੇ ਕਾਮੁਕਤਾ ਉਹਨਾਂ ਵਿਚ ਘਰ ਕਰ ਚੁੱਕੀ ਸੀ। ਕੌਮੀ ਸਿਰਜਣਾ ਦੇ ਨਵੇਂ ਪਰਿਪੇਖ ਵਿਚ ਖਾਲਸਾ ਇਖਲਾਕੀ ਤੌਰ ਤੇ ਬਹੁਤ ਉਚਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਚੰਗੇਰੀ ਕਵਿਤਾ ਦੀ ਸਿਰਜਣਾ ਲਈ ਨਿਵੇਕਲੀ ਬਿੰਬ ਅਤੇ ਪ੍ਰਤੀਕ-ਸਿਰਜਣਾ ਲਾਜ਼ਮੀ ਸ਼ਰਤ ਹੈ। ਇਸੇ ਤਰ੍ਹਾਂ ਚੰਗੇਰੇ ਸਮਾਜ ਲਈ ਉਂਜਲੀ, ਨਿਰਮਲ ਮਾਨਸਿਕਤਾ ਦੀ ਲੋੜ ਸੀ। ਆਖ਼ਰਕਾਰ ਜੇ ਇਸਤ੍ਰੀ ਦੁਰਾਚਾਰੀ ਸੀ ਤਾਂ ਪੁਰਖ ਸਮਾਜ ਉਸ ਤੋਂ ਕਿਸ ਤਰ੍ਹਾਂ ਚੰਗਾ ਸੀ। ਕਾਮ-ਕ੍ਰੀੜਾ ਲਈ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ। ਫਰੇਬੀ ਛੋਨਦਟਿੋਿਨਨਿਗ ਭਾਰਤੀ ਸੰਸਕ੍ਰਿਤੀ ਵਿਚ ਮੌਜ਼ੂਦ ਹੈ।ਦਸਮ ਗੁਰੁ ਨੇ ਨਰ-ਨਾਰ ਦੋਹਾਂ ਨੂੰ ਆਪਣਾ ਪੇਗਾਮ ਦਿੱਤਾ। ਨਾਰੀ ਲਈ ਇਕ ਸੰਖੇਪ ਪੇਗਾਮ ਸੀ ਕਿ ਉਹ ਬਿਨਾ ਲੁਕ ਲੁਕਾ ਕੇ ਆਪਣੀ ਗੱਲ ਕਹਿ ਸਕੇ। ਸੰਗ-ਸੰਗਾ ਵਿਚ ਕਪਟੀ ਜਾ ਚਲਿਤਰਹਾਰੀ ਨਾ ਬਣੇ। ਉਹਨਾਂ ਜਿਥੇ ਨਾਰੀ ਸਮਾਜ ਲਈ ਖਾਮੋਸ਼ ਪੈਗਾਮ ਦਿੱਤਾ ਉਥੇ ਪੁਰਖ ਸਮਾਜ ਨੂੰ ਇਸ ਨੀਵੀ ਮਾਨਸਿਕਤਾ ਨਾਲ ਜੂਝਣ ਦਾ ਸੰਦੇਸ਼ ਦਿੱਤੇ। ਪੁਰਖ ਪ੍ਰਧਾਨ ਸਮਾਜ ਵਿਚ ਨਾਰੀ ਸੰਸਾਰ ਨੂੰ ਸਮਾਨ ਅਧਿਕਾਰ ਦਿੱਤੇ। ਜੇ ਉਹਨੂੰ ਸਿੰਘ ਬਣਾਇਆ ਤੇ ਬੀਬੀ ਨੂੰ ਕੌਰ ਬਣਾਇਆ। ਉਸ ਵੇਲੇ ਤਾਂ ਗੁਰੁ ਸਾਹਿਬ ਪਛੜੀਆਂ ਜਾਤਾਂ ਵਿਚੋਂ ਨੀਵਾਂਪਨ ਕੱਢ ਰਹੇ ਸਨ।ਇਸੇ ਤਰ੍ਹਾਂ ਨਾਰੀਆਂ ਵਿਚੋਂ ਵੀ ਨੀਵਾਂਪਨ ਭਜਾ ਰਹੇ ਸਨ। ਐਵੇਂ ਨਹੀਂ ਮਾਤਾ ਖੀਵੀ ਲੰਗਰ ਦੀ ਮੁਖੀ ਬਣਾਈ। ਬ੍ਰਾਹਮਣੀ ਸਮਾਜ ਵਿਚ ਤਾਂ ਨਾਰੀ ਤਿੰਨ ਚਾਰ ਦਿਨਾਂ ਲਈ ਰਸੋਈ ਵਿਚੋਂ ਹੀ ਕੱਢ ਦਿੱਤਾ ਜਾਂਦਾ ਸੀ। ਜਿਸ ਤਰ੍ਹਾਂ ਨਾਰੀ ਸੰਸਾਰ ਨੂੰ ਗੌਰਵਤਾ ਪ੍ਰਦਾਨ ਕਰਨ ਲਈ ਨਾਰੀ ਉਪਮਾਨ ਵਧੇਰੇ ਕਰਕੇ ਸਿਰਜ ਲਏ ਗਏ। ਇਸੇ ਤਰ੍ਹਾਂ ਭਾਵੇਂ ਕਾਮ-ਕ੍ਰੀੜਾ ਦੇ ਭਾਗੀਦਾਰ ਨਰ-ਨਾਰ ਦੋਵੇਂ ਹਨ ਪਰ ਨਾਰੀ ਸੰਸਾਰ ਨੂੰ ਉਭਾਰਨ ਲਈ ਇਸਦਾ ਉਚੇਚਾ ਨਾਮ ‘ਚਰਿਤ੍ਰੋ ਪਾਖਿਆਨ’ ਰਖਿਆ। ਗੁਰਬਾਣੀ ਸੰਸਾਰ ਵਿਚ ਨਾਰੀ-ਭਾਵਨਾ ਨੂੰ ਪਹਿਲਾ ਮਿਲੀ ਤੇ ਚਰਿਤ੍ਰੋ ਪਾਖਿਆਨ ਵਿਚ ਵੀ ਇਸੇ ਨੂੰ ਦ੍ਰਿੜ ਕਰਾਇਆ ਗਿਆ ਹੈ।

ਦਸਮ ਗੁਰੁ ਨੇ “ਖਾਲਸਾ ਮੇਰੋ ਰੂਪ ਹੈ ਖਾਸ” ਕਹਿਕੇ ਖਾਲਸੇ ਦੀ ਵਡਿਆਈ ਵੀ ਕੀਤੀ ਤੇ ਉਸ ਲਈ ਕੁਝ ਗੁਣ-ਲੱਛਣ ਵੀ ਨਿਸਚਿਤ ਕੀਤੇ। ਜਿਹਨਾਂ ਦੇ ਗ੍ਰਹਿਣ ਕਰਨ ਨਾਲ ਉਹ ਅਧਿਆਤਮਕ ਤੌਰ ਤੇ ਉਚੇਰੇ ਰਹਿ ਸਕਣ। ਵਰਨਾ ਉਹ ਦਸਮ ਗੁਰੁ ਦਾ ਰੂਪ ਕਿਵੇਂ ਬਣਨਗੇ। ਦਸਮ ਗੁਰੁ ਤਾਂ ਅਧਿਆਤਮਕ ਅਤੇ ਸਮਾਜਿਕ ਤੌਰ ਤੇ ਸਰਬ ਗੁਣ ਸੰਪੰਨ ਸਨ। ਇਹੋ ਕਾਰਨ ਹੈ, ਉਹ ਆਪ ਸਿਰਜੇ ਖਾਲਸੇ ਨੂੰ ਸੁਚੇਤ ਤੌਰ ਤੇ ਅਧਿਆਤਮਕ ਗੁਣਾਂ ਦੀ ਜਾਗ ਲਾਉਣਾ ਚਾਹੁੰਦੇ ਸਨ:

ਅਸ ਖਾਲਸ ਖਾਲਸ ਪਦ ਪ੍ਰਾਪਤ
ਨਿਰੰਕਾਰ ਸੁ ਸਰੂਪ ਮਹਾਨੰ
ਗੁਰ ਉਪਦੇਸ਼ ਸਿਖਨ ਪ੍ਰਤੀ ਭਾਖਨ
ਮੁਦ੍ਰਿਤ ਕਛ ਕੇਸ ਕ੍ਰਿਪਾਨੰ
ਤਾਕੀ ਰਹਤ ਸ਼੍ਰਤੀ ਓਕਤ ਭਾਖਤ
ਦਸ ਗ੍ਰਹਯ ਖਾਲਸ ਪ੍ਰਧਾਨੰ
ਦਯਾ ਦਾਨੁਰ ਛਿਮਾ ਸਨਾਨੰ
ਸੀਲ ਸੁਚ ਸਤਯੰ ਸੰਭਾਨੰ
ਸਾਧਨ ਸਿਧ ਸੂਰ ਭਗਤੀ ਮਾਨੰ
ਦਸ ਗ੍ਰਾਹਯ ਆਸਤਕ ਪ੍ਰਾਮਨੰ
ਵਿਰੋਧ ਸਾਧਨ ਹਿੰਸਾ ਹੰਕਾਰੰ
ਆਲਸ ਕ੍ਰਿਪਨਤਾ ਪ੍ਰਮਾਨੰ
ਕਠੋਰਤ ਜੜ੍ਹਤ ਕੁਚੀਲ ਅਸ ਊਚੰ
ਕਲਮਾ ਮਾਸ ਅਭਗਤ ਮਾਨੰ
ਦਸ ਗ੍ਰਾਹਯ ਦਸ ਤਿਆਗੀ ਐਸੋ
ਤਾਹਿ ਖਾਲਸਾ ਕਥਿਤ ਸੁਜਾਨੰ
ਅਸ ਕਾਲਸ ਖਾਲਸ ਪਦ ਪ੍ਰਾਪਤ
ਨਿਰੰਕਾਰ ਸੁ ਸਰੂਪ ਮਹਾਨੰ
ਹਰ ਹੀ ਹੋਏ ਤੋ ਕਹਾ ਅਚਰਜ ਹੈ
ਸਤਗੁਰ ਪਦ ਕੋ ਪ੍ਰਾਪਤ ਵਾਰੋ
ਸਿਖ ਪਦ ਦੁਹੂਅਨ ਤੇ ਗਉਰੋ
ਆਤਮ ਕੀ ਪ੍ਰਾਪਤੀ ਸੁ ਵਿਚਾਰੋ
ਤਾਸ ਮਹਾਤਮ ਨਿਜ ਬੁਧ ਹਮਾਰੋ
ਸੁਨਹੁ ਸੰਤ ਖਾਲਸ ਪਦ ਜਸ ਕੋ
ਸ੍ਰਵਨ ਪ੍ਰਾਪਤ ਹੋਤ ਫਲ ਚਾਰੋ

ਦਸਮ ਗੁਰੁ ਇਕ ਨਵੀਂ ਕੌਮ ਦੀ ਸਿਰਜਣਾ ਕਰ ਰਹੇ ਸਨ। ਖਾਲਸਾ ਨੂੰ ਉਹਨਾਂ ਦਸ ਗੁਣ ਗ੍ਰਹਿਣ ਕਰਨ ਦੇ ਦਸ ਔਗਣ ਤਿਆਗਣ ਦਾ ਸੰਕੇਤ ਕੀਤਾ। ਇਹ ਦਸ ਗੁਣ ਹਨ- ਦਯਾ, ਦਾਨ, ਖਿਮਾ, ਇਸ਼ਨਾਨ (ਅੰਮ੍ਰਿਤ ਵੇਲੇ ਜਾਗਣਾ), ਸੀਲ (ਸੁਸ਼ੀਲ), ਸੁੱਚ, ਸੱਚ, ਸਾਧਨ ਸਿੱਧ, ਸੂਰ (ਸੂਰਬੀਰ) ਅਤੇ ਭਗਤੀ (ਨਾਮ ਸਿਮਰਨ ਕਰਨਾ) ਦਾ ਗ੍ਰਾਹਯ ਆਸਤਕ ਪ੍ਰਮਾਣੰ। ਇਹਨਾਂ ਦਸ ਗੁਣਾਂ ਨੂੰ ਧਾਰਨ ਕਰਨ ਵਾਲਾ ਆਸਤਕ ਹੋਵੇਗਾ। ਇਸੇ ਤਰ੍ਹਾਂ ਉਹ ਦਸ ਔਗਣਾਂ ਦਾ ਤਿਆਗ ਵੀ ਕਰੇਗਾ। ਇਹ ਦਾ ਔਗਣ ਹਨ: ਵਿਰੋਧ, ਹਿੰਸਾ, ਹੰਕਾਰ, ਆਲਸ, ਕ੍ਰਿਪਨਤਾ (ਕੰਜੂਸੀ), ਕਠੋਰ, ਜੜ੍ਹਤਾ (ਮੂਰਖਤਾ) ਕੁਚਲ (ਮੈਲਾ ਰਹਿਣਾ), ਅਪਵਿਤਰਤਾ ਕੁੱਠੇ ਦਾ ਮਾਸ ਨਾ ਖਾਣਾ, ਆਦਿ ਦਾ ਤਿਆਗ ਕਰੇਗਾ।

“ਦਸ ਗ੍ਰਾਹਾਯ ਦਸ ਤਿਆਗੀ ਐਸੋ
ਥਾਹਿ ਖਾਲਸਾ ਕਥਿਤ ਸੁਜਾਨੰ”

ਅਜਿਹਾ ਜੀਵ ਹੀ ਖਾਲਸਾ ਕਹਾਉਣ ਦਾ ਅਧਿਕਾਰੀ ਹੋਵੇਗਾ। ਗੁਰੁ ਸਾਹਿਬ ਨੇ ਸਿੱਖ ਦੀ ਪਦਵੀ ਪਰਮਾਤਮਾ ਅਤੇ ਸਤਿਗੁਰੂ ਦੋਹਾਂ ਤੋਂ ਵਡੇਰੀ ਮੰਨੀ ਹੈ। “ਸਿਖ ਪਦ ਦੁਹੂਅਨ ਤੇ ਗਉਰੋ।” ਸਿਖ ਦਾ ਨਾਮ ਲੈਣ ਨਾਲ ਹੀ ਚਾਰ ਪਦਾਰਥਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਸਪਸ਼ਟ ਹੈ, ਦਸਮ ਗੁਰੁ ਉਸਰ ਰਹੀ ਕੌਂਮ ਦੀ ਸਰਬਾਂਗੀ ਰਾਹਨੁਮਾਈ ਕਰ ਰਹੇ ਸਨ। ਏਸੇ ਕਰਕੇ ਕਪਟੀ ਮਾਨਸਿਕਤਾ ਨਾਲ ਜੂਝਣ ਲਈ ਅਨੇਕਮੁਖ ਚਰਿਤਰਾਂ ਦੀ ਸਿਰਜਣਾ ਕਰਕੇ ਨਰ ਅਤੇ ਨਾਰ ਦੋਹਾਂ ਨੂੰ ਸੁਚੇਤ ਕਰ ਰਹੇ ਸਨ ਗੁਰੁ ਜੀ ਨੇ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਪਰਜਾਤੰਤਰ ਦੀ ਨੀਂਹ ਰੱਖੀ ਸੀ। ਮਨੁੱਖ ਦੇ ਅੰਦਰ ਲੁਕੇ ਨੀਵੇਪਨ ਨੂੰ ਤੇ ਜ਼ਾਤ ਅਭਿਮਾਨ ਦੋਹਾਂ ਨੂੰ ਹਲੂਣ ਕੇ ਗੌਰਵਤਾ ਦਾ ਅਹਿਸਾਸ ਕਰਾਇਆ। ਪੰਜਾਂ ਪਿਆਰਿਆਂ ਵਿਚੋਂ ਚਾਰ ਨੀਵੀਆਂ ਜਾਤਾਂ ਜੋ ਉਸ ਵੇਲੇ ਗਿਣੀਆਂ ਜਾਂਦੀਆਂ ਸਨ, ਵਿਚੋਂ ਪੰਜਾਂ ਪਿਆਰਿਆ ਦੀ ਚੋਣ ਨੇ ਸਹਿਜੇ ਹੀ ਇਹ ਸਾਬਤ ਕਰ ਦਿੱਤਾ ਕਿ, “ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ” ਕੇਵਲ ਬਾਣੀ ਦੀ ਪੰਕਤੀ ਹੀ ਨਹੀਂ ਸਗੋਂ ਵਿਹਾਰਕ ਜੀਵਨ ਜੁਗਤ ਵੀ ਹੈ।

ਕੁਲ ਮਿਲਾਕੇ, ਚਰਿਤ੍ਰੋ ਪਾਖਿਆਨ ਨਾਲ ਕਿਸੇ ਤਰ੍ਹਾਂ ਦਾ ਸ਼ੰਕਾ ਜੋੜਨਾ ਮੁਨਾਸਿਬ ਨਹੀਂ। ਦਸਮ ਗੁਰੁ ਆਪਣੇ ਜੀਵਨ ਦੇ ਹਰ ਖੇਤਰ ਵਿਚ ਵਿਲੱਖਣ ਤੇ ਬੇਬਾਕ ਹੋਕੇ ਵਿਚਰੇ। ਭੱਲਾ! ਕੋਈ ਨੌ ਸਾਲ ਬਾਲਕ ਆਪਣੇ ਪਿਤਾ ਨੂੰ ਕੁਰਬਾਨੀ ਦੇ ਰਾਹ ‘ਤੇ ਤੋਰ ਸਕਦਾ ਹੈ! ਅੰਤਰਜਾਮੀ ਹੋਣ ਦੇ ਬਾਵਜੂਦ ਮੁਸਲਮਾਨਾਂ ਦੀਆਂ ਝੂਠੀਆਂ ਕਸਮਾਂ ਖਾਣ ਤੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਸਕਦਾ ਹੈ! ਪੁੱਤਰਾਂ ਦੀਆਂ ਲਾਸ਼ਾਂ ਨੂੰ ਬਿਨਾਂ ਕੱਫਨ ਪਾਏ ਚਮਕੌਰ ਦੀ ਗੜ੍ਹੀ ਨੂੰ ਛੱਡ ਕੇ ਤੁਰ ਸਕਦਾ ਹੈ! ਜ਼ੁਲਮੀ ਰਾਜੇ ਔਰੰਗਜ਼ੇਬ ਨੂੰ ਉਸਦੇ ਕਪਟੀ ਕਾਰਨਾਮਿਆਂ ਭਰੀ ਚਿੱਠੀ ਲਿਖ ਸਕਦਾ ਹੈ? ਉਹ ਬੇਬਾਕ ਸੀ, ਵਿਦਰੋਹੀ ਸੀ, ਨਿਰਭੈਅ ਸੰਤ-ਸਿਪਾਹੀ ਸੀ, ਗਲਤ ਕਦਰਾਂ-ਕੀਮਤਾਂ ਨੂੰ ਦਮਿਤ ਕਰਨ ਵਾਲਾ ਸੀ। ਉਸਦੀ ਦ੍ਰਿਸ਼ਟੀ ਪਾਰਗਾਮੀ ਸੀ। ਉਹ ਅੰਦਰ-ਬਾਹਰ ਦੀ ਹਕੀਕਤ ਨੂੰ ਪਛਾਣਦੇ ਸਨ। ਉਹ ਜੋ ਅੰਦਰੋਂ ਅੰਦਰੀ ਸਮਾਜ ਦੀ ਸਮੁੱਚੀ ਮਾਨਸਿਕਤਾ ਨੂੰ ਘੁਣ ਲਗ ਰਿਹਾ ਸੀ ਉਸ ਨੂੰ ਨਰੋਆ ਵੇਖਣਾ ਚਾਹੁੰਦੇ ਸਨ। ਏਸੇ ਕਰਕੇ ਸਮਾਜ ਵਿਚ ਅੰਦਰਖਾਤੇ ਵਾਪਰ ਰਹੇ ਕੁਕਰਮ ਨੂੰ ਉਹਨਾਂ ਨਿਸ਼ੰਗ ਹੋ ਕੇ ਸਾਹਮਣੇ ਲਿਆਂਦਾ। ਜੋ ਵੇਖਿਆ ਨਹੀਂ ਜਾ ਸਕਦਾ, ਉਹ ਵਿਖਾਇਆ। ਜੋ ਸੁਣਿਆ ਨਹੀਂ ਜਾ ਸਕਦਾ ਸੀ, ਉਹ ਸੁਣਾਇਆ। ਆਖ਼ਰਕਾਰ ਜੋ ਅੱਜ ਦੀਆਂ ਧੀਆਂ ਭੈਣਾਂ ਦੇ ਸਾਹਮਣੇ ਪੜ੍ਹਿਆ-ਸੁਣਾਇਆ ਨਹੀਂ ਜਾ ਸਕਦਾ ਉਹੋ ਹੀ ਅੰਦਰਖਾਤੇ ਉਹਨਾਂ ਨਾਲ ਕਮਾਇਆ ਜਾ ਰਿਹਾ ਹੈ। ਇਹ ਦੋਗਲਾਪਨ ਹੈ। ਅੰਦਰ ਹੋਰ ਤੇ ਬਾਹਰ ਹੋਰ। ਦਸਮ ਗੁਰੁ ਜੀ ਨੇ ਇਹਨਾਂ ਚਰਿਤਰਾਂ ਰਾਹੀਂ ਉਸ ਅਸਲੀਅਤ ਨੂੰ ਉਘਾੜਿਆ ਜੋ ਨਾ ਸੱਭਿਅਕ ਸਮਾਜ ਵਿਚ ਪ੍ਰਵਾਣਿਤ ਹੈ ਤੇ ਨਾ ਹੀ ਅੰਦਰਖਾਤੇ:

ਅੰਦਰ ਬਹਿ ਕੇ ਕਰਮ ਕਮਾਵੇ
ਸੋ ਚਹੁ ਕੁੰਟੀ ਜਾਣੀਐ

ਗੁਰੁ ਸਾਹਿਬ ਤਾਂ ਸਮਾਜਿਕ ਪਰਿਸਥਤੀਆਂ ਦਾ ਚੀਰਹਰਨ ਕਰ ਰਹੇ ਸਨ। ਦੋਗਲੇ ਵਿਹਾਰ ਵਿਚ ਪੁਰਖ ਦੀ ਭੂਮਿਕਾ ਕਿਸੇ ਵੀ ਤਰ੍ਹਾਂ ਘਟ ਨਹੀਂ ਸੀ ਪਰ ਬਦਨਾਮ ਕੇਵਲ ਇਸਤ੍ਰੀ ਸਮਾਜ ਨੂੰ ਹੀ ਕੀਤਾ ਜਾ ਰਿਹਾ ਸੀ। ‘ਵੇਸਵਾ’ ਤਾਂ ਬਦਨਾਮ ਹੁੰਦੀ ਹੀ ਹੈ ਪਰ ਉਸਨੂੰ ਵੇਸਵਾ ਬਨਾਉਣ ਵਾਲੇ ਸਦਾ ਬਚੇ ਰਹਿੰਦੇ ਹਨ ਤੇ ਸਮਾਜ ਵਿਚ ਭੱਦਰ ਪੁਰਖ ਹੀ ਕਾਹਉਂਦੇ ਹਨ। ਦਸਮ ਗੁਰੁ ਸਮਾਜ ਦੀ ਧੁਰ ਅੰਦਰਲੀ ਤਹਿ ਤਕ ਪਹੁੰਚ ਕੇ ਉਸਨੂੰ ਨਰੋਈ ਛਵੀ ਦੇਣੀ ਚਾਹੁੰਦੇ ਹਨ। ਏਸੇ ਕਰਕੇ ਉਹ ਵਿਕਾਰ ਜੋ ਮਾਨਵ ਸਮਾਜ ਸਦੀਆਂ ਤੋਂ ਕਰਦਾ ਆ ਰਿਹਾ ਹੈ ਤੇ ਫਿਰ ਵੀ ਬਰੀ ਹੀ ਰਹਿੰਦਾ ਹੈ, ਉਸ ਵਲ ਸਮਾਜ ਦੀ ਨਜ਼ਰ ਮੋੜੀ ਹੈ। ਅਜ ਗੁਰੁ ਦੁਆਰਾ ਸਿਰਜਿਤ ਉਹਨਾਂ ਪੰਕਤੀਆਂ ਨੂੰ ਭੰਡਿਆ ਜਾ ਰਿਹਾ ਹੈ ਜਿਹਨਾਂ ਨੂੰ ਇਕੱਲੇ ਬੈਠ ਕੇ ਸੁਆਦ ਲਾ ਲਾ ਪੜ੍ਹਦੇ ਹਨ। ਏਸ ਗਲੀ ਸੜੀ ਹਕੀਕਤ ਨੂੰ ਚਰਿਤ੍ਰੋ ਪਾਖਿਆਨ ਰਾਹੀਂ ਬੋਲ ਮਿਲੇ ਹਨ।ਮਾੜਾ-ਚੰਗਾ, ਨੇਕੀ-ਬਦੀ, ਨਰਕ-ਸੁਰਗ, ‘ਨਮੋ ਕਲਹ ਕਰਤਾ, ਨਮੋ ਸਾਂਤ ਰੂਪੇ’ ਇਹ ਸਭ ਉਸੇ ਪ੍ਰਮਾਤਮਾ ਦੇ ਹੀ ਬਣਾਏ ਹਨ। ਚਰਿਤ੍ਰੋ ਪਾਖਿਆਨ ਨੂੰ ਨਰੋਈ ਮਾਨਸਿਕਤਾ ਨਾਲ ਵਿਚਾਰਨ ਦੀ ਜ਼ਰੂਰਤ ਹੈ। ਇਸ ਦੇ ਧੁਰ ਡੂੰਘ ਤਕ ਪਹੁੰਚਣ ਦੀ ਲੋੜ ਹੈ। ਸਮੁੰਦਰ ਦੀਆਂ ਉਤਲੀਆਂ ਲਹਿਰਾਂ ਕੇਵਲ ਚਲਾਵਾ ਮਾਤਰ ਹੀ ਹੁੰਦੀਆਂ ਹਨ ਪਰ ਧੁਰ ਅੰਦਰਲੀ ਸਤਹ ਤੇ ਅਮੋਲਕ ਪਰਦਾਰਥ ਵੀ ਮੌਜ਼ੂਦ ਹੁੰਦੇ ਹਨ।

‘ਗੁਰ ਸਾਗਰ ਰਤਨੀ ਭਰਪੂਰੇ’ ਦੀ ਗਹਿਰਾਈ ਨੂੰ ਸਮਝਣ ਦਾ ਸੰਕੇਤ ਹਨ, ਇਹ ਚਰਿਤ੍ਰੋ ਪਾਖਿਆਨ।
ਸੰਕੇਤ ਕੀਤਾ ਜਾ ਚੁੱਕਾ ਹੈ, ਚਰਿਤ ਕਾਵਿ ਵਿਚ ਪ੍ਰੇਮ, ਵੀਰਤਾ ਅਤੇ ਧਰਮ ਦਾ ਸਮਨਵੈ ਹੁੰਦਾ ਹੈ। ਇਸ ਪੱਖੋਂ ਜੇ ਇਹ ਪੰਕਤੀਆਂ ਵਾਚੀਏ ਤਾਂ ਪਤਾ ਲਗਦਾ ਹੈ ਕਿ ਇਕ ਰਾਜਕੁਮਾਰੀ ਪਾਸੋਂ ਪਥਰ ਦੇ ਦੰਭ ਉਪਰ ਗੁਰੁ ਜੀ ਕਿਸ ਤਰ੍ਹਾਂ ਚੋਟ ਮਰਵਾਉਂਦੇ ਹਨ:

ਸਾਲਗ੍ਰਾਮ ਪੂਜਤ ਥਾ ਦਿਜ ਬਰ
ਭਾਂਤਿ ਭਾਂਤਿ ਤਿਹ ਸੀਸ ਨਯਾਇ ਕਰਿ
ਪੂਜਤ ਕਿਹ ਨਮਿਤਿਹ
ਸਿਰਨਾਵਤ ਕਰ ਜੋਰਿ ਕਾਜ ਜਿਹ
ਬਿਆਪਕ ਹੈ ਸਭਹੀ ਕੇ ਬਿਖੇ
ਕਛੁ ਪਾਹਨ ਮੈਂ ਪ੍ਰੇਮਸੁਰ ਨਾਹੀ
ਕਾਗਜ ਦੀਪ ਸਭੈ ਕਰਿ ਕੈ ਅਰ
ਸਾਤ ਸਮੁੰਦ੍ਰਨ ਕੀ ਮਸੁ ਕੈਯੇ
ਜੋ ਪ੍ਰਭ ਪਾਯਤੁ ਹੈ ਨਹਿ ਕੈਸੇ ਹੂ
ਸੋ ਜੜ੍ਹ ਪਾਹਨ ਮੈਂ ਨਰਰੈਯੈ -੨੬੬

ਸੰਖੇਪ ਵਿਚ, ਚਰਿਤ੍ਰੋ ਪਾਖਿਆਨ ਇਕ ਸਾਰ-ਗਰਭਿਤ ਰਚਨਾ ਹੈ। ਇਸਨੂੰ ਸਮਝਣ ਲਈ ਵੱਡੇ ਜੇਰੇ ਦੀ ਲੋੜ ਹੈ। ਇਸ ਰਚਨਾ ਦਾ ਪ੍ਰਭਾਵ ਆਉਣ ਵਾਲੇ ਸਮਿਆਂ ਵਿਚ ਆਪਣੀ ਸਾਖ ਆਪ ਭਰ ਗਿਆ। ਸਿੰਘ ਥਿੜਕੇ ਨਹੀਂ। ਧਿਆਨ ਰਹੇ, ਇਹ ਗੁਰੁ ਸਾਹਿਬ ਦੀ ਸਿਖਿਆ ਅਤੇ ਉਪਦੇਸ਼ ਦਾ ਹੀ ਚਮਤਕਾਰ ਸੀ ਕਿ ਜ਼ੁਲਮ ਦਾ ਸ਼ਿਕਾਰ ਹੋਇਆ ਖਾਲਸਾ, ਜੰਗਲਾਂ ਔਝੜਾਂ ਵਿਚ ਵਿਚਰ ਰਿਹਾ ਖਾਲਸਾ, ਸਦਾਚਾਰ ਕਰਕੇ ਬੜਾ ਹੀ ਬਲਵਾਨ ਹੋ ਨਿਬੜਿਆ। ਦਸਮ ਪਾਤਸ਼ਾਹ ਦੇ ਲੋਕ ਪਿਆਨੇ ਤੋਂ ਬਾਅਦ ਲਗਭਗ ਇਕ ਸਦੀ ਜ਼ੁਲਮੋ ਸਿਤਮ ਦਾ ਸ਼ਿਕਾਰ ਰਿਹਾ ਪਰ ਉਸਦੀ ਚਾਰਿਤ੍ਰਕ ਕਮਜ਼ੋਰੀ ਦੀ ਇਕ ਵੀ ਮਿਸਾਲ ਇਤਿਹਾਸ ਵਿਚ ਨਹੀਂ ਮਿਲਦੀ ਬਲਕਿ ਹਜ਼ਾਰਾਂ ਦੀ ਤੈਦਾਦ ਵਿਚ ਜਦੋਂ ਜੁਲਮੀ ਹਮਲਾਵਾਰ ਭਾਰਤ ਦੀਆਂ ਧੀਆਂ ਭੈਣਾਂ ਨੂੰ ਡੰਗਰਾਂ ਵਾਂਗ ਬੰਨ੍ਹ ਕੇ ਲਿਜਾ ਰਹੇ ਹੁੰਦੇ, ਸਿੰਘ ਜਾਨ ਹੂਲ ਕੇ ਉਹਨਾਂ ਨੂੰ ਛੁਡਾ ਲਿਆਉਂਦੇ ਤੇ ਕਦੇ ਮੈਲੀ ਅੱਖ ਕਰਕੇ ਨਾ ਵੇਖਦੇ। ਕਾਹਨੂੰਵਾਨ ਦੇ ਛੰਭ ਅਤੇ ਸਿੱਖ ਮਿਸਲਾਂ ਦੇ ਵੇਲੇ ਵੀ ਸਿੰਘਾਂ ਦੇ ਕਿਰਦਾਰ ਦੀ ਧਾਕ ਸੀ। ਸਿੰਘਾਂ ਦਾ ਕਿਰਦਾਰ ਇਤਨਾਂ ਉਂਚਾ ਰਿਹਾ ਕਿ ਲੋਕ ਸਿੰਘਾਂ ਦੀ ਸੋਹ ਚੁੱਕ ਲੈਂਦੇ ਸਨ। ਧੀਆਂ ਭੈਣਾਂ ਇਹਨਾਂ ਦੀਆਂ ਹਿਫਾਜ਼ਤ ਵਿਚ ਸੁਰੱਖਿਅਤ ਰਹਿੰਦੀਆਂ।ਅਜ ਜਿਹੜੀ ਬਾਣੀ ਬਾਰੇ ਸਿੱਖ ਵਿਵਾਦ-ਗ੍ਰਸਤ ਹੋ ਰਹੇ ਹਨ ਉਹ ਆਪਣੀ ਭਾਰੀ ਗਉਰੀ ਵਿਰਾਸਤ ਵਲ ਝਾਤ ਤਾਂ ਮਾਰਨ। ਪੂਰੇ ਗੁਰੁ ਦੇ ਉਪਦੇਸ਼ ਦੀ ਗੁਰਸਿੱਖਾਂ ਨੇ ਕਮਾਈ ਕਰਕੇ ਆਪਣੇ ਕਰਤਵ ਦੀ ਸਾਖ ਬਣਾਈ। ਇਹ ਤਾਂ ਦਸਮ ਗੁਰੁ ਦੀ ਗੁੜ੍ਹਤੀ ਹੀ ਸੀ ਜਿਸ ਨੂੰ ਸਿੰਘਾਂ ਨੇ ਆਪਣੇ ਜੀਵਨ ਵਿਚ ਉਤਾਰਿਆ।ਉੱਚੀ ਸੁੱਚੀ ਕਰਨੀ ਦੀ ਛਾਪ ਲਈ। ਗੁਰੁ ਦੀ ਬਾਣੀ ਵਿਚ ਅਕਸੀਰ ਸੀ। ਗੁਰੁ ਨੇ ਭਾਂਤ ਭਾਂਤ ਦੇ ਚਰਿਤਰ ਸਿਰਜ ਕੇ ਸਿੱਖਾਂ ਨੇ ਮਨ ਵਿਚ ਪੱਕੀ ਗੰਢ ਪਾ ਦਿੱਤੀ। ਤਾਂ ਹੀ ਤਾਂ ਸਿੱਖ ਉਂਚੇ ਸੁੱਚੇ ਜੀਵਨ ਵਾਲੇ ਹੋ ਨਿਬੜੇ। ਇਤਿਹਾਸ ਵਿਚ ਸਿੰਘਾਂ ਦੇ ਕਮਜ਼ੋਰ ਚਰਿਤਰ ਵਾਲੀ ਗੱਲ ਦੁਰਲੱਭ ਹੈ। ਸਿੰਘ ਪੂਰੇ ਰਹਿਤੀਏ ਬਣਕੇ ਵਿਚਰੇ। ਇਹਨਾਂ ਚਰਿਤ੍ਰਾਂ ਕਈ ਵਾਰ ਅਜਿਹੀਆ ਪ੍ਰਸ਼ਥੀਤੀਆ ਸਾਹਮਣੇ ਆਈਆਂ ਹਨ ਪਰ ਪਾਤਰ ਕੁਕਰਮ ਵਿਚ ਨਹੀਂ ਫਸਦੇ। ਇਹੋ ਜਿਹੇ ਉਚੇਰੇ ਪਾਤਰ ਹੀ ਚੰਗਾ ਪ੍ਰਭਾਵ ਪਾਉਂਦੇ ਹਨ ਤੇ ਲੋਕ ਮਨਾਂ ਵਿਚ ਉਚੇਰੀਆਂ ਕਦਰਾਂ-ਕੀਮਤਾਂ ਦਾ ਵਾਸ ਹੋ ਜਾਂਦਾ ਹੈ।ਚਰਿਤ੍ਰੋ ਪਾਖਿਆਨ ਨੂੰ ਸਮਝਣ ਬੁੱਝਣ ਲਈ ਮੋਕਲੀ ਮਾਨਸਿਕਤਾ ਦੀ ਜ਼ਰੂਰਤ ਹੈ। ਇਸ ਵਿਚ ਪਰ ਨਾਰੀ ਭੋਗ ਦੀ ਵਰਜਣਾ ਉਪਰ ਬਲ ਹੈ। ਇਸ ਵਰਜਣਾ ਦੇ ਸੁਰ ਨੂੰ ਵੰਨ-ਸੁਵੰਨ ਪਾਤਰਾਂ ਰਾਹੀਂ ਨਿਖਾਰ ਕੇ ਇਸ ਦੇ ਨਤੀਜਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਵਿਚ ਚਲਾਕੀਆਂ ਤੇ ਪ੍ਰਤੀ ਉਂਤਰ ਚਾਲਕੀਆਂ ਦੀ ਭਰਮਾਰ ਹੈ। ਇਹ ਰਚਨਾ ਇਕਮੁੱਖ ਇਕਾਗਰ ਪਰਨਾਰੀ ਵਰਜਣਾ ਦਾ ਪ੍ਰਾਪੇਗੰਡਾ ਕਰਦੀ ਹੈ। ਬਸ ਇਕੋ ਉਦੇਸ਼, ਇਕੋ ਮੰਤਵ, ਇਕੋ ਲੀਹ ਤੇ ਤੁਰਨ ਵਾਲੀ ਰਚਨਾ ਹੈ। ਸਮਾਜਿਕ ਸੇਧ ਕਿਸੇ ਇਕ ਲਈ ਨਹੀਂ ਸਗੋਂ ਦੋਹਾਂ ਨਰ-ਨਾਰੀ ਲਈ ਹੈ।

(ੳ) ਪਰਨਾਰੀ ਸੇ ਨੇਹੁ ਛੁਰੀ ਪੈਨੀ ਕਰਿ ਜਾਨਹੁ
ਪਰਨਾਰੀ ਕੈ ਭਜੇ ਕਾਲ ਵਿਆਪਯੋ ਤਨ ਮਾਨਹੁ

(ਅ) ਪਰਨਾਰੀ ਕੇ ਹੇਤ ਦਹਸੀਸ ਸੀਸ ਕਟਾਯੋ
ਹੋ ਪਰਨਾਰੀ ਕੇ ਹੇਤ ਕਟਕ ਕਵਰਨ ਕੌ ਧਾਯੌ

ਕੁਲ ਮਿਲਾਕੇ, ਕਿਹਾ ਜਾ ਸਕਦਾ ਹੈ ਕਿ ਚਰਿਤ੍ਰੋ ਪਾਖਿਆਨ ਵਿਚ ਉਪਦੇਸ਼ਾਤਮਕ ਸੁਰ ਖ਼ਾਸਾ ਉਚੇਰਾ ਹੈ। ਇਸ ਉਪਦੇਸ਼ ਦਾ ਮੁਖ ਸਿਹਤਮੰਦ ਸਮਾਜ ਦੀ ਸਿਰਜਨਾ ਹੈ। ਜਿਸਦੇ ਭਾਗੀਦਾਰ ਦੋਵੇਂ ਨਰ-ਨਾਰ ਹਨ। ਇਹ ਚਰਿਤਰ ਮਨਾਹੀਆਂ ਦਾ ਆਲਮ ਸਿਰਜਦੇ ਹਨ। ਇਹਨਾਂ ਵਿਚਲੀ ਅਪਾਰ ਵੰਨ-ਸੁਵੰਨਤਾ ਵੀ ਇਸੇ ਵਰਜਣਾ ਨੂੰ ਸਮਰਪਿਤ ਹੈ।ਦਸਮ ਗੁਰੁ ਦਾ ਉਦੇਸ਼ ਉਤਮੋ ਉਤਮ ਹੈ, ਜਿੰਨੀ ਦੇਰ ਨਿਸੰਗ ਹੋ ਕੇ ਕਿਸੇ ਬਿਮਾਰੀ ਦਾ ਜ਼ਿਕਰ ਨਾ ਹੋਵੇ, ਉਸਦਾ ਇਲਾਜ ਲੱਭਣਾ ਕਠਿਨ ਹੋ ਜਾਂਦਾ ਹੈ।ਬਿਮਾਰ ਮਾਨਸਿਕਤਾ ਦੀ ਪੜਚੋਲ ਨਿਸੰਗ ਹੋ ਕੇ ਹੀ ਕੀਤੀ ਜਾ ਸਕਦੀ ਸੀ।ਦਸਮ ਗੁਰੁ ਜੀ ਨਿਰਭੈਅ ਬਿਰਤੀ ਦੇ ਸੁਆਮੀ ਹਨ ਤਾਂਹੀਉਂ ਤਾਂ ਇਕ ਪਾਸੇ ਪੀਰ, ਦੂਜੇ ਪਾਸੇ ਰੋਸ਼ਨਆਰਾ ਦਾ ਚਿਤਰ ਅੰਕਿਤ ਕਰ ਦਿੱਤਾ ਹੈ।

ਸਾਹਿਤ-ਆਚਾਰੀਆਂ ਨੇ ਤਿੰਨ ਤਰ੍ਹਾਂ ਦੀਆਂ ਸ਼ਬਦ ਸ਼ਕਤੀਆਂ ਪ੍ਰਵਾਨ ਕੀਤੀਆਂ ਹਨ। ਅਭਿੱਧਾ, ਲੱਖਣਾ ਅਤੇ ਵਿਅੰਜਨਾਂ। ਅਭਿੱਧਾ ਸ਼ਕਤੀ ਦੀ ਵਰਤੋਂ ਵਾਲੇ ਪਾਠਕ ਇਸਦਾ ਸਹੀ ਮੁੱਲ ਨਹੀਂ ਪਾ ਸਕਦੇ। ਇਹ ਤਾਂ ਵਿਅੰਜਨ-ਵਾਪਾਰ ਨਾਲ ਸਮਝਣ ਵਾਲੀ ਰਚਨਾ ਹੈ। ਇਸ ਵਿਚ ਸਿਰਜਿਤ ਸਾਂਸਕ੍ਰਿਤਕ ਸੰਸਾਰ ਵੰਨ-ਸੁਵੰਨ ਚਰਿਤ੍ਰਾਂ ਰਾਹੀਂ ਭਰਪੂਰ ਸਭਿਆਚਰਕ ਵੇਰਵਿਆਂ ਨੂੰ ਸਨਮੁੱਖ ਕਰਦੇ ਹਨ। ਅਜ ਦਾ ਵਿਚਾਰਕ ਫਰਾਇਡ ਜੇ ਇਨਸਾਨੀ ਵਰਤਾਰੇ ਵਿਚ ‘ਕਾਮੁਕਤਾ’ ਨੂੰ ਬੀਜ-ਰੂਪ ਕਰਕੇ ਮੰਨਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਲਗਦਾ ਪਰ ਜੇ ਦਸ਼ਮ ਪਾਤਸ਼ਾਹ ਸਮਾਜਿਕ ਵਰਤੋਂ-ਵਿਹਾਰ ਦੇ ਮੂਲ ਵਿਚ ਇਸਦੀ ਨਿਸ਼ਾਨਦੇਹੀ ਕਰਕੇ ਸਮਾਜ ਨੂੰ ਸੁਚੇਤ ਕਰਦੇ ਹਨ ਤਾਂ ਸਾਡੀ ਤੁੱਛ ਬੁਧੀ ਉਥੋਂ ਤਕ ਨਹੀਂ ਪੁੱਜਦੀ। ਇਹ ਚਰਿਤ੍ਰੋ ਪਾਖਿਆਨ(੨੧੭) ਹੀ ਤਾਂ ਹੈ ਕਿ ਸਿਕੰਦਰ ਬਾਦਸ਼ਾਹ ਆਬੇ ਹਯਾਤ ਦੇ ਚਸ਼ਮੇ ਪਾਸ ਪਹੁੰਚ ਕੇ ਵੀ ਪਿਆਸਾ ਮੁੜ ਜਾਂਦਾ ਹੈ ਤੇ ਰੰਭਾ ਅਪੱਛਰਾ ਉਸ ਨੂੰ ਛਲ ਲੈਂਦੀ ਹੈ। ਛਲ-ਕਪਟ ਲੋਕ ਵਿਚ ਹੀ ਨਹੀਂ ਪਰਲੋਕ ਵਿਚ ਪਰਲੋਕ ਦਾ ਹੀ ਅੰਗ ਹਨ। ਦੈਤਾਂ ਦੇਵਤਿਆ ਦੇ ਯੁਧ ਇਸ ਬੁਨਿਆਦੀ ਛਲ ਕਪਟ ਕਾਰਨ ਹੀ ਹਨ। ਇਸ ਕਪਟੀ ਬਿਰਤੀ ਦੇ ਭਾਰੀ ਨੁਕਸਾਨ ਜੋ ਅਜ ਕਲ ਵੀ ਲੋਕਾਈ ਭੁਗਤ ਰਹੀ ਹੈ। ਇਸਦਾ ਰਚਨਾ-ਪਾਠ ਸਵੱਛ ਭਾਵਨਾ ਦੀ ਮੰਗ ਕਰਦਾ ਹੈ। ਇਹ ਮੁਕਤਮਨ ਹੋ ਕੇ ਪੜ੍ਹਨ ਵਾਲੀ ਰਚਨਾ ਹੈ। ਇਸ ਵਿਚ ਸਦਾਚਾਰ ਤੇ ਦਰਾਚਾਰ ਗਲਵਕੜੀ ਪਾਏ ਖੜ੍ਹੇ ਹਨ। ਨੇਕੀ-ਬਦੀ ਹੂੰਗ ਰਹੀਆ ਹਨ। ਪੁੰਨੀ-ਪਾਪੀ ਆਪੋ-ਆਪਣੇ ਕਿਰਦਾਰ ਦੀ ਗਵਾਹੀ ਭਰਦੇ ਹਨ। ਓਜਮਈ ਕਾਵਿ ਸੈਲੀ ਤੇਜਸਵੀ ਬ੍ਰਿਤਾਂਤ ਦਾ ਰੂਪ ਧਾਰਕੇ ਪ੍ਰਚੰਡ ਪ੍ਰਤਿਭਾ ਵਾਲੇ ਬਾਣੀਕਾਰ ਦਾ ਦੀਦਾਰ ਕਰਾਉਂਦੀ ਹੈ।ਉਹ ਖੁਦ ਆਪ ਨਿਰਲੇਪ ਹਨ ਪਰ ਰੰਗਬਿਰੰਗੀ ਉਂਜਲੀ ਤੇ ਸੜਿਹਾਂਦ ਮਾਰੀ ਮਾਨਸਿਕਤਾ ਦਾ ਨਿਰਮਲ ਦਰਸ਼ਨ ਕਰਾਉਂਦੇ ਹਨ। ਇਹੋ ਇਸ ਰਚਨਾ ਦੀ ਪ੍ਰਾਪਤੀ ਵੀ ਹੈ।
Reply Quote TweetFacebook
An excellent article by a very learned Bibi jee. It is lenghty but worth reading.

The aim or the goal that this baani wants to achieve is the following:


ਪਰਨਾਰੀ ਸੇ ਨੇਹੁ ਛੁਰੀ ਪੈਨੀ ਕਰਿ ਜਾਨਹੁ
ਪਰਨਾਰੀ ਕੈ ਭਜੇ ਕਾਲ ਵਿਆਪਯੋ ਤਨ ਮਾਨਹੁ

(Consider the love of women not your wife as sharp knife. By thinking about woman who is not your wife, causes the body to decay.)


Kulbir Singh
Reply Quote TweetFacebook
Bhai Sahib Bhai Randhi Singh Ji, in one of his books; narrates an incident that happened in Amritsar in his presence. A morally corrupt so called Sadhu; in the holy city; was roaming naked in a garden. A couple meets that rascal; for his blessings for a child. Bhai Sahib Ji being witness to that incident, narrates it in a very open, detailed and "so-called vulgar" terminology. His narration of that incident is very examplory & exceptional. The incident itself was of rare nature. The chapter from that book, "Gurmat Gorvita; Gurmat Mandan te Aanmat Khandan"; presents information as well as the writing style of the writer about such misdeeds of those corrupt persons. It also gives a moral booster lesson to the reader. Bhai Sahib Ji along with other Singhs; beats up and chases away that man. He was warned to never enter into "Guru Ki Nagri".

But that chapter has been deleted from the recent printings of that book. The reason being that; "It can not be read; in a family".

So, it proves that many of us are unable to see the mega vision of great writers. Guru Sahib or Akal Purakh; knows each bit of us. He knows the disease and the patients, as well.
Reply Quote TweetFacebook
ਗਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਬੀਬੀ ਜੀ ਹੋਰਾਂ ਜੋ ਉੱਦਮ ਕਰਕੇ ਦਸਮ ਗ੍ਰੰਥ ਦੀ ਚਰਚਿਤ ਰਚਨਾ ਬਾਰੇ ਜੋ ਸੰਖੇਪ ਜਿਹਾ ਅਧਿਐਨ ਕਰਨ ਦਾ ਯਤਨ ਕੀਤਾ ਹੈ ਉਹ ਸ਼ਲਾਘਾ ਯੋਗ ਹੈ। ਪਰ ਕਿਉਂਕਿ ਇਸ ਉਪਰ ਦਿੱਤੇ ਅਧਿਐਨ ਵਿਚ ਉਹ ਚਰਿਤਰ ਜਿਨ੍ਹਾਂ ਕਰਕੇ ਆਮ ਤੌਰ ਤੇ ਵਿਵਾਦ ਖੜਾ ਹੁੰਦਾ ਹੈ ਉਨ੍ਹਾਂ ਦੀ ਅਣਹੋਂਦ ਕਾਰਨ ਇਸ ਲੇਖ ਨੂੰ ਪੂਰਨ ਅਧਿਐਨ ਵੀ ਨਹੀਂ ਕਿਹਾ ਜਾ ਸਕਦਾ। ਹਾਂ ਜਿਨ੍ਹਾਂ ਚਰਿਤਰਾਂ ਨੂੰ ਅਧਿਐਨ ਵਿਚ ਬੀਬੀ ਜੀ ਨੇ ਲਿਖਿਆ ਹੈ ਉਹ ਵਿਸ਼ੇ ਵਸਤੂ ਪੱਖੋਂ, ਸ਼ਬਦਾਵਲੀ ਪੱਖੋਂ ਬਿਲਕੁਲ ਨਹੀ ਭਾਸਦੇ ਕਿ ਕੋਈ ਦੁਬਿਧਾ ਖੜੀ ਕਰਨ ਵਾਲੇ ਹਨ। ਪਰ ਕਿਉਂਕਿ ਤਕਨੀਕੀ ਪੱਖੋਂ ਕਿਸੇ ਵੀ ਵਿਸ਼ੇ ਜਾਂ ਰਚਨਾ ਦਾਂ ਅਧਿਐਨ ਤਦ ਹੀ ਮੁਕੰਮਲ ਮੰਨਿਆ ਜਾ ਸਕਦਾ ਹੈ ਜਦੋਂ ਉਸ ਵਿਚਲੇ ਤੱਥਾਂ ਨੂੰ ਪੂਰਨ ਤੌਰ ਤੇ ਵਿਚਾਰਿਆ ਹੋਵੇ। ਦਸਵੀਂ ਜਾਂ 10+2 ਪਾਸ ਕਰਨ ਵਾਸਤੇ ਜਮਾਤ ਵਿਚ ਲੱਗੇ ਹੋਏ ਵਿਸ਼ਿਆਂ ਵਿਚੋਂ ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਦੇ ਵਿਸ਼ਿਆਂ ਵਿਚੋਂ ਪਾਸ ਹੋਣ ਲਈ ਇਹਨਾਂ ਦੇ ਕਿਸੇ ਸਿਧਾਂਤ ਦਾ ਅਧਿਐਨ ਜਾਂ ਐਕਸਪੈਰੀਮੈਂਟਸ ਵਿਚੋਂ ਪਾਸ ਹੋਣਾ ਜਰੂਰੀ ਹੁੰਦਾ ਹੈ।ਦਿੱਤੀ ਹੋਈ ਸਾਰਣੀ ਵਿਚੋਂ ਐਕਸਪੈਰੀਮੈਂਟ ਆਪਣੀ ਖਾਹਸ਼ ਦਾ ਭਾਂਵੇ ਕੋਈ ਵੀ ਚੁਣਿਆ ਹੋਵੇ ਪਰ ਜਦ ਤੱਕ ਉਸਦਾ ਪੂਰਨ ਅਧਿਐਨ ਕਰਕੇ ਸਿੱਟਾ ਠੀਕ ਨਾ ਲਿਖਿਆ ਹੋਵੇ ਅਧਿਆਪਕ ਉਸਤੇ ਕਾਂਟਾ ਮਾਰ ਕੇ ‘ਫ਼ੇਲ’ ਸ਼ਬਦ ਲਿਖ ਦਿੰਦਾ ਹੈ। ਇਹ ਵੱਖਰੀ ਗੱਲ ਹੈ ਜੇਕਰ ਅਧਿਆਪਕ ਆਪਣੀ ਜਾਣ ਪਛਾਣ ਦਾ ਹੋਵੇ ਜਾਂ ਕਿਸੇ ਹੋਰ ਤਰੀਕੇ ਕਾਰਨ ਵੱਸ ਵਿਚ ਹੋਵੇ ਤਾਂ ਉਹ ਪਾਸ ਵੀ ਕਰ ਦੇਵੇ, ਪਰ ਇਸਤਰਾਂ ਕਰਨ ਨਾਲ ਵਿਦਿਆਰਥੀ ਵਲੋਂ ਪੇਸ਼ ਹੋਏ ਤੱਥ ਨਹੀਂ ਉਲਟ ਸਕਦੇ। ਇਵੇਂ ਹੀ ਜੇਕਰ ਅਸੀਂ ਗੁਰਬਾਣੀ ਜਾਂ ਕਿਸੇ ਹੋਰ ਰਚਨਾਵਾਂ ਦਾ ਅਧਿਐਨ ਲਿਖਦੇ ਹਾਂ ਤਾਂ ਸਾਨੂੰ ਪੂਰੇ ਤੱਥਾਂ ਦੀ ਜਾਣਕਾਰੀ ਦਿੱਤੇ ਬਗੈਰ ਹੀ ਉਸਨੂੰ ਅਧਿਐਨ ਨਹੀਂ ਮੰਨ ਲੈਣਾ ਚਾਹੀਦਾ।

ਦਾਸ ਕੋਈ ਵਿਦਵਾਨ ਜਾਂ ਲੇਖਕ ਤਾਂ ਨਹੀ ਪਰ ਉਪਰ ਦਿੱਤੇ ਲੇਖ ਨੂੰ ਪੜ ਕੇ ਜੋ ਮਹਿਸੂਸ ਹੋਇਆ ਉਹ ਲਿਖ ਰਿਹਾ ਹਾਂ। ਕਿਉਂਕਿ ਇਸ ਚਰਚਿਤ ਰਚਨਾ ਬਾਰੇ ਦੋ ਰਾਵਾਂ ਹਨ ਇਸ ਕਰਕੇ ਵਿਵਾਦਗ੍ਰਸਤ ਹੋਣਾ ਮਾਮੂਲੀ ਗੱਲ ਹੋ ਗਈ ਹੈ। ਇਸ ਰਚਨਾ ਤੇ ਜੇਕਰ ਸਰੋਸਰੀ ਨਿਗਾਹ ਮਾਰ ਕੇ ਕਹਿਣਾ ਹੋਵੇ ਤਾਂ ਇਸ ਵਿਚ ਕੋਈ ਸ਼ੱਕ ਨਹੀ ਕਿ ਇਹ ਗੁਰੂ ਸਾਹਿਬ ਜੀ ਰਚਨਾਂ ਹੈ ਕਿਉਂਕਿ ਇਸ ਵਿਚ ਪਵਿਤਰ ਸ੍ਰੀ ਮੁਖਬਾਕ ਬਾਣੀ ‘ਬੇਨਤੀ ਚੌਪਈ’ ਸ਼ਾਮਿਲ ਹੈ, ਇਸ ਕਰਕੇ ਕੋਈ ਕਿੰਤੂ ਪ੍ਰੰਤੂ ਕਰਨ ਵਿਚ ਝਿਝਕੇਗਾ ਹੀ ਨਹੀ ਬਲਕਿ ਇਸਤਰਾਂ ਕਰਨ ਨੂੰ ਸੋਚੇਗਾ ਵੀ ਨਹੀ ਪਰ ਜਦੋਂ ਥੌੜਾ ਗਹੁ ਕੀਤਿਆਂ ਉਸਤਰਾਂ, ਭੰਗ, ਸ਼ਰਾਬ, ਗੁਦਾ, ਭਗ, ਲਿੰਗ ਆਦਿ ਅੱਖਰਾਂ ਦਾ ਜ਼ਿਕਰ ਕੁਝ ਇੱਕ ਚਰਿਤਰਾਂ ਵਿਚ ਬੜੇ ਹੀ ‘ਬੇਨਤੀ ਚੌਪਈ’ ਦੀ ਸ਼ਬਦਾਵਲੀ ਨਾਲੋਂ ਅੱਡਰੇ ਤਰੀਕੇ ਨਾਲ ਆ ਜਾਂਦਾ ਹੈ ਤਾਂ ਇਹ ਸੁਭਾਵਿਕ ਹੀ ਹੈ ਕਿ ਇਸ ਸੰਭਾਵਨਾਂ ਤੋਂ ਭੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੀ ਇਹ ਰਚਨਾ ਭੀ ਗੁਰੂ ਸਾਹਿਬ ਦੀ ਹੀ ਹੈ ? ਬਹੁਤ ਸਾਰੇ ਲਿਖਾਰੀ ਜਿਹੜੇ ਇਸ ਪੂਰੀ ਰਚਨਾ ਨੂੰ ਗੁਰੂ ਕ੍ਰਿਤ ਮੰਨਦੇ ਹਨ ਅਜੇ ਤੱਕ ਇਸ ਗੱਲ ਨੂੰ ਸਪੱਸ਼ਟਾ ਸਹਿਤ ਨਹੀਂ ਦਰਸਾ ਸਕੇ ਕਿ ਕਿਸ ਭਾਵ ਵਿਚ ਜਾਂ ਕਾਰਨ ਗੁਰੂ ਸਾਹਿਬ ਨੇ ਇਹ ਚਰਿਤਰ ਲਿਖੇ। ਕੋਈ ਲਿਖਾਰੀ ਇਹਨੂੰ ਗੁਰੂ ਸਾਹਿਬ ਦੀ ਹੱਡ ਬੀਤੀ ਦੇ ਚਰਿਤਰ ਆਖਦਾ ਹੈ ਕੋਈ ਉਨ੍ਹਾਂ ਹੀ ਚਰਿਤਰਾਂ ਨੂੰ ਕਿਸੇ ਰਾਜੇ ਦੀ ਬੀਤੀ ਜਾਂ ਕਿਸੇ ਹੋਰ ਦੀ ਬੀਤੀ ਦਸਦੇ ਹਨ ਜਿਸ ਕਾਰਨ ਸਥਿਤੀ ਵਿਚ ਕੋਈ ਸਪੱਸ਼ਟਾ ਨਹੀਂ ਹੈ। ਜੇਕਰ ‘ਬੇਨਤੀ ਚੌਪਈ’ ਪੜੀ ਜਾਏ ਤਾਂ ਗੁਰੂ ਸਾਹਿਬ ਜੀ ਆਰੰਭ ਵਿਚ ਹੀ ਸਪੱਸ਼ਟ ਕਰ ਦਿੰਦੇ ਹਨ:

ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਚਿੱਤ ਕੀ ਇੱਛਾ॥
ਤਵ ਚਰਨਨ ਮਨ ਰੈ ਹਮਾਰਾ ॥ ਅਪਨਾ ਜਾਨਿ ਕਰੋ ਪ੍ਰਤਿਪਾਰਾ ॥1॥


ਜਿਹੜੀ ਕਿ ਬਿਲਕੁੱਲ ਵਿਸ਼ੇ ਵਸਤੂ ਅਨੁਸਾਰ ਆਪਣੇ ਪੰਜਵੇਂ ਜਾਮੇ ਵਿਚ ਕਹਿੰਦੇ ਹਨ:

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥…
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥…


ਅਤੇ ਇਸੇ ਭਾਵ ਵਿਚ ਪੂਰੀ ਬੇਨਤੀ ਚਲ ਰਹੀ ਹੈ। ਇਸ ਗੱਲ ਨੂੰ ਵੀ ਅਧਿਐਨ ਦਾ ਹਿੱਸਾ ਜਰੂਰ ਬਨਾਉਣਾ ਚਾਹੀਦਾ ਸੀ। ਪਰ ਫਿਰ ਵੀ ਇਹ ਗੱਲ ਜਰੂਰ ਧਿਆਨ ਮੰਗਦੀ ਹੈ ਕਿ ਭੰਗ ਉਸਤਰਿਆਂ ਵਾਲੇ ਚਰਿਤਰ ਜਿਹੜੇ ਬੀਬੀ ਜੀ ਨੇ ਲਿਖਤ ਵਿਚ ਨਹੀਂ ਲਿਖੇ ਕੀ ਉਹ ਇਸ ਰਚਨਾ ਦਾ ਹਿੱਸਾ ਹਨ? ਜੇ ਹਨ ਤਾਂ ਅਧਿਐਨ ਵਿਚ ਕਿਉਂ ਨਹੀ ਆ ਸਕੇ?

ਦਾਸ ਟੂਕ ਮਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇਸ ਵਿਵਰਜਿਤ ਕਰਮ ਨੂੰ ਗੁਰੂ ਸਾਹਿਬ ਦੁਆਰਾ ਕਿਵੇਂ ਬਾਖੂਬੀ ਸਮਝਾ ਦਿੱਤਾ ਗਿਆ ਹੈ ਕਿ:

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥
ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥1॥(ਪੰਨਾ 403)


ਅਤੇ ਕਿਵੇਂ ਪਰ ਇਸਤ੍ਰੀ, ਪਰ ਮਰਦ ਦਾ ਸੰਗ ਸੱਪ ਦਾ ਸੰਗ ਕਰਨਾ ਹੀ ਹੈ ਭਾਵ ਇਸ ਜ਼ਹਿਰ ਨਾਲ ਸਰੀਰ ਖ਼ਤਮ ਕਰਨਾ ਹੈ:

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥2॥(ਪੰਨਾ 403)


ਇਸੇਤਰਾਂ ਵੱਖ ਵੱਖ ਚਰਿਤਰਾਂ ਦਾ ਪ੍ਰਭਾਵ ਨੂੰ ਦ੍ਰਿਸ਼ਟਾਉਦੇ ਭਾਵ:

ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥
ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥3॥(ਪੰਨਾ 672)


ਫਿਰ ਗੁਰੂ ਸਾਹਿਬ ਐਥੋਂ ਤੱਕ ਵੀ ਚਿਤਾਵਨੀ ਦਿੰਦੇ ਹਨ ਕਿ ਜੇਕਰ ਬੰਦਾ ਇਸ ਵਿਸ਼ੇ ਵਿਕਾਰ ਨੂੰ ਲੱਖ ਵਾਰੀ ਵੀ ਭੋਗ ਲਵੇ ਤਾਂ ਵੀ ਤ੍ਰਿਸ਼ਨਾ ਨਹੀ ਮਿਟਦੀ … ਜੇ ਲਖ ਭੋਗਹਿ ਨਾਰੀਆ… ਵਾਲਾ ਸ਼ਬਦ।

ਅਗਾਂਹ ਦੇਖੋ ਗੁਰੂ ਸਾਹਿਬ ਨੇ ਕੇਹੇ ਜਿਹਾ ਚਰਿਤਰ ਕਿਸੇ ਸੰਨਆਸੀ ਅਖਵਾਉਦੇਂ ਵਿਭਚਾਰੀ ਬੰਦੇ ਦਾ ਦਰਸਾਇਆ ਹੈ:

ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥
ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥6॥ (ਪੰਨਾ 1012)


ਸੋ ਗੁਰਬਾਣੀ ਦੀ ਇਨ੍ਹਾਂ ਟੂਕ ਮਾਤਰ ਤੂਕਾਂ ਤੋਂ ਵਿਸ਼ਾ ਵਸਤੂ ਇਹੋ ਜਿਹਾ ਸਪੱਸ਼ਟ ਹੁੰਦਾ ਹੈ ਕਿ ਹੋਰ ਅਗਾਂਹ ਜਾਣ ਦੀ ਜਰੂਰਤ ਹੀ ਨਹੀ ਪੈਂਦੀ। ਫਿਰ ਗੁਰੂ ਸਾਹਿਬ ਬਿਲਕੁਲ ਹੋਰ ਸਾਫ਼ ਕਰ ਦਿੰਦੇ ਕਿ ਇਹੋ ਜਿਹੀਆ ਭੈੜੀਆਂ ਵਾਦੀਆ ਵਿਚ ਪੂਰਾ ਸੰਸਾਰ ਹੀ ਡੁਬਿਆ ਪਿਆ ਹੈ ਬਸ ਉਸੇ ਦਾ ਹੀ ਬਚਾਉ ਹੈ ਜਿਸ ਨੇ ਪੂਰੇ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਓਟ ਲੈ ਲਈ ਹੈ।

ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥(ਪੰਨਾ 403)

ਇਸ ਉਪਰਲੀ ਗੁਰਬਾਣੀ ਵਿਚਾਰ ਤੋਂ ਇਹ ਭਲੀਭਾਂਤ ਸਿੱਧ ਹੁੰਦਾ ਹੈ ਕਿ ਜੋ ਗੱਲਬਾਤ ਗੁਰੂ ਸਾਹਿਬ ਖੁੱਲ ਕੇ ਦੱਸ ਸਕਦੇ ਹਨ ਉਸਨੂੰ ਕਿਧਰੇ ਹੋਰ ਜਗ੍ਹਾ ਜਾ ਕੇ ਲੁਕੋ ਕੇ ਕਹਿਣ ਜਾਂ ਸਿੱਖਾਂ ਵਾਸਤੇ ਲੁਕ ਲੁਕ ਕੇ ਪੜਨ ਲਈ ਲਿਖਣ ਤਾਂ ਇਸ ਗੱਲ ਨੂੰ ਮੰਨਣਾ ਕਠਿਨ ਹੈ। ਸੋ ਜਿਨ੍ਹਾਂ ਚਰਿਤਰਾਂ ਬਾਬਤ ਵਿਵਾਦ ਹੈ ਉਹ ਵੀ ਗੁਰਬਾਣੀ ਚਾਨਣੇ ਵਿਚ ਜਰੂਰ ਘੋਖਣੇ ਚਾਹੀਦੇ ਹਨ ਅਤੇ ਜਿਹੜੇ ਓਸ ਕਸਵਟੀ ਤੇ ਪੂਰੇ ਨਹੀਂ ਉਤਰਦੇ ਉਨ੍ਹਾਂ ਨੂੰ ਗੁਰੂ ਕ੍ਰਿਤ ਮੰਨਣਾ ਇਕ ਸਵਾਲ ਹੀ ਪੈਦਾ ਕਰੇਗਾ ਅਤੇ ਤਾਂ ਹੀ ਸਾਡੇ ਪੇਸ਼ ਕੀਤੇ ਹੋਏ ਅਧਿਐਨ ਸੰਗਤ ਦੀ ਕਚਹਿਰੀ ਵਿਚ ਪਾਸ ਗਿਣੇ ਜਾਣਗੇ ਜੇਕਰ ਅਧਿਆਨ ਪੂਰਨ ਹੋਵਣ ਨਹੀਂ ਤਾਂ ਅਧੂਰੇ ਹੋਣ ਕਾਰਨ ਫ਼ੇਲ ਹੀ ਹੋਣਗੇ।

ਬਾਣੀ ਅਗਾਧ ਬੋਧ ਹੋਣ ਕਰਕੇ ਵਿਚਾਰ ਕਰਦਿਆਂ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ਼ ਕੁਝ ਲਿਖਿਆ ਗਿਆ ਹੋਵੇ ਸੰਗਤ ਦਰੁਸਤ ਕਰ ਸਕਦੀ ਹੈ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
ਭਾਈ ਸਾਹਿਬ ਜਸਜੀਤ ਸਿੰਘ ਜੀਓ,

ਗੁਰਾਂ ਦੀ ਗਤਿ ਮਿਤਿ ਆਪਾਂ ਅਲਪਗ ਜੀਵ ਨਹੀਂ ਜਾਣ ਸਕਦੇ। ਸਦੀਆਂ ਤੋਂ ਦਸਮ ਗ੍ਰੰਥ ਨੂੰ ਸਮੁਚੇ ਤੌਰ ਤੇ ਪੰਥ ਵਲੋਂ ਮਾਨਤਾ ਦਿਤੀ ਜਾਂਦੀ ਰਹੀ ਹੈ ਤੇ ਪਿਛਲੀ ਸਦੀ ਦੇ ਮਹਾਨ ਗੁਰਮੁਖਾਂ ਭਾਈ ਸਾਹਿਬ ਰਣਧੀਰ ਸਿੰਘ ਜੀ, ਸੰਤ ਅਤਰ ਸਿੰਘ ਜੀ ਮਸਤੁਆਣਾ ਵਲੋਂ ਇਸ ਬਾਰੇ ਕੋਈ ਟੀਕਾ ਟਿਪਣੀ ਨਹੀਂ ਕੀਤੀ ਗਈ ਸਗੋਂ ਦਸਮ ਗ੍ਰੰਥ ਵਿਚੋਂ ਬੇਅੰਤ ਪ੍ਰਮਾਣ ਆਪਣੀਆਂ ਪੁਸਤਕਾਂ ਵਿਚ ਦਿਤੇ ਜਾਂਦੇ ਰਹੇ ਹਨ। ਇਸ ਬਾਰੇ ਇਹ ਵਿਵਾਦ ਮਿਸ਼ਨਰੀ ਵੀਰਾਂ ਵਲੋਂ ਕੁਝ 30 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਹੈ। ਐਨੇ ਗੁਰਸਿਖ ਪਿਛਲੇ 200 – 300 ਸਾਲ ਵਿਚ ਹੋ ਗੁਜ਼ਰੇ ਹਨ, ਉਹਨਾਂ ਨੇ ਤਾਂ ਕਦੇ ਦਸਮ ਗ੍ਰੰਥ ਵਿਚਲੀ ਬਾਣੀ ਤੇ ਕੋਈ ਉਟੰਕਣ ਨਹੀਂ ਕੀਤਾ। ਫੇਰ ਆਪਾਂ ਨੂੰ ਕੀ ਲੋੜ ਪਈ ਹੈ ਇਸ ਦੀ ਵਿਰੋਧਤਾ ਕਰਨ ਦੀ? ਹਾਂ ਗੁਰਾਂ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਜਾਂ ਇਸ ਵਿਚੋਂ ਹੁਕਮਨਾਮਾ ਸਾਹਿਬ ਲੈਣਾ ਜਾਂ ਇਸ ਦੇ ਸਾਹਮਣੇ, ਇਸ ਨੂੰ ਗੁਰੂ ਸਮਝ ਕੇ ਅਰਦਾਸ ਕਰਨੀ, ਠੀਕ ਨਹੀਂ ਲਗਦੀ। ਅਖੰਡ ਕੀਰਤਨੀ ਜਥੇ ਦੀ ਇਹ ਰਵਾਇਤ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕਰਨਾ। ਸੋ ਆਪਾਂ ਇਸੇ ਹੀ ਰਵਾਇਤ ਨੂੰ ਅੱਗੇ ਤੋਰਨ ਦੇ ਹਿਮਾਇਤੀ ਹਾਂ ਜੀ।

ਦਾਸ ਦਾ ਤਾਂ ਇਹ ਮੱਤ ਹੈ ਕਿ ਆਪਾਂ ਨੂੰ ਵੀ ਦਸਮ ਗ੍ਰੰਥ ਦੀ ਚਰਿਤ੍ਰੋ ਪਖਿਆਨ ਰਚਨਾ ਦਾ ਵਿਰੋਧ ਥੋੜੇ ਜਿਹੇ ਲਫਜ਼ ਪੜਕੇ ਨਹੀਂ ਕਰਨਾ ਚਾਹੀਦਾ। ਚਾਹੀਦਾ ਤਾਂ ਇਹ ਹੈ ਕਿ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ ਤੇ ਇਸ ਤਰਾਂ ਦੇ ਬੇਲੋੜੇ ਵਾਦ ਵਿਚ ਨਹੀਂ ਪੈਣਾ ਚਾਹੀਦਾ। ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਮੱਤ ਉਹੋ ਹੀ ਸਾਡਾ ਮੱਤ ਚਾਹੀਦਾ ਹੈ।

ਬਾਕੀ ਜੋ ਤੁਸੀਂ ਭੰਗ, ਉਸਤਰੇ ਵਾਲੇ ਚਰਿਤ੍ਰਾਂ ਦਾ ਜ਼ਿਕਰ ਕੀਤਾ ਹੈ ਉਸ ਬਾਰੇ ਇਹ ਵਿਚਾਰ ਹੈ ਕਿ ਜਦੋਂ ਗੱਲ ਵਿਭਚਾਰੀ ਕਿਸਮ ਦੇ ਲੋਕਾਂ ਦੀ ਚੱਲ ਰਹੀ ਹੋਵੇ ਅਤੇ ਵਿਸ਼ਾ ਕਾਮ ਹੋਵੇ, ਉਦੋਂ ਇਸ ਤਰਾਂ ਦੇ ਜ਼ਿਕਰ ਹੋਣੇ ਸੁਭਾਵਕ ਹੀ ਹਨ। ਜੇਕਰ ਵਿਸ਼ਾ ਕ੍ਰੋਧ ਹੁੰਦਾ ਤਾਂ ਕੀ ਕਿਸੇ ਚਰਿਤ੍ਰ ਦਾ ਵਰਨਣ ਸ਼ਸਤ੍ਰਾਂ ਅਤੇ ਜੰਗ ਜੁਧ ਦੇ ਵਰਨਣ ਤੋਂ ਬਗੈਰ ਹੋ ਸਕਦਾ ਸੀ? ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਚਰਿਤ੍ਰਾਂ ਦਾ ਉਦੇਸ਼ ਕੀ ਹੈ। ਇਹਨਾਂ ਚਰਿਤ੍ਰਾਂ ਦਾ ਉਦੇਸ਼ ਤਾਂ ਇਸ ਰਚਨਾ ਦੇ ਸ਼ੁਰੂ ਵਿਚ ਹੀ ਕੀਤਾ ਹੈ ਜਦੋਂ ਆਪਾਂ ਪੜਦੇ ਹਾਂ ਕਿ ਇਕ ਸਿਆਣਾ ਮੰਤ੍ਰੀ ਆਪਣੇ ਰਾਜੇ ਨੂੰ ਵਿਭਚਾਰੀ ਔਰਤਾਂ ਵਲੋਂ ਖਬਰਦਾਰ ਕਰਨ ਲਈ ਉਸ ਨੂੰ ਇਹਨਾਂ ਦੇ ਚਰਿਤ੍ਰ ਸੁਣਾਉਂਦਾ ਹੈ ਤਾਂ ਜੋ ਉਹ ਬੇਕਸੂਰ ਹਣਵੰਤ ਸਿੰਘ ਨੂੰ ਸਜ਼ਾ ਨਾ ਦੇਵੇ। ਬਾਕੀ ਭੰਗ ਤੇ ਉਸਤਰਾ ਕਰਨ ਦੇ ਜ਼ਿਕਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਹਨ।

ਸਮਝਣ ਵਾਲੀ ਗੱਲ ਇਹ ਹੈ ਕਿ ਦਸਮ ਗ੍ਰੰਥ ਵਿਚ ਸਚਖੰਡੀ ਬਾਣੀ ਵੀ ਹੈ ਤੇ ਸਾਹਿਤਕ ਰਚਨਾ ਵੀ ਹੈ। ਇਸ ਸਾਹਿਤਕ ਰਚਨਾ ਦਾ ਉਦੇਸ਼ ਸਿਖਾਂ ਨੂੰ ਦੂਸਰੇ ਧਰਮਾਂ ਦੀ ਜਾਣਕਾਰੀ ਦੇਣਾ ਹੈ ਅਤੇ ਚਰਿਤ੍ਰੋਪਖਿਆਨ ਦਾ ਉਦੇਸ਼ ਸਿਖਾਂ ਨੂੰ ਕਾਮੁਕ ਸਥਿਤੀਆਂ ਵਿਚ ਫਸਣ ਤੋਂ ਖਬਰਦਾਰ ਕਰਨਾ ਹੈ। ਬਾਕੀ ਭਾਈ ਗੁਰੂ ਸਾਹਿਬ ਹੀ ਜਾਣਦੇ ਹਨ ਕਿ ਸਚ ਕੀ ਹੈ ਤੇ ਝੁਟ ਕੀ। ਆਪਾਂ ਗੁਰੂ ਗੁਰੂ ਕਰੀਏ ਤੇ ਆਪਣਾ ਜਨਮ ਸਵਾਰਣ ਦੀ ਕੋਸ਼ਿਸ਼ ਕਰੀਏ।

ਕੁਲਬੀਰ ਸਿੰਘ
Reply Quote TweetFacebook
Sorry, you can't reply to this topic. It has been closed.