ਗੁਰੂ ਪਿਆਰੇ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
ਵਾਹ! ਫ਼ਤਿਹ ਦੀ ਸਾਂਝ ਪਾਉਣ ਦੀ ਹਰੇਕ ਗੁਰਸਿੱਖ ਮਾਈ ਭਾਈ ਨੂੰ ਗੁਰੂ ਸਰੂਪ ਪੰਜਾਂ ਪਿਆਰਿਆਂ ਵਲੋਂ ਹੁਕਮ ਹੈ ਅਤੇ ਜਿੰਨਾ ਹੋ ਸਕੇ ਸਗੋਂ ਗੱਜ ਕੇ ਫ਼ਤਿਹ ਗਜਾਉਣੀ ਚਾਹੀਦੀ ਹੈ ਗੁਰੂ ਸਾਹਿਬ ਪ੍ਰਸੰਨ ਹੁੰਦੇ ਹਨ। ਦਾਸ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅਧਿਐਨ ਕਰ ਰਿਹਾ ਸੀ ਕਿ ਭਾਈ ਸਾਹਿਬ ਜੀ ਦੀ ਇਸ ਪਉੜੀ ਤੇ ਨਿਗਾਹ ਪਈ ਤਾਂ ਭਾਈ ਸਾਹਿਬ ਨੇ ਕੀ ਕਮਾਲ ਦੀ ਗੱਲ ਲਿਖੀ ਹੈ ਇਸ ਬਾਬਤ। ਪੂਰੀ ਪਉੜੀ ਹੀ ਗੁਰਸਿੱਖ ਦੀ ਹੱਥੀ ਕਾਰ ਦਾ ਖੂਬ ਚਿੱਤਰ ਪੇਸ਼ ਕਰਦੀ ਹੈ:
ਗੁਰਮੁਖਿ ਹਥਿ ਸਕਥ ਹਨਿ ਸਾਧਸੰਗਤਿ ਗੁਰ ਕਾਰ ਕਮਾਵੈ॥
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮ੍ਰਿਤੁ ਪਾਵੈ॥
ਗੁਰਬਾਣੀ ਲਿਖਿ ਪੋਥੀਆ ਤਾਲ ਮ੍ਰਿਦੰਗ ਰਬਾਬ ਵਜਾਵੈ॥
ਨਮਸਕਾਰ ਡੰਡਉਤ ਕਰਿ ਗੁਰਭਾਈ ਗਲਿ ਮਿਲਿ ਗਲਿ ਲਾਵੈ॥
ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ॥
ਪਾਰਸੁ ਪਰਸਿ ਅਪਰਸਿ ਹੋਇ ਪਰ ਤਨ ਪਰ ਧਨ ਹਥੁ ਨ ਲਾਵੈ॥
ਗੁਰਸਿਖ ਗੁਰ ਸਿਖ ਪੂਜ ਕੈ ਭਾਇ ਭਗਤਿ ਭੈ ਭਾਣਾ ਭਾਵੈ॥
ਆਪੁ ਗਵਾਇ ਨ ਆਪੁ ਗਣਾਵੈ ॥12॥ਵੇਖੋ ਇਹ ਤੁਕ
‘ਨਮਸਕਾਰ ਡੰਡਉਤ ਕਰਿ ਗੁਰਭਾਈ ਗਲਿ ਮਿਲਿ ਗਲਿ ਲਾਵੈ॥’ ਭਾਈ ਸਾਹਿਬ ਤਾਂ ਇਥੋ ਤੱਕ ਕਹਿੰਦੇ ਹਨ ਕਿ ਇੱਕਲੀ ਨਮਸਕਾਰ ਹੀ ਨਹੀ ਨਾਲ ਡੰਡਉਤ ਕਰਿ ਗੁਰਭਾਈ ਨੂੰ ਗਲੇ ਲੱਗ ਕੇ ਮਿਲਦੇ ਹਨ। ਹੁਣ ਇਸ ਬਾਬਤ ਹੋਰਨਾਂ ਦਾ ਤਾਂ ਪਤਾ ਨਹੀ ਪਰ ਜਥੇ ਵਿਚ ਜਿਵੇਂ ਭਾਈ ਮਹਿਤਾਬ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਗਲੇ ਲੱਗ ਕੇ ਸਿੰਘ ਸਿੰਘਣੀਆਂ ਅਜੇ ਵੀ ਮਿਲਦੇ ਹਨ ਤੇ ਖੰਡਾ ਖੜਕਾਉਂਦੇ ਹਨ। ਜੇਕਰ ਢਿੱਲ ਨਜ਼ਰ ਆਈ ਹੈ ਤਾਂ ਉਹ ਇਹ ਹੈ ਕਿ ਹੁਣ ਸਿਰਫ਼ ਜਾਣਕੀਰ ਸਿੰਘ ਸਿੰਘਣੀਆ ਵਿਚ ਹੀ ਸੀਮਤ ਹੋ ਗਈ ਹੈ। ਦਾਸ ਨਾਮ ਲਏ ਬਗੈਰ ਪਰ ਲਿਖਣੋ ਸੰਕੋਚ ਵੀ ਨਾ ਕਰਦਾ ਹੋਇਆ ਇਹ ਜ਼ਰੂਰ ਕਹੇਗਾ ਕਿ ਪਿਛਲੇ ਸਾਲ ਟੋਰਾਂਟੋ ਸਮਾਗਮ ਤੇ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਬੁੰਗੇ ਵਿਖੇ ਸਮਾਂ ਲੈ ਕੇ ਜਾਣ ਦਾ ਮੌਕਾ ਬਣਿਆ ਹੋਰ ਸਾਰੇ ਸਵਾਗਤ ਵਿਚ ਭਾਈ ਸਾਹਿਬ ਜੀ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ ਸ਼ਾਇਦ ਦਾਸ ਤੋਂ ਵੀ ਉਵੇਂ ਦੀ ਨਾ ਕਰ ਹੋਵੇ ਪਰ ਮਿਲਣੀ ਵੇਲੇ ਗਲ ਲੱਗਣ ਵਾਲੀ ਘਾਟ ਜ਼ਰੂਰ ਮਹਿਸੂਸ ਹੋਈ ਤੇ ਦਾਸ ਨੂੰਆਪ ਗਲ ਪੈਣ ਤੋਂ ਝਿਜਕ ਮਹਿਸੂਸ ਹੋਈ ਸਾਥੋਂ ਵੱਡੇ ਹੋਣ ਕਰਕੇ ਪਹਿਲ ਉਨ੍ਹਾਂ ਨੂੰ ਛੱਡ ਦਿੱਤੀ ਸੀ। ਮੌਕਿਆ ਬਣਿਆ ਤਾਂ ਐਤਕਾਂ ਉਲਾਂਭੇ ਲਾਹਵਾਂਗੇ। ਖ੍ਹੈਰ ਗੱਲ ਚਲ ਰਹੀ ਸੀ ਭਾਈ ਸਾਹਿਬ ਜੀ ਦੀ ਰਚਿਤ ਵਾਰ ਦੀ ਇਸ ਪਉੜੀ ਦੀ ਅਤੇ ਜੇਕਰ ਦਾਸ ਤੋਂ ਕੋਈ ਬੇਇਨਸਾਫੀ ਨਾ ਹੋਈ ਹੋਵੇ ਤਾਂ ਸਰਲ ਅਰਥ ਕੁਝ ਇਸਤਰਾਂ ਹਨ ਜੀ :
ਉਹਨਾਂ ਗੁਰਮੁਖਾਂ ਦੇ ਹੱਥ ਸਫਲੇ ਹਨ ਸਾਧਸੰਗਤ ਰਾਹੀ ਗੁਰੂ ਦੀ ਸੇਵਾ ਕਰਦੇ ਹਨ। ਸੰਗਤਾਂ ਨੂਮ ਪੱਖਾ ਝਲਣਾ, ਲੰਗਰ ਵਾਸਤੇ ਦਾਣੇ ਪੀਂਹਣੇ, ਪਾਣੀ ਢੋਣਾ ਅਤੇ ਸੰਗਤਾਂ ਦੇ ਚਰਨ ਧੋਇ ਕਰ ਗੁਰੂ ਦੇ ਚਰਣਾਮ੍ਰਿਤ ਨੂੰ ਪਾਉਂਦੇ ਹਨ। ਗੁਰਬਾਣੀ ਦੀਆਂ ਪੋਥੀਆਂ ਗੁਟਕੇ ਲਿਖਦੇ ਹਨ ਅਤੇ ਜੋੜੀ, ਮ੍ਰਿਦੰਗ ਰਬਾਬ ਵਜਾ ਕੀਰਤਨ ਕਰਦੇ ਹਨ। ਫਿਰ ਆਖਦੇ ਨੇ ਨਮਸਕਾਰ ਤੇ ਡੰਡਉਤ ਕਰਕੇ, ਗੁਰ ਭਾਈਆਂ ਨੂੰ ਗਲੇ ਲਾ ਕੇ ਮਿਲਦੇ ਹਨ। ਕਿਰਤ ਵਿਰਤ ਧਰਮ ਦੀ ਕਰਦੇ ਹਨ ਭਾਵ ਦਸਾਂ ਨੋਹਾਂ ਦੀ ਕਿਰਤ ਕੋਈ ਵੱਢੀ ਜਾਂ ਛਲ ਕਪਟ ਕਰਕੇ ਕਿਰਤ ਨਹੀਂ ਕਰਦੇ ਅਤੇ ਉਸ ਵਿਚੋਂ ਦਸਵੰਧ ਕਢਦੇ ਹਨ। ਪਾਰਸੁ ਪਰਸਿ ਇਥੇ ਪਾਰਸੁ ਤੋਂ ਭਾਵ ਗੁਰਮੰਤਰ ਗੁਰ-ਸ਼ਬਦ ਦਾ ਜਾਪ ਹੀ ਹੈ ਕਿਉਂਕਿ ਸੁ ਔਕੜ ਹੈ ਸੌ ਪਾਰਸੁ ਨੂੰ ਪਰ ਸਕੇ ਅਪਰਸਿ ਭਾਵ ਤਿਆਗੀ ਹੋ ਜਾਂਦੇ ਹਨ ਅਤੇ ਪਰ ਇਸਤ੍ਰੀ ਜਾਂ ਪੁਰਸ਼ ਨੂੰ ਅਤੇ ਪਰਾਏ ਧਨ ਨੂੰ ਹੱਥ ਤੱਕ ਨਹੀਂ ਲਾਉਦੇ। ਗੁਰਸਿੱਖ ਗੁਰੂ ਦੀ ਦ੍ਰਿੜਾਈ ਹੋਈ ਸਿਖਿਆ ਨੂੰ ਪੂਜ ਕੈ (ਗੁਰਬਾਣੀ ਦੀ ਸਿਖਿਆ ਨੂੰ ਮੰਨਦੇ ਹੋਏ) ਭਾਣੇ ਵਿਚ ਹੀ ਰਹਿਣ ਵਾਲੀ ਭਾਵਨੀ ਵਾਲੀ ਭਾਇ ਭਗਤਿ ਵਿਚ ਰਹਿੰਦੇ ਹਨ ਅਤੇ ਆਪਾ ਭਾਵ ਗਵਾ ਕੇ ਆਪਣੇ ਆਪਨੂੰ ਕਦੀ ਵੀ ਨਹੀਂ ਜਤਾਉਂਦੇ।
ਦਾਸ ਤਾਂ ਇਹੋ ਹੀ ਆਖੇਗਾ ਕਿ ਬ੍ਰਹਮਗਿਆਨੀ ਭਾਈ ਸਾਹਿਬ ਗੁਰਦਾਸ ਜੀ ਵਲੋਂ ਵਾਰ ਦੇ ਰੂਪ ਵਿਚ ਲਿਖੇ ਏਸ ਰਹਿਤਨਾਮੇ ਤੋਂ ਉਪਰ ਹੋਰ ਕਿਸੇ ਰਹਿਤਨਾਮੇ ਦੀ ਜ਼ਰੂਰਤ ਹੀ ਨਹੀਂ ਪੈਂਦੀ। ਕਾਸ਼ ਕਿ ਦਾਸ ਦਾ ਜੀਵਨ ਵੀ ਜਿਵੇ ਭਾਈ ਸਾਹਿਬ ਜੀ ਨੇ ਚਿਤਵਿਆ ਹੈ ਉਹੋ ਜਿਹਾ ਹੀ ਬਣ ਆਵੇ। ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੀ ਹੋ ਜਾਈਏ ਤਾਂ ਕਿ ਸਾਡੇ ਵਰਗੇ ਪਾਪੀਆਂ ਦਾ ਵੀ ਗਤੀ ਹੋ ਜਾਵੇ। ਵੀਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਦੇਣੀ ਜੀ।
“ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥”ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,ਜਸਜੀਤ ਸਿੰਘ