ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Vichaar on Siri Akhand Paath Sahib

Posted by Kulbir Singh 
ਸ੍ਰੀ ਅਖੰਡ ਪਾਠ ਸਾਹਿਬ ਬਾਰੇ ਵਿਚਾਰ

ਪੁਰਾਤਨ ਸਮੇਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਦਾ ਗੁਰਮਤਿ ਸਮਾਗਮਾਂ ਵਿਚ ਇਕ ਅਹਿਮ ਸਥਾਨ ਹੋਇਆ ਕਰਦਾ ਸੀ। ਕੋਈ ਵੀ ਵਡਾ ਸਮਾਗਮ, ਸ੍ਰੀ ਅਖੰਡ ਪਾਠ ਸਾਹਿਬ ਨਾਲ ਹੀ ਸ਼ੁਰੂ ਹੋਇਆ ਕਰਦਾ ਸੀ ਜਿਵੇਂ ਕਿ ਅੰਮ੍ਰਿਤ ਸਿੰਚਾਰ ਸਮਾਗਮ ਅਤੇ ਕੀਰਤਨ ਸਮਾਗਮ ਆਦਿ। ਉਦੋਂ ਜਥੇ ਵਿਚ ਬਹੁਤੇ ਗੁਰਸਿਖ ਸ਼ੁਧ ਅਖੰਡ ਪਾਠੀ ਹੋਇਆ ਕਰਦੇ ਸਨ ਅਤੇ ਖਾਸ ਕਰਕੇ ਕੀਰਤਨੀ ਸੱਜਣ ਅਤੇ ਅੰਮ੍ਰਿਤ ਸਿੰਚਾਰ ਸਮਾਗਮ ਵਿਚ ਸੇਵਾ ਕਰਨ ਵਾਲੇ ਗੁਰਸਿਖ ਤਾਂ ਜ਼ਰੂਰ ਹੀ ਪਰਬੀਨ ਅਖੰਡ ਪਾਠੀ ਹੋਇਆ ਕਰਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਜਥੇ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਨ ਦਾ ਰੁਝਾਣ ਨਵੀਂ ਪਨੀਰੀ ਵਿਚ ਬਹੁਤ ਘਟ ਗਿਆ ਹੈ। ਨਵੀਂ ਪਨੀਰੀ ਵਿਚੋਂ ਕੋਈ ਟਾਂਵਾਂ ਟਾਂਵਾਂ ਗੁਰਸਿਖ ਹੀ ਸ਼ੁਧ ਅਤੇ ਪਰਬੀਨ ਅਖੰਡ ਪਾਠੀ ਹੈ। ਕੀਰਤਨ ਕਰਨ ਦਾ ਸ਼ੌਕ ਬਹੁਤ ਵਧਿਆ ਹੈ ਜੋ ਕਿ ਇਕ ਚੰਗੀ ਗਲ ਹੈ ਪਰ ਨਾਲ ਦੀ ਨਾਲ ਅਖੰਡ ਪਾਠੀ ਹੋਣਾ ਵੀ ਪਰਮ ਜ਼ਰੂਰੀ ਹੈ।

ਐਬਟਾਬਾਦ ਵਿਖੇ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ 2 ਸ੍ਰੀ ਅਖੰਡ ਪਾਠ ਸਾਹਿਬ, ਇਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਅਤੇ ਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਾ, ਸਾਵਧਾਨਤਾ ਸਹਿਤ ਸ੍ਰਵਣ ਕੀਤੇ ਸਨ ਅਤੇ ਉਹਨਾਂ ਅਖੰਡ ਪਾਠਾਂ ਦਾ ਸਦਕਾ ਭਾਈ ਸਾਹਿਬ ਨੇ ਬੇਅੰਤ ਆਤਮਕ ਨਜ਼ਾਰੇ ਮਾਣੇ ਸਨ। ਉਸ ਵੇਲੇ ਉਹਨਾਂ ਨੂੰ ਸ੍ਰੀ ਅਖੰਡ ਪਾਠਾਂ ਦੇ ਨਮਿਤ ਇਲਾਹੀ ਹੁਕਮ ਇਸ ਪ੍ਰਕਾਰ ਹੇੋਇਆ ਸੀ:

ਅਖੰਡ ਪਾਠਾਂ ਦੇ ਪਰਵਾਹ ਹੁਣ ਬਹੁਤ ਚਲਣਗੇ, ਜਾਓ ਰਜ ਰਜ ਕੇ ਅੰਮ੍ਰਿਤ ਭੁੰਚੋ ਤੇ ਰਲ ਮਿਲ ਕੇ ਪਿਉ ਦਾਦੇ ਦੇ ਅਖੁਟ ਖਜ਼ਾਨੇ ਵਿਚੋਂ ਖਾਵਹੁ ਤੇ ਖਰਚੋ।“(ਜੇਲ ਚਿਠੀਆਂ, ਪੰਨਾ 75)

ਇਸ ਤੋਂ ਉਪਰੰਤ ਜਦੋਂ ਭਾਈ ਸਾਹਿਬ ਜੀ, ਬ੍ਰਹਮਗਿਆਨੀ ਮਾਤਾ ਗੁਲਾਬ ਕੌਰ ਜੀ ਤੋਂ ਵਿਦਾਇਗੀ ਲੈ ਕੇ ਤੁਰੇ ਸਨ ਤਾਂ ਉਹਨਾਂ ਦਾ ਅਸੀਸ ਮਈ ਆਖਰੀ ਬਚਨ ਇਸ ਪ੍ਰਕਾਰ ਸੀ:

ਹੁਕਮ ਅਖੰਡ ਪਾਠਾਂ ਦੇ ਪਰਵਾਹ ਚਲਾਉਣ ਦਾ ਲੈ ਕੇ ਤੁਰੇ ਹੋ। ਜਾਓ ਦੇਸਾਂ ਨੂੰ, ਭਾਂਣੇ ਅੰਦਰ ਅਨੰਦ ਮਾਣੋ। ਅਤੇ ਪੰਜੇ ਸਾਹਿਬ ਜੀ ਦੀ ਦਰਸ਼ਨ ਯਾਤ੍ਰਾ ਕਰਦੇ ਜਾਓ।“(ਜੇਲ ਚਿਠੀਆਂ, ਪੰਨਾ 80)

ਜੇਲ ਚਿਠੀਆਂ ਕਿਤਾਬ ਵਿਚੋਂ, ਸ੍ਰੀ ਅਖੰਡ ਪਾਠਾਂ ਬਾਰੇ ਉਪਰ ਦਰਜ 2 ਪਰਮਾਣ ਪੜ੍ਹ ਕੇ ਕੋਈ ਸ਼ਕ ਨਹੀਂ ਰਹਿ ਜਾਂਦਾ ਕਿ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਵਲੋਂ, ਸ੍ਰੀ ਅਖੰਡ ਪਾਠਾਂ ਦੇ ਪਰਵਾਹ ਚਲਾਉਣ ਦਾ ਹੁਕਮ ਹੋਇਆ ਸੀ ਅਤੇ ਉਹਨਾਂ ਨੇ ਅਤੇ ਉਹਨਾਂ ਦੇ ਨਾਲ ਦੇ ਰੰਗਲੇ ਸਜਣਾਂ ਨੇ ਜੋ ਚਲੂਲੇ ਇਲਾਹੀ ਰੰਗ ਮਾਣੇ ਸਨ, ਸੋ ਸ੍ਰੀ ਅਖੰਡ ਪਾਠਾਂ ਦੀ ਬਰਕਤ ਨਾਲ ਹੀ ਮਾਣੇ ਸਨ। ਜੇਲ ਜਾਣ ਤੋਂ ਪਹਿਲਾਂ, ਤਕਰੀਬਨ 11 ਕੁ ਸਾਲ, ਭਾਈ ਸਾਹਿਬ ਅਤੇ ਹੋਰ ਰੰਗਲੇ ਸਜਣਾਂ ਨੇ ਬੇਅੰਤ ਸ੍ਰੀ ਅਖੰਡ ਪਾਠ ਸਾਹਿਬ ਕੀਤੇ ਅਤੇ ਨਾਮ ਬਾਣੀ ਦੇ ਅੰਮ੍ਰਿਤ ਨਾਲ ਸਰਸ਼ਾਰ ਹੋਏ ਅਤੇ ਨਾਮ ਬਾਣੀ ਵਿਚ ਹੀ ਗ਼ਲਤਾਨ ਰਹਿਣ ਕਰਕੇ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਤੋਂ ਸਦਾ ਬਚੇ ਰਹੇ।

ਅਜਕਲ ਆਮ ਸਿਖ ਸਮਾਜ ਵਿਚ ਸ੍ਰੀ ਅਖੰਡ ਪਾਠ ਸਾਹਿਬ ਸਮਾਗਮ ਇਕ ਵਿਖਾਵਾ ਬਣ ਗਿਆ ਹੈ ਅਤੇ ਪਾਠੀਆਂ ਵਾਸਤੇ ਇਹ ਮਹਿਜ਼ ਇਕ ਵਾਪਾਰ ਜਾਂ ਰੋਜ਼ੀ ਰੋਟੀ ਦਾ ਵਸੀਲਾ ਹੀ ਬਣ ਗਿਆ ਹੈ। ਜਿਥੇ ਪਹਿਲਿਆਂ ਸਮਿਆਂ ਵਿਚ, ਗੁਰੂ ਕੇ ਪਿਆਰੇ ਗੁਰਸਿਖ ਖੁਦ ਪਾਠ ਕਰਿਆ ਕਰਦੇ ਸਨ, ਉਥੇ ਹੁਣ ਪਾਠ ਕਰਨ ਦਾ ਕੰਮ ਪੇਸ਼ਾਵਰ ਪਾਠੀਆਂ ਦੇ ਜ਼ਿਮੇ ਹੀ ਰਹਿਣ ਦਿਤਾ ਜਾਂਦਾ ਹੈ ਜਦਕਿ ਪਾਠ ਕਰਾਉਣ ਵਾਲੇ ਪਰਿਵਾਰ ਦਾ ਕੇਵਲ ਲੰਗਰ ਪਾਣੀ ਛਕਾਉਣ ਨਾਲ ਹੀ ਸਰੋਕਾਰ ਰਹਿ ਗਿਆ ਹੈ। ਜਿਥੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਦਾ ਮਕਸਦ ਪਹਿਲੇ ਸਮੇਂ ਵਿਚ ਰੂਹਾਨੀ ਹੋਇਆ ਕਰਦਾ ਸੀ, ਉਥੇ ਹੁਣ ਪਾਠ ਕਰਾਉਣਾ ਇਕ ਸਮਾਜਕ ਮਜਬੂਰੀ ਬਣ ਗਈ ਹੈ। ਇਸ ਕਰਕੇ ਕਈ ਗੁਰਸਿਖ ਆਮ ਤੌਰ ਤੇ ਇਹ ਪਰਚਾਰਦੇ ਸੁਣੇ ਜਾਂਦੇ ਹਨ ਕਿ ਸ੍ਰੀ ਅਖੰਡ ਪਾਠ ਦੀ ਬਜਾਏ ਸਹਿਜ ਪਾਠ ਹੀ ਕਰਨਾ ਚਾਹੀਦਾ ਹੈ ਤਾਂ ਕੇ ਪਰਿਵਾਰ ਖੁਦ ਪਾਠ ਕਰ ਸਕੇ ਜਾਂ ਸੁਣ ਸਕੇ। ਇਹ ਠੀਕ ਹੈ ਕਿ ਸਹਿਜ ਪਾਠ ਦਾ ਆਪਣਾ ਇਕ ਮਹੱਤਵਪੂਰਨ ਅਸਥਾਨ ਹੈ ਪਰ ਸ੍ਰੀ ਅਖੰਡ ਪਾਠ ਸਾਹਿਬ ਦੀ ਜਗ੍ਹਾ ਹੋਰ ਕੋਈ ਸਮਾਗਮ ਨਹੀਂ ਲੈ ਸਕਦਾ, ਬਸ਼ਰਤੇ ਪਾਠ ਮਰਿਆਦਾ ਮੁਤਾਬਕ ਅਤੇ ਪੁਰਾਤਨ ਗੁਰਸਿਖਾਂ ਵਾਲੀ ਭੈ ਭਾਵਨੀ ਸਹਿਤ ਕੀਤਾ ਜਾਵੇ।

ਉਦਾਂ ਤਾਂ ਸ੍ਰੀ ਅਖੰਡ ਪਾਠ ਸਾਹਿਬ ਨੂੰ ਸੰਪੂਰਨ ਕਰਨ ਤੇ ਸਮੇਂ ਦੀ ਪਾਬੰਦੀ ਨਹੀਂ ਹੈ ਪਰ ਆਮ ਤੌਰ ਤੇ ਜਦੋਂ ਪਰਬੀਨ ਪਾਠੀ ਪਾਠ ਕਰ ਰਹੇ ਹੋਣ ਤਾਂ ਤਕਰੀਬਨ 48 ਘੰਟਿਆਂ ਵਿਚ ਜਾਂ ਇਸ ਤੋਂ ਪਹਿਲਾਂ ਵੀ ਭੋਗ ਪੈ ਜਾਂਦਾ ਹੈ। ਪਰਬੀਨ ਪਾਠੀ ਉਹ ਕਿਹਾ ਜਾ ਸਕਦਾ ਹੈ ਜੋ ਮਹਾਰਾਜ ਜੀ ਦੇ ਲੜੀਦਾਰ ਸਰੂਪ ਤੋਂ, ਇਕ ਘੰਟੇ ਵਿਚ ਘਟੋ ਘਟ 30 ਅੰਗ ਕਰਨ ਨੂੰ ਸਮ੍ਰਥ ਹੋਵੇ ਅਤੇ ਜੋ ਗੁਰਬਾਣੀ ਦਾ ਸ਼ੁਧ ਪਾਠ ਕਰਦਾ ਹੋਵੇ। ਸ਼ੁਧ ਪਾਠ ਤੋਂ ਮੁਰਾਦ ਹੈ, ਸ਼ਬਦਾਂ ਦੇ ਸਹੀ ਪਦਛੇਦ ਕਰਨ ਤੋਂ ਅਤੇ ਗੁਰਬਾਣੀ ਦੀਆਂ ਪੰਕਤੀਆਂ ਵਿਖੇ ਉਚਿਤ ਬਿਸ਼ਰਾਮ ਲਾਉਣ ਤੋਂ ਅਤੇ ਲੋੜੀਂਦੇ ਸ਼ਬਦਾਂ ਦੇ ਨਾਸਕੀ ਉਚਾਰਨ ਕਰਨ ਤੋਂ। ਸਹੀ ਪਦਛੇਦ ਕਰਨੇ, ਲੋੜੀਂਦੇ ਬਿਸ਼ਰਾਮ ਲਾਉਣੇ ਅਤੇ ਲੋੜ ਅਨੁਸਾਰ ਸ਼ਬਦਾਂ ਦਾ ਉਚਾਰਨ ਕਰਦੇ ਹੋਏ ਅੱਧਕ ਅਤੇ ਬਿੰਦੇ ਦਾ ਉਚਾਰਨ ਕਰਨ ਦੀ ਜਾਚ ਤਾਂ ਹੀ ਆ ਸਕਦੀ ਹੈ ਜੇਕਰ ਪਹਿਲਾਂ ਕਿਸੇ ਸੁਜਾਨ ਗੁਰਸਿਖ ਪਾਸੋਂ ਗੁਰਬਾਣੀ ਪਾਠ ਦੀ ਸੰਥਿਆ ਲਈ ਹੋਵੇ। ਭਾਈ ਠਾਕੁਰ ਸਿੰਘ ਜੀ ਵਲੋਂ ਲਿਖੀ ਹੋਈ ਕਿਤਾਬ “ਪੂਰਬ ਜਨਮ ਕੇ ਮਿਲੇ ਸੰਜੋਗੀ” ਤੋ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਈ ਸਾਹਿਬ ਜੀ ਖੁਦ ਵੀ ਗੁਰਬਾਣੀ ਸੰਥਿਆ ਦਿਆ ਕਰਦੇ ਸਨ ਜਿਸ ਤਰ੍ਹਾਂ ਉਹਨਾਂ ਨੇ ਇਕ ਬੀਬੀ ਨੂੰ ਅਤੇ ਭਾਈ ਠਾਕੁਰ ਸਿੰਘ ਨੂੰ ਦਿਤੀ ਸੀ। ਇਸ ਤੋਂ ਇਲਾਵਾ ਉਹਨਾਂ ਵਲੋਂ ਮਹਾਨ ਕਿਤਾਬ – “ਗੁਰਬਾਣੀ ਦੀਆਂ ਲਗਾਂ ਮਾਤਰਾਂ ਦੀ ਵਿਲੱਖਣਤਾ” – ਨਿਰੋਲ ਇਸ ਵਿਸ਼ੇ ਤੇ ਹੀ ਲਿਖੀ ਹੋਈ ਹੈ, ਜਿਸ ਨੂੰ ਪੜ੍ਹ ਕੇ ਕੋਈ ਵੀ ਗੁਰਸਿਖ, ਗੁਰਬਾਣੀ ਦੇ ਸਹੀ ਪਦਛੇਦ ਕਰਨ ਵਲੋਂ ਅਤੇ ਸ਼ੁਧ ਉਚਾਰਨ ਵਲੋਂ ਆਪਣਾ ਸੁਧਾਰ ਕਰ ਸਕਦਾ ਹੈ।

ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਗੁਰਮਤਿ ਬਿਬੇਕ ਨਾਮੇ ਪੁਸਤਕ ਵਿਚ ਲਿਖਿਆ ਹੈ ਕਿ ਪਹਿਲਿਆਂ ਜ਼ਮਾਨਿਆਂ ਵਿਚ ਸਾਧਕ ਲੋਕ ਪਹਾੜਾਂ ਦੀਆਂ ਗੁਫਾਵਾਂ ਵਿਚ ਜਾਂ ਜੰਗਲ ਬੇਲਿਆਂ ਵਿਚ ਜਾ ਕੇ ਮਨ ਦੇ ਫੁਰਨੇ ਰੋਕਣ ਦੀ ਕੋਸ਼ਿਸ਼ ਕਰਿਆ ਕਰਦੇ ਸਨ ਪਰ ਕਾਮਯਾਬੀ ਘਟ ਹੀ ਮਿਲਦੀ ਸੀ ਕਿਉਂਕਿ ਪਹਾੜ ਅਤੇ ਜੰਗਲ ਵੀ ਤਾਂ ਤ੍ਰੈਗੁਣੀ ਮਾਇਆ ਦੇ ਅਧੀਨ ਹੀ ਹਨ। ਕਲਿਜੁਗ ਵਿਚ 2 ਹੀ ਅਜਿਹੇ ਅਸਥਾਨ ਹਨ ਜਿਥੇ ਮਾਇਆ ਦਾ ਪ੍ਰਭਾਵ ਨਹੀਂ ਹੈ ਜਿਸ ਕਰਕੇ ਸਾਧਕ ਜਨ ਦਾ ਮਨ ਸਹਿਜ ਹੀ ਟਿਕ ਜਾਂਦਾ ਹੈ। ਇਹ 2 ਅਸਥਾਨ ਹਨ – ਅਖੰਡ ਕੀਰਤਨ ਮੰਡਲ ਅਤੇ ਅਖੰਡ ਪਾਠ ਮੰਡਲ। ਅਖੰਡ ਕੀਰਤਨ ਕਰਨ ਵਿਚ ਤਾਂ ਜਥੇ ਨੇ ਬਹੁਤ ਮੱਲਾਂ ਮਾਰੀਆਂ ਹਨ ਅਤੇ ਅਜ ਅਣਗਿਣਤ ਨੌਜਵਾਨ ਕੀਰਤਨ ਵਿਚ ਮੁਹਾਰਤ ਰੱਖਦੇ ਹਨ ਪਰ ਨੌਜਵਾਨਾਂ ਵਿਚ ਸ਼ੁਧ ਅਖੰਡ ਪਾਠੀ ਕੋਈ ਵਿਰਲਾ ਹੀ ਹੈ। ਜਦਕਿ ਅਖੰਡ ਕੀਰਤਨ ਸਮਾਗਮਾਂ ਵਿਚ ਜਥੇ ਦੇ ਸਾਰੇ ਹੀ ਗੁਰਸਿਖ ਆਪਣੀ ਸ਼ਮੂਲੀਅਤ ਕਰਦੇ ਹਨ ਉਥੇ ਅਖੰਡ ਪਾਠ ਸਮਾਗਮਾਂ ਤੇ ਗਿਣਤੀ ਦੇ ਹੀ ਸਰੋਤੇ ਜਨ ਹੁੰਦੇ ਹਨ। ਅਖੰਡ ਪਾਠ ਸਮਾਗਮ ਵਿਚ ਨਵੇਂ ਪਾਠੀਆਂ ਅਤੇ ਸਰੋਤਿਆਂ ਦੀ ਕਮੀ ਦੇ ਕਾਰਨਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਇਸ ਬਾਰੇ ਕੁਝ ਵਿਚਾਰ ਇਸ ਪ੍ਰਕਾਰ ਹਨ ਜੀ:

 ਕਿਉਂਕਿ ਆਮ ਤੌਰ ਤੇ ਅਖੰਡ ਕੀਰਤਨ ਵਿਚ ਅਖੰਡ ਪਾਠ ਸਮਾਗਮ ਨਾਲੋਂ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਨੌਜਵਾਨਾਂ ਦੇ ਮਨ ਵਿਚ ਸੁਭਾਵਕ ਹੀ ਇਹ ਗਲ ਬੈਠ ਗਈ ਹੈ ਕਿ ਅਖੰਡ ਕੀਰਤਨ ਦੀ ਮਹੱਤਤਾ ਅਖੰਡ ਪਾਠ ਨਾਲੋਂ ਵਧੇਰੇ ਹੈ। ਸੋ ਉਹਨਾਂ ਦਾ ਜ਼ਿਆਦਾ ਧਿਆਨ ਕੀਰਤਨ ਸਿਖਣ ਵਲ ਹੈ ਅਤੇ ਉਹ ਗੁਰਬਾਣੀ ਪਾਠ ਸਿਖਣ ਵਲੋਂ ਅਵੇਸਲੇ ਹੀ ਰਹਿੰਦੇ ਹਨ।

 ਕਈ ਸੱਜਣ ਜੋ ਇਹ ਸਮਝਦੇ ਹਨ ਕਿ ਕੀਰਤਨ ਸੇਵਾ ਜਾਂ ਪਾਠ ਸੇਵਾ ਸਰੋਤਿਆਂ ਦੀ ਖਾਤਿਰ ਹੁੰਦੀ ਹੈ ਨਾ ਕਿ ਗੁਰੂ ਸਾਹਿਬ ਕਰਕੇ, ਉਹ ਅਕਸਰ ਬਹੁਤੀ ਸੰਗਤ ਵਾਲੇ ਸਮਾਗਮ ਵਿਚ ਹਾਜ਼ਰੀ ਭਰਨੀ ਪਸੰਦ ਕਰਦੇ ਹਨ। ਕਿਉਂਕਿ ਅਖੰਡ ਪਾਠਾਂ ਵਿਚ ਸੰਗਤ ਥੋੜੀ ਹੁੰਦੀ ਹੈ ਅਤੇ ਉਹ ਸਮਝਦੇ ਹਨ ਕਿ ਅਖੰਡ ਪਾਠੀਆਂ ਨਾਲੋਂ ਕੀਰਤਨੀਆਂ ਨੂੰ ਲੋਕਾਂ ਦੀ ਵਾਹ ਵਾਹ ਜ਼ਿਆਦਾ ਮਿਲਦੀ ਹੈ, ਇਸ ਕਰਕੇ ਵੀ ਅਖੰਡ ਪਾਠਾਂ ਵਿਚ ਸੇਵਾ ਕਰਨ ਦਾ ਉਮਾਹ ਘਟ ਹੈ।

 ਜਥੇ ਵਿਚ ਅਖੰਡ ਪਾਠੀ ਸੱਜਣਾਂ ਵਲੋਂ ਆਪਣੇ ਪਰਿਵਾਰ ਵਿਚ ਅਤੇ ਇਲਾਕੇ ਵਿਚ ਗੁਰਬਾਣੀ ਪਾਠ ਦੀ ਸਿਖਲਾਈ ਦਾ ਢੁਕਵਾਂ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਕਰਕੇ ਨੌਜਵਾਨ ਅਤੇ ਨਵੇਂ ਸਜੇ ਗੁਰਸਿਖ ਅਖੰਡ ਪਾਠੀ ਤਿਆਰ ਨਹੀਂ ਹੋ ਸਕੇ। ਚਾਹੀਦਾ ਤਾਂ ਇਹ ਹੈ ਕਿ ਪਰਬੀਨ ਪਾਠੀਆਂ ਵਲੋਂ ਆਪਣੇ ਇਲਾਕਿਆਂ ਵਿਚ ਗੁਰਬਾਣੀ ਸੰਥਿਆ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਨਵੇਂ ਪਾਠੀ ਜਨ ਤਿਆਰ ਹੋ ਸਕਣ।

 ਸੰਗਤ ਦਾ ਅਖੰਡ ਪਾਠ ਸਮਾਗਮ ਵਿਚ ਘਟ ਸ਼ਿਰਕਤ ਕਰਨ ਦਾ ਇਕ ਕਾਰਨ ਇਹ ਹੈ ਕਿ ਅਜਕਲ ਦੇ ਪਾਠੀ ਪੁਰਾਤਨ ਪਾਠੀਆਂ ਵਾਂਗ ਗੁਰਬਾਣੀ ਦੇ ਅਣੀਆਲੇ ਤੀਰ ਚਲਾਉਣ ਵਿਚ ਮੁਹਾਰਤ ਨਹੀਂ ਰੱਖਦੇ। ਪੁਰਾਤਨ ਪਾਠੀ ਇਸ ਤਰ੍ਹਾਂ ਪਾਠ ਕਰਿਆ ਕਰਦੇ ਸਨ ਕਿ ਉਹਨਾਂ ਦੇ ਆਪਣੇ ਹਿਰਦੇ ਤਾਂ ਗੁਰਬਾਣੀ ਦੇ ਬਾਣਾਂ ਨਾਲ ਵਿੰਨੇ ਹੀ ਹੋਇਆ ਕਰਦੇ ਸਨ ਬਲਕਿ ਉਹ ਸਰੋਤਿਆਂ ਨੂੰ ਵੀ ਸ਼ੁਧ ਪਾਠ ਨਾਲ ਅਤੇ ਪ੍ਰੇਮ ਭਿੰਨੇ ਭਾਵ ਨਾਲ ਪਾਠ ਕਰਕੇ ਵਿੰਨ ਸੁੱਟਦੇ ਸਨ। ਅਜਿਹੇ ਪਾਠੀਆਂ ਦੇ ਹੁੰਦੇ ਸਰੋਤੇ ਵੀ ਆਪੇ ਹੀ ਵਧ ਹੋਇਆ ਕਰਦੇ ਸਨ।

 ਅਣੀਆਲੇ ਤੀਰ ਚਲਾਉਣ ਵਾਲੇ ਪਾਠੀ ਤਾਂ ਉਹੋ ਹੀ ਹੋ ਸਕਦੇ ਹਨ ਜੋ ਖੁਦ ਸ਼ੁਧ ਪਾਠ ਕਰਦੇ ਹੋਣ ਅਤੇ ਜਿਨਾਂ ਨੂੰ ਗੁਰਬਾਣੀ ਦੀ ਕੁਝ ਸਮਝ ਆਉਂਦੀ ਹੋਵੇ। ਜਿਸ ਪਾਠੀ ਦਾ ਸਾਰਾ ਧਿਆਨ ਸ਼ਬਦਾਂ ਨੂੰ ਪਦਛੇਦ ਕਰਨ ਤੇ ਹੀ ਲਗਿਆ ਹੋਵੇ, ਜੋ ਅਟਕ ਅਟਕ ਕੇ ਪਾਠ ਕਰਦਾ ਹੋਵੇ, ਅਤੇ ਜਿਸ ਨੂੰ ਗੁਰਬਾਣੀ ਦੀ ਬਹੁਤ ਘਟ ਸਮਝ ਹੋਵੇ, ਉਹ ਪਾਠੀ, ਸਰੋਤਿਆਂ ਨੂੰ ਕੀਲਣ ਵਾਲਾ ਪਾਠ ਨਹੀਂ ਕਰ ਸਕਦਾ ਅਤੇ ਉਸ ਪਾਠੀ ਦੇ ਸਰੋਤਿਆਂ ਵਾਸਤੇ ਧਿਆਨ ਟਿਕਾ ਕੇ ਬੈਠਣਾ ਬਹੁਤ ਕਠਿਨ ਹੁੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠੀ ਬਨਣ ਲਈ ਕਰੜੀ ਮਿਹਨਤ ਕਰਨੀ ਪੈਂਦੀ ਹੈ। ਸੁਜਾਨ ਗੁਰਸਿਖਾਂ ਪਾਸੋਂ ਸੰਥਿਆ ਲੈ ਕੇ ਫੇਰ ਕਈ ਕਈ ਵਾਰੀ ਸਿਖੇ ਹੋਏ ਪਾਠ ਦਾ ਅਭਿਆਸ ਕਰਨਾ ਪੈਂਦਾ ਹੈ ਅਤੇ ਫੇਰ ਜਾ ਕੇ ਅਖੰਡ ਪਾਠੀ ਬਣਿਆ ਜਾ ਸਕਦਾ ਹੈ। ਆਮ ਤੌਰ ਤੇ, ਪਿਛਲੇ ਜ਼ਮਾਨੇ ਵਿਚ ਪਹਿਲਾਂ ਨਿਤਨੇਮ ਦੀ ਸੰਥਿਆ ਦਿਤੀ ਜਾਂਦੀ ਸੀ। ਉਸ ਤੋਂ ਉਪਰੰਤ ਪੰਜ ਗ੍ਰੰਥੀ ਜਿਸ ਵਿਚ ਸ੍ਰੀ ਸੁਖਮਨੀ ਸਾਹਿਬ, ਆਸਾ ਕੀ ਵਾਰ, ਬਾਵਨ ਅਖਰੀ, ਉਅੰਕਾਰ ਅਤੇ ਸਿਧ ਗੋਸਟਿ ਦੀਆਂ ਬਾਣੀਆਂ ਹਨ, ਦੀ ਸੰਥਿਆ ਦਿਤੀ ਜਾਂਦੀ ਸੀ। ਫੇਰ 22 ਵਾਰਾਂ ਅਤੇ ਭਗਤ ਬਾਣੀ ਦੀ ਸਿਖਲਾਈ ਦਿਤੀ ਜਾਂਦੀ ਸੀ। ਇਸ ਤਰ੍ਹਾਂ ਤਕਰੀਬਨ ਸਾਰੀ ਮਹਿੰਗੀ ਬਾਣੀ ਦੀ ਸੰਥਿਆ ਹੋ ਜਾਂਦੀ ਹੈ ਅਤੇ ਪਾਠੀ ਸੁਖੈਨ ਹੀ ਬਾਕੀ ਦੀ ਬਾਣੀ ਦਾ ਪਾਠ ਕਰਨ ਵਿਚ ਪਰਬੀਨ ਹੋ ਜਾਂਦਾ ਹੈ।

ਸ੍ਰੀ ਅਖੰਡ ਪਾਠ ਸਾਹਿਬ ਸਮਾਗਮ ਤੋਂ ਵਧ ਤੋਂ ਵਧ ਲਾਹਾ ਖਟਣ ਲਈ, ਪਾਠੀਆਂ ਅਤੇ ਸਰੋਤਿਆਂ ਨੂੰ ਹੇਠ ਲਿਖੀਆਂ ਗੱਲਾਂ ਦਾ ਖਿਆਲ ਰਖਣਾ ਚਾਹੀਦਾ ਹੈ:

 ਪਾਠੀ ਜਨ ਨੂੰ ਜ਼ਰੂਰ ਹੀ ਸਕੇਸ਼ੀ ਇਸ਼ਨਾਨ ਕਰਕੇ ਅਤੇ ਸਵਛ ਅਤੇ ਸੁਚੇ ਬਸਤਰ ਪਹਿਨ ਕੇ ਅਖੰਡ ਪਾਠ ਦੀ ਰੌਲ ਲਾਉਣੀ ਚਾਹੀਦੀ ਹੈ। ਭਾਈ ਸਾਹਿਬ ਰਣਧੀਰ ਸਿੰਘ ਜੀ ਨਾਲ ਸੰਬੰਧਤ ਪ੍ਰੇਤ ਉਧਾਰ ਵਾਲੀ ਘਟਨਾ ਤੋਂ ਇਹ ਭਲੀ ਬਿਧਿ ਸਿਧ ਹੋ ਜਾਂਦਾ ਹੈ ਕਿ ਸਉਣ ਤੋਂ ਬਾਅਦ, ਜਾਂ ਜੰਗਲ ਪਾਣੀ ਜਾਣ ਤੋਂ ਬਾਅਦ ਰੌਲ ਤੇ ਬੈਠਣ ਤੋਂ ਪਹਿਲਾਂ ਸਕੇਸ਼ੀਂ ਇਸ਼ਨਾਨ ਕਰਨਾ ਜ਼ਰੂਰੀ ਹੈ।

 ਸਿੰਘਾਂ ਨੂੰ ਚਾਹੀਦਾ ਹੈ ਕਿ ਪੁਰਾਤਨ ਮਰਿਆਦਾ ਨੂੰ ਮੁਖ ਰਖਦੇ ਹੋਏ ਰੌਲ ਤੇ ਬੈਠਣ ਲਗਿਆਂ ਪਜਾਮੀ ਲਾਹ ਕੇ ਬੈਠਣ ਅਤੇ ਬੀਬੀਆਂ ਅਣਲਗ ਅਤੇ ਸਵਛ ਪਜਾਮੀ ਪਾ ਕੇ ਹੀ ਰੌਲ ਤੇ ਬੈਠਣ।

 ਪਾਠ ਜ਼ਿਆਦਾ ਤੇਜ਼ ਜਾਂ ਹੌਲੀ ਨਹੀਂ ਕਰਨਾ ਚਾਹੀਦਾ। ਜ਼ਿਆਦਾ ਹੌਲੀ ਪਾਠ ਕਰਨ ਨਾਲ ਸਰੋਤਿਆਂ ਦਾ ਮਨ ਉਬ ਜਾਂਦਾ ਹੈ ਕਿਉਂਕਿ ਮਨ ਨੂੰ ਬਾਹਰ ਭਜਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਜ਼ਿਆਦਾ ਤੇਜ਼ ਪਾਠ ਕਰਨ ਨਾਲ ਸਰੋਤਿਆਂ ਨੂੰ ਪਾਠ ਦੀ ਸਮਝ ਨਹੀਂ ਆਉਂਦੀ ਜਿਸ ਕਰਕੇ ਪਾਠ ਮੰਡਲ ਵਿਚ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ।

 ਪਾਠ ਹਮੇਸ਼ਾਂ ਉਚੀ ਬੋਲ ਕੇ ਅਤੇ ਸਪਸ਼ਟ ਕਰਨਾ ਚਾਹੀਦਾ ਹੈ ਚਾਹੇ ਸਰੋਤੇ ਹੋਣ ਜਾਂ ਨਾ ਹੋਣ। ਪੁਰਾਤਨ ਗੁਰਸਿਖ ਦਸਦੇ ਹਨ ਕਿ ਜਦੋਂ ਤਿਆਰ ਬਰ ਤਿਆਰ ਗੁਰਸਿਖ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹਨ ਤਾਂ ਗੁਪਤ ਰੂਹਾਂ ਵੀ ਅਕਸਰ ਪਾਠ ਸਰਵਨ ਕਰਦੀਆਂ ਹਨ। ਸੋ ਮੂੰਹ ਵਿਚ ਪਾਠ ਕਰਨ ਨਾਲੋਂ ਉਚੀ ਬੋਲ ਕੇ ਅਤੇ ਸਾਵਧਾਨਤਾ ਸਹਿਤ ਪਾਠ ਕਰਨਾ ਚਾਹੀਦਾ ਹੈ।

 ਸਰੋਤਿਆਂ ਨੂੰ ਗੁਰਬਾਣੀ ਸੁਨਣ ਵਿਚ ਅਤੇ ਅਰਥਾਂ ਵਿਚ ਧਿਆਨ ਰਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ਬਦ ਸੁਰਤਿ ਦਾ ਮੇਲ ਕਰਨ ਲਈ ਅਨੇਕਾਂ ਜਤਨ ਕਰਨੇ ਪੈਂਦੇ ਹਨ। ਪਾਠ ਸੁਨਣ ਦੇ ਨਾਲ ਨਾਲ ਨਾਮ ਗੁਰਮੰਤ੍ਰ ਦਾ ਅਰਧ ਉਰਧੀ ਅਭਿਆਸ ਗੁਪਤੋ ਗੁਪਤ ਕਰਨਾ ਅਤਿ ਲਾਜ਼ਮੀ ਹੈ। ਗੁਰਬਾਣੀ ਦੇ ਪਾਠ ਸੁਨਣ ਦਾ ਅਤੇ ਨਾਲ ਦੀ ਨਾਲ ਅਰਧ ਉਰਧੀ ਨਾਮ ਅਭਿਆਸ ਨਾਲ ਬਹੁਤ ਕਿਰਪਾ ਹੁੰਦੀ ਹੈ।

 ਸ਼ਬਦ ਸੁਰਤਿ ਦੇ ਮੇਲ ਲਈ ਕਈ ਜਤਨ ਕਰਨੇ ਪੈਂਦੇ ਹਨ। ਇਕ ਤਰੀਕਾ ਇਹ ਹੈ ਕਿ ਮਨ ਵਿਚ ਧਾਰ ਲਵੇ ਕਿ ਮੈਂ ਹੁਣ ਅਗਲਾ ਸ਼ਬਦ ਜਾਂ ਅਸ਼ਟਪਦੀ ਸਾਰੀ ਦੀ ਸਾਰੀ ਬਿਨਾਂ ਸੰਸਾਰੀ ਫੁਰਨੇ ਤੋਂ ਸੁਨਣੀ ਹੈ। ਇਸ ਤਰ੍ਹਾਂ ਛੋਟੇ ਛੋਟੇ ਨਿਸ਼ਾਨੇ ਰਖ ਕੇ ਮਨ ਹੌਲੀ ਹੌਲੀ ਜ਼ਿਆਦਾ ਚਿਰ, ਬਿਨਾਂ ਫੁਰਨਿਆਂ ਤੋਂ ਪਾਠ ਸੁਨਣ ਦਾ ਆਦੀ ਬਣ ਜਾਂਦਾ ਹੈ।

 ਕਈ ਗੁਰਸਿਖ ਅਖੰਡ ਪਾਠ ਮੰਡਲ ਵਿਚ ਹੀ ਉਚੀ ਉਚੀ ਅਭਿਆਸ ਕਰਨ ਲਗ ਜਾਂਦੇ ਹਨ ਜਿਸ ਨਾਲ ਪਾਠੀ ਜਨ ਨੂੰ ਪਾਠ ਕਰਨ ਵਿਚ ਅਸੁਵਿਧਾ ਹੁੰਦੀ ਹੈ ਅਤੇ ਸਰੋਤਿਆਂ ਦਾ ਧਿਆਨ ਭੰਗ ਹੁੰਦਾ ਹੈ। ਸੋ ਇਸ ਮੰਡਲ ਵਿਚ ਨਾਮ ਸਿਮਰਨ ਗੁਪਤੋ ਗੁਪਤ ਹੀ ਕਰਨਾ ਚਾਹੀਦਾ ਹੈ।

ਗੁਰੂ ਸਾਹਿਬ ਕਿਰਪਾ ਕਰਨ, ਹੁਣ ਦੇ ਗੁਰਸਿਖ ਵੀ ਪੁਰਾਤਨ ਗੁਰਸਿਖਾਂ ਵਾਂਗ ਸ੍ਰੀ ਅਖੰਡ ਪਾਠ ਸਾਹਿਬ ਤੋਂ ਉਤਪਨ ਹੋਣ ਵਾਲੇ ਲਾਹੇ ਦਾ ਅਨੰਦ ਲੈਣ ਅਤੇ ਇਸ ਤਰ੍ਹਾਂ ਆਪਣਾ ਜੀਵਨ ਸਫਲਾ ਕਰਨ ਅਤੇ ਪੰਥ ਦੀ ਚੜਦੀ ਕਲਾ ਕਰਨ ਵਿਚ ਸਹਾਈ ਹੋਣ।

ਕੁਲਬੀਰ ਸਿੰਘ ਟਰਾਂਟੋ
Reply Quote TweetFacebook
Vaheguru!

We must all do Udham to become Paathis like in Puratan Singhs!

Preetam Singh
Reply Quote TweetFacebook
Sorry, only registered users may post in this forum.

Click here to login