ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Infiltration of Hindi words in Punjabi

Posted by Kulbir Singh 
Below is an excellent article in Punjabi on how Hindi words are killing genuine Punjabi words in India. In Pakistani Punjab, the traditional Punjabi words are being replaced by Urdu and Farsi words. We all need to be vigilant about this:

[www.punjabspectrum.com]

ਅੰਮ੍ਰਿਤਸਰ ਤੋਂ ਲੈ ਕੇ ਆਸਟਰੇਲੀਆ ਤੱਕ ਤੇ ਅੰਮ੍ਰਿਤਸਰ ਤੋਂ ਲੈ ਕੇ ਅਮਰੀਕਾ ਤੱਕ ਜਿੰਨੀਆਂ ਵੀ ਪੰਜਾਬੀ ਅਖਬਾਰਾਂ ਛਪਦੀਆਂ ਹਨ, ਉਹ ਇਸ ਗੱਲ ਦਾ ਦਾਅਵਾ ਕਰਦੀਆਂ ਹਨ ਕਿ ਉਹ ਪੰਜਾਬੀ ਦੀ ਸੇਵਾ ਕਰ ਰਹੀਆਂ ਹਨ ਪਰ ਅਸਲ ਵਿਚ ਸਾਰੀਆਂ ਪੰਜਾਬੀ ਅਖਬਾਰਾਂ ਰੱਜ ਕੇ ਪੰਜਾਬੀ ਦੀ ਮਿੱਟੀ ਪਲੀਤ ਕਰ ਰਹੀਆਂ ਹਨ। ਪੰਜਾਬੀ ਅਖਬਾਰ ਚੱਕੋ, ਖਬਰ ਪੜ੍ਹੋਗੇ ,” ਸੜਕ ਹਾਦਸੇ ਵਿਚ ਇਕ ਵਿਅਕਤੀ ਤੇ ਇਕ ਮਹਿਲਾ ਦੀ ਮੌਤ” ਇਹ ਵਿਅਕਤੀ ਤੇ ਮਹਿਲਾ ਕੀ ਹੁੰਦੇ ਹਨ ਬਈ ? ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਜਿਹੜੇ ਲਫ਼ਜ਼ ਸਾਡੀ ਜ਼ੁਬਾਨ ਵਿਚ ਨਹੀਂ ਹੁੰਦੇ ਉਹ ਅਸੀਂ ਹੋਰ ਜ਼ੁਬਾਨਾਂ ਤੋਂ ਉਧਾਰੇ ਲੈਂਦੇ ਹਾਂ। ਪਰ ਜਦੋਂ ਸਾਡੇ ਕੋਲ ਪਹਿਲਾਂ ਹੀ ਅਪਣੀ ਬੋਲੀ ਦੇ ਲਫ਼ਜ਼ ਹਨ ਤਾਂ ਫਿਰ ਹੋਰ ਜ਼ੁਬਾਨ ਦੇ ਲਫ਼ਜ਼ ਵਰਤਣ ਦਾ ਕੀ ਮਤਲਬ ? ਪੰਜਾਬੀ ਵਿਚ ਵਿਅਕਤੀ ਨੂੰ ਬੰਦਾ ਕਹਿੰਦੇ ਹਨ ਤੇ ਮਹਿਲਾ ਨੂੰ ਤੀਵੀਂ, ਜ਼ਨਾਨੀ, ਕੁੜੀ, ਸੁਆਣੀ, ਬੀਬੀ, ਮੁਟਿਆਰ ਤੇ ਰਕਾਨ ਕਿਹਾ ਜਾਂਦਾ ਹੈ। ਪਰ ਪੰਜਾਬੀ ਅਖਬਾਰਾਂ ਨੂੰ ਤੀਵੀਂ ਜਾਂ ਜ਼ਨਾਨੀ ਲਿਖਦਿਆਂ ਪਿੱਸੂ ਪੈਂਦੇ ਹਨ।

ਇਕ ਵਾਰ ਸਤਨਾਮ ਸਿੰਘ ਮਾਣਕ ਨੇ ਲੇਖ ਲਿਖਿਆ ਕਿ ਸਾਰੇ ਪੰਜਾਬੀਆਂ ਨੂੰ ਮਰਦਮਸ਼ੁਮਾਰੀ ‘ਚ ਅਪਣੀ ਮਾਂ ਬੋਲੀ ਪੰਜਾਬੀ ਲਿਖਵਾਉਣੀ ਚਾਹੀਦੀ ਹੈ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਤਾਂ ਪਹਿਲਾਂ ਪੰਜਾਬੀ ਲਿਖਿਆ ਕਰੋ, ਤੁਹਾਡੇ ਅਖਬਾਰ ‘ਚ ਪੰਜਾਹ ਫੀਸਦੀ ਤੋਂ ਵੀ ਵੱਧ ਹਿੰਦੀ ਹੁੰਦੀ ਹੈ। ਕਿਉਂ ਲਿਖਦੇ ਹੋ ਮਹਿਲਾ, ਵਿਅਕਤੀ, ਹਤਿਆ, ਗਠਨ, ਗੁਹਾਰ, ਆਯੋਜਤ, ਸੰਪਨ, ਪ੍ਰਕ੍ਰੋਪ, ਪਦਉੱਨਤੀਆਂ ? ਪਰ ਇਸ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ।

ਕਾਮਰੇਡ ਸੰਘ ਪਾੜ ਪਾੜ ਕੇ ਇਸ ਗੱਲ ਦਾ ਰੌਲਾ ਪਾਉਂਦੇ ਹਨ ਕਿ ਬਾਹਰਲੀਆਂ ਕੰਪਨੀਆਂ ਸਾਡੀ ਬੋਲੀ ਨੂੰ, ਸਾਡੇ ਸਭਿਆਚਾਰ ਨੂੰ ਖੋਰਾ ਲਾ ਰਹੀਆਂ ਹਨ। ਉਹ ਸਾਮਰਾਜੀ ਤਾਕਤਾਂ ਵਿਰੁਧ ਲਾਲ ਝੰਡਾ ਚੁੱਕ ਕੇ ਇਨਕਲਾਬ ਨੂੰ ਵਾਜਾਂ ਮਾਰਦੇ ਹਨ ਜਿਵੇਂ ਖੂਹ ‘ਚ ਡਿਗਿਆ ਬੰਦਾ ਬਾਹਰ ਕੱਢਣ ਲਈ ਅੜਿੰਗ ਰਿਹਾ ਹੁੰਦਾ। ਪਰ ਇਹ ਆਪ ਕੀ ਕਰ ਰਹੇ ਹਨ, ਇਹ ਵੀ ਸਾਡੀ ਜ਼ੁਬਾਨ ਦੀ ਮਿੱਟੀ ਪੁੱਟਣ ਵਿਚ ਸਾਮਰਾਜੀਆਂ ਤੋਂ ਵੀ ਅੱਗੇ ਹਨ।

ਮੈਂ ਗਦਰੀ ਬਾਬਿਆਂ ਦੇ ਮੇਲੇ ‘ਤੇ ਬਲਬੀਰ ਪਰਵਾਨੇ ਨੂੰ ਪੁੱਛਿਆ ਕਿ ਤੁਸੀਂ ਮਹਿਲਾ ਕਿਉਂ ਲਿਖਦੇ ਹੋ? ਇਹ ਤਾਂ ਸਾਡੀ ਬੋਲੀ ਦਾ ਲਫ਼ਜ਼ ਨਹੀਂ। ਉਸ ਦਾ ਜਵਾਬ ਸੁਣਨ ਵਾਲਾ ਸੀ, ਉਹ ਕਹਿੰਦਾ ਕਿ ਮਹਿਲਾ ਲਫ਼ਜ਼ ਪਾਪੁਲਰ ਹੋ ਗਿਆ ?

ਪੋਠੋਹਾਰ, ਝੰਗ, ਮੁਲਤਾਨ, ਮਾਲਵਾ, ਦੁਆਬਾ, ਪੁਆਧ, ਮਾਝੇ ‘ਚ ਕਿੱਥੇ ਬੋਲਿਆ ਜਾਂਦਾ ਬਈ ਮਹਿਲਾ ? ਪੰਜਾਬ ਦੀ ਕਿਹੜੀ ਧਰਤੀ ‘ਤੇ ਰਹਿੰਦੀ ਹੈ ‘ਮਹਿਲਾ’ ?

ਕੋਈ ਜਵਾਬ ਨਹੀਂ ਇਨ੍ਹਾਂ ਕੋਲ। ਮੈਂ ਇਕ ਵਾਰੀ ਇਕ ਅਖਬਾਰ ਦੇ ਸਹਾਇਕ ਸੰਪਾਦਕ (ਲਫ਼ਜ਼ ਸਹਾਇਕ ਸੰਪਾਦਕ ਵੀ ਹਿੰਦੀ ਦਾ ਹੈ ਪਰ ਸਾਡੇ ਕੋਲ ਹਾਲੇ ਤੱਕ ਅਸਿਸਟੈਂਟ ਐਡੀਟਰ ਦੀ ਪੰਜਾਬੀ ਹੀ ਨਹੀਂ ਬਣੀ) ਨੂੰ ਕਿਹਾ ਕਿ ਤੁਸੀਂ ਮਹਿਲਾ ਕਿਉਂ ਲਿਖਦੇ ਹੋ ? ਅਗੋਂ ਉਸ ਦਾ ਜਵਾਬ ਹੋਰ ਵੀ ਕਮਾਲ ਸੀ, ਉਹ ਕਹਿੰਦਾ ਕਿ ਮੈਂ ਤਾਂ ਅਖਬਾਰੀ ਕਾਮਿਆਂ (ਸਬ ਐਡੀਟਰਾਂ) ਨੂੰ ਕਿਹਾ ਕਿ ਤੁਸੀਂ ਔਰਤ ਕਿਉਂ ਨਹੀਂ ਲਿਖਦੇ ?

ਮੈਂ ਕਿਹਾ ਕਿ ਕੰਨ ਲੱਤਾਂ ਹੇਠ ਦੀ ਫੜੋ ਜਾਂ ਸਿੱਧੇ ਹੀ ਫੜ ਲਉ ਗੱਲ ਤਾਂ ਫੇਰ ਉਹੀ ਰਹਿੰਦੀ ਹੈ, ਔਰਤ ਵੀ ਤਾਂ ਹਿੰਦੀ ਦਾ ਹੀ ਲਫ਼ਜ਼ ਹੈ, ਤੁਸੀਂ ਤੀਵੀਂ ਕਿਉਂ ਨਹੀਂ ਲਿਖਦੇ? ਬਸ ਉਹ ਆਲਬਟਾਲੀਆਂ ਪੜ੍ਹਨ ਲੱਗ ਪਿਆ। ਦੋਸਤੋ ਆਲਬਟਾਲੀਆ ਪੁਆਧੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਇੱਧਰ ਉੱਧਰ ਦੀਆਂ ਮਾਰਨਾ।

ਪੋਠੋਹਾਰ ਦਾ ਜੰਮਪਲ ਤੇ ਮਾਲਵੇ ‘ਚ ਪ੍ਰਵਾਨ ਚੜਿ੍ਆ ਪ੍ਰੋ. ਮੋਹਨ ਸਿੰਘ ਵੇਖੋ ਕਿਵੇਂ ਅਪਣੀ ਸ਼ਾਇਰੀ ‘ਚ ਤੀਵੀਂ ਲਫ਼ਜ਼ ਵਰਤੇ ਕੇ ਕਿੰਨੇ ਕਮਾਲ ਦਾ ਸੱਪ ਕੱਢਦਾ।

ਐਪਰ ਤੀਵੀਂ ਮਰਦ ਦੀ ਕਰੇ ਲੱਖ ਚਿੰਤਾ

ਕਦੇ ਮਰਦ ਨੂੰ ਫਿਕਰ ਨਾ ਕੱਖ ਹੋਵੇ

ਹਿਜ਼ਰ ਨਾਲ ਤੀਵੀਂ ਭਾਵੇਂ ਬਣੇ ਸੁਰਮਾ

ਕਦੇ ਸਾਫ ਨਾ ਮਰਦ ਦੀ ਅੱਖ ਹੋਵੇ

ਹੁਣ ਇੱਥੇ ‘ਤੀਵੀਂ’ ਲਫ਼ਜ਼ ਨਾਲ ਜਿਹੜਾ ਚੰਗਿਆੜਾ ਨਿਕਲਦਾ ਉਹ ਕਿਸੇ ਹੋਰ ਲਫ਼ਜ਼ ਨਾਲ ਨਹੀਂ ਨਿਕਲਦਾ। ਤੀਵੀਂ ਲਫ਼ਜ਼ ਦੀ ਥਾਂ ਜ਼ਨਾਨੀ ਵੀ ਲਾ ਕੇ ਵੇਖੋ ਗੱਲ ਹੀ ਨਹੀਂ ਬਣਦੀ। ਏਡਾ ਵੱਡਾ ਸ਼ਾਇਰ ਅਪਣੇ ਲਫ਼ਜ਼ਾਂ ‘ ਚ ਜਾਨ ਪਾਉਣ ਲਈ ‘ਤੀਵੀਂ’ ਲਫ਼ਜ਼ ਵਰਤਦਾ ਪਰ ਪੰਜਾਬੀ ਦੇ ਅਖੌਤੀ ਡਾਕਟਰ ‘ਮਹਿਲਾ’ ਨੂੰ ਜੱਫੀ ਪਾਈ ਬੈਠੇ ਹਨ।

ਜੇ ਕਿਸੇ ਲਹਿੰਦੇ ਪੰਜਾਬ ਦੇ ਬੰਦੇ ਨੂੰ ਇੱਧਰ ਦਾ ‘ਪੰਜਾਬੀ’ ਅਖਬਾਰ ਪੜ੍ਹ ਕੇ ਸੁਣਾ ਦਿੱਤਾ ਜਾਵੇ ਤਾਂ ਉਹ ਅਪਣੇ ਸਿਰ ਦੇ ਵਾਲ ਪੁੱਟ ਲਵੇਗਾ। ਇਨ੍ਹਾਂ ਦੀ ਲਿਖੀ ਹੋਈ ਪੰਜਾਬੀ ਜਦੋਂ ਲਹਿੰਦੇ ਪੰਜਾਬ ਦੇ ਬੰਦੇ ਸੁਣਦੇ ਹਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਲਗਦਾ ਜਿਵੇਂ ਕਿਸੇ ਪੰਜਾਬੀ ਨੂੰ ਕੋਈ ਮਲਿਆਲੀ ਅਪਣੀ ਬੋਲੀ ਵਿਚ ਨਾਰੀਅਲ ਖਾਣ ਦੇ ਫਾਇਦੇ ਦੱਸ ਰਿਹਾ ਹੋਵੇ।

ਹਿੰਦੀ ‘ਚ ਆਮ ਹੀ ਕਿਹਾ ਜਾਂਦਾ ਕਿ ਦੋ ਲੋਗੋਂ ਕੀ ਮੌਤ। ਪੰਜਾਬੀ ਅਖਬਾਰਾਂ ‘ਚ ਕੰਮ ਕਰਦੀਆਂ ਭੇਡਾਂ ਨੇ ਬਿਨਾਂ ਕੁੱਝ ਸੋਚੇ ਸਮਝੇ ਲਿਖਣਾ ਸ਼ੁਰੂ ਕਰ ਦਿੱਤਾ, ਅੱਠ ਲੋਕ ਮਾਰੇ ਗਏ ਜਾਂ ਬਾਰਾਂ ਲੋਕ ਫੱਟੜ ਹੋ ਗਏ। ਜਦਕਿ ‘ਲੋਕ’ ਲਫ਼ਜ਼ ਪੰਜਾਬੀ ‘ਚ ਵਰਤਿਆ ਹੀ ਉੱਥੇ ਜਾਂਦਾ ਜਿੱਥੇ ਕੋਈ ਗਿਣਤੀ ਹੀ ਨਾ ਹੋਵੇ। ਕੋਈ ਕਦੇ ਨਹੀਂ ਕਹਿੰਦਾ ਕਿ ਚਾਰ ਲੋਕ ਫੱਟੜ ਹੋਏ ਸਗੋਂ ਕਿਹਾ ਜਾਂਦਾ ਕਿ ਚਾਰ ਜਣੇ ਫੱਟੜ ਹੋ ਗਏ ਜਾਂ ਚਾਰ ਬੰਦੇ ਫੱਟੜ ਹੋ ਗਏ। ਪਰ ਪੰਜਾਬੀ ਅਖਬਾਰਾਂ ‘ਚ ਕੰਮ ਕਰਦੀਆਂ ਵੱਡੀ ਗਿਣਤੀ ਭੇਡਾਂ ਨੂੰ ਪਤਾ ਹੀ ਨਹੀਂ ਕਿ ਦੋ ਲੋਕ ਜਾਂ ਦਸ ਲੋਕ ਲਿਖ ਕੇ ਮਾਂ ਬੋਲੀ ਨਾਲ ਕਿੰਨਾ ਵੱਡਾ ਧਰੋਹ ਕਮਾ ਰਹੇ ਹਨ।

ਪੰਜਾਬੀ ਅਖਬਾਰਾਂ ਦੇ ਮਾਲਕ ਇਸ਼ਤਿਹਾਰਾਂ ਦੇ ਸਿਰ ‘ਤੇ ਕਰੋੜਾਂਪਤੀ ਬਣ ਗਏ ਹਨ ਪਰ ਜਿਸ ਜ਼ੁਬਾਨ ਦੇ ਸਿਰ ‘ਤੇ ਇਨ੍ਹਾਂ ਨੇ ਇੰਨਾ ਪੈਸਾ ਕਮਾਇਆ ਹੈ, ਇਹ ਉਸ ਦੀਆਂ ਹੀ ਜੜ੍ਹਾਂ ਵਿਚ ਤੇਲ ਦੇ ਰਹੇ ਹਨ। ਜੇ ਇਹ ਚਾਹੁਣ ਤਾਂ ਇਹ ਪੰਜਾਬੀ ਦੇ ਹੱਕ ਵਿਚ ਪੂਰੇ ਪੰਜਾਬ ਵਿਚ ਬਹੁਤ ਵੱਡੀ ਲਹਿਰ ਖੜੀ ਕਰ ਸਕਦੇ ਹਨ ਪਰ ਇਨ੍ਹਾਂ ਨੇ ਇਸ ਤੋਂ ਕੀ ਲੈਣਾ, ਇਨ੍ਹਾਂ ਚੋਂ ਬਹੁਤਿਆਂ ਨੂੰ ਜਦੋਂ ਸਮੇਂ ਦੀਆਂ ਹਕੂਮਤਾਂ ‘ਬੋਟੀ’ ਸੁੱਟ ਦਿੰਦੀਆਂ ਹਨ ਤਾਂ ਇਹ ਉਸ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ ਲੱਗ ਜਾਂਦੇ ਹਨ।

ਪੰਜਾਬੀ ਟ੍ਰਿਬਿਉੂਨ ਨੇ ਪਿੱਛੇ ਜਿਹੇ ਐਲਾਨ ਕਰਕੇ ਡੱਬੀ ਲਾਈ ਕਿ ਹੁਣ ਅਖਬਾਰ ਹੋਰ ਵੀ ‘ਸੁਚਾਰੂ’ ਢੰਗ ਨਾਲ ਖਬਰਾਂ ਦਿਆ ਕਰੇਗਾ। ਇਹ ਡੱਬੀ ਸੰਪਾਦਕ (ਲਫ਼ਜ਼ ਸੰਪਾਦਕ ਵੀ ਹਿੰਦੀ ਦਾ ਹੀ ਹੈ ਪਰ ਸਾਡੇ ਯੂਨੀਵਰਸਿਟੀਆਂ ‘ਚ ਬੈਠੇ ਡਾਕਟਰ ਪੰਜਾਬੀ ਦੇ ਨਵੇਂ ਲਫ਼ਜ਼ ਘੜਨ ਦੀ ਥਾਂ ਚਮਚਾਗਿਰੀ ਕਰਕੇ ‘ਚੇਅਰ’ ਤੇ ਬੈਠ ਕੇ ਅਪਣੀ ਨੌਕਰੀ ਨੂੰ ਲੰਮਾ ਕਰਨ ਦੇ ਤਰੀਕੇ ਘੜਦੇ ਰਹਿੰਦੇ ਹਨ ) ਦੇ ਨਾਂ ਹੇਠ ਲਾਈ ਗਈ। ਕਿੰਨੇ ਕਮਾਲ ਦਾ ਲਫ਼ਜ਼ ਕੱਢਿਆ ‘ਸੁਚਾਰੂ’ ? ਗੂੜ ਹਿੰਦੀ ਦਾ ਲਫ਼ਜ਼ ਲਾਇਆ ਗਿਆ ਪੰਜਾਬੀ ਦੇ ਲਫ਼ਜ਼ ‘ਸੁਚੱਜੇ’ ਦੀ ਥਾਂ ‘ਤੇ। ਪੰਜਾਬੀ ਦੀ ਜੱਖਣਾ ਤਾਂ ਸਾਰੀਆਂ ਹੀ ਅਖਬਾਰਾਂ ਪੱਟ ਰਹੀਆਂ ਹਨ ਪਰ ਪੰਜਾਬੀ ਟ੍ਰਿਬਿਊਨ ਦਾ ਤਾਂ ਇਸ ਮਾਮਲੇ ਵਿਚ ਕੋਈ ਮੁਕਾਬਲਾ ਹੀ ਨਹੀਂ। ਇਸ ਵਿਚ ਅੱਜ ਕੱਲ ਮੁਲਾਜ਼ਮਾਂ ਨੂੰ ‘ਕਰਮੀ’ ਲਿਖਿਆ ਜਾਂਦਾ। ਮਰਨ ਵਾਲੇ ਨੂੰ ਪਹਿਲਾਂ ‘ਮ੍ਰਿਤਕ’ ਲਿਖਦੇ ਸੀ ਹੁਣ ਹੋਰ ਅੱਗੇ ਜਾ ਕੇ ‘ਮ੍ਰਿਤ’ ਲਿਖਣ ਲੱਗ ਪਏ ਹਨ। ਆਮ ਹੀ ਪੰਜਾਬੀ ਵਿਚ ਕਿਹਾ ਜਾਂਦਾ ਕਿ ਫਲਾਣੇ ਨੇ ਫਲਾਣੇ ‘ਤੇ ਚ੍ਹੜਾਈ ਕਰ ਦਿੱਤੀ, ਮਤਲਬ ਕਿਸੇ ‘ਤੇ ਭਾਰੂ ਪੈ ਗਏ। ਪਰ ਇਸ ਵਿਚ ਕੀ ਲਿਖਿਆ ਜਾਂਦਾ ‘ਭਾਰਤੀ ਟੀਮ ਨੇ ਸ੍ਰੀਲੰਕਾ ‘ਤੇ ਬੜ੍ਹਤ ਬਣਾਈ।’ ਦੁਲਹਾ, ਦੁਲਹਨ, ਪਦਉੱਨਤੀਆਂ, ਸਪਤਾਹ ਪਤਾ ਨਹੀਂ ਇਹ ਕਿੱਥੋਂ ਨਵੇਂ ਤੋਂ ਨਵੇਂ ਹਿੰਦੀ ਦੇ ਲਫ਼ਜ਼ ਲੱਭ ਕੇ ਪੰਜਾਬੀ ਦੀ ਥਾਂ ਲਿਖ ਰਹੇ ਹਨ। ਜੇ ਕੋਈ ਮੇਰੇ ਵਰਗਾ ਪੰਜਾਬੀ ‘ਚ ਕੁੱਝ ਲਿਖ ਕੇ ਭੇਜ ਦਿੰਦਾ ਤਾਂ ਇਹ ਉਸ ਨੂੰ ‘ਟਕਸਾਲੀ ਪੰਜਾਬੀ’ ਵਿਚ ਸੋਧ ਕੇ ਛਾਪਦੇ ਹਨ।

ਇਸ ਵਿਚ ਹਰ ਐਤਵਾਰ ਨੂੰ ਦੋ ਤਿੰਨ ‘ਡਾਕਟਰਾਂ’ ਦੇ ਲੇਖ ਛਪਦੇ ਹਨ ਉਹ ਜਿਹੜੀ ‘ਪੰਜਾਬੀ’ ਲਿਖਦੇ ਹਨ, ਉਸ ਨੂੰ ਪੜ੍ਹ ਕੇ ਜੀਅ ਕਰਦਾ ਕਿ ਬੰਦਾ ਇਨ੍ਹਾਂ ਦਾ ਸਿਰ ਪਾੜ ਦੇਵੇ ਪਰ ਫਿਰ ਬੰਦਾ ਇਹ ਸੋਚ ਕੇ ਚੁੱਪ ਕਰ ਜਾਂਦਾ ਕਿ ਬਹੁਤੇ ਡਾਕਟਰਾਂ ਦੇ ਤਾਂ ਸਿਰ ਹੀ ਨਹੀਂ ਹੁੰਦੇ। ਇਨ੍ਹਾਂ ਡਾਕਟਰਾਂ ਕੋਲੋਂ ਤਾਂ ਨਿਹੰਗ ਲੱਖ ਦਰਜੇ ਚੰਗੇ ਹਨ ਜਿਨ੍ਹਾਂ ਦੇ ਅਪਣੇ ਬੋਲੇ ਹਨ। ਉਹ ਬੇਸ਼ੱਕ ਭੰਗ ਪੀਂਦੇ ਤੇ ਹੋਰ ਵੀ ਬਹੁਤ ਕੁੱਝ ਕਰਦੇ ਹੋਣਗੇ ਪਰ ਉਹ ਲੱਖ ਲੱਖ ਰੁਪਏ ਤਨਖਾਹ ਲੈ ਕੇ ਪੰਜਾਬੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਵਾਲੇ ‘ਡਾਕਟਰਾਂ’ ਦੇ ਮੁਕਾਬਲੇ, ਮਾਂ ਬੋਲੀ ਦੇ ਵਿਹੜੇ ਵਿਚ ਨਵੇਂ ਲਫ਼ਜ਼ ਘੜ ਰਹੇ ਹਨ। ਉਨ੍ਹਾਂ ਨੂੰ ਮਾਂ ਬੋਲੀ ਦੀਆਂ ਲਾਡਲੀਆਂ ਫੌਜਾਂ ਜ਼ਰੂਰ ਕਿਹਾ ਜਾਣਾ ਚਾਹੀਦਾ।

ਜਦੋਂ ਤੁਸੀਂ ਸਵੇਰੇ ਅਖਬਾਰ ਪੜ੍ਹਦੇ ਹੋ ਤਾਂ ਇਹ ਨਾ ਸੋਚਿਆ ਕਰੋ ਕਿ ਤੁਸੀਂ ਪੰਜਾਬੀ ਦਾ ਅਖਬਾਰ ਪੜ੍ਹ ਰਹੇ ਹੋ, ਸੱਗੋਂ ਇਹ ਸੋਚਿਆ ਕਰੋ ਕਿ ਤੁਸੀਂ ਹਿੰਦੀ ਨੂੰ ਪੰਜਾਬੀ ਵਿਚ ਪੜ੍ਹ ਰਹੇ ਹੋ। ਅਸਲ ਵਿਚ ਪੰਜਾਬੀ ਦਾ ਅਖਬਾਰ ਤਾਂ ਹਾਲੇ ਛਪਣ ਹੀ ਨਹੀਂ ਲੱਗਿਆ। ਪੰਜਾਬੀ ਦਾ ਅਖਬਾਰ ਜੇ ਛਪਣ ਦੀ ਉਮੀਦ ਸੀ ਤਾਂ ਉਹ ਲਾਹੌਰੀਏ ਭਰਾਵਾਂ ਤੋਂ ਸੀ ਪਰ ਮੁੱਲੇ, ਮੁਲਾਣਿਆਂ ਨੇ ਉਨ੍ਹਾਂ ਵਿਚਾਰਿਆਂ ਨੂੰ ਇੰਨੀ ਬੁਰੀ ਤਰਾਂ ਉਲਝਾ ਲਿਆ ਹੈ ਕਿ ਉਹ ਉਰਦੂ ਨੂੰ ਅਪਣੀ ਮਾਂ ਬੋਲੀ ਮੰਨੀ ਬੈਠੇ ਹਨ।

ਜਿਹੜੇ ਬੰਦੇ ਇਹ ਕਹਿੰਦੇ ਹਨ ਕਿ ਪੰਜਾਬੀ ਅਨਪੜ੍ਹਾਂ ਤੇ ਪੇਂਡੂਆਂ ਦੀ ਜ਼ੁਬਾਨ ਹੈ, ਉਹ ਬਿਲਕੁਲ ਸਹੀ ਕਹਿੰਦੇ ਹਨ। ਜਿਹੜੇ ਪੰਜਾਬੀ ਵਿਚ ਨਵਾਂ ਲਿਖ ਰਹੇ ਹਨ ਉਨ੍ਹਾਂ ਨੂੰ ਜੇਕਰ ਲਫ਼ਜ਼ਾਂ ਦੀ ਭੁੱਖ ਹੈ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਅਨਪੜ੍ਹਾਂ, ਫੇਰੀ ਵਾਲਿਆਂ, ਮੋਚੀਆਂ ਜਾਂ ਅਜਿਹੇ ਬੰਦਿਆਂ ਨਾਲ ਬਿਤਾਉਣ ਜਿਹੜੇ ਕਦੇ ਸਕੂਲ ਨਹੀਂ ਗਏ। ਜਿਹੜੇ ਸਕੂਲ ਜਾ ਕੇ ਡਾਕਟਰ ਬਣੇ ਹਨ ਉਹ ਤਾਂ ਅਪਣੇ ਮੋਢੇ ਤੇ ਗੰਡਾਸਾ ਚੁੱਕੀ ਫਿਰਦੇ ਹਨ, ਜਿੱਥੇ ਵੀ ਮਾਂ ਬੋਲੀ ਦਾ ਕੋਈ ‘ਸ਼ੇਰ ਬੱਚਾ’ ਨਜ਼ਰ ਆਉਂਦਾ, ਤੁਰੰਤ ਗੰਡਾਸਾ ਉਸ ਦੇ ਸਿਰ ਵਿਚ ਮਾਰਦੇ ਹਨ। ਜੇ ਕਿਸੇ ਨੇ ਅੱਜ ਵੀ ਵਗਦੇ ਪਾਣੀਆਂ ਵਰਗੀਆਂ ਪੰਜਾਬੀ ਸੁਣਨੀ ਹੋਵੇ ਤਾਂ ਕਿਸੇ ਵੱਟ ‘ਤੇ ਘਾਹ ਖੋਤਦੇ ਕਾਮੇ ਕੋਲ ਜਾਇਓ ਜਾਂ ਫਿਰ ਕਿਸੇ ਫੇਰੀ ਲਾਉਣ ਵਾਲੇ ਤੋਂ ਸੁਣਿਓ, ਜਾਂਦੇ ਰਾਹੀਆਂ ਨੂੰ ਜੱਫੀਆਂ ਪਾਉਣ ਵਾਲੇ ਅਜਿਹੇ ਲਫ਼ਜ਼ ਸੁਣਨ ਨੂੰ ਮਿਲਣਗੇ ਕਿ ਜੀਅ ਕਰੇਗਾ ਕਿ ਮਾਂ ਬੋਲੀ ਦਾ ਇਹ ਦਰਿਆ ਵਗਦਾ ਰਹੇ ਤੇ ਅਸੀਂ ਗੋਤੇ ਲਾ ਕੇ ਰੂਹਾਂ ਦਾ ਹੱਜ ਕਰਦੇ ਰਹੀਏ।

ਲੇਖਕ -ਮਨਜੀਤ ਸਿੰਘ ਰਾਜਪੁਰਾ

- See more at: [www.punjabspectrum.com]
Reply Quote TweetFacebook
Very good important article. Gursikhs and teachers especially in Punjab should highlight such changes and perhaps make awareness of our real bolee.

Bhai Kulbir Singh jee can you give examples of words that are getting diluted with Hindi/Farsi.
Reply Quote TweetFacebook
Sorry, only registered users may post in this forum.

Click here to login