ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਗੁਰਬਾਣੀ ਦਾ ਆਸ਼ਾ ਇਕ ਹੈ

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ

ਜਦ ਹਰਨਾਖਸ਼ ਦੁਸ਼ਟ ਉਤਪਾਦ (ਉਪੱਦਰ) ਅਤਿਆਚਾਰ ਕਰਨ ਲਗਾ ਤਾਂ ਉਸ ਦੇ ਦਮਨ ਨਮਿਤ “ਘਰਿ ਹਰਣਾਖਸ਼ ਦੈਤ ਦੇ ਕਲਰਿ ਕਵਲੁ ਭਗਤੁ ਪ੍ਰਹਿਲਾਦ” ਉਤਪੰਨ ਕੀਤਾ। ਪਰਮ ਅਹੰਕਾਰੀ ਦੁਸ਼ਟ ਅਤੇ ਅਤਿਆਚਾਰੀ ਹਰਨਾਖਸ਼ ਆਪਣੇ ਆਪ ਨੂੰ ਹੀ ਸਭ ਹਰਤਾ ਕਰਤਾ ਸਮਝਦਾ ਸੀ ਅਤੇ ਆਪਣੇ ਤਾਈਂ ਹੀ ਪਰਮੇਸ਼ਰ ਜਣਾਉਂਦਾ ਸੀ, ਪ੍ਰੰਤੂ ‘ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ’ ਦੇ ਗੁਰਵਾਕ ਅਨੁਸਾਰ ਸਰਬੱਗ ਹਰੀ ਪ੍ਰਮਾਤਮਾ ਨੂੰ ਅਜਿਹਾ ਹੰਕਾਰ ਨਹੀਂ ਭਾਵੰਦਾ। ਸੋ ਇਸ ਹੰਕਾਰੀ ਦੇ ਦਮਨ ਨਮਿਤ, ਪ੍ਰਮਾਤਮ-ਭਗਤ-ਵਡਿਆਈ ਦੀ ਪੈਜ ਸੰਵਾਰਨ ਨਮਿਤ ਅਕਾਲ ਪੁਰਖ ਨਿਰੰਕਾਰ ਸਰਬ ਸ਼ਕਤੀਮਾਨ ਨੇ ਆਪਣੀ ਅਗਾਧ ਕਲਾ ਵਰਤਾ ਕੇ ਨਰ-ਸਿੰਘ ਦਾ ਰੂਪ ਰਚਾਇਆ ਤੇ ਉਸ ਨਰ-ਸਿੰਘ ਰੂਪ ਵਿਚ ਆਪਣੀ ਸ਼ਕਤਿ-ਕਲਾ ਵਰਤਾ ਕੇ ਹਰਨਾਖਸ਼ ਦੁਸ਼ਟ ਦਾ ਖੈ ਕੀਤਾ ਅਤੇ ਭਗਤ ਪ੍ਰਹਿਲਾਦ ਦੀ ਰਖਿਆ ਕੀਤੀ। ਇਸ ਬਿਧਿ ਭਾਉ-ਭਗਤ ਵਡਿਆਈ ਦੀ ਪੈਜ ਸੰਵਾਰੀ। ਇਸ ਬਿਧਿ ਸੋਧ ਸੁਧਾਈ ਕਰ ਕੇ ਅਕਾਲ ਪੁਰਖ ਨੇ ਨਰ-ਸਿੰਘ ਦਾ ਰੂਪ ਨਿਵਾਰਨ ਕਰਿ ਆਪਣੀ ਕਲਾ ਖਿੱਚ ਲਈ ਅਤੇ ਨਰ-ਸਿੰਘ ਰੂਪ (ਅਲੋਪ) ਹੋ ਗਿਆ।

ਭਰਮ-ਭੂਲੇ ਜੀਵਾਂ ਨੇ ਇਸ ਨਰ-ਸਿੰਘ ਰੂਪ ਨੂੰ ਹੀ ਅਕਾਲ ਪੁਰਖ ਪਰਮੇਸ਼ਰ ਕਰਿ ਮੰਨ ਲਿਆ ਅਤੇ ਇਸ ਦੀ ਪੂਜਾ, ਇਸ ਨੂੰ ਅਕਾਲ ਪੁਰਖ ਮੰਨ ਕੇ ਕਰਨ ਲਗ ਪਏ। ਨਰ-ਸਿੰਘ ਦਾ ਰੂਪ ਆਕਾਰੀ ਅਵਤਾਰ ਨਿਰੰਕਾਰ ਅਕਾਲ ਪੁਰਖ ਦਾ ਇਕ ਕਲਾ-ਕ੍ਰਿਸ਼ਮੀ ਚਮਤਕਾਰ ਸੀ, ਨਾ ਕਿ ਉਹ ਖੁਦ ਨਿਰੰਕਾਰ ਸੀ। ਨਿਰੰਕਾਰ ਨੇ ਕਲਾ ਵਰਤਾ ਕੇ ਦੁਸ਼ਟ ਹਰਨਾਖਸ਼ ਨੂੰ ਮਾਰਿਆ, ਜੈਸਾ ਕਿ “ਹਰਣਾਖਸ਼ ਦੁਸਟੁ ਹਰਿ ਮਾਰਿਆ ਪ੍ਰਹਲਾਦ ਤਰਾਇਆ” ਵਾਲੇ ਗੁਰਵਾਕ ਤੋਂ ਸਪਸ਼ਟ ਹੈ। ਇਸ ਤੁਕ ਤੋਂ ਸਾਫ ਸ਼ਪੱਸ਼ਟ ਇਹ ਹੈ ਕਿ ਹਰੀ ਪ੍ਰਮਾਤਮਾ ਹੀ ਜੁਗ ਜੁਗ ਭਗਤ ਉਪਾ ਕੇ ਪੈਜ ਰਖਣ ਵਾਲਾ ਹੈ ਅਤੇ ਹਰੀ ਪ੍ਰਮਾਤਮਾ ਹੀ ਹਰਨਾਖਸ਼ ਦੁਸ਼ਟ ਨੂੰ ਮਾਰ ਕੇ ਪ੍ਰਹਿਲਾਦ ਨੂੰ ਤਰਾਵਨਹਾਰਾ ਹੈ। ਇਸ ਵਿਚ ਕਈ ਸਜਣ ਮੁਗਾਲਤਾ ਇਹ ਖਾਂਦੇ ਹਨ ਕਿ ਨਰ-ਸਿੰਘ ਅਵਤਾਰ ਨੇ ਹੀ ਇਹ ਸਾਰਾ ਕੰਮ ਕੀਤਾ, ਤਾਂ ਤੇ ਗੁਰਮਤਿ ਅੰਦਰ ਭੀ ਅਵਤਾਰ-ਮਨੌਤੀ ਦਾ ਵਿਧਾਨ ਹੈ।

ਇਹ ਉਨ੍ਹਾਂ ਦੀ ਭੁਲ ਹੈ। ਬਲ ਪ੍ਰਦਾਨ ਕਰਨਹਾਰਾ ਅਕਲ-ਕਲਾ-ਭਰਪੂਰ ਨਿਰੰਕਾਰ ਅਕਾਲ ਪੁਰਖ ਹੈ। ਇਨ੍ਹਾਂ ਸਰੀਰ-ਆਕਾਰੀ-ਅਵਤਾਰਾਂ ਨੂੰ ਤਾਂ ਆਪਣਾ ਬਲ ਬਕਸ਼ ਕੇ ਆਪਣਾ ਚਲਤ-ਕਲਾ-ਚਮਤਕਾਰੀ-ਚੋਜ ਵਰਤਾਇਆ ਹੈ। ਜਿਤਨੇ ਭੀ ਚੋਜ-ਅਵਤਾਰ-ਅਡੰਬਰੀ-ਆਕਾਰ ਹੋਏ, ਸਭਨਾਂ ਨੇ ਅਕਾਲ ਪੁਰਖ ਤੋਂ ਸ਼ਕਤਿ-ਕਲਾ-ਬਲ ਪ੍ਰਾਪਤ ਕੀਤੇ। ਇਸ ਆਸ਼ੇ ਨੂੰ ਕਿਆ ਬਿਧਿ ਅਤੇ ਇਸ ਖੂਬੀ ਨਾਲ ਸਿਰੀ ਦਸਮੇਸ਼ ਪਿਤਾ ਜੀ ਨੇ ਆਪਣੇ ਇਸ ਸਿਰੀ ਮੁਖਵਾਕ ਦੁਆਰਾ ਨਿਰੂਪਨ ਕੀਤਾ ਹੈ:-

ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰੁ ਉਪਾਇਆ॥

ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲ ਰਚਾਇ ਬਣਾਇਆ॥

ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ॥

ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦ ਰਚਾਇਆ॥

ਤੈ ਹੀ ਦੁਰਗਾ ਸਾਜਿ ਕੈ ਦੈਂਤਾ ਦਾ ਨਾਸੁ ਕਰਾਇਆ॥

ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ॥

ਤੈਥੋਂ ਹੀ ਬਲੁ ਕ੍ਰਿਸ਼ਨ ਲੈ ਕੰਸੁ ਕੇਸੀ ਪਕੜਿ ਗਿਰਾਇਆ॥

ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ॥

ਕਿਨੀ ਤੇਰਾ ਅੰਤੁ ਨ ਪਾਇਆ॥2॥ , ਚੰਡੀ ਦੀ ਵਾਰ


ਉਪਰਲੇ ਸਿਰੀ ਦਸਮੇਸ਼ ਮੁਖਵਾਕ ਤੋਂ ਸਾਫ ਸਿਧ ਹੁੰਦਾ ਹੈ ਕਿ ਦੁਰਗਾ, ਰਾਮ, ਕ੍ਰਿਸ਼ਨ ਆਦਿਕ ਨੇ ਜੋ ਦੈਂਤਾਂ ਦੁਸ਼ਟਾਂ ਨੂੰ ਦਮਨ ਬਿਨਾਸ ਕਰਨ ਦੇ ਕੰਮ ਕੀਤੇ, ਸੋ ਸਭ ਅਕਾਲ ਪੁਰਖ ਤੋਂ ਬਲ-ਸ਼ਕਤਿ-ਕਲਾ ਲੈ ਕੇ ਹੀ ਕੀਤੇ। ਅਕਾਲ ਪੁਰਖ ਨੇ ਹੀ ਇਨ੍ਹਾਂ ਨੂੰ ਬਲ ਪਰਦਾਨ ਕੀਤਾ ਤਾਂ ਦੁਸ਼ਟ ਦੂਤ ਖੈ ਹੋਏ। ਆਪੋਂ ਓਹਨਾਂ ਵਿਚ ਕੋਈ ਬਲ-ਸ਼ਕਤਿ ਕਲਾ ਨਹੀਂ ਸੀ। ਤਾਂਤੇ ਦੁਸ਼ਟਾਂ ਨੂੰ ਮਾਰਨ ਬਿਦਾਰਨ ਦੀ ਵਾਸਤਵ ਵਿਚ ਅਕਾਲ ਪੁਰਖ ਨੇ ਹੀ ਆਪਣੀ ਖਾਸ ਕਲਾ ਵਰਤਾ ਕੇ ਓਹਨਾਂ ਨੂੰ ਖੈ ਕੀਤਾ। ਇਹ ਸਭ ਪਰਤਾਪ ਸਰਬ ਕਲਾ ਸਮਰੱਥ ਅਕਾਲ-ਪੁਰਖ ਨਿਰੰਕਾਰ ਦਾ ਹੀ ਹੈ। ਉਸ ਦੇ ਕੀਤੇ (ਰਚਨਹਾਰ ਦੇ ਰਚੇ) ਜੰਤਾਂ ਵਿਚਾਰਿਆਂ ਦੀ, ਉਸ ਦੇ ਬਲ ਬਖਸ਼ੇ ਬਿਨਾਂ ਕੀ ਪ੍ਰੋਖੌਂ ਸੀ ਕਿ ਅਜਿਹੇ ਕਾਰਨਾਮੇ ਕਰ ਸਕਦੇ। ਇਹ ਸਭ ਅਕਾਲ ਪੁਰਖ ਦੀ ਕਲਾ ਦਾ ਹੀ ਜ਼ਹੂਰ ਹੈ।

ਤਾਂਤੇ ਜਿਥੇ ਬਚਿਤ੍ਰ ਨਾਟਕ ਅੰਦਰ (ਮੁਢਲੇ) ਅੰਕ 93 ਤੋਂ ਲੈ ਕੇ ਅੰਕ 95 ਤਾਈਂ ਅਕਾਲ ਪੁਰਖ ਦੀ ਅਕਲ-ਕਲਾ ਦੇ ਜ਼ਹੂਰ ਦਾ ਵਰਨਣ ਹੈ, ਓਥੇ ਸਿਰੀ ਅਕਾਲ ਉਸਤਤਿ ਅੰਦਰ 211 ਤੋਂ ਲੈ ਕੇ 230 ਵਾਲੇ ਦੀਰਘ ਤ੍ਰਿਭੰਗੀ ਛੰਦ ਦੇ ਸਾਰੇ ਅੰਕਾਂ ਦਾ ਭੀ ਓਹੀ ਅਭਿਪਰਾ ਹੈ। ਪਰ ਸ਼ੰਕਾ ਕਰਨ ਵਾਲੇ ਬਚਿਤ੍ਰ ਨਾਟਕ ਵਾਲੇ ਅੰਕਾਂ ਅੰਦਰ ਆਏ ਭਾਵ ਨੂੰ ਤਾਂ ਪੂਰਨ ਗੁਰਮਤਿ ਅਨੁਕੂਲ ਮੰਨਦੇ ਹਨ ਅਤੇ ਏਹਨਾਂ ਅੰਕਾਂ ਵਾਲੇ ਵਾਕਾਂ ਨੂੰ ਸਿਰੀ ਮੁਖਵਾਕ ਮੰਨਦੇ ਹਨ, ਪ੍ਰੰਤੂ ਅਕਾਲ ਉਸਤਤਿ ਵਾਲੇ ਦੀਰਘ ਤ੍ਰਿਭੰਗੀ ਛੰਦ ਦੇ ਭਾਵ ਨੂੰ ਗੁਰਮਤਿ ਪ੍ਰਤਿਕੂਲ ਸਮਝਦੇ ਹਨ ਅਤੇ 211 ਤੋਂ ਲੈ ਕੇ 230 ਤਾਈਂ ਸਾਰੇ ਅੰਕਾਂ ਵਾਲੇ ਵਾਕਾਂ ਨੂੰ ਸਿਰੀ ਮੁਖਵਾਕ ਨਹੀਂ ਸਮਝਦੇ। ਓਹਨਾਂ ਨੂੰ ਓਹ ਮੁਗਾਲਤਾ ਲਗਾ ਹੈ, ਜੋ ਅਸੀਂ ਉਪਰ ਵਿਸਥਾਰ ਸਹਿਤ ਕਥਨ ਕਰ ਆਏ ਹਾਂ।

( ਪੁਸਤਕ ਗੁਰਮਤਿ ਲੇਖ ਵਿਚੋਂ )
Reply Quote TweetFacebook
Sorry, only registered users may post in this forum.

Click here to login