ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurmat Eating Bibek - Definition and Requirement

Posted by Kulbir Singh 
ਗੁਰਮਤਿ ਆਹਾਰ ਬਿਬੇਕ – ਪਰਿਭਾਸ਼ਾ ਅਤੇ ਲੋੜ

ਗੁਰਮਤਿ ਆਹਾਰ ਬਿਬੇਕ ਸ੍ਰੀ ਗੁਰੂ ਦਸਮੇਸ਼ ਜੀ ਵਲੋਂ ਦ੍ਰਿੜਾਈ ਗਈ ਰਹਿਤ ਦਾ ਇਕ ਜ਼ਰੂਰੀ ਅੰਗ ਹੈ ਅਤੇ ਇਹ ਰਹਿਤ ਰਖਣ ਤੋਂ ਬਿਨਾ ਕਦੇ ਵੀ ਗੁਰਮਤਿ ਅਨੁਸਾਰੀ ਚੜਦੀ ਕਲਾ ਨਹੀਂ ਹੋ ਸਕਦੀ। ਭਾਈ ਸਾਹਿਬ ਰਣਧੀਰ ਸਿੰਘ ਜੀ ਬ੍ਰਹਮਗਿਆਨੀ ਅਵਸਥਾ ਦੇ ਮਾਲਕ ਸਨ। ਉਹਨਾਂ ਨੇ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਸਨ ਅਤੇ ਸਦਾ ਨਾਮ ਦੀ ਖੁਮਾਰੀ ਵਿਚ ਮਖਮੂਰ ਰਹਿੰਦੇ ਸਨ ਪਰ ਇੰਨੀ ਉਚੀ ਅਵਸਥਾ ਤੇ ਪਹੁੰਚ ਕੇ ਵੀ ਉਹਨਾਂ ਨੇ ਗੁਰਮਤਿ ਆਹਾਰ ਬਿਬੇਕ ਸਹਿਤ, ਸ੍ਰੀ ਗੁਰੂ ਦਸਮੇਸ਼ ਜੀ ਵਲੋਂ ਦ੍ਰਿੜਾਈ ਗਈ ਰਹਿਤ ਨਹੀਂ ਛੱਡੀ। ਉਹਨਾਂ ਨੂੰ ਇਹ ਰਹਿਤ ਰੱਖਣ ਲਈ ਜੇਲਾਂ ਵਿਚ ਅਸਹਿ ਅਤੇ ਅਕਹਿ ਕਸ਼ਟ ਝਲਣੇ ਪਏ ਪਰ ਉਹ ਪਰਬਤ ਵਾਂਗ ਅਡੋਲ ਰਹੇ ਅਤੇ ਰਹਿਤ ਦਾ ਪੱਲਾ ਨਹੀਂ ਛਡਿਆ। ਅਜ ਜਥੇ ਦੇ ਨਾਲ ਸੰਬੰਧਤ ਗੁਰਸਿਖਾਂ ਦੀ ਗਿਣਤੀ, ਉਸ ਵੇਲੇ ਨਾਲੋਂ, ਕਈ ਗੁਣਾਂ ਵਧ ਗਈ ਹੈ ਪਰ ਰਹਿਤ ਵਲੋਂ, ਖਾਸ ਕਰਕੇ ਗੁਰਮਤਿ ਆਹਾਰ ਬਿਬੇਕ ਦੀ ਰਹਿਤ ਵਲੋਂ ਅਨੇਕਾਂ ਗੁਰਸਿਖ ਬਹੁਤ ਢਿਲੇ ਹੋ ਗਏ ਹਨ।

ਗੁਰਮਤਿ ਆਹਾਰ ਬਿਬੇਕ ਦੀ ਸੰਖੇਪ ਪਰਿਭਾਸ਼ਾ ਹੈ ਕਿ ਗੁਰਸਿਖ ਨੇ ਤਿਆਰ-ਬਰ-ਤਿਆਰ ਗੁਰਸਿਖ ਦੇ ਹੱਥ ਦਾ ਬਣਿਆ ਹੋਇਆ ਆਹਾਰ (ਖਾਣਾ) ਛਕਣਾ ਹੈ ਅਤੇ ਗ਼ੈਰ-ਅੰਮ੍ਰਿਤਧਾਰੀ ਅਤੇ ਰਹਿਤ ਵਲੋਂ ਢਿਲਿਆਂ ਅੰਮ੍ਰਿਤਧਾਰੀਆਂ ਪਾਸੋਂ ਛਕਣ ਤੋਂ ਗੁਰੇਜ਼ ਕਰਨਾ ਹੈ। ਇਹ ਬਹੁਤ ਮਹੱਤਵਪੂਰਨ ਰਹਿਤ ਹੈ ਜੋ ਖਾਲਸਾ ਪੰਥ ਨੂੰ ਆਨਮਤੀਆਂ ਨਾਲ ਮਿਲਗੋਭਾ ਹੋਣ ਤੋਂ ਬਚਾਉਂਦੀ ਹੈ। ਇਸ ਰਹਿਤ ਵਿਚ ਪਰਪੱਕ ਹੋਏ ਬਿਨਾਂ ਗੁਰੂ ਸਾਹਿਬ ਵਲੋਂ 'ਨਿਆਰੇ' ਰਹਿਣ ਦਾ ਹੁਕਮ ਪੂਰਾ ਨਹੀਂ ਹੋ ਸਕਦਾ। ਅਜ ਪੰਥ ਦੀ ਜੋ ਤਰਾਸਦੀ ਹਾਲਤ ਹੈ, ਉਸਦਾ ਇਕ ਕਾਰਨ ਇਹ ਵੀ ਹੈ ਕਿ ਪੰਥ ਨੇ ਆਪਣਾ ਨਿਆਰਾਪਨ ਤਿਆਗ ਦਿਤਾ ਹੈ। ਗੁਰਸਿਖੀ ਬਾਣੇ ਦੀ ਜਗ੍ਹਾ ਪਤਲੂਨ-ਕਮੀਜ਼ ਨੇ ਲੈ ਲਈ ਹੈ ਅਤੇ ਉਚ ਦੁਮਾਲੜਿਆਂ ਦੀ ਥਾਂ ਤੇ ਪਟਕਾ ਜਾਂ ਪਟਿਆਲਾਸ਼ਾਹੀ ਪੱਗ ਨੇ ਲੈ ਲਈ ਹੈ। ਬੀਬੀਆਂ ਦੀਆਂ ਦਸਤਾਰਾਂ ਦੀ ਥਾਂ ਤੇ ਚੁੰਨੀਆਂ ਆ ਗਈਆਂ ਸਨ ਪਰ ਹੁਣ ਤਾਂ ਚੁੰਨੀਆਂ ਵੀ ਸਿਰਾਂ ਤੇ ਨਹੀਂ ਰਹੀਆਂ ਅਤੇ ਸਾਡੀਆਂ ਧੀਆਂ ਭੈਣਾਂ, ਆਨਮਤ ਬੀਬੀਆਂ ਵਾਂਗ ਨੰਗੇ ਸਿਰ ਬਾਹਰ ਫਿਰਨ ਵਿਚ ਵੀ ਸੰਕੋਚ ਨਹੀਂ ਕਰਦੀਆਂ। ਗੁਰੂ ਸਾਹਿਬ ਦਾ ਹੁਕਮ ਅੱਟਲ ਹੈ ਕਿ ਜਦੋਂ ਤੱਕ ਖਾਲਸਾ ਨਿਆਰਾ ਰਹੇਗਾ ਭਾਵ ਗੁਰੂ ਸਾਹਿਬ ਵਲੋਂ ਦ੍ਰਿੜਾਈ ਰਹਿਤ ਵਿਚ ਪਰਪੱਕ ਰਹੇਗਾ ਅਤੇ ਆਨਮਤੀਆਂ ਦੀ ਰੀਸ ਨਹੀਂ ਕਰੇਗਾ, ਉਦੋਂ ਤੱਕ ਗੁਰੂ ਸਾਹਿਬ ਆਪਣੀ ਪੂਰੀ ਸ਼ਕਤੀ ਦੇਣਗੇ ਪਰ ਜਦੋਂ ਇਹ ਬਿਪਰਾਂ ਅਤੇ ਆਨਮਤੀਆਂ ਦੀ ਰੀਤੀ ਅਪਨਾ ਲਵੇਗਾ, ਉਦੋਂ ਗੁਰੂ ਸਾਹਿਬ ਸਾਰਾ ਤੇਜ ਭਾਵ ਸ਼ਕਤੀ ਖਿਚ ਲੈਣਗੇ; ਯਥਾ ਗੁਰਵਾਕ:

ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉਂ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤਿ॥ ਮੈਂ ਨਾ ਕਰਉਂ ਇਨ ਕੀ ਪਰਤੀਤਿ॥


ਅਜ ਦਾ ਸਿਖ ਨੜੀਮਾਰਾਂ (ਤੰਬਾਕੂ ਸੇਵਨ ਵਾਲੇ), ਕੁੜੀਮਾਰਾਂ ਅਤੇ ਸਿਰਗੁੰਮਾਂ (ਕੇਸ ਕਟਾਉਣ ਵਾਲੇ) ਦੇ ਹੱਥੋਂ ਛਕਣ ਵਿਚ ਕੋਈ ਸੰਕੋਚ ਨਹੀਂ ਕਰਦਾ। ਆਮ ਹੀ ਦੇਖਣ ਵਿਚ ਆਉਂਦਾ ਹੈ ਕਿ ਕਈ ਸਿਖ ਤਾਂ ਬਾਣਾ ਪਾ ਕੇ ਵੀ ਰੇਹੜੀਆਂ ਤੋਂ ਨੜੀਮਾਰਾਂ ਅਤੇ ਸਿਰਗੁਮਾਂ ਪਾਸੋਂ ਛਕਦੇ ਨਜ਼ਰ ਆਉਂਦੇ ਹਨ ਅਤੇ ਫੇਰ ਆਪਾਂ ਕਹਿੰਦੇ ਹਾਂ ਕਿ ਪੰਥ ਦੀ ਚੜਦੀ ਕਲਾ ਕਿਉਂ ਨਹੀਂ ਹੋ ਰਹੀ। ਚੜਦੀ ਕਲਾ ਕਿਥੋਂ ਹੋਵੇ ਜਦ ਅਸੀਂ ਗੁਰਮਤਿ ਛਡ ਕੇ ਮਾਇਆਵੀ ਬਿਖਿਆਮਈ ਆਨ ਰਸਾਂ ਵਿਚ ਫਸੇ ਹੋਏ ਹਾਂ?

ਸਾਈਂਸ ਅਕਸਰ ਤਨ ਤੇ ਖਾਣ ਦੇ ਅਸਰ ਦੀ ਗਲ ਕਰਦੀ ਹੈ ਪਰ ਗੁਰਮਤਿ ਮੁਤਾਬਕ ਖਾਣ ਦਾ ਅਸਰ ਤਨ ਤੇ ਹੀ ਨਹੀਂ ਬਲਕਿ ਮਨ ਤੇ ਵੀ ਹੁੰਦਾ ਹੈ। "ਜੇਹਾ ਅੰਨ, ਤੇਹਾ ਮਨ" ਦੇ ਆਖਾਣ ਮੁਤਾਬਕ ਸਾਡਾ ਮਨ, ਖਾਧੇ ਜਾਣ ਵਾਲੇ ਅੰਨ ਦਾ ਅਸਰ ਕਬੂਲਦਾ ਹੈ। ਗੁਰਬਾਣੀ ਵਿਚ ਸਪਸ਼ਟ ਹੈ ਕਿ ਖਾਣੇ ਦਾ ਅਸਰ ਨਾ ਕੇਵਲ ਤਨ ਤੇ ਹੁੰਦਾ ਹੈ ਬਲਕਿ ਮਨ ਤੇ ਵੀ ਹੁੰਦਾ ਹੈ:

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥
(ਸਿਰੀਰਾਗ ਮਹਲਾ 1; ਪੰਨਾ 16)

ਉਪਰ ਦਰਜ ਗੁਰਵਾਕ ਵਿਚ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਜਿਹਾ ਖਾਣਾ ਨਹੀਂ ਖਾਣਾ ਚਾਹੀਦਾ ਜਿਸ ਕਰਕੇ ਤਨ ਵਿਚ ਤਕਲੀਫ ਹੋਵੇ ਅਤੇ ਮਨ ਵਿਚ ਵਿਕਾਰ ਚਲਣ। ਸੋ ਇਸ ਤੋਂ ਸਿੱਧ ਹੈ ਕਿ ਅਜਿਹੇ ਖਾਣੇ ਹੁੰਦੇ ਹਨ ਜੋ ਕਿ ਮਨ ਵਿਚ ਵਿਕਾਰ ਪੈਦਾ ਕਰਦੇ ਹਨ। ਜੋ ਵੀ ਭੋਜਨ ਨਾਮ ਦੀ ਕਲਾ ਤੋਂ ਵਿਹੂਣਾ ਹੈ, ਉਹ ਭੋਜਨ ਗੁਰਮਤਿ ਅਨੁਸਾਰੀ ਨਹੀਂ ਹੈ ਅਤੇ ਗੁਰਸਿਖ ਨੂੰ ਅਜਿਹਾ ਭੋਜਨ ਨਹੀਂ ਛਕਣਾ ਚਾਹੀਦਾ। ਨਾਮ ਦੀ ਕਲਾ ਤੋਂ ਵਿਹੂਣਾ ਪਰਸ਼ਾਦਾ ਉਹ ਹੁੰਦਾ ਹੈ ਜੋ ਕਿ ਨਾਮ ਬਾਣੀ ਜਪਣ ਤੋਂ ਬਗ਼ੈਰ ਤਿਆਰ ਕੀਤਾ ਜਾਵੇ ਅਤੇ ਨਾਮ ਬਾਣੀ ਵਾਲਾ ਭੋਜਨ ਤਾਂ ਇਕ ਗੁਰਸਿਖ ਹੀ ਤਿਆਰ ਕਰ ਸਕਦਾ ਹੈ ਕਿਉਂਕਿ ਅੰਮ੍ਰਿਤ ਛਕ ਕੇ ਗੁਰਦੀਖਿਅਤ ਹੋਣ ਤੋਂ ਬਿਨਾਂ ਕੋਈ ਨਾਮ ਕਿਵੇਂ ਜਪ ਸਕਦਾ ਹੈ; ਭਾਵ ਨਹੀਂ ਜਪ ਸਕਦਾ।

ਗੁਰਬਾਣੀ ਵਿਚ ਸਾਕਤ ਅਤੇ ਮਨਮੁਖ ਨਾਲ ਦੋਸਤੀ ਕਰਨ ਤੋਂ ਅਤੇ ਉਸਦੀ ਸੰਗਤ ਕਰਨ ਤੋਂ ਬਹੁਤ ਵਰਜਿਆ ਗਿਆ ਹੈ ਅਤੇ ਇਥੋਂ ਤਕ ਕਿਹਾ ਗਿਆ ਹੈ ਕਿ ਮਨਮੁਖਾਂ ਨਾਲ ਦੋਸਤੀ ਕਰਨ ਵਾਲੇ ਮਨੁਖ ਨੂੰ ਸੁਖ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਸਦੇ ਉਲਟ ਗੁਰਮੁਖਿ ਨਾਲ ਦੋਸਤੀ ਕਰਨ ਦੀ ਬਹੁਤ ਤਾਕੀਦ ਕੀਤੀ ਗਈ ਹੈ ਅਤੇ ਇਸ ਨੂੰ ਸਤਿਗੁਰ ਨਾਲ ਚਿਤ ਲਾਉਣ ਦਾ ਜ਼ਰੀਆ ਦਸਿਆ ਗਿਆ ਹੈ:

ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲਚਿਤ ॥
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥66॥
(ਸਲੋਕ ਮਹਲਾ 3॥ ਪੰਨਾ 1421)

ਅਰਥ ਵਿਚਾਰ: ਗੁਰੂ ਸਾਹਿਬ ਜੀ ਆਪਣੀ ਮੋਹਰ ਛਾਪ ਲਾ ਕੇ ਫੁਰਮਾਉਂਦੇ ਹਨ ਕਿ (ਸਭ ਪਾਸੇ) ਖਸਮ ਦਾ ਹੁਕਮ ਵਰਤ ਰਿਹਾ ਹੈ (ਪਰ ਤੂੰ ਹੇ ਜਗਿਆਸੂ ਸਿਖ) ਪੁਠੀ ਮਤਿ (ਮਤਿ ਭਵੀ) ਕਰਕੇ ਚੰਚਲ ਚਿਤ (ਚਲਚਿਤ) ਹੋਇਆ ਫਿਰ ਰਿਹਾ ਹੈਂ। ਹੇ ਮਿਤਰ, ਤੂੰ ਮਨਮੁਖ ਨਾਲ ਦੋਸਤੀ ਕਰਦਾ ਹੈਂ, ਫੇਰ ਸੁਖ ਕਿਉਂ ਮੰਗ (ਪੁਛ) ਰਿਹਾ ਹੈਂ ਭਾਵ ਸੁਖ ਦੀ ਉਮੀਦ ਨਾ ਕਰ। ਗੁਰਮੁਖਾਂ ਨਾਲ ਦੋਸਤੀ ਕਰ ਅਤੇ (ਉਹਨਾਂ ਦੀ ਸੰਗਤ ਵਿਚ) ਸਤਿਗੁਰੂ ਨਾਲ ਚਿਤ ਲਾ। (ਅਖੀਰਲੀ ਪੰਕਤੀ ਵਿਚ ਗੁਰਮੁਖਾਂ ਦੀ ਸੰਗਤ ਦਾ ਸਦਕਾ, ਸਤਿਗੁਰੂ ਨਾਲ ਚਿਤ ਲਾਉਣ ਦਾ ਫਲ ਦਸਦੇ ਹੋਏ ਫੁਰਮਾਉਂਦੇ ਹਨ), ਇਸ ਤਰ੍ਹਾਂ ਜੰਮਣ ਮਰਣ ਦਾ ਜੋ ਮੂਲ (ਹਉਮੈ) ਹੈ, ਉਹ ਕਟਿਆ ਜਾਂਦਾ ਹੈ, ਅਤੇ ਫੇਰ ਸੁਖ ਹੁੰਦਾ ਹੈ, ਹੇ ਮਿਤਰ।

ਜਗਤ ਪਿਤ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਪਰ ਦਰਜ ਸਲੋਕ ਵਿਚ ਗੁਰਮਤਿ ਦੇ ਅਹਿਮ ਅਸੂਲਾਂ ਦਾ ਇੰਕਸ਼ਾਫ ਕਰਦੇ ਹੋਏ ਜਗਿਆਸੂ ਸਿਖ ਤਾਂਈਂ ਉਪਦੇਸ਼ ਕਰਦੇ ਹਨ ਕਿ ਹੇ ਮਿਤਰ ਤੂੰ ਭਵੀ ਮਤਿ ਕਰਕੇ ਚੰਚਲਚਿਤ ਹੋਇਆ ਫਿਰ ਰਿਹਾ ਹੈਂ। ਦੂਸਰੀ ਪੰਕਤੀ ਵਿਚ ਭਵੀ ਮਤਿ ਦਾ ਕਾਰਨ ਦਸਦੇ ਹਨ ਕਿ ਮਨਮੁਖਾਂ ਨਾਲ ਦੋਸਤੀ ਕਰਨ ਕਰਕੇ, ਉਹਨਾਂ ਨਾਲ ਵਿਹਾਰ ਕਰਨ ਕਰਕੇ, ਉਹਨਾਂ ਦੀ ਸੰਗਤ ਕਰਨ ਕਰਕੇ, ਤੇਰੀ ਮਤਿ ਭਵੀ ਹੋਈ ਹੈ, ਤੇਰਾ ਚਿਤ ਚਲਚਿਤ ਹੈ ਅਤੇ ਤੂੰ ਇਸ ਅਵਸਥਾ ਵਿਚ ਹੋਣ ਕਰਕੇ ਸੁਖ ਦੀ ਉਮੀਦ ਕਿਉਂ ਰੱਖਦਾ ਹੈਂ। ਤੀਸਰੀ ਪੰਕਤੀ ਵਿਚ ਸੁਖ ਉਪਜਾਉਣ ਦਾ ਅਤੇ ਜਮਣ ਮਰਣ ਦੇ ਮੂਲ ਭਾਵ ਹਉਮੈ ਰੋਗ ਨੂੰ ਮਿਟਾਉਣ ਦਾ ਇਕ ਬਹੁਤ ਹੀ ਸਰਲ ਤਰੀਕਾ ਦਸਦੇ ਹਨ ਕਿ ਹੇ ਮਿਤਰ ਗੁਰਮੁਖਾਂ ਨਾਲ ਦੋਸਤੀ ਕਰ ਭਾਵ ਉਹਨਾਂ ਦੀ ਸੰਗਤ ਕਰ ਅਤੇ ਉਹਨਾਂ ਦੀ ਸੰਗਤ ਦਾ ਸਦਕਾ ਸਤਿਗੁਰੂ ਨਾਲ ਚਿਤ ਲਾ ਭਾਵ ਸਤਿਗੁਰੂ ਦੇ ਉਪਦੇਸ਼ ਨਾਲ ਚਿਤ ਲਾ ਭਾਵ ਨਾਮ ਗੁਰਬਾਣੀ ਨਾਲ ਚਿਤ ਲਾ।

ਗੁਰਬਾਣੀ ਦੇ ਉਪਰ ਲਿਖੇ ਗੁਰ ਫੁਰਮਾਨਾਂ ਦੇ ਕਾਰਨ ਹੀ ਰਹਿਤਨਾਮਿਆਂ ਵਿਚ ਅਤੇ ਖਾਲਸੇ ਦੀ ਰਹਿਤ ਵਿਚ ਸਿਖ ਨੂੰ ਰੋਟੀ ਬੇਟੀ ਦੀ ਸਾਂਝ ਕਰਨ ਦਾ ਹੁਕਮ ਕੇਵਲ ਸਿਖ ਨਾਲ ਹੀ ਹੈ। ਜਿਨਾਂ ਲੋਕਾਂ ਨਾਲ ਸਾਡਾ ਬਿਉਹਾਰ ਹੁੰਦਾ ਹੈ, ਉਹਨਾਂ ਨਾਲ ਅਸੀਂ ਰੋਟੀ ਬੇਟੀ ਦੀ ਸਾਂਝ ਵੀ ਕਰਦੇ ਹਾਂ। ਅਕਸਰ ਬਿਉਹਾਰ ਬਨਣ ਦਾ ਆਰੰਭ ਰੋਟੀ ਦੀ ਸਾਂਝ ਤੋਂ ਸ਼ੁਰੂ ਹੁੰਦਾ ਹੈ ਅਤੇ ਜਿਨਾਂ ਨਾਲ ਰੋਟੀ ਦੀ ਸਾਂਝ ਹੋ ਜਾਵੇ, ਉਹਨਾਂ ਨਾਲ ਬੇਟੀ ਦੀ ਸਾਂਝ ਵੀ ਓੜਕ ਜ਼ਰੂਰ ਹੋ ਜਾਂਦੀ ਹੈ। ਪੰਜਾਹ ਸਠ ਸਾਲਾਂ ਤੋਂ ਪੰਥ ਵਿਚ ਗੁਰਮਤਿ ਆਹਾਰ ਬਿਬੇਕ ਗੁੰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲੋਕ ਤੰਬਾਕੂਖੋਰ ਆਨਮਤੀਆਂ ਨਾਲ ਪਰਸ਼ਾਦੇ ਦੀ ਸਾਂਝ ਕਰਨ ਲਗ ਪਏ ਭਾਵ ਉਹਨਾਂ ਦੇ ਹਥਾਂ ਦਾ ਤਿਆਰ ਕੀਤਾ ਭੋਜਨ ਨਿਸੰਗ ਹੋ ਕੇ ਛਕਣ ਲਗ ਪਏ ਜਿਸਦਾ ਨਤੀਜਾ ਅਜ ਇਹ ਨਿਕਲਿਆ ਹੈ ਕਿ ਹੁਣ ਸਾਡੀਆਂ ਬੇਟੀਆਂ ਹਿੰਦੂਆਂ, ਮਸਲਮਾਨਾਂ ਅਤੇ ਈਸਾਈਆਂ ਨਾਲ ਵਿਆਹ ਕਰਾਉਣ ਲਗ ਪਈਆਂ ਹਨ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਇਹ ਵਿਆਹ ਅਕਸਰ ਗੁਰਦੁਆਰਿਆਂ ਵਿਚ ਅਨੰਦ ਕਾਰਜ ਦੇ ਰੂਪ ਵਿਚ ਹੋ ਰਹੇ ਹਨ। ਹੁਣ ਹਾਲਤ ਇਹ ਹੈ ਕਿ ਕਈ ਸਿਖ ਤਬਕਿਆਂ ਵਿਚ ਹਿੰਦੂਆਂ ਨਾਲ ਵਿਆਹ ਕਰਾਉਣ ਨੂੰ ਤਾਂ ਉਕਾ ਹੀ ਗ਼ਲਤ ਨਹੀਂ ਸਮਝਿਆ ਜਾਂਦਾ ਪਰ ਮੁਸਲਮਾਨਾਂ ਅਤੇ ਈਸਾਈਆਂ ਨਾਲ ਵਿਆਹ ਕਰਨ ਤੋਂ ਹਾਲੇ ਕੁਝ ਨਾਂਹ ਨੱਕਰ ਕੀਤੀ ਜਾਂਦੀ ਹੈ ਪਰ ਜਿਦਾਂ ਹੁਣ ਰੋਟੀ ਦੀ ਸਾਂਝ ਸਭ ਲੋਕਾਂ ਨਾਲ ਹੋ ਗਈ ਹੈ, ਉਹ ਦਿਨ ਦੂਰ ਨਹੀ ਜਦੋਂ ਸਿਖ ਸਮਾਜ ਵਿਚ ਲੜਕੀਆਂ ਦਾ ਗ਼ੈਰਸਿਖਾਂ ਨਾਲ ਵਿਆਹ ਕਰਾਉਣ ਨੂੰ ਬਿਲਕੁਲ ਆਮ ਗਲ ਸਮਝਿਆ ਜਾਵੇਗਾ। ਸਿਖ ਪੰਥ ਦੀ ਹੋਂਦ ਸਿਰਫ ਉਸਦੇ ਨਿਆਰੇ ਰਹਿਣ ਕਰਕੇ ਬਚੀ ਹੋਈ ਸੀ ਅਤੇ ਹੁਣ ਜਦ ਰੋਟੀ ਅਤੇ ਬੇਟੀ ਆਨਮਤੀਆਂ ਨਾਲ ਸਾਂਝੀ ਹੋਣ ਲਗ ਪਈ ਹੈ ਤਾਂ ਇਸ ਕਰਕੇ ਖਾਲਸਾ ਪੰਥ ਇਕ ਮਿਲਗੋਭਾ ਪੰਥ ਬਣ ਗਿਆ ਹੈ ਅਤੇ ਹੁਣ ਇਸਦੀ ਹੋਂਦ ਨੂੰ ਸਖਤ ਖਤਰਾ ਹੈ। ਪੰਥ ਨੂੰ ਖਤਰੇ ਦਾ ਸਬੂਤ ਇਸ ਗਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅਜ ਗੁਰੂ ਨਾਨਕ ਨਾਮ ਲੇਵਾ ਲੋਕਾਂ ਵਿਚ ਖਾਲਸਾ ਸਜੇ ਹੋਏ ਮਨੁਖ ਪੰਜ ਜਾਂ ਦਸ ਫੀਸਦੀ ਹੀ ਹੋਣੇ ਹਨ ਜਦਕਿ ਬਾਕੀ ਦਾ ਸਾਰਾ ਸਿਖ ਅਖਵਾਉਂਦਾ ਸਮਾਜ, ਮੋਨਿਆਂ ਅਤੇ ਗ਼ੈਰ ਅੰਮ੍ਰਿਤਧਾਰੀਆਂ ਦਾ ਹੈ।

ਉਪਰੋਕਤ ਗੁਰਬਾਣੀ ਦੇ ਮਹਾਂਵਾਕ ਨਾਲ ਇਹ ਸਿਧ ਹੋ ਜਾਂਦਾ ਹੈ ਕਿ ਜਦੋਂ ਤੱਕ ਅਸੀਂ ਅੰਮ੍ਰਿਤ ਛਕ ਕੇ ਪੁਰਾਣੀਆਂ ਦੋਸਤੀਆਂ, ਪੁਰਾਣੀਆਂ ਸੁਸਾਈਟੀਆਂ ਤੱਜ ਕੇ, ਭਗਤਾਂ ਗੁਰਮੁਖਾਂ ਦੀ ਸੰਗਤ ਵਿਚ ਜੁੜ ਕੇ ਨਾਮ ਗੁਰਬਾਣੀ ਨਾਲ ਚਿਤ ਨਹੀਂ ਲਾਵਾਂਗੇ ਉਦੋਂ ਤੱਕ ਨਾ ਤਾਂ ਆਵਾਗਉਣ ਦੇ ਮੂਲ ਭਾਵ ਹਉਮੈ ਦਾ ਵਿਣਾਸ਼ ਹੋਣਾ ਹੈ ਅਤੇ ਨਾ ਹੀ ਉਦੋਂ ਤੱਕ ਸਾਨੂੰ ਸੁਖ ਦੀ ਪ੍ਰਾਪਤੀ ਹੋਣੀ ਹੈ। ਅਜ ਤਕਰੀਬਨ ਸਾਰਾ ਹੀ ਪੰਥ ਇਸ ਹੁਕਮ ਵਲੋਂ ਆਕੀ ਹੋਇਆ ਫਿਰ ਰਿਹਾ ਹੈ ਜਿਸਦਾ ਨਤੀਜਾ ਇਹ ਨਿਕਲਿਆ ਹੈ ਕਿ ਖਾਲਸਾ ਪੰਥ ਇਕ ਮਿਲਗੋਭਾ ਪੰਥ ਬਣ ਰਿਹਾ ਹੈ। ਅੰਮ੍ਰਿਤਧਾਰੀ ਗੁਰੂ ਕੇ ਸਿਖ ਅਜ ਨੜੀਮਾਰਾਂ, ਕੁੜੀਮਾਰਾਂ, ਸਿਰਗੁਮਾਂ ਅਤੇ ਨਿਗੁਰਿਆਂ ਨਾਲ ਖੁਲਮ-ਖੁੱਲਾਂ ਅਭੇਦ ਹੋਇ ਫਿਰ ਰਹੇ ਹਨ। ਉਹ ਜ਼ਰਾ ਵੀ ਨਹੀਂ ਸੰਗਦੇ ਜਦੋਂ ਉਹ ਤੰਬਾਕੂਖੋਰ ਨਿਗੁਰੇ ਲੋਕਾਂ ਕੋਲੋਂ ਰੇਹੜੀਆਂ ਢਾਬਿਆਂ ਤੇ ਬੈਠ ਕੇ ਉਹਨਾਂ ਦਾ ਪਕਾਇਆ ਹੋਇਆ ਭੋਜਨ ਛਕਦੇ ਹਨ। ਅੰਮ੍ਰਿਤਧਾਰੀ ਗੁਰਸਿਖ ਅਜ ਆਮ ਹੀ ਮਨਮੁਖਾਂ ਵਾਂਗ ਵਿਆਹ ਸ਼ਾਦੀਆਂ ਦੀਆਂ ਪਾਰਟੀਆਂ ਤੇ ਰਾਤ ਦੇਰ ਤੱਕ ਸ਼ਿਰਕਤ ਕਰਦੇ ਹਨ ਅਤੇ ਸਾਕਤਾਂ, ਸ਼ਰਾਬੀਆਂ, ਕਬਾਬੀਆਂ ਅਤੇ ਸ਼ਬਾਬ ਦੇ ਮਤਿਆਂ ਹੋਇਆਂ ਸ਼ਦਾਈਆਂ ਨਾਲ ਨੱਚਣਾ ਬੜਾ ਫਖਰ ਸਮਝਦੇ ਹਨ। ਜੇਕਰ ਕੋਈ ਭੈ ਭਾਵਨੀ ਵਾਲਾ ਗੁਰਸਿਖ ਅਜਿਹਾ ਨਾ ਕਰੇ ਭਾਵ ਸਾਕਤਾਂ ਸ਼ਰਾਬੀਆਂ ਦੀਆਂ ਮਹਿਫਿਲਾਂ ਵਿਚ ਜਾਣ ਤੋਂ ਗੁਰੇਜ਼ ਕਰੇ ਤਾਂ ਉਸਨੂੰ ਪਿਛਾਂਖਿਚੂ ਦਾ ਨਾਂ ਦੇ ਕੇ ਛੇੜਿਆ ਜਾਂਦਾ ਹੈ। ਜ਼ਮਾਨੇ ਦੇ ਇਸ ਪੁਠੇ ਗੇੜ ਨੂੰ ਦੇਖ ਕੇ ਅਸਚਰਜ ਹੁੰਦਾ ਹੈ ਕਿ ਕਲਿਜੁਗ ਦਾ ਕੈਸਾ ਨੰਗਾ ਨਾਚ ਸਰੇ ਆਮ ਹੋ ਰਿਹਾ ਹੈ।

ਗੁਰੂ ਸਾਹਿਬ ਜੀ ਦੇ ਬਚਨ ਅਟੱਲ ਹਨ ਅਤੇ ਤ੍ਰੈਕਾਲ ਸਤਿ ਹਨ। ਜਦੋਂ ਤੱਕ ਅਸੀਂ ਗੁਰੂ ਜੀ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਾਂਗੇ, ਉਦੋਂ ਤੱਕ ਕਦੇ ਵੀ ਸਾਡਾ ਤੇਜ ਪ੍ਰਤਾਪ ਦੁਨੀਆਂ ਵਿਚ ਜ਼ਾਹਰ ਨਹੀਂ ਹੋਵੇਗਾ ਅਤੇ ਅਸੀਂ ਉਦੋਂ ਤੱਕ ਖੁਆਰ ਹੀ ਹੁੰਦੇ ਰਹਾਂਗੇ। ਅੰਮ੍ਰਿਤਧਾਰੀ ਹੋਣ ਤੋਂ ਬਾਅਦ ਨਾ ਸਾਡੀ ਸਾਕਤ ਸੁਸਾਇਟੀ ਬਦਲਦੀ ਹੈ ਅਤੇ ਨਾ ਸਾਡੀਆਂ ਮਨਮੁਖੀ ਆਦਤਾਂ ਬਦਲਦੀਆਂ ਹਨ ਤਾਂ ਦਸੋ ਸਾਡੀ ਚੜ੍ਹਦੀ ਕਲਾ ਕਿਵੇਂ ਹੋਵੇ? ਇਸ ਵਿਚਾਰ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕਿਸੇ ਨੂੰ ਨਫਰਤ ਕਰਨੀ ਹੈ ਬਲਕਿ ਭਾਵ ਇਹ ਲੈਣਾ ਹੈ ਕਿ ਅਸੀਂ ਗੁਰ-ਹੁਕਮਾਂ ਅਨੁਸਾਰ ਕੁਸੰਗਤ ਦਾ ਤਿਆਗ ਕਰਨਾ ਹੈ ਅਤੇ ਗੁਰਮੁਖਾਂ ਭਗਤਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਬਨਾਉਣਾ ਹੈ।


ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥2॥ (ਸਿਰੀਰਾਗੁ ਮਹਲਾ 3; ਪੰਨਾ 28)

ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥ (ਸਲੋਕੁ ਮ:3; ਪੰਨਾ 786)

ਉਪਰ ਦਰਜ ਪੰਕਤੀਆਂ ਵਿਚ ਹਜ਼ੂਰ ਫੁਰਮਾਉਂਦੇ ਹਨ ਕਿ ਜਿਸ ਜਨ ਦੇ ਅੰਦਰ ਸਚਾ ਗੁਰਮਤਿ ਬਿਬੇਕ ਵਿਚਾਰ ਹੋਵੇ, ਉਹ ਦੁਨੀਆ ਨਾਲ ਰਲਾਇਆ ਨਹੀਂ ਰਲਦਾ ਅਤੇ ਜਿਸ ਜੀਵ ਇਸਤ੍ਰੀ ਨੂੰ ਵਾਹਿਗੁਰੂ ਪਰਮਾਤਮਾ ਦਾ ਪਿਆਰ ਮਿਲ ਜਾਵੇ ਉਹ ਵੀ ਫੇਰ ਭਗਤੀ ਵਿਹੂਣਿਆਂ ਨਾਲ ਨਹੀਂ ਰਲਦੀ। ਇਸੇ ਗੁਰਮਤਿ ਅਸੂਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਪਰਪੱਕ ਕੀਤਾ ਜਦੋਂ ਉਹਨਾਂ ਨੇ ਖਾਲਸੇ ਨੂੰ ਨਿਆਰੇ ਰਹਿਣ ਦਾ ਹੁਕਮ ਕੀਤਾ ਸੀ। ਜੋ ਆਦਮੀ ਆਨਮਤੀਆਂ ਵਾਂਗ ਹੀ ਖਾਂਦਾ ਹੈ, ਉਹਨਾਂ ਵਾਂਗ ਹੀ ਪਹਿਨਦਾ ਹੈ, ਉਹਨਾਂ ਵਾਂਗ ਹੀ ਮਨਮੁਖੀ ਸਾਕਤੀ ਗੱਲਾਂ ਕਰਦਾ ਹੈ, ਉਹਨਾਂ ਨਾਲ ਹੀ ਸੁਸਾਇਟੀਆਂ ਵਿਚ ਉਠਦਾ ਬੈਠਦਾ ਹੈ, ਉਹਨਾਂ ਨਾਲ ਹੀ ਦੋਸਤੀ ਕਰਦਾ ਹੈ, ਅਤੇ ਇਥੋਂ ਤਕ ਕਿ ਉਹਨਾਂ ਨਾਲ ਹੀ ਵਿਆਹ ਸ਼ਾਦੀਆਂ ਕਰਦਾ ਹੈ, ਦਸੋ ਅਜਿਹਾ ਨਾਮਧਰੀਕ ਸਿਖ ਨਿਆਰਾ ਕਿਸ ਤਰ੍ਹਾਂ ਹੋਇਆ? ਅਜਿਹੇ ਨਾਮਧਰੀਕ ਸਿਖ ਕੇਵਲ ਪੱਗ ਬੰਨਣ ਨੂੰ ਅਤੇ ਸਟੀਲ ਦਾ ਕੜਾ ਪਹਿਨਣ ਨੂੰ ਹੀ ਸਿਖ ਦਾ ਨਿਆਰਾਪਨ ਸਮਝਦੇ ਹਨ ਅਤੇ ਇਹ ਵੀ ਇਕ ਅਟੱਲ ਸਚਾਈ ਹੈ ਕਿ ਅਜਿਹੇ ਸਿਖਾਂ ਦੀ ਪੱਗ ਅਤੇ ਕੜਾ ਵੀ ਅਕਸਰ ਆਨਮਤੀਆਂ ਅਤੇ ਮਨਮੁਖਾਂ ਦੀ ਸੰਗਤ ਕਰਕੇ ਗ਼ਾਇਬ ਹੋ ਜਾਂਦੇ ਹਨ ਅਤੇ ਜੇਕਰ ਉਹਨਾਂ ਦੇ ਨਾ ਗ਼ਾਇਬ ਹੋਣ ਤਾਂ ਉਹਨਾਂ ਦੇ ਬਚਿਆਂ ਦੇ ਤਾਂ ਜ਼ਰੂਰ ਹੀ ਦਸਤਾਰ ਦੀ ਥਾਂ ਤੇ ਟੋਪੀ ਲੈ ਲੈਂਦੀ ਹੈ ਅਤੇ ਉਹਨਾਂ ਦੀਆਂ ਬੇਟੀਆਂ ਦੇ ਹਥਾਂ ਵਿਚ ਚੂੜੀਆਂ ਹੀ ਰਹਿ ਜਾਂਦੀਆਂ ਹਨ ਅਤੇ ਸਾਬਤ ਕੇਸ ਵੀ ਨਹੀਂ ਰਹਿੰਦੇ।

ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥
ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥2॥
(ਬਿਲਾਵਲ ਮਹਲਾ 5॥; ਪੰਨਾ 811)

ਇਹ ਪੰਕਤੀਆਂ ਗੁਰਮਤਿ ਆਹਾਰ ਬਿਬੇਕ ਬਾਰੇ ਬਹੁਤ ਠੋਸ ਸਬੂਤ ਹਨ। ਇਹ ਪੰਕਤੀਆਂ ਸਾਫ ਹੁਕਮ ਕਰਦੀਆਂ ਹਨ ਕਿ ਸੰਤਨ ਭਾਵ ਗੁਰਸਿਖਾਂ ਦਾ ਦਾਨਾ ਰੂਖਾ ਭਾਵ ਸਾਦਾ ਭੋਜਨ ਵੀ ਸਰਬ ਨਿਧਾਨ ਹੈ ਜਦਕਿ ਸਾਕਤ ਦੇ ਗ੍ਰਿਹ ਦਾ ਛਤੀਹ ਪ੍ਰਕਾਰੀ ਭੋਜਨ ਜ਼ਹਿਰ ਦੇ ਸਾਮਾਨ ਹੈ। ਕੋਈ ਵੀ ਸ਼ਰਧਾਵਾਨ ਗੁਰਸਿਖ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਅਤੇ ਸਮਝ ਕੇ ਕਦੇ ਵੀ ਸਾਕਤਾਂ ਅਤੇ ਮਨਮੁਖਾਂ ਦੇ ਹਥ ਦਾ ਤਿਆਰ ਕੀਤਾ ਹੋਇਆ ਭੋਜਨ ਨਹੀਂ ਛਕ ਸਕਦਾ।

ਇਥੇ ਇਕ ਗਲ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਗੁਰਸਿਖਾਂ ਵਲੋਂ ਗੁਰਸਿਖਾਂ ਪਾਸੋਂ ਛਕਣ ਦੀ ਰਹਿਤ ਦਾ ਇਹ ਭਾਵ ਨਹੀ ਹੈ ਕਿ ਗੁਰਸਿਖ ਬਾਕੀ ਲੋਕਾਂ ਨੂੰ ਘਟੀਆ ਸਮਝਦੇ ਹਨ। ਗੁਰਸਿਖ ਤਾਂ ਸਦਾ ਹੀ ਸਗਲ ਕੇ ਚਰਨਾਂ ਦੀ ਰੇਣੁ ਬਣਕੇ ਰਹਿੰਦੇ ਹਨ। ਜਦੋਂ ਉਹ ਖਾਣ ਵੇਲੇ ਗੁਰਸਿਖਾਂ ਦਾ ਭੋਜਨ ਹੀ ਛਕਣ ਤੇ ਜ਼ੋਰ ਦਿੰਦੇ ਹਨ ਤਾਂ ਇਸਦਾ ਕਾਰਨ ਇਹ ਨਹੀਂ ਹੁੰਦਾ ਕਿ ਉਹ ਬਾਕੀਆਂ ਨੂੰ ਨਫਰਤ ਕਰਦੇ ਹਨ ਜਾਂ ਘਟੀਆ ਸਮਝਦੇ ਹਨ ਬਲਕਿ ਉਹ ਤਾਂ ਗੁਰੂ ਜੀ ਦੇ ਹੁਕਮੀ ਬੰਦੇ ਬਣਦੇ ਹੋਏ ਗੁਰੂ ਕੇ ਹੁਕਮ ਕਮਾਉਂਦੇ ਹਨ। ਹੋਰ ਉਹਨਾਂ ਦਾ ਕੋਈ ਮਨੋਰਥ ਨਹੀਂ ਹੁੰਦਾ ਸਿਵਾਏ ਗੁਰ-ਹੁਕਮਾਂ ਦੀ ਤਾਮੀਲ ਕਰਨ ਦੇ। ਹਰ ਪ੍ਰਾਣੀ ਮਾਤਰ ਵਿਚ ਵਾਹਿਗੁਰੂ ਦੀ ਜੋਤਿ ਦੇਖਣੀ ਉਹ ਆਪਣਾ ਕਰਤੱਵ ਸਮਝਦੇ ਹਨ ਅਤੇ ਇਸੇ ਕਰਕੇ ਹੀ ਉਹ ਸਭ ਨਾਲ ਪਿਆਰ ਅਤੇ ਸਤਿਕਾਰ ਕਰਦੇ ਹਨ।

ਗੁਰਮਤਿ ਆਹਾਰ ਬਿਬੇਕ ਅਤੇ ਬ੍ਰਾਹਮਣਵਾਦ

ਅਕਸਰ ਗੁਰਮਤਿ ਅਸੂਲਾਂ ਤੋਂ ਅਗਿਆਨੀ ਲੋਕ ਗੁਰਸਿਖਾਂ ਨੂੰ ਗੁਰਮਤਿ ਆਹਾਰ ਬਿਬੇਕ ਨਿਭਾਉਂਦੇ ਹੋਏ ਦੇਖ ਕੇ ਟਿਪਣੀ ਕਰਦੇ ਹਨ ਕਿ ਇਹ ਲੋਕ ਤਾਂ ਬ੍ਰਾਹਮਣਵਾਦ ਕਰ ਰਹੇ ਹਨ। ਉਹ ਸਮਝਦੇ ਹਨ ਕਿ ਨੜੀਮਾਰਾਂ (ਤੰਬਾਕੂਖੋਰਾਂ), ਸਿਰਗੁਮਾਂ (ਮੋਨਿਆਂ) ਅਤੇ ਸ਼ਰਾਬੀ ਕਬਾਬੀ ਮਨਮੁਖਾਂ ਤੋਂ ਨਾ ਛਕਣਾ ਬ੍ਰਾਹਮਣਵਾਦ ਹੈ। ਉਹਨਾਂ ਦੇ ਨਜ਼ਦੀਕ ਹਰ ਪ੍ਰਾਣੀ ਮਾਤਰ ਤੋਂ ਛਕਣਾ ਅਤੇ ਉਹਨਾਂ ਨਾਲ ਵਿਹਾਰ ਵਰਤਾਓ ਰਖਣਾ ਬਹੁਤ ਗੁਰਮਤਿ ਵਾਲਾ ਕੰਮ ਹੈ। ਜਦੋਂ ਉਹਨਾਂ ਨੂੰ ਪੁਛੀਦਾ ਹੈ ਕਿ ਦਸੋ ਗੁਰਸਿਖਾਂ ਵਲੋਂ ਰੋਟੀ ਬੇਟੀ ਦੀ ਸਾਂਝ ਰਖਣ ਦਾ ਗੁਰਹੁਕਮ ਕਮਾਉਣਾ ਬ੍ਰਾਹਮਣਵਾਦ ਕਿਵੇਂ ਹੋਇਆ ਤਾਂ ਉਹ ਕਹਿੰਦੇ ਹਨ ਕਿ ਬ੍ਰਾਹਮਣ ਵੀ ਛੁਆ ਛਾਤ ਕਰਦੇ ਸਨ ਅਤੇ ਤੁਸੀਂ ਵੀ ਛੂਆ ਛਾਤ ਕਰਦੇ ਹੋ, ਸੋ ਇਸ ਕਰਕੇ ਤੁਹਾਡਾ ਗੁਰਮਤਿ ਆਹਾਰ ਬਿਬੇਕ ਰਖਣਾ ਬ੍ਰਾਹਮਣਵਾਦ ਹੈ।

ਇਹ ਸਚ ਹੈ ਕਿ ਬ੍ਰਾਹਮਣ ਲੋਕ ਛੂਆ ਛਾਤ ਕਰਦੇ ਹਨ ਅਤੇ ਅਖਾਉਤੀ ਛੋਟੀਆਂ ਜਾਤੀ ਵਾਲਿਆਂ ਕੋਲੋਂ ਨਹੀਂ ਖਾਂਦੇ ਅਤੇ ਰਹਿਤਧਾਰੀ ਗੁਰਸਿਖ ਵੀ ਕੇਵਲ ਤਿਆਰ ਬਰ ਤਿਆਰ ਗੁਰਸਿਖਾਂ ਨਾਲ ਖਾਣ ਪੀਣ ਵਿਚ ਅਭੇਦ ਹੁੰਦੇ ਹਨ ਪਰ ਇਸਦੇ ਬਾਵਜੂਦ ਬ੍ਰਾਹਮਣਾਂ ਅਤੇ ਗੁਰਸਿਖਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਬ੍ਰਾਹਮਣ ਜਦੋਂ ਕਿਸੇ ਨਾਲ ਖਾਣ ਪੀਣ ਵਿਚ ਅਭੇਦਤਾ ਤੋਂ ਇਨਕਾਰੀ ਹੁੰਦਾ ਹੈ ਤਾਂ ਉਹ ਉਸ ਵਿਅਕਤੀ ਦੇ ਕਰਮਾਂ ਨੂੰ ਦੇਖ ਕੇ ਅਜਿਹਾ ਨਹੀਂ ਕਰਦਾ ਬਲਕਿ ਜਨਮ ਦੇ ਆਧਾਰ ਤੇ ਅਜਿਹਾ ਵਿਤਕਰਾ ਕਰਦਾ ਹੈ। ਜੇਕਰ ਕੋਈ ਬ੍ਰਾਹਮਣ ਦੇ ਘਰ ਪੈਦਾ ਹੋਇਆ ਹੋਵੇ ਤਾਂ ਭਾਂਵੇਂ ਅਜਿਹਾ ਵਿਅਕਤੀ ਨੀਚ ਕਰਮਾਂ ਦਾ ਕਰਣਹਾਰਾ ਹੋਵੇ, ਫੇਰ ਵੀ ਬ੍ਰਾਹਮਣ ਉਸਨੂੰ ਸ੍ਰੇਸ਼ਟ ਮੰਨਦੇ ਹੋਏ ਉਸ ਨਾਲ ਰੋਟੀ ਬੇਟੀ ਦੀ ਸਾਂਝ ਜਾਰੀ ਰਖਦੇ ਹਨ ਅਤੇ ਦੂਜੇ ਪਾਸੇ ਜੇਕਰ ਅਖਾਉਤੀ ਨੀਵੀਂ ਜਾਤੀ ਦਾ ਕੋਈ ਮਨੁਖ, ਗੁਣਾਂ ਦਾ ਖਜ਼ਾਨਾ ਵੀ ਹੋਵੇ ਤਾਂ ਬ੍ਰਾਹਮਣ ਉਸ ਨਾਲ ਰੋਟੀ ਬੇਟੀ ਦੀ ਸਾਂਝ ਨਹੀ ਰਖਦੇ ਪਰ ਪਖੰਡ ਵਾਲੀ ਗਲ ਹੈ ਕਿ ਉਸਦਾ ਦਿਤਾ ਦਾਨ ਤਾਂ ਮਨਜ਼ੂਰ ਕਰ ਲੈਣਗੇ ਪਰ ਉਸਦਾ ਬਣਿਆ ਖਾਣਾ ਨਹੀਂ ਖਾਣਗੇ। ਇਹ ਹੈ ਬ੍ਰਾਹਮਣਾਂ ਦਾ ਆਹਾਰੀ ਸੰਜਮ।

ਦੂਜੇ ਪਾਸੇ ਗੁਰਸਿਖ ਵੀ ਖਾਣ ਪੀਣ ਲਗੇ ਇਹ ਦੇਖਦੇ ਪਰਖਦੇ ਹਨ ਕਿ ਭੋਜਨ ਤਿਆਰ ਕਰਨਵਾਲਾ ਵਿਅਕਤੀ ਗੁਰਮਤਿ ਗੁਣਾਂ ਦਾ ਧਾਰਨੀ ਹੈ ਕਿ ਨਹੀਂ ਅਤੇ ਉਹ ਗੁਰੂ ਕਾ ਸਿਖ ਬਣਕੇ ਗੁਰਮਤਿ ਦੇ ਮੁਢਲੇ ਅਸੂਲਾਂ ਅਨੁਸਾਰ ਅਮਲੀ ਜੀਵਨ ਜੀਓ ਰਿਹਾ ਹੈ ਕਿ ਨਹੀਂ। ਉਹ ਦੇਖਦੇ ਹਨ ਕਿ ਕਿਤੇ ਇਹ ਵਿਅਕਤੀ ਠਗੀ ਠੋਰੀ ਕਰਕੇ ਰੋਜ਼ੀ ਤੇ ਨਹੀ ਕਮਾ ਰਿਹਾ ਅਤੇ ਇਹ ਵਿਅਕਤੀ ਦਸਵੰਧ ਕਢ ਰਿਹਾ ਹੈ ਕਿ ਨਹੀਂ। ਸਭ ਤੋ ਜ਼ਰੂਰੀ ਉਹ ਇਹ ਦੇਖਦੇ ਹਨ ਕਿ ਇਹ ਵਿਅਕਤੀ ਗੁਰਮਤਿ ਭਗਤੀ ਕਰਨਹਾਰਾ ਹੈ ਕਿ ਨਹੀ ਭਾਵ ਨਾਮ ਗੁਰਬਾਣੀ ਦਾ ਸੇਵਨ ਕਰਦਾ ਹੈ ਕਿ ਨਹੀਂ। ਉਹ ਇਹ ਨਹੀਂ ਦੇਖਣਗੇ ਕਿ ਇਹ ਵਿਅਕਤੀ ਕਿਸ ਅਖਾਉਤੀ ਜਾਤੀ ਜਾਂ ਨਸਲ ਦਾ ਹੈ ਬਲਕਿ ਗੁਰਸਿਖ ਉਸ ਵਿਅਕਤੀ ਦੇ ਕਰਮਾਂ ਅਨੁਸਾਰ ਉਸ ਵਿਅਕਤੀ ਨਾਲ ਸਾਂਝ ਅਤੇ ਨੇੜਤਾ ਰਖਦੇ ਹਨ।

ਸੰਖੇਪ ਵਿਚ ਬ੍ਰਾਹਮਣਾਂ ਦੇ ਅਤੇ ਗੁਰਸਿਖਾਂ ਦਾ ਖਾਣ ਪੀਣ ਦੇ ਮਾਮਲੇ ਵਿਚ ਵਿਤਕਰਾ ਕਰਨ ਦਾ ਫਰਕ ਇਹ ਹੈ ਕਿ ਬ੍ਰਾਹਮਣ ਜਨਮ ਦੇ ਆਧਾਰ ਤੇ ਕਿਸੇ ਨੂੰ ਪਵਿਤ੍ਰ ਮੰਨਦੇ ਹੋਏ ਉਸ ਨਾਲ ਖਾਣ ਪੀਣ ਕਰਕੇ ਅਭੇਦ ਹੁੰਦੇ ਹਨ ਜਦਕਿ ਗੁਰਸਿਖ ਕਿਸੇ ਵਿਅਕਤੀ ਨਾਲ ਅਭੇਦ ਹੋਣ ਲਈ ਉਸਦੇ ਕਰਮਾਂ ਨੂੰ ਦੇਖਦੇ ਹਨ ਕਿ ਉਹ ਗੁਰਮਤਿ ਅਨੁਸਾਰੀ ਹਨ ਕਿ ਨਹੀਂ। ਬ੍ਰਾਹਮਣਾਂ ਨੂੰ ਕੋਈ ਫਰਕ ਨਹੀਂ ਕਿ ਦੂਜਾ ਬ੍ਰਾਹਮਣ ਤੰਬਾਕੂ ਜਾਂ ਸ਼ਰਾਬ ਪੀਂਦਾ ਹੈ ਕਿ ਨਹੀਂ ਅਤੇ ਜੇਕਰ ਉਹ ਬ੍ਰਾਹਮਣ ਹੈ ਤਾਂ ਉਸਨੂੰ ਉਹ ਸ਼ੂਦਰ ਨਾਲੋਂ ਉਚਾ ਮੰਨਦੇ ਹਨ ਜਦਕਿ ਗੁਰਸਿਖਾਂ ਨੂੰ ਇਹ ਫਰਕ ਨਹੀ ਕਿ ਕੋਈ ਵਿਅਕਤੀ ਕਿਸ ਕੁਲ ਜਾਂ ਜਾਤੀ ਜਾਂ ਨਸਲ ਵਿਚ ਪੈਦਾ ਹੋਇਆ ਸੀ; ਜੇਕਰ ਉਹ ਵਿਅਕਤੀ ਹੁਣ ਅੰਮ੍ਰਿਤ ਛਕ ਕੇ ਭਾਵ ਖੰਡੇ ਦੀ ਪਾਹੁਲ ਲੈ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰ ਰਿਹਾ ਹੈ ਤਾਂ ਗੁਰਸਿਖ ਨਿਸੰਗ ਹੋ ਕੇ ਅਜਿਹੇ ਵਿਅਕਤੀ ਨਾਲ ਰੋਟੀ ਅਤੇ ਬੇਟੀ ਦੀ ਸਾਂਝ ਕਰਦੇ ਹਨ।

ਜੇਕਰ ਕਿਸੇ ਸ਼ੂਦਰ ਜਾਤੀ ਨਾਲ ਸੰਬੰਧਤ ਵਿਅਕਤੀ ਦਾ ਦਿਲ ਕਰੇ ਕਿ ਉਹ ਬ੍ਰਾਹਮਣ ਬਣੇ ਤਾਂ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਉਹ ਬ੍ਰਾਹਮਣ ਬਣ ਸਕੇ ਅਤੇ ਭਾਂਵੇਂ ਉਹ ਚਾਰੇ ਵੇਦਾਂ ਦਾ ਗਿਆਤਾ ਅਤੇ ਕੰਠਾਗਰੀ ਹੋ ਜਾਵੇ ਫੇਰ ਵੀ ਉਹ ਬ੍ਰਾਹਮਣ ਨਹੀਂ ਬਣ ਸਕਦਾ ਬਲਕਿ ਸ਼ੂਦਰ ਹੀ ਰਹੇਗਾ। ਦੂਜੇ ਪਾਸੇ ਗੁਰੂ ਜੀ ਦੇ ਦੁਆਰ ਸਭ ਜਾਤੀਆਂ, ਵਰਨਾਂ, ਨਸਲਾਂ ਅਤੇ ਮਜ਼ਹਬਾਂ ਵਾਸਤੇ ਖੁਲੇ ਹਨ। ਕੋਈ ਵੀ ਪ੍ਰਾਣੀ ਮਾਤਰ ਜੇਕਰ ਗੁਰਮਤਿ ਧਾਰਨ ਕਰਨ ਦਾ ਬਚਨ ਦੇਵੇ ਤਾਂ ਉਹ ਖੰਡੇ ਦੀ ਪਾਹੁਲ ਲੈ ਕੇ ਗੁਰਸਿਖ ਬਣ ਸਕਦਾ ਹੈ ਅਤੇ ਗੁਰਸਿਖ ਬਣਕੇ ਉਹ ਕੋਈ ਵੀ ਗੁਰਸਿਖਾਂ ਵਾਲਾ ਕੰਮ ਕਰ ਸਕਦਾ ਹੈ ਅਤੇ ਉਸਦੀ ਪਿਛਲੀ ਜਾਤੀ, ਕੁਲ ਜਾਂ ਨਸਲ ਦਾ ਕੋਈ ਫਰਕ ਨਹੀਂ ਪੈਂਦਾ। ਉਹ ਪੂਰਾ ਬਰਾਬਰ ਦਾ ਗੁਰਸਿਖ ਬਣ ਸਕਦਾ ਹੈ।

ਮਲਕ ਭਾਗੋ ਅਤੇ ਭਾਈ ਲਾਲੋ ਵਾਲੀ ਸਾਖੀ ਦੀ ਸਾਖੀ ਤੋਂ ਸਿਖਿਆ

ਇਹ ਕਮਾਲ ਦੀ ਸਾਖੀ ਹੈ ਜਿਸ ਤੋਂ ਗੁਰਮਤਿ ਦੇ ਕਈ ਅਹਿਮ ਅਸੂਲਾਂ ਦਾ ਪ੍ਰਗਟਾਵਾ ਹੁੰਦਾ ਹੈ। ਮਲਕ ਭਾਗੋ ਏਮਨਾਬਾਦ ਸ਼ਹਿਰ ਦੇ ਰਾਜੇ ਦਾ ਖਤਰੀ ਜਾਤਿ ਦਾ ਮੰਤਰੀ ਸੀ ਜਦਕਿ ਭਾਈ ਲਾਲੋ ਉਸੇ ਸ਼ਹਿਰ ਵਿਚ ਰਹਿਣ ਵਾਲਾ ਇਕ ਗ਼ਰੀਬ ਪਰ ਈਮਾਨਦਾਰ ਮਿਹਨਤਕਸ਼ ਗੁਰਸਿਖ ਸੀ ਜਿਸ ਪਾਸ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਠਹਿਰੇ ਹੋਏ ਸਨ। ਮਲਕ ਭਾਗੋ ਨੇ ਬ੍ਰਹਮਭੋਜ ਕਰਵਾਇਆ ਅਤੇ ਇਸ ਅਧੀਨ ਸਾਰੇ ਸ਼ਹਿਰ ਦੇ ਲੋਕਾ ਨੂੰ ਖਾਣਾ ਖਾਣ ਦਾ ਸਦਾ ਦਿਤਾ। ਗੁਰੂ ਜੀ ਨੂੰ ਵੀ ਮਲਕ ਭਾਗੋ ਦਾ ਸਨੇਹਾ ਮਿਲਿਆ ਪਰ ਗੁਰੂ ਜੀ ਇਸ ਬ੍ਰਹਮਭੋਜ ਦੇ ਨਾ ਗਏ। ਮਲਕ ਭਾਗੋ ਨੂੰ ਪਤਾ ਲਗਿਆ ਤਾਂ ਉਹ ਬਹੁਤ ਗ਼ੁਸੇ ਵਿਚ ਆਇਆ ਅਤੇ ਗੁਰੂ ਜੀ ਨੂੰ ਘਰ ਬੁਲਵਾ ਕੇ ਉਸਦਾ ਭੋਜਨ ਨਾ ਛਕਣ ਦਾ ਕਾਰਨ ਪੁਛਿਆ। ਗੁਰੂ ਜੀ ਨੇ ਕਿਹਾ ਕਿ ਉਸਦੇ ਬਹੁਤ ਜ਼ੋਰ ਦੇਣ ਤੇ ਦਸਿਆ ਕਿ ਉਸਦਾ ਭੋਜਨ ਹਕ ਹਲਾਲ ਦਾ ਨਹੀਂ ਹੈ ਅਤੇ ਪਾਪ ਕਮਾਈ ਵਾਲਾ ਹੈ। ਇਹ ਸੁਣਕੇ ਮਲਕ ਭਾਗੋ ਅੱਗ ਬਬੂਲਾ ਹੋ ਗਿਆ ਅਤੇ ਬਹਿਸ ਕਰਨ ਲਗਿਆ। ਗੁਰੂ ਜੀ ਨੇ ਉਸਨੂੰ ਭੋਜਨ ਲਿਆਉਣ ਵਾਸਤੇ ਕਿਹਾ ਅਤੇ ਨਾਲ ਹੀ ਭਾਈ ਲਾਲੋ ਨੂੰ ਵੀ ਕੁਝ ਲਿਆਉਣ ਲਈ ਕਿਹਾ। ਭਾਈ ਲਾਲੋ ਛੇਤੀਂ ਨਾਲ ਜਾ ਕੇ ਕੋਧ੍ਰੇ ਦੀ ਰੋਟੀ ਲੈ ਆਇਆ ਅਤੇ ਮਲਕ ਭਾਗੋ ਦਾ ਵੀ ਛਤੀਹ ਪ੍ਰਕਾਰੀ ਭੋਜਨ ਆ ਗਿਆ। ਗੁਰੂ ਜੀ ਨੇ ਸਹਿਜ ਹੀ ਇਕ ਹਥ ਵਿਚ ਮਲਕ ਭਾਗੋ ਦੀ ਰੋਟੀ ਅਤੇ ਦੂਜੇ ਹਥ ਵਿਚ ਭਾਈ ਲਾਲੋ ਦੀ ਰੋਟੀ ਨੂੰ ਫੜ ਕੇ ਜਦੋਂ ਘੁਟਿਆ ਤਾਂ ਮਲਕ ਭਾਗੋ ਦੀ ਰੋਟੀ ਵਿਚੋਂ ਲਹੂ ਦੀ ਤਤੀਰੀ ਨਿਕਲ ਤੁਰੀ ਅਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁਧ ਦੀ ਧਾਰਾ ਵਹਿ ਤਰੀ। ਇਹ ਕਉਤਕ ਉਥੇ ਹਾਜ਼ਰ ਬੇਅੰਤ ਸ਼ਹਿਰ ਵਾਸੀਆਂ ਨੇ ਅਖੀਂ ਦੇਖਿਆ ਅਤੇ ਦੇਖ ਕੇ ਹੈਰਾਨ ਹੋ ਗਏ।

ਦੇਖਣ ਨੂੰ ਗੁਰਸਿਖ ਅਤੇ ਮਨਮੁਖ ਦੀ ਰੋਟੀ ਵਿਚ ਕੋਈ ਫਰਕ ਨਹੀਂ ਦਿਸਦਾ ਅਤੇ ਅਜ ਸਾਈਂਸ ਦੀ ਤਕੜੀ ਤੋਂ ਤਕੜੀ ਮਾਈਕ੍ਰਸਕੋਪ ਲੈ ਕੇ, ਉਸ ਵਿਚ ਇਕ ਗੁਰਮੁਖ ਅਤੇ ਇਕ ਮਨਮੁਖ ਦੀ ਰੋਟੀ ਰੱਖ ਕੇ ਜੇਕਰ ਪਰਖੀ ਜਾਵੇ ਤਾਂ ਦੋਹਾਂ ਵਿਚ ਕੋਈ ਫਰਕ ਨਹੀਂ ਦਿਸੇਗਾ। ਦੋਹਾਂ ਦੀ ਬਣਤਰ ਇਕੋ ਜੇਹੀ ਹੀ ਸਾਬਤ ਹੋਵੇਗੀ ਪਰ ਗੁਰਮਤਿ ਦਾ ਇਹ ਅਸੂਲ ਹੈ ਕਿ ਰੋਟੀ ਵਿਚ, ਰੋਟੀ ਬਨਾਉਣ ਵਾਲੇ ਦੇ ਅਤੇ ਰੋਟੀ ਕੈਸੇ ਧਨ ਨਾਲ ਖਰੀਦੀ ਗਈ ਹੈ ਦਾ ਅਸਰ ਹੁੰਦਾ ਹੈ। ਮਲਕ ਭਾਗੋ ਦੀ ਰੋਟੀ ਵਿਚ ਉਸ ਵਲੋਂ ਹੋਰਨਾਂ ਦੇ ਹੱਕ ਮਾਰ ਕੇ ਇਕੱਠੇ ਕੀਤੇ ਧਨ ਨਾਲ ਬਣੇ ਭੋਜਨ ਵਿਚ ਜ਼ੁਲਮ ਦੇ ਮਾੜੇ ਅਸਰ ਸ਼ਾਮਲ ਸਨ ਅਤੇ ਭਾਈ ਲਾਲੋ ਦੀ ਰੋਟੀ ਵਿਚ ਉਸਦੇ ਸ਼ੁਭ ਕਰਮਾਂ ਦਾ ਅਸਰ ਸ਼ਾਮਲ ਸੀ। ਇਸ ਤੋ ਸਾਬਤ ਹੈ ਕਿ ਰੋਟੀ ਵਿਚ ਜ਼ਰੂਰ ਹੀ ਭੋਜਨ ਤਿਆਰ ਕਰਨਵਾਲੇ ਵਿਅਕਤੀ ਅਤੇ ਉਸਦੇ ਧਨ ਦਾ ਅਸਰ ਹੁੰਦਾ ਹੈ ਵਰਨਾ ਗੁਰੂ ਜੀ ਮਲਕ ਭਾਗੋ ਦੀ ਰੋਟੀ ਵਿਚੋਂ ਲਹੂ ਨਾ ਕਢਦੇ।

ਇਹ ਸਾਖੀ ਗੁਰਮਤਿ ਆਹਾਰ ਬਿਬੇਕ ਦੇ ਗੁਰਮਤਿ ਅਸੂਲ ਨੂੰ ਦ੍ਰਿੜ੍ਹ ਕਰਾਉਣ ਵਾਲੀ ਸਭ ਤੋਂ ਮਹੱਤਵਪੂਰਨ ਸਾਖੀ ਹੈ। ਜੇਕਰ ਕੋਈ ਗੁਰਸਿਖ ਇਹ ਸਾਖੀ ਬਾਰੇ ਜਾਣਦਾ ਹੋਇਆ ਵੀ ਨਿਸੰਗ ਹੋ ਕੇ ਹਰ ਵਿਅਕਤੀ ਵਿਸ਼ੇਸ਼ ਤੋਂ ਛਕੀ ਜਾਂਦਾ ਹੈ ਤਾਂ ਫੇਰ ਇਹੋ ਹੀ ਸਿੱਟਾ ਨਿਕਲਦਾ ਹੈ ਕਿ ਜਾਂ ਤਾਂ ਅਜਿਹੇ ਗੁਰਸਿਖ ਨੂੰ ਇਸ ਸਾਖੀ ਦੀ ਸਮਝ ਨਹੀਂ ਆਈ ਜਾਂ ਫੇਰ ਉਸ ਵਿਚ ਸ਼ਰਧਾ ਦੀ ਕਮੀ ਹੈ, ਨਹੀਂ ਤਾਂ ਭੈ ਭਾਵਨੀ ਵਾਲਾ ਗੁਰਸਿਖ ਇਹ ਸਾਖੀ ਪੜ ਕੇ ਜ਼ਰੂਰ ਹੀ ਆਪਣੇ ਖਾਣ ਪੀਣ ਵਲ ਧਿਆਨ ਦੇਵੇਗਾ ਅਤੇ ਤਿਆਰ ਬਰ ਤਿਆਰ ਗੁਰਸਿਖਾਂ ਦੇ ਹੱਥ ਦਾ ਹੀ ਪਰਸ਼ਾਦਾ ਛਕੇਗਾ।


ਗੁਰੂ ਸਾਹਿਬ ਉਦਾਸੀਆਂ ਵੇਲੇ ਬਿਬੇਕ ਦਾ ਭੋਜਨ ਕਿਵੇਂ ਛਕਦੇ ਸਨ

ਆਮ ਹੀ ਗੁਰਮਤਿ ਆਹਾਰ ਬਿਬੇਕ ਦੇ ਵਿਰੋਧੀ ਲੋਕ ਗੁਰਸਿਖਾਂ ਤਾਂਈਂ ਇਹ ਸਵਾਲ ਕਰਦੇ ਹਨ ਕਿ ਜਦੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਪਰ ਗਏ ਸਨ ਤਾਂ ਉਦੋਂ ਉਹ ਅਤੇ ਭਾਈ ਮਰਦਾਨਾ ਜੀ ਆਨਮਤੀਆਂ ਦਾ ਤਿਆਰ ਕੀਤਾ ਹੋਇਆ ਭੋਜਨ ਕਿਵੇਂ ਨਾ ਛਕਦੇ ਹੋਣਗੇ। ਇਸ ਬਾਰੇ ਸੰਖੇਪ ਵਿਚਾਰ ਇਸ ਪ੍ਰਕਾਰ ਹੈ ਕਿ ਪੁਰਾਤਨ ਜਨਮ ਸਾਖੀਆਂ ਤੋਂ ਇਹ ਅਗਵਾਈ ਮਿਲਦੀ ਹੈ ਕਿ ਭਾਈ ਮਰਦਾਨਾ ਜੀ ਅਕਸਰ ਭੁੱਖ ਨਾਲ ਵਿਆਕੁਲ ਹੋ ਜਾਂਦੇ ਸਨ ਪਰ ਗੁਰੂ ਜੀ ਬਹੁਤ ਘਟ ਹੀ ਛਕਿਆ ਕਰਦੇ ਸਨ। ਅਕਸਰ ਗੁਰੂ ਜੀ ਭਾਈ ਮਰਦਾਨੇ ਜੀ ਨੂੰ ਜੰਗਲੀ ਫਲ ਆਦਿਕ ਛਕਾ ਕੇ ਤ੍ਰਿਪਤ ਕਰ ਦਿੰਦੇ ਸਨ।

ਇਸ ਤੋਂ ਇਲਾਵਾ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਜੀ ਨੇ ਆਪਣੀਆਂ ਉਦਾਸੀਆਂ ਵਿਚ ਬੇਅੰਤ ਜੀਵਾਂ ਨੂੰ ਗੁਰ ਦੀਖਿਅਤ ਕਰਕੇ, ਉਹਨਾਂ ਦਾ ਉਧਾਰ ਕੀਤਾ। ਗੁਰੂ ਜੀ ਦੀ ਮਿਕਤਨੀਸੀ ਸ਼ਖਸੀਅਤ ਅਜਿਹੀ ਸੀ ਕਿ ਉਹ ਜਿਧਰ ਵੀ ਨਜ਼ਰ ਕਰਦੇ ਸਨ, ਉਧਰ ਹੀ ਬੇਅੰਤ ਪ੍ਰਾਣੀ ਉਹਨਾਂ ਤੋਂ ਦੀਖਿਆ ਲੈ ਕੇ ਸਿਖ ਬਣ ਜਾਂਦੇ ਸਨ। ਪਿੰਡਾਂ ਦੇ ਪਿੰਡ ਅਤੇ ਗ੍ਰਾਮਾਂ ਦੇ ਗ੍ਰਾਮ ਉਹਨਾਂ ਨੇ ਸਿਖ ਬਣਾ ਦਿਤੇ ਸਨ। ਸੋ ਗੁਰੂ ਜੀ, ਲੋਕਾਂ ਨੂੰ ਸਿਖ ਬਣਾ ਕੇ ਫੇਰ ਨਾ ਸਿਰਫ ਗੁਰਮਤਿ ਲੰਗਰ ਦੀ ਹੀ ਸਿਖਿਆ ਦਿੰਦੇ ਸਨ ਬਲਕਿ ਸ੍ਰੀ ਕੜਾਹ ਪਰਸ਼ਾਦ ਬਨਾਉਣ ਅਤੇ ਰੋਜ਼ਾਨਾ ਸਵੇਰੇ ਸ਼ਾਮ ਸੰਗਤ ਕਰਨ ਦਾ ਵੀ ਉਪਦੇਸ਼ ਕਰਦੇ ਸਨ। ਸੋ ਇਦਾਂ ਕਹਿਣਾ ਐਨ ਵਾਜਬ ਹੈ ਕਿ ਉਹ ਨਵੇਂ ਗ੍ਰਾਮ ਜਾਂ ਪਿੰਡ ਵਿਚ ਜਾ ਕੇ ਤਤਕਾਲ ਹੀ ਉਥੋਂ ਦੇ ਵਡਭਾਗੇ ਲੋਕਾਂ ਨੂੰ ਸਿਖ ਬਣਾ ਲੈਂਦੇ ਸਨ ਅਤੇ ਫੇਰ ਉਹਨਾਂ ਪਾਸ ਕੁਝ ਦਿਨ ਠਹਿਰ ਕੇ ਅਗੇ ਤੁਰ ਜਾਂਦੇ ਸਨ। ਸੋ ਸਿਖ ਬਣਾਏ ਹੋਏ ਇਹਨਾਂ ਵਡਭਾਗਿਆਂ ਤੋਂ ਛਕਣ ਵਿਚ ਕੋਈ ਹਰਜ ਨਹੀਂ ਸੀ ਅਤੇ ਇਸ ਪ੍ਰਕਾਰ ਉਹਨਾਂ ਨੇ ਭਾਈ ਮਰਦਾਨਾ ਜੀ ਦਾ ਗੁਰਮਤਿ ਆਹਾਰ ਬਿਬੇਕ ਹਮੇਸ਼ਾਂ ਕਾਇਮ ਰਖਿਆ ਸੀ।

ਇਹ ਵੀ ਮੁਮਕਿਨ ਹੈ ਕਿ ਜੇਕਰ ਕਿਸੇ ਪਿੰਡ ਜਾਂ ਸ਼ਹਿਰ ਵਿਚੋਂ ਕੋਈ ਸਿਖ ਬਨਣ ਵਾਸਤੇ ਨਾ ਨਿਤਰਿਆ ਹੋਵੇ, ਤਾਂ ਗੁਰੂ ਜੀ ਨੇ ਉਥੋਂ ਪਰਸ਼ਾਦੇ ਦੀ ਸਮੱਗਰੀ ਲੈ ਕੇ ਖੁਦ ਆਪਣੇ ਹੱਥੀਂ ਪਰਸ਼ਾਦਾ ਤਿਆਰ ਕੀਤਾ ਹੋਵੇ। ਜਦ ਗੁਰੂ ਜੀ ਨੇ ਗੁਰਮਤਿ ਦਾ ਪ੍ਰਕਾਸ਼ ਕਰਨ ਲਈ, ਇੰਨਾ ਉਦਮ ਧਾਰ ਕੇ ਉਦਾਸੀਆਂ ਕੀਤੀਆਂ ਸਨ ਅਤੇ ਹਜ਼ਾਰਾਂ ਮੀਲਾਂ ਦਾ ਪੈਡਾ ਕਈ ਸਾਲ ਲਾ ਕੇ ਤੁਰ ਕੇ ਤੈਅ ਕੀਤਾ, ਤਾਂ ਇਹ ਕੋਈ ਮੁਸ਼ਕਿਲ ਗਲ ਨਹੀਂ ਹੈ ਕਿ ਉਹਨਾਂ ਨੇ ਅਤੇ ਭਾਈ ਮਰਦਾਨਾ ਜੀ ਨੇ, ਲੋੜ ਪੈਣ ਤੇ ਸ਼ਹਿਰ ਵਿਚੋਂ ਸਮੱਗਰੀ ਲੈ ਕੇ ਹਥੀਂ ਭੋਜਨ ਤਿਆਰ ਕੀਤਾ ਹੋਵੇ, ਸਗੋਂ ਇਦਾਂ ਹੀ ਹੋਇਆ ਹੋਣਾ ਹੈ। ਜੇਕਰ ਆਪਾਂ ਇਹ ਗਲ ਨਹੀਂ ਮੰਨਦੇ ਤਾਂ ਕੀ ਇਹ ਮੰਨੀਏ ਕਿ ਉਹ ਸੰਨਿਆਸੀਆਂ ਅਤੇ ਜੋਗੀਆਂ ਵਾਂਗ ਲੋਕਾਂ ਦੇ ਘਰਾਂ ਤੋਂ ਮੰਗ ਕੇ ਖਾਂਦੇ ਸਨ? ਹਰਗਿਜ਼ ਨਹੀਂ! ਗੁਰੂ ਜੀ ਨੇ ਆਪਣੇ ਸਿਖਾਂ ਨੂੰ ਜੋਗੀਆਂ ਵਾਂਗ ਮੰਗਕੇ ਖਾਣ ਤੋਂ ਮਨ੍ਹਾ ਕੀਤਾ ਹੈ; ਸੋ ਉਹ ਖੁਦ ਕਦੇ ਵੀ ਜੋਗੀਆਂ ਸੰਨਿਆਸੀਆਂ ਵਾਂਗ ਮੰਗਕੇ ਨਹੀਂ ਸਨ ਖਾ ਸਕਦੇ। ਏਮਨਾਬਾਦ ਸ਼ਹਿਰ ਵਿਚ ਕੇਵਲ ਇਕ ਸਿਖ – ਭਾਈ ਲਾਲੋ – ਸੀ। ਗੁਰੂ ਜੀ ਨੇ ਕੇਵਲ ਉਸ ਪਾਸੋਂ ਹੀ ਛਕਣਾ ਮਨਜ਼ੂਰ ਕੀਤਾ ਅਤੇ ਮਲਕ ਭਾਗੋ ਦਾ ਪਰਸ਼ਾਦਾ ਛਕਣ ਤੋਂ ਇਨਕਾਰ ਕਰ ਦਿਤਾ। ਇਸ ਸਾਖੀ ਤੋਂ ਵੀ ਇਹੋ ਹੀ ਸਿਧ ਹੈ ਕਿ ਗੁਰੂ ਜੀ ਖੁਦ ਕੇਵਲ ਗੁਰਮੁਖਾਂ ਦਾ ਤਿਆਰ ਕੀਤਾ ਪਰਸ਼ਾਦਾ ਹੀ ਛਕਦੇ ਸਨ।

ਇਹ ਕਦੀ ਨਹੀਂ ਹੋ ਸਕਦਾ ਕਿ ਉਹ ਨਿਗੁਰਿਆਂ ਅਤੇ ਪਾਪੀਆਂ ਪਾਸੋਂ ਨਿਸੰਗ ਹੋ ਕੇ ਛਕਦੇ ਰਹੇ ਹੋਣ ਅਤੇ ਆਪ ਗੁਰਸਿਖਾਂ ਨੂੰ ਇਹ ਉਪਦੇਸ਼ ਕਰਦੇ ਰਹੇ ਹੋਣ ਕਿ ਮਨਮੁਖ ਨਾਲ ਮਿਲਵਰਤਣ ਨਹੀਂ ਰੱਖਣਾ ਅਤੇ ਗੁਰਸਿਖਾਂ ਨਾਲ ਸਾਂਝ ਰਖਣ ਲਈ ਕਹਿੰਦੇ ਹੋਣ।

ਖੰਡੇ ਦੀ ਪਾਹੁਲ ਵਿਚ ਵਿਸ਼ੇਸ਼ਤਾ

ਅੰਮ੍ਰਿਤ ਸਿੰਚਾਰ ਸਮਾਗਮ ਤੇ ਖੰਡੇ ਦੀ ਪਾਹੁਲ, ਪਾਣੀ ਵਿਚ ਪਤਾਸੇ ਪਾ ਕੇ, ਪੰਜ ਬਾਣੀਆਂ ਦਾ ਪਾਠ ਕਰਨ ਨਾਲ ਤਿਆਰ ਕੀਤੀ ਜਾਂਦੀ ਹੈ ਅਤੇ ਫੇਰ ਇਸ ਖੰਡੇ ਪਾਹੁਲ ਨੂੰ ਅੰਮ੍ਰਿਤ ਦੀ ਸੰਗਿਆ ਦਿਤੀ ਜਾਂਦੀ ਹੈ। ਆਮ ਸੰਸਾਰੀ ਤਰਕ ਮੁਤਾਬਕ ਤਾਂ ਇਹ ਮਿੱਠਾ ਪਾਣੀ ਹੀ ਹੈ ਨਾ ਪਰ ਗੁਰਸਿਖ ਜਾਣਦੇ ਹਨ ਕਿ ਇਹ ਮਿਠੇ ਪਾਣੀ ਤੋਂ ਵੱਧ ਕੇ ਬਹੁਤ ਕੁਝ ਹੈ। ਇਹ ਉਹ ਆਬੇ ਹਯਾਤ ਹੈ ਜੋ ਬੁਜ਼ਦਿਲਾਂ ਨੂੰ ਜੋਧੇ ਬਣਾ ਦਿੰਦਾ ਹੈ, ਪਤਿਤਾਂ ਨੂੰ ਭਗਤ ਬਣਾ ਦਿੰਦਾ ਹੈ ਅਤੇ ਸਦੀਆਂ ਤੋਂ ਭਟਕਦਿਆਂ ਨੂੰ ਬਿਸ਼ਰਾਮ ਦੇ ਕੇ ਮੋਖ ਦੁਆਰ ਤੇ ਪਹੁੰਚਾ ਦਿੰਦਾ ਹੈ। ਖੰਡੇ ਦੀ ਪਾਹੁਲ ਅਸਲ ਵਿਚ ਇਸ ਕਰਕੇ ਛਕਾਈ ਜਾਂਦੀ ਹੈ ਤਾਂ ਕੇ ਪੰਜਾਂ ਵਲੋਂ ਨਾਮ ਦੀ ਬਖਸ਼ਿਸ਼ ਹੋ ਸਕੇ। ਜਿਸ ਤਰ੍ਹਾਂ ਇਕ ਭਾਂਡੇ ਵਿਚ ਦੁਧ ਆਦਿਕ ਸਵੱਛ ਵਸਤੂ ਪਾਉਣ ਤੋਂ ਪਹਿਲਾਂ ਉਸ ਭਾਂਡੇ ਨੂੰ ਸਾਫ ਕੀਤਾ ਜਾਂਦਾ ਹੈ ਤਾਂ ਜੋ ਦੁਧ ਆਦਿਕ ਵਸਤੂ ਖਰਾਬ ਨਾ ਹੋਵੇ, ਇਸੇ ਤਰ੍ਹਾਂ ਨਾਮ ਗੁਰਮੰਤ੍ਰ ਦੀ ਬਖਸ਼ਿਸ਼ ਕਰਨ ਤੋ ਪਹਿਲਾਂ ਪੰਜ ਪਿਆਰੇ, ਖੰਡੇ ਬਾਟੇ ਦਾ ਅਮ੍ਰਿਤ ਛਕਾ ਕੇ, ਇਸ ਕਾਂਇਆਂ ਰੂਪੀ ਭਾਂਡੇ ਦੀ ਸਫਾਈ ਕਰਦੇ ਹਨ, ਤਾਂ ਕੇ ਗੁਰਮਤਿ ਨਾਮ ਜੈਸੀ ਨਾਯਾਬ ਅਤੇ ਮੁਕੱਦਸ (ਪਵਿਤ੍ਰ) ਵਸਤੂ ਇਸ ਵਿਚ ਸਮਾ ਸਕੇ।

ਸੋਚਣ ਵਾਲੀ ਗਲ ਇਹ ਹੈ ਕਿ ਖੰਡੇ ਬਾਟੇ ਦੀ ਪਾਹੁਲ ਦੇਖਣ ਨੂੰ ਤਾਂ ਮਿੱਠਾ ਪਾਣੀ ਹੀ ਹੈ ਨਾ, ਫੇਰ ਇਹ ਅੰਮ੍ਰਿਤ ਕਿਵੇਂ ਬਣਿਆ? ਜਵਾਬ ਸਾਫ ਹੈ ਕਿ ਗੁਰਬਾਣੀ ਦੇ ਅਸਰ ਕਰਕੇ ਇਹ ਮਿੱਠਾ ਪਾਣੀ ਨਾ ਰਹਿ ਕੇ ਅੰਮ੍ਰਿਤ ਬਣ ਜਾਂਦਾ ਹੈ। ਗੁਰਬਾਣੀ ਜਿਥੇ ਗੁਰੂ ਰੂਪ ਹੋ ਕਿ ਉਪਦੇਸ਼ ਕਰਦੀ ਹੈ ਅਤੇ ਗੁਰਸਿਖਾਂ ਦਾ ਜੀਵਨ ਸਫਲ ਕਰਦੀ ਹੈ ਉਥੇ ਗੁਰਬਾਣੀ ਵਿਚ ਪਾਰਸ ਕਲਾ ਵੀ ਹੈ ਜਿਸ ਕਰਕੇ ਜਿਸਨੂੰ ਵੀ ਗੁਰਬਾਣੀ ਪਰਸ ਲਵੇ, ਉਸਨੂੰ ਪਵਿਤ੍ਰ ਬਣਾ ਦਿੰਦੀ ਹੈ। ਇਹ ਗੁਰਬਾਣੀ ਦੀ ਪਾਰਸ ਕਲਾ ਹੀ ਹੈ ਜਿਸ ਕਰਕੇ ਖੰਡੇ ਦੀ ਪਾਹੁਲ, ਅੰਮ੍ਰਿਤ ਬਣ ਜਾਂਦੀ ਹੈ। ਸੋ ਇਸ ਵਿਚਾਰ ਤੋਂ ਸਾਬਤ ਹੈ ਕਿ ਆਪਣੇ ਆਲੇ ਦੁਆਲੇ ਦਾ ਵਾਤਾਵਰਨ ਅਵਸ਼ ਹੀ ਭੋਜਨ ਤੇ ਅਸਰ ਪਾਉਂਦਾ ਹੈ। ਇਕ ਪਾਸੇ ਅਜਿਹਾ ਭੋਜਨ ਹੋਵੇ ਜੋ ਕਿ ਇਕ ਤਿਆਰ ਬਰ ਤਿਆਰ ਗੁਰਸਿਖ ਨੇ ਗੁਰਬਾਣੀ ਦਾ ਪਾਠ ਕਰਕੇ ਜਾਂ ਨਾਮ ਜਪਕੇ ਸਜਾਇਆ ਪਕਾਇਆ ਹੋਵੇ ਅਤੇ ਦੂਜੇ ਪਾਸੇ ਇਕ ਭਗਤੀ ਵਿਹੂਣੇ ਮਨਮੁਖ ਨੇ ਗੱਲਾਂ ਕਰਦੇ ਨੇ ਜਾਂ ਗਾਣੇ ਗਾਉਂਦੇ ਨੇ ਤਿਆਰ ਕੀਤਾ ਹੋਵੇ, ਦੋਹਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ। ਗੁਰਸਿਖਾਂ ਦਾ ਭੋਜਨ ਛਕਕੇ ਮਨ ਵਿਚ ਬੰਦਗੀ ਕਰਨ ਦੀ ਉਮੰਗ ਉਠਦੀ ਹੈ ਅਤੇ ਬਦੋਬਦੀ ਨਾਮ ਜਪਣ ਅਤੇ ਹਰਿਗੁਣ ਗਾਉਣ ਨੂੰ ਦਿਲ ਕਰਦਾ ਹੈ ਜਦਕਿ ਸਾਕਤੀ ਭੋਜਨ ਛਕ ਕੇ ਹਰਿ ਸਿਉਂ ਪ੍ਰੀਤ ਟੁੱਟ ਜਾਂਦੀ ਹੈ। ਸੋ ਇਸ ਵਿਚਾਰ ਤੋਂ ਇਹੋ ਹੀ ਤੱਤ ਨਿਕਲਦਾ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਲਈ ਸੰਜੀਦਾ ਗੁਰਮੁਖਾਂ ਨੂੰ ਜ਼ਰੂਰ ਹੀ ਗੁਰਮਤਿ ਆਹਾਰ ਬਿਬੇਕ ਦੇ ਧਾਰਣੀ ਬਨਣਾ ਚਾਹੀਦਾ ਹੈ।


ਹੱਕ ਹਲਾਲ ਦੀ ਰੋਟੀ ਦੀ ਪਰਿਭਾਸ਼ਾ

ਆਮ ਲੋਕਾਂ ਦੇ ਨਿਕਟ ਕੇਵਲ ਈਮਾਨਦਾਰੀ ਅਤੇ ਮਿਹਨਤ ਨਾਲ ਕਮਾਏ ਹੋਏ ਧਨ ਨਾਲ ਤਿਆਰ ਕੀਤਾ ਹੋਇਆ ਭੋਜਨ, ਹੱਕ ਹਲਾਲ ਦਾ ਭੋਜਨ ਹੈ ਪਰ ਗੁਰਮਤਿ ਦੇ ਮਿਆਰ ਇਸ ਤੋਂ ਬਹੁਤ ਉਚੇ ਹਨ। ਇਹ ਠੀਕ ਹੈ ਕਿ ਈਮਾਨਦਾਰੀ ਨਾਲ ਕਮਾਏ ਧਨ ਦਾ ਬਹੁਤ ਮਹਾਤਮ ਹੈ ਅਤੇ ਅਜਿਹਾ ਕਰਨਾ ਪੁੰਨ ਕਰਮ ਹੈ ਪਰ ਗੁਰਮਤਿ ਕੇਵਲ ਈਮਾਨਦਾਰੀ ਦੀ ਕਮਾਈ ਤੇ ਹੀ ਨਹੀਂ ਪਸੀਜਦੀ ਜਦ ਤੱਕ ਕਿ ਰੋਜ਼ਗਾਰ ਕਰਦਿਆਂ ਹੋਇਆਂ ਗੁਰਮਤਿ ਨਾ ਧਾਰਨ ਕੀਤੀ ਜਾਵੇ ਅਤੇ ਗੁਰਸਿਖ ਦਾ ਬਾਕੀ ਦਾ ਜੀਵਨ ਗੁਰਮਤਿ ਭਗਤੀ ਵਾਲਾ ਜੀਵਨ ਨਾ ਹੋਵੇ। ਗੁਰਮਤਿ ਅਨੁਸਾਰ ਕਿਰਤ ਕਮਾਈ ਉਦੋਂ ਗੁਰਮਤਿ ਅਨੁਸਾਰੀ ਕਿਰਤ ਕਮਾਈ ਬਣਦੀ ਹੈ ਜਦੋਂ ਨਾ ਕੇਵਲ ਰੁਜ਼ਗਾਰ, ਗੁਰਮਤਿ ਅਨੁਸਾਰੀ ਅਤੇ ਈਮਾਨਦਾਰੀ ਵਾਲਾ ਹੋਵੇ ਬਲਕਿ ਕੰਮ ਕਰਦਿਆਂ ਚਿੱਤ ਵਿਚ ਨਾਮ ਚਲਦਾ ਹੋਵੇ ਅਤੇ ਕਮਾਏ ਹੋਏ ਧਨ ਵਿਚੋਂ ਗੁਰੂ ਕਾ ਦਸਵੰਧ ਕਢਿਆ ਹੋਵੇ। ਜਦੋਂ ਤੱਕ ਇਹ ਤਿੰਨ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਉਦੋ ਤਕ ਕਿਸੇ ਦੀ ਕਮਾਈ ਗੁਰਮਤਿ ਅਨੁਸਾਰ ਹੱਕ ਹਲਾਲ ਦੀ ਕਮਾਈ ਨਹੀਂ ਕਹਾ ਸਕਦੀ।

ਕਈ ਅਜਿਹੇ ਵੀ ਕੰਮ ਹੁੰਦੇ ਹਨ ਜੋ ਕਿ ਈਮਾਨਦਾਰੀ ਨਾਲ ਕੀਤੇ ਜਾਣ ਤਾਂ ਵੀ ਉਹ ਗੁਰਮਤਿ ਅਨੁਸਾਰੀ ਨਾ ਹੁੰਦੇ ਹੋਏ ਗੁਰਮਤਿ ਕਿਰਤ ਕਮਾਈ ਵਿਚ ਸ਼ਾਮਲ ਨਹੀਂ ਕੀਤੇ ਜਾ ਸਕਦੇ ਮਸਲਨ ਜੇਕਰ ਕਿਸੇ ਦਾ ਸਿਗਰਟਾਂ ਜਾਂ ਸ਼ਰਾਬ ਵੇਚਣ ਦਾ ਧੰਦਾ ਹੋਵੇ ਅਤੇ ਉਹ ਇਹ ਧੰਦਾ ਈਮਾਨਦਾਰੀ ਨਾਲ ਅਤੇ ਮਿਹਨਤ ਨਾਲ ਕਰਦਾ ਹੋਵੇ, ਫੇਰ ਵੀ ਅਜਿਹੀ ਕਮਾਈ, ਗੁਰਮਤਿ ਕਿਰਤ ਕਮਾਈ ਨਹੀਂ ਹੋ ਸਕਦੀ ਅਤੇ ਇਦਾਂ ਦੀ ਕਮਾਈ ਨਾਲ ਬਣਿਆ ਭੋਜਨ ਗੁਰਸਿਖ ਵਾਸਤੇ ਹਰਾਮ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਕੰਮ ਹਨ ਜੋ ਕਿ ਗੁਰਮਤਿ ਅਨੁਸਾਰ ਗੁਰਸਿਖ ਨੂੰ ਕਰਨੇ ਨਹੀਂ ਸ਼ੋਭਦੇ ਜਿਵੇਂ ਕਿ ਨਾਈ ਦਾ ਕੰਮ ਹੈ ਜਿਸਦਾ ਕਿ ਅਜਕਲ ਦਾ ਇਕ ਰੂਪ ਬਿਊਟੀ ਪਾਰਲਰ ਹੈ ਜਿਥੇ ਰੋਮਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਗੁਰਮਤਿ ਅਨੁਸਾਰੀ ਕਿਰਤ ਕਮਾਈ ਲਈ ਕੇਵਲ ਈਮਾਨਦਾਰੀ ਨਾਲ ਅਤੇ ਮਿਹਨਤ ਨਾਲ ਕੀਤੀ ਹੋਈ ਕਮਾਈ ਹੀ ਇਕ ਸ਼ਰਤ ਨਹੀਂ ਹੈ ਹੋਰ ਵੀ ਸ਼ਰਤਾਂ ਹਨ ਜਿਵੇਂ ਕਿ ਕਮਾਈ ਗੁਰਮਤਿ ਦੇ ਅਨੁਕੂਲ ਹੋਵੇ, ਕਮਾਈ ਕਰਦੇ ਹੋਏ ਅਤੇ ਬਾਕੀ ਸਮਾਂ ਗੁਰਸਿਖ ਨਾਮ ਬਾਣੀ ਦੇ ਆਹਰ ਵਿਚ ਲਗਿਆ ਹੋਵੇ, ਅਤੇ ਇਸ ਬਿਧਿ ਕਮਾਏ ਹੋਏ ਧਨ ਵਿਚੋਂ ਗੁਰੂ ਕਾ ਦਸਵੰਧ ਪੂਰਾ ਗਿਣਕੇ ਦਸਵਾਂ ਹਿੱਸਾ (ਜਾਂ ਇਸ ਤੋਂ ਵਧੀਕ) ਗੁਰੂ ਕੇ ਅਰਥ, ਖਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਲਾਇਆ ਹੋਵੇ। ਤਾਂ ਜਾ ਕੇ ਗੁਰਸਿਖ ਦੀ ਕਮਾਈ ਗੁਰਮਤਿ ਅਨੁਸਾਰੀ ਕਿਰਤ ਕਮਾਈ ਬਣਦੀ ਹੈ।

ਰੋਜ਼ੀ ਰੋਟੀ ਕਮਾਉਂਦੇ ਹੋਏ ਨਾਮ ਬਾਣੀ ਜਪਣ ਤੋਂ ਬਿਨਾਂ ਕਿਸੇ ਦੀ ਕਮਾਈ ਪੂਰੀ ਤਰ੍ਹਾਂ ਗੁਰਮਤਿ ਅਨੁਸਾਰ ਹੱਕ ਹਲਾਲ ਦੀ ਕਮਾਈ ਨਹੀਂ ਹੈ ਅਤੇ ਨਾਮ ਗੁਰਮੰਤ੍ਰ ਦਾ ਸਿਮਰਨ ਤਾਂ ਉਹੋ ਹੀ ਕਰੇਗਾ ਜੋ ਅੰਮ੍ਰਿਤਧਾਰੀ ਹੋਵੇਗਾ। ਇਸ ਵਿਚਾਰ ਤੋ ਸਾਬਤ ਹੈ ਕਿ ਤਿਆਰ ਬਰ ਤਿਆਰ ਗੁਰਸਿਖ ਵਲੋਂ ਆਪਣੀ ਗੁਰਮਤਿ ਅਨੁਸਾਰੀ ਕਮਾਈ ਨਾਲ, ਨਾਮ ਬਾਣੀ ਜਪਦਿਆਂ ਹੋਇਆਂ ਤਿਆਰ ਕੀਤਾ ਹੋਇਆ ਭੋਜਨ ਹੀ ਗੁਰਮਤਿ ਆਹਾਰ ਬਿਬੇਕ ਦੇ ਧਾਰਨੀਆਂ ਨੂੰ ਛਕਣਾ ਚਾਹੀਦਾ ਹੈ। ਇਸ ਤੋਂ ਹੇਠਾਂ ਦਰਜੇ ਦਾ ਭੋਜਨ ਛਕਣਾ ਗੁਰਮਤਿ ਅਨੁਸਾਰ ਬਿਬੇਕ ਦਾ ਭੋਜਨ ਨਹੀਂ ਕਹਾ ਸਕਦਾ।

ਗੁਰੂ ਸਾਹਿਬ ਕਿਰਪਾ ਕਰਨ ਕਿ ਸਾਰਾ ਖਾਲਸਾ ਪੰਥ ਗੁਰਮਤਿ ਬਿਬੇਕ ਰਹਿਤ ਰਹਿਣੀ ਵਿਚ ਤਿਆਰ ਬਰ ਤਿਆਰ ਹੋਵੇ ਤਾਂ ਜੋ ਪੰਥ ਦੀ ਚੜ੍ਹਦੀ ਕਲਾ, ਸਹੀ ਅਰਥਾਂ ਵਿਚ ਹੋ ਸਕੇ। ਜੇਕਰ ਅਸੀਂ ਆਨਮਤੀਆਂ ਨਾਲੋਂ ਰੋਟੀ ਬੇਟੀ ਦੀ ਸਾਂਝ ਨਾ ਤੋੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੁੱਧ ਅਤੇ ਜੈਨ ਧਰਮਾਂ ਵਾਂਗ ਵੈਦਿਕ ਧਰਮ ਸਾਨੂੰ ਵੀ ਨਿਗਲ ਜਾਵੇਗਾ। ਨਿਆਰਾਪਨ ਰਖਣ ਤੋਂ ਬਿਨਾਂ ਕਦੇ ਵੀ ਖਾਲਸਾ ਪੰਥ ਦੀ ਪੂਰਨ ਤੌਰ ਤੇ ਚੜ੍ਹਦੀ ਕਲਾ ਨਹੀਂ ਹੋਣੀ ਅਤੇ ਇਸ ਰਹਿਤ ਤੋਂ ਬਿਹੂਣ, ਖਾਲਸਾ ਪੰਥ ਇਕ ਮਿਲਗੋਭਾ ਪੰਥ ਹੀ ਬਣਿਆ ਰਹੇਗਾ।

ਦਾਸ,
ਕੁਲਬੀਰ ਸਿੰਘ ਟਰਾਂਟੋ

xkulbirsingh@outlook.com
Reply Quote TweetFacebook
Vaheguru!

Great article!

Preetam Singh
Reply Quote TweetFacebook
Real good article. Very informative in explaining this topic
Reply Quote TweetFacebook
ਅਜੋਕੇ ਸਮਯ ਵਿਚ ਕੋਈ ਵਿਰ੍ਲਾ ਹੁੰਦਾ ਹੈ ਜੋ ਚੰਗੀ ਗੱਲ ਸੁਣਦਾ ਹੈ | ਫਿਰ ਕੋਈ ਵਿਰ੍ਲਾ ਹੀ ਸੁਣ ਕੇ ਉਸਨੂ ਮਨ੍ਨ੍ਦਾ ਹੈ | ਉਸ ਤੋਂ ਬਾਦ ਕੋਈ ਕੋਈ ਵਿਰ੍ਲਾ ਹੀ ਹੈ ਜੋ ਮਨ੍ਨ ਕੇ ਕਮਾਈ ਵੀ ਕਰ ਲੈਂਦਾ ਹੈ |

ਜਿਹੋ ਜਿਹਾ ਮਾਹੌਲ ਸੰਸਾਰ ਵਿਚ ਹੋ ਰਖਯਾ ਹੈ, ਮੰਨੜੀ ਤਾਂ ਕੀ, ਬੰਦਾ ਤੇ ਕਿਸੀ ਬੰਦੇ ਦੀ ਗੱਲ ਸੁਣ ਕੇ ਰਾਜੀ ਨਈ ਜੀ | ਜੇਕਰ ਕੋਈ ਇਸ ਆਰਟਿਕਲ ਨੂ ਪੜ੍ਹ ਕੇ 10% ਵੀ ਕਮਾ ਲਵੇ ਤਾਂ ਸਮਝੋ ਪਿਛਲੇ ਜਨਮ ਦੇ ਕੋਈ ਚੰਗੇ ਭਾਗ ਸਿਗੇ !

ਮੰਦ ਭਾਗੀਯਾਂ ਨੂ ਤਾਂ ਜੀ ਹੁਣ ਗੁਰੂ ਸਾਹਿਬ ਹੀ ਸੋਝੀ ਬਕਸ਼ਨ | ਏ ਹੁਣ ਬੰਦੇ ਦੇ ਆਖੇ ਲੱਗਣ ਵਾਲ਼ੇ ਬੰਦੇ ਨਹੀ ਰਹੇ ਸੰਸਾਰ ਵਿਚ ਜੀ |




ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥
Reply Quote TweetFacebook
Sorry, only registered users may post in this forum.

Click here to login