ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

...ਕਿਥੇ ਕੂਕਣ ਜਾਏ

Posted by Kulbir Singh 
ਬਸੰਤ ਦੀ ਰੁਤਿ ਜਦੋਂ ਬਾਗਾਂ ਵਿਚ ਆਏ।
ਤਰ੍ਹਾਂ ਤਰ੍ਹਾਂ ਦੇ ਫੁਲਾਂ ਨੂੰ ਉਹ ਸਹਿਜ ਖਿੜਾਏ।
ਬਸੰਤ ਵਿਚ ਵੀ ਜੇ ਕੋਈ ਨਵਾਂ ਫੁਲ ਮੁਰਝਾਏ;
ਐਸਾ ਅਭਾਗਾ ਫੁਲ ਦੱਸੋ ਕਿਥੇ ਕੁਕਣ ਜਾਏ?

ਸਾਵਣ ਜਦੋਂ ਆਏ ਧਰਣੀ ਦਾ ਦੁਖ ਵੰਡਾਏ।
ਹਾੜ੍ਹ ਦੇ ਮਹੀਨੇ ਦੀ ਉਹ ਗਰਮੀ ਨੂੰ ਭਜਾਏ।
ਕਿਸਾਨਾਂ ਦੀ ਖੁਸ਼ੀ ਕਿਤੇ ਸਮਾਈ ਨਾ ਸਮਾਏ।
ਮੋਰਾਂ ਦੀਆਂ ਡਾਰਾਂ ਪੈਲਾਂ ਪਾਉਣ ਹਰ ਥਾਂਏ।
ਚਾਤ੍ਰਿਕਾਂ ਦਾ ਰੁਦਨ ਇਹ ਰੁਤਿ ਬੰਦ ਕਰਾਏ।
ਸਾਵਨ ਵਿਚ ਵੀ ਜੇ ਕੋਈ ਸਾਰਿੰਗ ਮਰੇ ਤਿਹਾਏ।
ਐਸਾ ਸਾਰਿੰਗ ਦੱਸੋ ਯਾਰੋ ਕਿਥੇ ਕੂਕਣ ਜਾਏ?

ਸੰਗਤਿ ਦੀ ਮਹਿਮਾ ਕੀ ਕਥੇ ਇਕ ਜੀਭਾਏ।
ਗੂੰਗਾ ਮਿਠਾ ਖਾ ਕੇ ਯਾਰੋ ਕੀ ਮੂਹੋ ਬੋਲ ਬੋਲਾਏ।
ਜਨਮਾਂ ਦਾ ਭਟਕਦਾ, ਕੇਵਲ ਇਥੇ ਠਾਹਰ ਪਾਏ।
ਮਾਇਆ ਦਾ ਫਿੱਕਾ ਰਸ, ਇਥੇ ਹੀ ਜਾਏ ਤਜਾਏ।
ਜਨ ਨੂੰ ਮਿਠਾ ਨਾਮ ਰਸ, ਗੁਰੂ ਇਥੇ ਹੀ ਚਖਾਏ।
ਜੇ ਕੋਈ ਅਭਾਗਾ ਨਰ, ਇਥੇ ਵੀ ਰਹੇ ਤਿਸਾਏ॥
ਤ੍ਰਿਸ਼ਨਾ ਦੀ ਅਗਨੀ, ਜੇ ਇਥੇ ਵੀ ਭੜਕਾਏ।
ਮੁੱਖ ਤੇ ਜੇਕਰ ਇਥੇ ਵੀ ਮੁਸਕਾਨ ਨਾ ਆਏ।
ਭਰਾ ਨੂੰ ਦੇਖ ਕੇ ਜੇ ਕੋਈ ਮੱਥੇ ਤਿਊੜੀ ਪਾਏ।
ਬਾਣੀ ਦੇ ਉਪਦੇਸ਼ ਤੋਂ ਮਨ ਕੋਰਾ ਹੀ ਰਹਿ ਜਾਏ।
ਉਸ ਨੂੰ ਦੇਖ ਕੇ ਗੁਰਸਿਖ ਦੱਸੋ ਕੀ ਸੋਚ ਸੋਚਾਏ।
ਅਜਿਹਾ ਅਭਾਗਾ ਨਰ ਦੱਸੋ ਕਿਥੇ ਕੂਕਣ ਜਾਏ।

ਕੁਲਬੀਰ ਸਿੰਘ ਦੀ ਬੇਨਤੀ ਓ ਸੱਚੇ ਪਾਤਸ਼ਾਏ!
ਸਭ ਨਰਾਂ ਉਪਰ ਤੇਰਾ ਫਜ਼ਲ ਬਰਸੇ ਆਏ।
ਹਰ ਇਕ ਗੁਰਸਿਖ ਤੇਰੀ ਸਿਖਿਆ ਨੂੰ ਅਪਨਾਏ।
ਜਨਮ ਜਿੱਤ ਕੇ ਜਾਣ, ਕੋਈ ਹਾਰ ਕੇ ਨਾ ਜਾਏ।
ਤੇਰੇ ਦਰ ਤੋਂ ਬਿਨਾਂ ਕੋਈ ਕਿਥੇ ਕੂਕਣ ਜਾਏ।
ਲਾ ਲੈ ਗਲੇ ਸਾਰਿਆਂ ਨੂੰ ਜੋ ਕੂਕਣ ਨੇ ਆਏ।
Reply Quote TweetFacebook
ਕੂਕਣਾ ਹੈ ਤਾਂ ਕੂਕ ਗੁਰੂ ਦੇ ਕੋਲ ਸਿੰਘਾ
ਇਹ ਮਾਇਆ ਦੇ ਭੋਲਾਵੇ ਚ ਨਾ ਡੋਲ ਸਿੰਘਾ

ਰੁਤ ਸਾਵਣ,ਹਾੜ੍ਹ ਜਾਂ ਬਸੰਤ ਹੋਵੇ ਤੂੰ ਅਮ੍ਰਿਤ ਵੇਲੇ ਨਿਸਦਿਨ ਬੋਲ ਸਿੰਘਾ
ਅਮ੍ਰਿਤ ਵੇਲੇ ਬੋਲੇ ਨੂੰ ਨਹੀਂ ਪਿਆਸ ਰਹਿੰਦੀ,ਮਿਲਦੀ ਬਾਬੀਹੇ ਵਾਂਗ ਵਸਤ ਨਿਰੋਲ ਸਿੰਘਾ

ਸੰਗਤ ਹੈ ਗੁਰੂ ਬਖਸ਼ਿਸ਼,ਵਿਚ ਸੰਗਤ ਜਾ ਕੇ ਕਰ ਗੁਰਮਤ ਘੋਲ ਸਿੰਘਾ
ਜੋ ਵੀ ਸੰਗਤ ਦੇਵਂਦੀ ਹੈ, ਭਰ ਲਾ ਉਸ ਨਾਲ ਝੋਲ ਸਿੰਘਾ
ਇਸ ਸੰਗਤ ਦੀ ਚਰਨ ਧੂੜ੍ਹ ਦਾ ਨਹੀ ਹੈ ਕੋਈ ਮੋਲ ਸਿੰਘਾ
ਸੰਗਤ ਵਿਚ ਹੈ ਗੁਰੂ ਵਸਦਾ ਨਾ ਕਰ ਸੰਗਤ ਨਾਲ ਬੋਲ-ਕਬੋਲ ਸਿੰਘਾ
ਸੰਗਤ ਵਿਚ ਕਿੰਨਾ ਹੈ ਕਿਸਨੂ ਪਿਆਰ ਮਿਲਦਾ ਇਸ ਵਿਚ ਹੈ ਕਰਮਾ ਦਾ ਰੋਲ ਸਿੰਘਾ
ਕੋਈ ਮੁਖ ਦੇਵੇ ਜਾਂ ਪਿਠ ਤੈਨੂ ਤੂੰ ਬੋਲ ਸਦ ਮਿਠੇ ਬੋਲ ਸਿੰਘਾ
ਇਹ ਮੁਸਕਾਨ,ਤੀਓਰੀ ਹੈ ਇਸ ਜਗ ਦੀ ਉਤਪਨ,ਤੂੰ ਗੁਰੂ ਦੀ ਨਦਰ ਟੋਲ ਸਿੰਘਾ
ਕੋਈ ਕਿਸੇ ਨੂੰ ਬਦਲੇ ਇਹ ਨਹੀਂ ਮੁਮਕਿਨ, ਕਰ ਅਰਦਾਸ ਸਤਗੁਰੂ ਕੋਲ ਸਿੰਘਾ
ਜੇ ਆਪਾ ਬਦਲੂ ਤੇ ਸਭ ਜਗ ਬਦਲੂ,ਰਹੋ ਜਗ ਨੂੰ ਵੇਖ ਕੇ ਖਾਮੋਸ਼ ਸਿੰਘਾ

ਗੁਰੂ ਤਾਂ ਕਰਦਾ ਹੈ ਦਯਾ ਸਭ ਤੇ, ਕੋਈ ਸਮ੍ਜੇ ਤੇ ਕੋਈ ਦੇਵੇ ਰੋਲ ਸਿੰਘਾ
ਜਨਮ ਜਿਤਣਾ ਤੇ ਹੋ ਜਾ ਮਿਠ-ਬੋਲਾ, ਸਿਰਫ ਗੁਰੂ ਗਰੰਥ ਸਾਹਿਬ ਦੇ ਅੰਗ ਫਰੋਲ ਸਿੰਘਾ
ਕੂਕਣਾ ਹੈ ਤਾਂ ਕੂਕ ਗੁਰੂ ਦੇ ਕੋਲ ਸਿੰਘਾ
ਇਹ ਮਾਇਆ ਦੇ ਭੋਲਾਵੇ ਚ ਨਾ ਡੋਲ ਸਿੰਘਾ


Bhul Chuk Maaf !!
Reply Quote TweetFacebook
ਮਸਲਾ ਜੋ ਛੇੜਿਆ ਸੀ ਉਹ ਤੁਸੀਂ ਗਏ ਹੋ ਵਿਸਾਰ।
ਜੋ ਨਹੀਂ ਸੀ ਮਸਲਾ ਯਾਰੋ ਉਸ ਤੇ ਹੋ ਗਏ ਹੋ ਸਵਾਰ।
ਜੋ ਤੁਸੀਂ ਲਿਖਿਆ ਉਹ ਹੈ ਐਨ ਗੁਰਮਤਿ ਅਨੁਸਾਰ।
ਪਰ ਸਵਾਲ ਜੋ ਮੈਂ ਪਾਵਾਂ, ਉਹ ਹੋਰ ਹੀ ਹੈ ਸ਼ਰਾਰ।

ਇਹ ਗੱਲ ਠੀਕ ਹੈ ਕਿ ਨਾ ਦੇਖੋ ਜੱਗ ਕੀ ਕਰਦਾ ਹੈ।
ਜੋ ਸਵਾਲ ਸੀ ਕੀਤਾ ਉਹ ਹਾਲੇ ਵੀ ਜਵਾਬ ਮੰਗਦਾ ਹੈ।
ਕੀ ਹੋਵੇ ਜੇ ਕੋਈ ਸੰਗਤਿ 'ਚ ਵੀ ਸੁਧਰਣ ਤੋਂ ਸੰਗਦਾ ਹੈ।
ਐਸੇ ਠੱਗ ਦਾ ਕੀ ਇਲਾਜ ਜੋ ਪੁਲਿਸ ਮੂਹਰੇ ਠਗਦਾ ਹੈ?

ਮਸਲਾ ਇਹ ਨਹੀਂ ਹੈ ਕਿ ਕੋਈ ਜਨ ਬੇਰੁਖੀ ਤੱਕ ਕੇ ਕੀ ਕਰੇ।
ਮਸਲਾ ਇਹ ਹੈ ਕਿ ਦਵਾਈ ਅਸਰ ਨਾ ਕਰੇ ਤਾਂ ਕੋਈ ਕਿਵੇਂ ਤਰੇ।
ਮਸਲਾ ਹੈ ਕਿ ਕੋਈ ਕੋਟ ਪਾਕੇ ਲੱਗਣ ਵਾਲੀ ਠੰਡ ਨੂੰ ਕਿਵੇਂ ਜਰੇ।
ਸੰਗਤਿ ਵਿਚ ਵੀ ਕੋਈ ਕੋਰਾ ਰਹਿ ਜਾਵੇ ਤਾਂ ਦੱਸੋ ਕਿਵੇਂ ਸਰੇ।

ਮਸਲਾ ਇਹ ਹੈ ਕਿ ਕਿਉਂ ਅਸਰ ਨਹੀਂ ਕਰ ਰਹੀ ਹੈ ਦਵਾਈ।
ਕੀ ਹੈ ਉਹ ਰੋਕ ਜੋ ਪਾਰਸ ਦੇ ਅਸਰ ਨੂੰ ਰਹੀ ਹੈ ਅਟਕਾਈ?
ਤਮਾਮੁਲ ਹੋਸ਼ ਦੀ ਸ਼ਰਨ ਵਿਚ ਵੀ, ਕੀ ਹੈ ਜੋ ਬਣਾ ਰਹੀ ਹੈ ਸ਼ਦਾਈ?
ਕੈਸੀ ਹੈ ਇਹ ਅੱਗ ਜੋ ਪਾਣੀ ਤੋਂ ਵੀ, ਨਹੀਂ ਜਾ ਰਹੀ ਹੈ ਬੁਝਾਈ?
ਵੱਡਾ ਮਸਲਾ ਹੈ ਕਿ ਅਸੀਂ ਕਿਵੇ ਬਚੀਏ ਇਸ ਅੱਗ ਤੋਂ ਮੇਰੇ ਭਾਈ।

ਕੁਲਬੀਰ ਸਿੰਘ ਆਖਾਂ ਕਾਸ਼ੁਫ-ਉਲ-ਅਸਰਾਰ ਤਾਂਈ ਵਿਚਾਰ।
ਇਲਾਹੀ ਰਾਜ਼ ਜੋ ਛੁਪਾਏ ਹਨ ਉਹ ਹੁਣ ਖੋਲ ਦੇ ਪਿਆਰੇ ਯਾਰ।
ਸਭ ਪਿਆਰਿਆਂ ਨੂੰ ਜੋ ਚਾਹੁੰਦੇ ਨੇ, ਇਕ ਤੇਰਾ ਇਲਾਹੀ ਦੀਦਾਰ।
ਉਹਨਾਂ ਨੂੰ ਅੱਗ ਤੋਂ ਬਚਾ ਕੇ ਰੱਖੀਂ, ਤੋੜ ਨਿਭਾਈਂ ਇਹ ਕਰਾਰ।
Reply Quote TweetFacebook
Sorry, only registered users may post in this forum.

Click here to login