ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਉਤੈ ਦਾ ਬੰਨਾ

Posted by JASJIT SINGH 
ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਪਿਛਲੇ ਦਿਨੀ ਕਰੇਬੀਅਨ ਆਇਰਲੈਂਡ ਦੇ ਦੇਸ਼ ਹੇਅਤੀ ਵਿਚ ਆਏ ਭੂਚਾਲ ਨੇ ਲੱਖਾ ਜਾਨਾ ਘੰਟਿਆਂ ਦੇ ਸਮੇਂ ਵਿਚ ਹੀ ਖਤਮ ਕਰ ਦਿੱਤੀਆ ਹਨ। ਇਸ ਵਰਤੇ ਭਾਣੇ ਨੂੰ ਕੁਦਰਤ ਦਾ ਭਾਣਾ ਮੰਨਣ ਵਿਚ ਹੀ ਭਲਾਈ ਹੈ ਕਿਉਂਕਿ ਪ੍ਰਮਾਤਮਾ ਦੀ ਕਰਨੀ ਅੱਗੇ ਕਿਸੇ ਦਾ ਵੀ ਜ਼ੋਰ ਨਹੀ ਹੈ। ਪਰ ਇੱਕ ਗੱਲ ਜੋ ਇਸ ਕੁਦਰਤੀ ਆਫ਼ਤ ਨੇ ਸੰਸਾਰ ਨੰੂ ਫਿਰ ਦਰਸਾ ਦਿੱਤੀ ਹੈ ਕਿ ਇਹ ਸੰਸਾਰ ਨੂੰ ਆਪਣਾ ਪੱਕਾ ਠਿਕਾਣਾ ਸਮਝ ਕੇ ਮੰਨਣਾ ਇਨਸਾਨੀ ਫ਼ਿਤਰਤ ਦੀ ਇੱਕ ਬਹੁਤ ਹੀ ਵੱਡੀ ਭੁੱਲ ਹੈ। ਜਦੋਂ ਕੋਈ ਸੰਸਾਰ ਤੋਂ ਜਾਂਦਾ ਹੈ ਉਦੋਂ ਭਾਵੇਂ ਕਿ ਇਹ ਗੱਲ ਮਹਿਸੂਸ ਵੀ ਹੁੰਦੀ ਹੈ ਪਰ ਫ਼ਿਰ ਓਹੀ ਸੰਸਾਰੀ ਕਾਰ ਵਿਹਾਰਾ ਦਾ ਚੱਕਰ ਚਲ ਪੈਂਦਾ ਹੈ ਕਿ ਇਨਸਾਨ ਫ਼ਿਰ ਇਸ ਸੰਸਾਰ ਨੂੰ ਸੱਚ ਸਮਝ ਕੇ ਸੁਪਨੇ ਪਾਲਣੇ ਸ਼ੁਰੂ ਕਰ ਦਿੰਦਾ ਹੈ। ਗੁਰਬਾਣੀ ਦਾ ਓਟ ਆਸਰਾ ਵੀ ਇਸੇ ਕਰਕੇ ਲਿਆ ਜਾਂਦਾ ਹੈ ਕਿ ਸਾਨੂੰ ਸਾਡਾ ਮਰਨਾ ਵੀ ਚੇਤੇ ਰਹੇ ਕਿਉਂਕਿ ਗੁਰਬਾਣੀ ਬਾਰ ਬਾਰ ਇਸੇ ਗੱਲ ਨੂੰ ਦੁਹਰਾਉਦੀਂ ਹੈ ਕਿ:

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥


ਇਹ ਰਾਤ ਰੂਪੀ ਸੰਸਾਰਕ ਯਾਤਰਾ ਦਿਨ ਬ ਦਿਨ ਖਤਮ ਹੁੰਦੀ ਜਾ ਰਹੀ ਹੈ ਅਤੇ ਪ੍ਰਾਣੀ ਬੱਸ ਕੁਫਕੜਿਆਂ ਵਿਚ ਹੀ ਲੱਗਾ ਫਿਰ ਰਿਹਾ ਹੈ ਔਰ ਇਸ ਵਿਚ ਐਸਾ ਖੁਭਿਆ ਪਿਆ ਹੈ ਕਿ ਬਸ ਯਾਦ ਹੀ ਨਹੀ ਰਹਿੰਦਾ ਕਿ ਮੌਤ ਵੀ ਆਈ ਖੜੀ ਹੈ। ਗੁਰੂ ਸਾਹਿਬ ਗੁਰਬਾਣੀ ਰਾਹੀ ਆਪਣੇ ਸਿੱਖ ਨੂੰ ਇਹ ਗੱਲ ਇਸੇ ਕਰਕੇ ਹੀ ਤਾਂ ਯਾਦ ਕਰਵਾਉਦੇਂ ਹਨ ਕਿ:

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥



ਮੌਤ ਦਾ ਬੰਨਾ ਤਾਂ ਇਉਂ ਹੈ ਜਿਵੇਂ ਵਹਿੰਦੇ ਦਰਿਆ ਵਿਚ ਪਾਣੀ ਦੇ ਕਿਨਾਰੇ ਰੇਤ ਦਾ ਢਾਹਾ ਬਣ ਜਾਂਦਾ ਅਤੇ ਜਦੋਂ ਕਿਤੇ ਜ਼ੋਰ ਦੀ ਛੱਲ ਆਉਦੀਂ ਹੈ ਤਾਂ ਨਾਲ ਜੀ ਰੋੜ ਕੇ ਲੈ ਜਾਂਦੀ ਹੈ ਬਸ ਇੰਨਾ ਕੁ ਸਾਥ ਓਸ ਢਾਹੇ ਦਾ ਉਸ ਥਾਂ ਨਾਲ ਹੁੰਦਾ ਹੈ। ਬਿਲਕੁਲ ਇੰਨ ਬਿਨ ਇਸ ਦੇਸ਼ ਦੇੇ ਵਾਸੀਆਂ ਨਾਲ ਹੀ ਵਾਪਰੀ ਹੈ ਸੁਤੇ ਪਏ ਘਰਾਂ ਦੇ ਘਰ ਹੀ ਪਲ਼ਾਂ ਵਿਚ ਜਾਂਦੇ ਲੱਗੇ। ਓਥੇ ਕੋਈ ਕਿਸੇ ਦੀ ਮਦਦ ਕਰ ਸਕਿਆ? ਬਿਲਕੁਲ ਵੀ ਨਹੀ ਕਿਉਂਕਿ ਜਿਹੜਾ ਆਪ ਹੀ ਡੁਬ ਰਿਹਾ ਹੋਵੇ ਉਹ ਕਿਸੇ ਨੂੰ ਕਿਵੇਂ ਬਚਾ ਲਊ। ਹੁਣ ਆਪਾਂ ਵੀ ਦੇਖ ਲਉ ਅੱਜ ਬੜੀ ਟੌਹਰ ਨਾਲ ਬੈਠੇ ਦਾਸ ਦਾ ਇਹ ਲੇਖ ਪੜ ਰਹੇ ਹਾਂ ਇਹ ਮੰਨ ਕੇ ਕਿ ਆਪਾ ਕਿਹੜਾ ਅਜੇ ਮਰਨਾ ਹੈ। ਬਾਕੀ ਆਪਣੇ ਗੁਰੂ ਸਾਹਿਬ ਤਾਂ ਹੈਗੇ ਹੀ ਨੇ, ਜਦੋਂ ਇਹੇ ਜਿਹਾ ਵੇਲਾ ਆ ਵੀ ਗਿਆ ਬਸ ਗੁਰੂ ਸਾਹਿਬ ਨੂੰ ਮਸਕੇ ਲਾਣੇ ਸ਼ੁਰੂ ਕਰਵਾ ਦੇਵਾਂਗੇ ਜਾਂ ਅਖੰਡ ਪਾਠ ਸੁੱਖ ਲਵਾਂਗੇ ਬਾਬਾ ਜੀ ਨੇ ਇੰਨੇ ਕੁ ਨਾਲ ਹੀ ਮੰਨ ਜਾਣਾ ਤਾਂ ਆਪਣਾ ਜਾਣਾ ਟਲ ਜਾਊਗਾ। ਪਰ ਗੁਰੂ ਸਾਹਿਬ ਤਾਂ ਕਹਿੰਦੇ ਨਹੀਂ ਭਾਈ ਸਿੱਖਾ ਜਾਣ ਤਾਂ ਪਊ ਤੇ ਨਾਲੇ ਦਰਗਾਹ ਵਿਚ ਜਾ ਕੇ ਹਿਸਾਬ ਵੀ ਦੇਣਾ ਪਊ:

ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥


ਇਹ ਜੋ ਭਾਣਾ ਵਰਤਿਆ ਹੈ ਜਾਂ ਹੋਰ ਜੋ ਇਵੇਂ ਦੇ ਵਰਤੇ ਅਤੇ ਵਰਤ ਰਹੇ ਹਨ ਉਹਨਾਂ ਨਾਲ ਇਹ ਗੱਲ ਫਿਰ ਸਾਬਿਤ ਹੋ ਗਈ ਬਈ ਕੁਝ ਨਹੀ ਜੇ ਪਤਾ ਕਿਵੇਂ ਮਰਨਾ ਕਿਥੇ ਮਰਨਾ ਕਿਸ ਵਖਤ ਮਰਨਾ, ਖਵਰੇ ਅੱਜ ਦੀ ਰਾਤ ਵੇਖਣੀ ਵੀ ਹੈ ਕਿ ਨਹੀਂ? ਖਵਰੇ ਕੱਲ ਦਾ ਦਿਨ ਵੇਖਣਾ ਵੀ ਹੈ ਕਿ ਨਹੀਂ। ਜਦ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀ ਤਾਂ ਫਿਰ ਇੱਕ ਗੱਲ ਤਾਂ ਘੱਟੋਂ ਘੱਟ ਕਰ ਲਈਏ ਕਿ ਗੁਰੂ ਵਾਲੇ ਹੀ ਬਣ ਜਾਈਏ। ਗੁਰੂ ਵਾਲੇ ਬਣ ਬਸ ਗੁਰੂ ਦੇ ਹੀ ਹੋ ਜਾਈਏ। ਜੇ ਅੱਜ ਨਿਤਨੇਮ ਢਿੱਲਾ ਸੀ ਤਾਂ ਨਿਤਨੇਮ ਤੇ ਪਹਿਰਾ ਲਾਈਏ, ਜੇ ਅੰਮ੍ਰਿਤ ਵੇਲਾ ਢਿੱਲਾ ਸੀ ਤੇ ਅੰਮ੍ਰਿਤ ਵੇਲੇ ਤੇ ਪਹਿਰਾ ਲਾਈਏ, ਜੇ ਰਹਿਤ ਅੱਜ ਢਿਲੀ ਹੋ ਗਈ ਤਾਂ ਰਹਿਤ ਤੇ ਪਹਿਰਾ ਲਾਈਏ ਭਾਵ ਉਸ ਅਕਾਲਪੁਰਖ ਨੂੰ ਆਪਣੀ ਯਾਦ ਵਿਚ ਲਿਆਈਏ:

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥


ਤਾਂ ਕਿ ਜਾਣਾ ਸੋਖਾ ਹੋ ਜਾਏ। ਫਿਰ ਇਹ ਸਮਾਂ ਥੋੜੀ ਮਿਲਣਾ ਕਿ ਮੌਤ ਦੇ ਪਰਵਾਨੇ ਬੂਹੇ ਤੇ ਖੜੇ ਹੋਣ ਤੇ ਅਸੀਂ ਕਹੀਏ ਜੀ ਠਹਿਰੋ ਮੈ ਪਹਿਲਾ ਅੰਮ੍ਰਿਤ ਛਕ ਲਵਾਂ, ਜਾਂ ਮੈ ਪਹਿਲਾ ਨਿਤਨੇਮ ਪੂਰਾ ਕਰ ਲਵਾਂ, ਜਾਂ ਮੈ ਅਜੇ ਬਿਬੇਕ ਰੱਖਣਾ ਸੀ ਉਹ ਰੱਖ ਲਵਾਂ, ਜਾਂ ਮੈ ਕੋਈ ਪਹਿਲੀ ਰਹਿੰਦੀ ਕੁਰਹਿਤ ਬਖਸ਼ਾ ਲਵਾ। ਨਹੀ ਬਈ ਨਹੀ ਇਹ ਸਮਾਂ ਨਹੀ ਫਿਰ ਮਿਲਦਾ ਬਸ ਫਿਰ ਤਾਂ ਮੌਤ ਦੇ ਪਰਵਾਲੇ ਇਹ ਪੰਜ ਭੂਤਕੀ ਮਹਿਲ ਇਥੇ ਛੱਡ ਵਿਚੋਂ ਬੰਦੇ ਨੂੰ ਕੱਢ ਲੈ ਜਾਂਦੇ ਹਨ। ਸੌ, ਆਉ ਭਾਈ ਆਪਾ ਸਾਰੇ ਹੀ ਇਸ ਚੈੱਕ ਪੁਆਇੰਟ ਤੋਂ ਇਹ ਸਿਖਿਆ ਲੈਂਦੇ ਹੋਏ ਵਾਹਿਗੁਰੂ ਜੀ ਦੀ ਯਾਦ ਵਿਚ ਜੁੜਨ ਦਾ ਯਤਨ ਕਰੀਏ ਕਿਉਂਕਿ ਏਹੋ ਜਹੀਆ ਆਫਤਾਂ ਸਾਡੇ ਵਰਗੇ ਭੁੱਲੇ ਭਟਕਿਆਂ ਨੂੰ ਬੱਸ ਇਹੀ ਯਾਦ ਕਰਵਾਉਣ ਲਈ ਹੁੰਦੀਆਂ ਹਨ ਕਿ ਭਾਈ:

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥


ਗੁਰੂ ਚਰਨਾਂ ਵਿਚ ਜੋਦੜੀ ਇਸ ਪਾਪੀ ਤੇ ਵੀ ਆਪਣੀ ਨਦਰੋਂ ਕਰਮ ਬਖਸ਼ਣੀ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!

ਭਾਈ ਸਾਹਿਬ ਜੀ ਖੂਬ ਬੈਰਾਗ ਨਾਲ ਭਿੰਨੀਆਂ ਆਤਮਕ ਗੱਲਾਂ ਸਾਂਝੀਆਂ ਕੀਤੀਆਂ ਹਨ ਜੀ। ਬੈਰਾਗ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਤੇ ਜਦੋਂ ਮੌਤ ਨੂੰ ਚੇਤੇ ਰੱਖਦੇ ਹਾਂ ਉਦੋਂ ਦੁਨੀਆਂ ਵਲੋਂ ਉਪਰਾਮਤਾ ਵਧਦੀ ਹੈ। ਜਦੋਂ ਹੈਤੀ ਵਰਗੇ ਕੁਦਰਤੀ ਹਾਦਸੇ ਵਾਪਰਦੇ ਹਨ ਉਦੋਂ ਪੱਲ ਦੇ ਪੱਲ ਇਹ ਸਮਝ ਪੈਂਦੀ ਹੈ ਕਿ ਜ਼ਿੰਦਗੀ ਕਿੰਨੀ ਆਰਜ਼ੀ ਹੈ। ਪਰ ਮਾਇਆ ਦਾ ਪ੍ਰਭਾਵ ਪ੍ਰਬਲ ਹੁੰਦਾ ਹੈ ਉਦੋਂ ਸਭ ਕੁਝ ਭੁਲ ਜਾਂਦਾ ਹੈ।

ਗੁਰੂ ਸਾਹਿਬ ਭਲਾ ਕਰਨ, ਸਾਡੇ ਤੇ ਪਰਉੇਪਕਾਰ ਕਰਦਿਆਂ ਸਾਨੂੰ ਇਸ ਮਾਇਆ ਦੇ ਜੰਜਾਲਾਂ ਤੋਂ ਕੱਢ ਲੈਣ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login