ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Article about Puratan sources advising Dastar

Posted by Sukhdeep Singh 
I found a very cool article which has many of the puratan rehatnameys that state the importance of dastar.

[www.panthic.org]

ਸਿੱਖ ਧਰਮ ਦੇ ਰਹਿਤਨਾਮਿਆਂ ਵਿੱਚੋਂ ਦਸਤਾਰ ਸੰਬੰਧੀ ਮਰਯਾਦਾ ਦਾ ਵਰਣਨ ਕਰਦੇ ਹਾਂ ਤਾਂ ਜੋ ਪੂਰਨ ਗਿਆਨ ਹੋ ਸਕੇ ਕਿਉਂਕਿ ਇਸ ਮਰਯਾਦਾ ਦੇ ਉਲਟ ਚੱਲਣ ਵਾਲਾ ਤਨਖਾਹੀਆ ਅਰਥਾਤ ਦੰਡ (ਸਜ਼ਾ) ਦਾ ਅਧਿਕਾਰੀ ਹੋ ਜਾਂਦਾ ਹੈ। ਇਸ ਲਈ ਇਸ ਮਰਯਾਦਾ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸੋ ਰਹਿਤਨਾਮਿਆਂ ਅਤੇ ਹੋਰ ਗ੍ਰੰਥਾਂ ਵਿਚ ਹਵਾਲਿਆਂ ਸਹਿਤ ਲਿਖਿਆ ਹੈ:

੧. ਗੁਰਸਿੱਖ ਸਵੇਰੇ ਉਠ ਕੇ ਇਸ਼ਨਾਨ ਕਰੇ ਕੰਘਾ ਕਰ ਸਿਰ ਦੇ ਮੱਧ ਜੂੜਾ ਕਰ ਕੇ ਛੋਟੀ ਦਸਤਾਰ (ਕੇਸਕੀ) ਸਜਾਏ ਫਿਰ ਵੱਡੀ ਦਸਤਾਰ ਚੁਣ ਕੇ ਬੰਨੇ।
“ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ”। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਭਾਈ ਦਯਾ ਸਿੰਘ ਜੀ ਨੇ ਰਹਿਤਨਾਮੇ ਵਿਚ ਲਿਖਿਆ ਹੈ:

“ਜੂੜਾ ਸੀਸ ਕੇ ਮੱਧ ਭਾਗ ਮੈਂ ਰਾਖੇ, ਔਰ ਪਾਗ ਬੜੀ ਬਾਂਧੇ”।

੨. ਪੂਰਨ ਗੁਰਸਿੱਖਾਂ ਦੀ ਮਰਯਾਦਾ ਇਹ ਹੈ ਕਿ ਦਸਤਾਰ ਹਮੇਸ਼ਾਂ ਖੜ੍ਹੇ ਹੋ ਕੇ ਸਜਾਉਣੀ ਚਾਹੀਦੀ ਹੈ:

ਸਵਾ ਪਹਿਰ ਨਿਸ਼ ਕਰੇ ਸ਼ਨਾਨ, ਬਾਣੀ ਪੜ੍ਹੈ ਖੜ ਪੱਗ ਬਧਾਨ। (ਪੰਥ ਪ੍ਰਕਾਸ, ਪੰਨਾ ੫੪)

੩. ਦਸਤਾਰ ਹਮੇਸ਼ਾਂ ਦੋ ਸਮੇਂ ਸਜਾਉਣੀ ਚਾਹੀਦੀ ਹੈ। ਇਕ, ਸਵੇਰੇ ਇਸ਼ਨਾਨ ਕਰ ਕੇ ਤੇ ਦੂਸਰਾ, ਤ੍ਰਿਕਾਲਾਂ ਵੇਲੇ ਕੰਘਾ ਕਰ ਕੇ ਸਜਾਉਣੀ ਚਾਹੀਦੀ ਹੈ। ਪ੍ਰਮਾਣ:

ਪ੍ਰਾਤ ਇਸ਼ਨਾਨ ਜਤਨ ਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ।
ਚਾਰ ਘੜੀ ਜਬ ਦਿਵਸ ਰਹਾਈ। ਪੰਚ ਇਸਨਾਨਾ ਪੁਨਹ ਕਰਾਈ।
ਕੰਘਾ ਕਰਦ ਦਸਤਾਰ ਸਜਾਵੈ। ਇਹੀ ਰਹਤ ਸਿੰਘਨ ਸੋ ਭਾਵੈ। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਕੰਘਾ ਦੋਨਉ ਵਕਤ ਕਰ, ਪਾਗ ਚੁਨਹਿ ਕਰ ਬਾਂਧਈ। (ਤਨਖਾਹਨਾਮਾ ਭਾਈ ਨੰਦ ਲਾਲ ਜੀ)
ਕੰਘਾ ਦ੍ਵੈ ਕਾਲ ਕਰੇ ਪਾਗ ਚੁਨਕਿ ਬਾਧੇ। (ਰਹਿਤਨਾਮਾ ਭਾਈ ਦਯਾ ਸਿੰਘ ਜੀ)

੪. ਦਸਤਾਰ ਹਮੇਸ਼ਾਂ ਸਜਾ ਕੇ ਰੱਖਣੀ ਚਾਹੀਦੀ ਹੈ। ਭਾਵ ਕਦੇ ਸਿਰ ਨੰਗਾ ਨਹੀਂ ਰੱਖਣਾ, ਨੰਗੇ ਸਿਰ ਭੋਜਨ ਨਹੀਂ ਕਰਨਾ। ਰਾਤ ਦੇ ਸਮੇਂ ਛੋਟੀ ਦਸਤਾਰ ਭਾਵ
ਕੇਸਕੀ ਸਜਾ ਸਕਦੇ ਹਾਂ ਪਰ ਸਿਰ ਨੰਗਾ ਨਹੀਂ ਰੱਖਣਾ ਯਥਾ :

- ਪੱਗ ਰਾਤੀਂ ਲਾਹਿ ਕੇ ਸਵੇਂ, ਸੋ ਭੀ ਤਨਖਾਹੀਆ।
- ਨੰਗੇ ਕੇਸੀਂ ਫਿਰੇ, ਰਵਾਲ ਪਾਏ, ਸੋ ਤਨਖਾਹੀਆ।
- ਨੰਗੇ ਕੇਸੀਂ ਮਾਰਗ ਟੁਰੇ, ਸੋ ਤਨਖਾਹੀਆ।
- ਨੰਗੇ ਕੇਸੀਂ ਭੋਜਨ ਕਰੇ, ਸੋ ਤਨਖਾਹੀਆ।
- ਪਗੜੀ ਲਾਹਿ ਕਰ ਸਿਖ ਪ੍ਰਸਾਦਿ ਖਾਏ, ਸੋ ਤਨਖਾਹੀਆ। (ਤਨਖਾਹਨਾਮਾ ਭਾਈ ਚਉਪਾ ਸਿੰਘ ਜੀ)

ਪਾਗ ਉਤਾਰਿ ਪ੍ਰਸਾਦਿ ਜੋ ਖਾਵੇ, ਸੋ ਸਿੱਖ ਕੁੰਭੀ ਨਰਕ ਸਿਧਾਵੈ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
ਨਗਨ ਹੋਇ ਬਾਹਰ ਫਿਰਹਿ, ਨਗਨ ਸੀਸ ਜੋ ਖਾਇ,
ਨਗਨ ਪ੍ਰਸਾਦਿ ਜੋ ਬਾਂਟਈ, ਤਨਖਾਹੀ ਬਡੋ ਕਹਾਇ। (ਤਨਖਾਹਨਾਮਾ ਭਾਈ ਨੰਦ ਲਾਲ ਜੀ)

- ਪੱਗ ਉਤਾਰ ਕੇ ਪ੍ਰਸਾਦ ਜੋ ਪਾਵੈ,
- ਨਗਨ ਹੋਇ ਜੋ ਨਾਵਹਿ, ਕੁੰਭੀ ਨਰਕ ਭੋਗੈ।
- ਕੇਸ ਨਗਨ ਰਖੈ, ਸੋ ਮਹਾਂ ਨਰਕ ਭੋਗੈ।
- ਕੇਸ ਢਾਪ ਰੱਖੇ। (ਰਹਿਤਨਾਮਾ ਭਾਈ ਦਯਾ ਸਿੰਘ ਜੀ)

- ਸ਼ਸਤਰਧਾਰੀ ਸਿੰਘ ਰਾਤਿ ਨੂੰ ਐਕੜ ਨ ਸਵੈ।
- ਲੱਕੋਂ ਸਿਰੋਂ ਨੰਗਾ ਨ ਹੋਇ। ਪਗੜੀ ਤਕੜੀ ਬੰਨ੍ਹੇ। (ਰਹਿਤਨਾਮਾ ਭਾਈ ਚਉਪਾ ਸਿੰਘ ਜੀ)

੫. ਗੁਰੂ ਦਾ ਸਿੱਖ ਚੰਗੀ ਤਰ੍ਹਾਂ ਖੂਬ ਸੋਧ ਕੇ, ਸਵਾਰ ਕੇ ਦਸਤਾਰ ਸਜਾਵੇ ਕਿਉਂਕਿ ਖਾਲਸਾ ਮੂਲ ਰੂਪ ’ਚ ਇਕ ਸਿਪਾਹੀ ਹੈ। ਉਹ ਨਿੱਤ ਜੰਗ ਕਰਦਾ ਹੈ। ਖਾਲਸਾ ਨਾ ਹੀ ਆਪਣੀ ਪੱਗ ਸਰਕਣ ਦਿੰਦਾ ਹੈ ਤੇ ਨਾ ਹੀ ਦੂਜੇ ਦੀ ਪੱਗ ਲਾਹੁੰਦਾ ਹੈ:

ਜਿਸ ਕੀ ਲੜਾਈ ਮੈਂ ਪੱਗ ਉਤਰੈ ਸੋ ਟਕਾ,
ਪੱਕਾ ਤਨਖਾਹ, ਜੋ ਉਤਾਰੇ ਦੋ ਟਕੇ ਪੱਕਾ।
(ਰਹਿਤਨਾਮਾ ਭਾਈ ਦਯਾ ਸਿੰਘ ਜੀ)

ਜੋ ਸਿੱਖ, ਸਿੱਖ ਦੀ ਪੱਗ ਨੂੰ ਹੱਥ ਪਾਏ, ਸੋ ਭੀ ਤਨਖਾਹੀਆ।
(ਰਹਿਤਨਾਮਾ ਭਾਈ ਚਉਪਾ ਸਿੰਘ ਜੀ)


੬. ਗੁਰਸਿੱਖ ਮੈਲੀ-ਕੁਚੈਲੀ, ਬਾਸੀ ਦਸਤਾਰ ਨਾ ਸਜਾਵੇ। ਸਾਫ ਧੋਤੀ ਹੋਈ ਦਸਤਾਰ ਸਜਾਵੇ, ਇੱਕੋ ਪੱਗ ਜ਼ਿਆਦਾ ਸਮਾਂ ਨਾ ਸਜਾਵੇ।

ਜੋ ਪੱਗ ਨੂੰ ਬਾਸੀ ਰਖੇ ਸੋ ਤਨਖਾਹੀਆ। (ਰਹਿਤਨਾਮਾ ਭਾਈ ਚਉਪਾ ਸਿੰਘ ਜੀ)

੭. ਗੁਰਸਿੱਖ ਸਿਰ ’ਤੇ ਬੰਨ੍ਹਣ ਵਾਲਾ ਸਾਫਾ ਹੋਰ ਕੰਮਾਂ ਵਿਚ ਜਿਵੇਂ ਕਿ ਕਛਹਿਰਾ ਬਦਲਣ ਲਈ ਕੰਮ ਵਿਚ ਨਾ ਲਿਆਵੇ ਬਲਕਿ ਅਜਿਹੇ ਕੰਮ ਲਈ ਅਲੱਗ
ਪਟਕਾ ਰੱਖੇ। ਭਾਈ ਦਯਾ ਸਿੰਘ ਜੀ ਦੇ ਰਹਿਤਨਾਮੇ ਵਿਚ ਲਿਖਿਆ ਹੈ ਕਿ ਸਿੱਖ ਢਾਈ ਗਜ਼ ਦਾ ਸਾਫਾ ਕਛਹਿਰਾ ਬਦਲਣੇ ਵਾਸਤੇ ਰੱਖੇ:

ਜੋ ਕੇਸਾਧਾਰੀ ਲੱਕ ਦੇ ਪੜਦੇ ਸਿਰ ਤੇ ਧਰੇ, ਸੋ ਭੀ ਤਨਖਾਹੀਆ। (ਤਨਖਾਹਨਾਮਾ ਭਾਈ ਚਉਪਾ ਸਿੰਘ ਜੀ)

੮. ‘ਜੇਹੀ ਸੰਗਤ ਤੇਹੀ ਰੰਗਤ’ ਦੀ ਲੋਕ-ਸੱਚਾਈ ਤੋਂ ਕੌਣ ਵਾਕਿਫ ਨਹੀਂ? ਇਸੇ ਲਈ ਭਾਈ ਦਯਾ ਸਿੰਘ ਰਹਿਤ ਦੱਸਦੇ ਹਨ:

“ਗੁਰ ਕਾ ਸਿੱਖ ਪੱਗ ਲੱਥੇ ਦੀ ਸੰਗਤ ਨਾ ਕਰੇ”

੯. ਦਸਤਾਰ ਹਮੇਸ਼ਾਂ ਇੱਕ-ਇੱਕ ਲੜ ਖੋਲ੍ਹ ਕੇ ਹੀ ਉਤਾਰਨੀ ਚਾਹੀਦੀ ਹੈ। ਇੱਕੋ ਵਾਰੀ ਇਕੱਠੀ ਟੋਪੀ ਵਾਂਗ ਉਤਾਰਨੀ ਵਰਜ਼ਿਤ ਹੈ।

੧੦. ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਹਟਾਈ ਗੁਲਾਮੀ ਦੀ ਨਿਸ਼ਾਨੀ ਟੋਪੀ ਨਹੀਂ ਪਾਉਣੀ ਚਾਹੀਦੀ ਤੇ ਨਾ ਹੀ ਟੋਪੀ ਪਾਉਣ ਵਾਲੇ ਅੱਗੇ ਝੁਕਣਾ ਜਾਂ ਸਿਰ ਨਿਵਾਉਣਾ
ਹੈ:

- ਜੋ ਕੇਸਾਧਾਰੀ ਟੋਪੀ ਰਖੇ। ਸੋ ਭੀ ਤਨਖਾਹੀਆ।
ਟੋਪੀ ਵਾਲੇ ਦੇ ਕੇਸਧਾਰੀ ਪੈਰੀਂ ਪਵੈ, ਸੋ ਤਨਖਾਹੀਆ,
ਟੋਪੀ ਵਾਲੇ ਦਾ ਜੂਠਾ ਖਾਏ, ਸੋ ਤਨਖਾਹੀਆ। (ਤਨਖਾਹਨਾਮਾ ਭਾਈ ਚਉਪਾ ਸਿੰਘ ਜੀ)

- ਹੋਇ ਸਿਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਇ ਮਰੈ।
- ਟੋਪੀ ਦੇਖਿ ਨਿਵਾਵਹਿ ਸੀਸ। ਸੋ ਸਿਖ ਨਰਕੀ ਬਿਸ੍ਵੈ ਬੀਸ।
(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
Reply Quote TweetFacebook
Wow, very wonderful collection. smiling bouncing smiley
Reply Quote TweetFacebook
ਗੁਰੂ ਪਿਆਰੇ ਜੀਉ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਨੇ ਕਿਰਪਾ ਕੀਤੀ ਜੋ ਸੰਗਤਾਂ ਦੇ ਧਿਆਨ ਗੋਚਰੇ ਵਡਮੁੱਲੀ ਰਹਿਤ ਰਹਿਣੀ ਨੂੰ ਪ੍ਰਗਟਾਉਂਦੇ ਰਹਿਤਨਾਮੇ ਪੇਸ਼ ਕੀਤੇ। ਭਲਾ ਹੋਵੇ ਓਸ ਲਿਖਣਹਾਰੇ ਸਿੱਖ ਦਾ ਜਿਸਨੇ ਲੱਭ ਲੱਭ ਕੇ ਇਹਨਾਂ ਨੂੰ ਇਕੱਤਰ ਕੀਤਾ। ਦਸਤਾਰ ਦੀ ਮਹਿਮਾ ਨੂੰ ਪ੍ਰਗਟਾਉਦੀ ਹੋਈ ਕਵਿਤਾ ਦਾਸ ਨੇ ਕੋਸ਼ਿਸ ਕੀਤੀ ਹੈ ਕਿ ਉਹ ਵੀ ਸੰਗਤਾਂ ਸਨਮੁੱਖ ਜ਼ਰੂਰ ਰੱਖੀ ਜਾਵੇ। ਇਹ ਕਵਿਤਾ ਭਾਈ ਆਤਮਾ ਸਿੰਘ ਜੀ ‘ਸ਼ਾਤ’ ਦੀ ਲਿਖੀ ਹੋਈ ਹੈ ਜੋ ਕਿ ‘ਸੂਰਾ’ ਵਿਚ ਨਵੰਬਰ ੧੯੯੪ ਛਪੀ ਸੀ।



ਸਾਬਤ ਸੂਰਤ ਸਿਰ ਦਸਤਾਰ

ਇਕੋ ਨਕਸ਼ ਨਿਗਾਰ ਇਕੋ ਹੀ, ਦੋਹਾਂ ਦਾ ਇਕੋ ਵਿਵਹਾਰ।
ਰੂਹ ਇਕੋ, ਤੇ ਨਾਂ ਬੇਸ਼ਕ ਦੋ, ਇਕ ਪੁਰਖ ਤੇ ਇਕ ਹੈ ਨਾਰ।
ਜੀਵਨ ਖੇਡ ਮੈਦਾਨ ਦੇ ਅੰਦਰ, ਦੋਹਾਂ ਦਾ ਇਕੋ ਕਿਰਦਾਰ।
ਇਕ ਦੂਜੇ ਬਿਨ ਰਹੇ ਅਧੂਰਾ, ਪੂਰਾ ਮਰਦ ਨ ਪੂਰੀ ਨਾਰ।
ਇਸੇ ਲਈ ਹੀ ਸੋਚ ਸਮਝ ਕੇ, ਰਚਿਆ ਜੋੜਾ ਸਿਰਜਣਹਾਰ।
ਸਿੱਖ ਧਰਮ ਦੀ ਇਹੋ ਵਿਸ਼ੇਸ਼ਤਾ, ਦੋਹਾਂ ਦੀ ਪਦਵੀ ਹੈ ਇਕ ਸਾਰ।
ਕੰਘਾ ਕੇਸ ਕਛਹਿਰਾ ਰੱਖਣ, ਹੱਥ ਕੜਾ ਤੇ ਕਮਰ ਕਟਾਰ।
ਦਿਸੇ ਰੂਪ ਦੋਹਾਂ ਦਾ ਇਕੋ, ਸਾਬਤ ਸੂਰਤ ਸਿਰ ਦਸਤਾਰ।
ਕਿਸੀ ਧਰਮ ਨੇ ਮਦਰ ਬਰਾਬਰ, ਨਾਰ ਨੂੰ ਨਹੀਂ ਦਿੱਤਾ ਅਧਿਕਾਰ।
ਜ਼ੁਲਮ ਦੇਖ ਕੇ ਸਤਿਗੁਰ ਨਾਨਕ, ਜ਼ੋਰ ਦੇ ਨਾਲ ਕਿਹਾ ਲਲਕਾਰ।
ਪੜ੍ਹ ਵੇਖ ਲਏ ‘ਵਾਰ ਆਸਾ ਦੀ’*, ਜਿਸਨੂੰ ਨਾ ਆਵੇ ਇਤਬਾਰ।
ਧਰਮ ਕਰਮ ਵਿਚ ਮਰਦ ਦੇ ਨਾਲੋਂ, ਘਟੀਆ ਨਹੀਂ ਰਤਾ ਵੀ ਨਾਰ।
ਨੀਵਾਂ ਜੋ ਔਰਤ ਨੂੰ ਜਾਣੇ, ਉਹ ਮਰਦ ਹੈ ਬੜਾ ਮੱਕਾਰ।
ਨਰ-ਨਾਰੀ ਦੇ ਰੂਪ ‘ਚ ਆਪਣੀ, ਸ਼ਕਲ ਬਣਾਈ ਹੈ ਕਰਤਾਰ।
ਵਾਂਗ ਮਰਦ ਦੇ ਔਰਤ ਦੀ ਵੀ, ਸਾਬਤ ਸੂਰਤ ਸਿਰ ਦਸਤਾਰ।
ਅਸੀਂ ਭੁਲਾ ਦਿੱਤਾ ਹੈ ਮੂਲੋਂ, ਗੁਰੂਆਂ ਜੋ ਕੀਤਾ ਉਕਾਰ।
ਅੰਮ੍ਰਿਤ ਛਕ ਕੇ ਰਹਿਤ ਹੈ ਛੱਡੀ, ਨਹੀਂ ਰਹੇ ਹਾਂ ਆਗਿਆਕਾਰ।
ਸਿੱਖੀ ਚਲਨ ਤਿਆਗ ਦਿੱਤਾ ਹੈ, ਨਾ ਹੀ ਰਹਿਣ ਦਿੱਤੀ ਹੈ ਨਾਰ।
ਬੀਰੰਗਣ ਤੋਂ ਗੁੱਡੀ ਬਣਾਇਆ, ਕਰ ਕਰ ਊਟ ਪਟਾਂਗ ਸ਼ਿੰਗਾਰ।
ਆਪਣੇ ਨਾਲ ਆਪਣੀ ਸਾਥਣ ਨੂੰ ਵੀ, ਕੀਤਾ ਹੈ ਖੂਬ ਖੁਆਰ।
ਉਸ ਦੀ ਵੀ ਨਹੀਂ ਰਹਿਣ ਦਿੱਤੀ ਹੈ, ਸਾਬਤ ਸੂਰਤ ਸਿਰ ਦਸਤਾਰ।
ਸੁੰਦਰ ਦਾੜ੍ਹਾ ਸਿਰ ਦਸਤਾਰ, ਰੱਬੀ ਰੂਪ ਬਣੇ ਸਰਦਾਰ।
ਨਾਰ ਵੀ ਲੱਗੇ ਸਰਦਾਰਨੀ, ਜੇ ਹੋਵੇ ਸਿਰ ਦਸਤਾਰ।
ਚੜ੍ਹਦੀ ਕਲਾ ਕੜਾ ਪਾ ਹੱਥ ‘ਚ, ਸੋਹੇ ਕਮਰ ਦੇ ਵਿੱਚ ਕਟਾਰ।
ਇਕੋ ਰੂਪ ਦੋਹਾਂ ਦਾ ਹੋਵੇ, ਹੋਣ ਦੋਏ (ਜੇ) ਤਿਆਰ ਬਰ ਤਿਆਰ।
ਹਰ ਮੈਦਾਨ ਫ਼ਤਹ ਫਿਰ ਹੋਵੇ, ਦੁਸ਼ਮਣ ਸਹਿ ਸਕੇ ਨਾ ਵਾਰ।
ਖੁੱਲ੍ਹ ਉਹਨਾਂ ਉਤੇ ਹੈ ਜਾਂਦਾ, ਅਰਸ਼ੀ ਬਖਸ਼ਸ਼ ਦਾ ਭੰਡਾਰ।
ਜੇਕਰ ‘ਸ਼ਾਤ’ ਦੋਹਾਂ ਦੀ ਹੋਵੇ, ਸਾਬਤ ਸੂਰਤ ਸਿਰ ਦਸਤਾਰ।

[*ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥ (ਪੰਨਾ -੪੭੩)]




ਆਉ ਸਖੀ ਸਹੇਲੀਉ ਰਲ ਮਿਲ ਜਿਥੇ ਆਪਾ ਨਾਮ ਬਾਣੀ ਦੇ ਲਾਹੇ ਲੈ ਰਹੇ ਹਨ ਉਥੇ ਪੰਥ ਦੀ ਅੱਧੀ ਜਮਾਤ ਨੂੰ ਜਿਸ ਰਹਿਤ ਤੋਂ ਵਾਂਝਿਆ ਕਰ ਦਿੱਤਾ ਗਿਆ ਹੈ ਉਸ ਨੂੰ ਸੁਰਜੀਤ ਰੱਖਣ ਵਿਚ ਆਪਣਾ ਯੋਗਦਾਨ ਪਾ ਕੇ ਸ੍ਰੀ ਦਸਮੇਸ਼ ਜੀ ਦੀਆਂ ਖੁਸ਼ੀਆ ਲਈਏ। ਯਾਦ ਰਹੇ ਕਿ ਸ੍ਰੀ ਦਸ਼ਮੇਸ਼ ਜੀ ਦਸਤਾਰ ਦੀ ਰਹਿਣੀ ਵਾਲੀਆ ਸਿੰਘਣੀਆ ਨੂੰ ਆਪਣਾ ਤੇਜ਼ ਆਪ ਹੀ ਬਖਸ਼ ਦਿੰਦੇ ਹਨ ਸਿੱਖ ਇਤਿਹਾਸ ਇਸਦੀ ਸਾਖਸ਼ਾਤ ਗਵਾਹੀ ਭਰਦਾ ਹੈ।

ਗੁਰੁ ਚਰਨਾਂ ਦੇ ਭੋਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Sorry, only registered users may post in this forum.

Click here to login