ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਏਕਾ ਨਾਰੀ ਜਤੀ ਹੋਇ

Posted by piyasi chatrik 
Its very important for the young generation influenced by western ideals when it comes to marriage these days, to read this article published in Soora, March 2017. The article has been written by Bhai Gurdarshan Singh.

------------------------------------------
ਏਕਾ ਨਾਰੀ ਜਤੀ ਹੋਇ
ਭਾਈ ਗੁਰਦਰਸ਼ਨ ਸਿੰਘ, ਫ਼ਤਹਿਗੜ੍ਹ ਸਾਹਿਬ

ਏਕਾ ਨਾਰੀ ਜਤੀ ਹੋਇ
ਭਾਈ ਗੁਰਦਰਸ਼ਨ ਸਿੰਘ ਫ਼ਤਹਿਗੜ੍ਹ ਸਾਹਿਬ

ਗੁਰਮਤਿ ਮਤ ਦੀ ਆਰੰਭਤਾ ਹੀ 'ਇਕ' ਤੋਂ ਹੁੰਦੀ ਹੈ ਅਤੇ 'ਇਕ' ਹੀ ਗੁਰਮਤਿ ਵਿਚ ਟੇਕ ਦਾ ਸਮੁੱਚਾ ਆਧਾਰ ਹੈ। 'ਇਕ' ਅਕਾਲ ਪੁਰਖ ਵਾਹਿਗੁਰੂ ਦੀ ਉਪਾਸ਼ਨਾ ਕਰਨੀ ਅਤੇ 'ਇਕ' ਨਰ/ਨਾਰੀ ਦੇ ਨਾਲ ਹੀ ਗ੍ਰਹਿਸਥ ਨਿਭਾਉਣਾ ਗੁਰਸਿੱਖੀ ਜੀਵਨ ਹੈ। ਜਿਸ ਤਰ੍ਹਾਂ ਗੁਰਮਤਿ ਵਿਚ 'ਇਕ' ਅਕਾਲ ਪੁਰਖ ਨੂੰ ਛੱਡ ਕੇ ਹੋਰ ਕਿਸੇ ਦੀ ਉਪਾਸ਼ਨਾ ਪ੍ਰਵਾਨ ਨਹੀਂ ਹੈ; ''ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ£ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ£'' ਉਸੇ ਤਰ੍ਹਾਂ ਮਨੁੱਖ ਨੂੰ ਗ੍ਰਹਿਸਥ ਜੀਵਨ ਵੀ ਇਕ ਨਰ/ਨਾਰੀ ਨਾਲ ਬਿਤਾਉਣ ਦਾ ਪਾਬੰਦ ਬਣਾਇਆ ਗਿਆ ਹੈ। ਭਾਈ ਗੁਰਦਾਸ ਜੀ ਗੁਰਮੁਖ ਜੀਵਨ ਦੇ ਸਦਾਚਾਰਕ ਲੱਛਣ ਬਿਆਨਦਿਆਂ ਫ਼ਰਮਾਉਂਦੇ ਹਨ :

ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ£ (ਵਾਰ ੬, ਪਉੜੀ ੮)

ਗੁਰਬਾਣੀ ਮਨੁੱਖ ਨੂੰ ਜਿਵੇਂ ਸੰਸਾਰੀ ਜੀਵਨ ਵਿਚ ਮਾਰਗ-ਦਰਸ਼ਨ ਕਰਦੀ ਹੈ, ਉਸੇ ਤਰ੍ਹਾਂ ਪਰਮਾਰਥਕ ਜੀਵਨ ਵਿਚ ਵੀ 'ਬੋਹਿਥ' ਬਣ ਕੇ ਸਹਾਰਾ ਦਿੰਦੀ ਹੈ। ਜੇਕਰ ਗੁਰਬਾਣੀ ਅੰਦਰ 'ਖਸਮ' (ਪਤੀ) ਲਫ਼ਜ਼ ਦੁਨਿਆਵੀ ਰਿਸ਼ਤੇ ਵਜੋਂ ਵਰਤਿਆ ਗਿਆ ਹੈ, ਉਸੇ ਤਰ੍ਹਾਂ ਜੀਵ-ਇਸਤਰੀ ਲਈ ਅਕਾਲ ਪੁਰਖ ਵਾਹਿਗੁਰੂ ਨੂੰ ਵੀ 'ਖਸਮ' ਆਖਿਆ ਗਿਆ ਹੈ। ਪਰਮਾਰਥਕ ਜੀਵਨ ਵਿਚ ਜੇਕਰ 'ਇਕ ਖਸਮ' ਨਾਲ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਇਹ ਸੰਸਾਰੀ ਜੀਵਨ ਵਿਚ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦੀ ਹੈ। ਗੁਰਬਾਣੀ ਅੰਦਰ ਬੇਅੰਤ ਵਾਰੀ ਮਨੁੱਖ ਨੂੰ 'ਇਕ' ਪਤੀ/ਪਤਨੀ ਨਾਲ ਆਦਰਸ਼ਕ ਗ੍ਰਹਿਸਥ ਜੀਵਨ ਜਿਊਣ ਦੀ ਪ੍ਰੇਰਨਾ ਮਿਲਦੀ ਹੈ।

ਕਾਇਆ ਕਿਰਦਾਰ ਅਉਰਤ ਯਕੀਨਾ£...੧੨£ (£੧੫£੩£੧੨£)
(ਮਾਰੂ ਮ. ੫, ਅੰਕ : ੧੦੮੩)

ਇਕ ਔਰਤ (ਏਕਾ ਨਾਰੀ) 'ਤੇ ਈਮਾਨ (ਯਕੀਨ) ਰੱਖਿਆਂ ਤਾਂ ਸ਼ੁੱਭ ਅਮਲਾਂ (ਨੇਕ
ਆਚਾਰ, ਸੁੱਚੇ ਚਾਲ-ਚੱਲਣ) ਵਾਲੀ ਕਾਇਆਂ ਬਣਦੀ ਹੈ। 'ਏਕਾ ਨਾਰੀ ਜਤੀ ਹੋਇ' ਵਾਲਾ ਗੁਰਮਤਿ ਅਸੂਲ ਇਸ ਪੰਕਤੀ ਦੁਆਰਾ ਪ੍ਰਤਿਪਾਦਨ ਹੁੰਦਾ ਹੈ। ('ਗੁਰਬਾਣੀ ਦੀਆਂ ਲਗਾਂਮਾਤ੍ਰਾਂ ਦੀ ਵਿਲੱਖਣਤਾ', ਗੁਰਪੁਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ)

ਗੁਰਬਾਣੀ ਦੇ ਉਪਰੋਕਤ ਅਰਥਾਂ ਤੋਂ ਸਾਫ਼ ਸਿੱਧ ਹੁੰਦਾ ਹੈ ਕਿ 'ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ£'' ਅਨੁਸਾਰ ''ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ£'' 'ਇਕ' ਅਨੰਦ ਵਿਆਹ ਤੋਂ ਇਲਾਵਾ ਕੋਈ ਵੀ ਸਿੱਖ/ਸਿੱਖਣੀ ਆਪਣੇ ਪਤੀ/ਪਤਨੀ ਦੇ ਜਿਊਂਦੇ ਜੀਅ ਹੋਰ ਅਨੰਦ ਵਿਆਹ ਕਰਦਾ/ ਕਰਦੀ ਹੈ, ਤਾਂ ਉਹ ਗੁਰਮਤਿ ਅਨੁਸਾਰ ਨਹੀਂ ਹੈ।

ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਅੰਦਰ ਚਾਰ ਲਾਵਾਂ ਦੀ ਪਾਵਨ ਬਾਣੀ ਉਚਾਰਨ ਕਰਕੇ ਸਾਡੇ 'ਤੇ ਅਪਾਰ ਬਖ਼ਸ਼ਿਸ਼ ਕੀਤੀ ਹੈ। ਜਿੱਥੇ ਇਨ੍ਹਾਂ ਲਾਵਾਂ ਦੁਆਰਾ ਅਨੰਦ ਕਾਰਜ ਦੀ ਮਰਯਾਦਾ ਸੰਪੂਰਨ ਹੁੰਦੀ ਹੈ, ਉਥੇ ਗ੍ਰਹਿਸਥ ਵਿਚ ਰਹਿ ਕੇ ਵਾਹਿਗੁਰੂ ਰੂਪ ਪਤੀ ਦੀ ਪ੍ਰਾਪਤੀ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। 'ਲਾਵ' ਦਾ ਭਾਵ ਹੈ ਵਿਆਹ ਸਮੇਂ ਪਰਕਰਮਾ (ਪ੍ਰਣ) ਕਰਦਿਆਂ ਸਤਿਗੁਰੂ ਜੀ ਅਤੇ ਸੰਗਤ ਦੀ ਹਾਜ਼ਰੀ ਵਿਚ ਲੜਕੀ ਅਤੇ ਲੜਕੇ ਵਲੋਂ ਪ੍ਰਣ ਕੀਤਾ ਗਿਆ ਹੈ ਕਿ ਅੱਜ ਤੋਂ ਅਸੀਂ ਦੁੱਖ-ਸੁੱਖ ਅੰਦਰ ਇਕੱਠੇ ਰਹਾਂਗੇ। ਲਾਂਵ ਦਾ ਭਾਵ ਇਹ ਵੀ ਹੈ ਕਿ ਪਤੀ-ਪਤਨੀ ਦੀਆਂ ਪ੍ਰੇਮ ਦੀਆਂ ਗੰਢਾਂ ਐਸੀਆਂ ਪੱਕੀਆਂ ਪੈ ਜਾਂਦੀਆਂ ਹਨ, ਜੋ ਜੀਵਨ ਦੇ ਉਤਰਾਅ-ਚੜ੍ਹਾਅ ਅਤੇ ਆਚਾਰ-ਵਿਹਾਰ ਵਿਚ ਪ੍ਰਪੱਕ ਨਿਭਦੀਆਂ ਹਨ।

ਜਦੋਂ ਤੀਜੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੇ ਨਿਰਮਾਣ ਵਿਚ ਭਾਈ ਜੇਠਾ ਜੀ ਦੀ ਸੇਵਾ-ਘਾਲ ਅਤੇ ਮਹਾਂਪੁਰਖੀ ਗੁਣਾਂ ਤੋਂ ਪ੍ਰਸੰਨ ਹੋ ਕੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਤਾਂ ਸਤਿਗੁਰਾਂ ਦੁਆਰਾ ਗੁਰਬਾਣੀ ਰਾਹੀਂ ਇਸਤਰੀ ਨੂੰ ਬਖ਼ਸ਼ੀ ਸਿੱਖਿਆ ਨੂੰ ਬੀਬੀ ਭਾਨੀ ਜੀ ਨੇ ਵੀ ਪੂਰਨ ਰੂਪ 'ਚ ਕਮਾਇਆ ਅਤੇ ਤੀਜੀ ਪਾਤਿਸ਼ਾਹੀ ਦੀ ਸਪੁੱਤਰੀ, ਚੌਥੀ ਪਾਤਿਸ਼ਾਹੀ ਦੀ ਪਤਨੀ, ਪੰਜਵੀਂ ਪਾਤਿਸ਼ਾਹੀ ਦੀ ਮਾਂ ਹੋਣ ਦਾ ਸੁਭਾਗ ਹਾਸਲ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਵਲੋਂ ਗੁਰਬਾਣੀ ਅੰਦਰ ਜੀਵ-ਇਸਤਰੀ ਨੂੰ ਸਿੱਖਿਆ ਹੈ :

ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ£
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ£
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ£੨£ (£੪£੧੩£੪੬£)
(ਸਿਰੀਰਾਗੁ ਮ. ੩, ਅੰਕ : ੩੧)
*
ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ£
ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ£
ਨਾਨਕ ਸੋਭਾਵੰਤੀਆ ਸੋਹਾਗਣੀ
ਅਨਦਿਨੁ ਭਗਤਿ ਕਰੇਇ£੪£੨੮£੬੧£
(ਸਿਰੀਰਾਗੁ ਮ. ੩, ਅੰਕ : ੩੭)

ਭਾਈ ਜੇਠਾ ਜੀ ਨੇ ਵੀ ਸੇਵਾ, ਸ਼ਰਧਾ, ਟੇਕ, ਨਿਸ਼ਕਾਮਤਾ ਅਤੇ ਨਿਮਰਤਾ ਨਾਲ ਅਜਿਹੇ ਜੀਵਨ ਪੂਰਨੇ ਪਾ ਦਿੱਤੇ, ਜਿਹੜੇ ਗੁਰਮੁਖ ਜੀਵਨ ਲਈ ਇਕ ਮਿਸਾਲ ਹਨ।

ਗੁਰ-ਇਤਿਹਾਸ ਅਨੁਸਾਰ, ਹਿੰਦੁਸਤਾਨੀ ਸਮਾਜ ਅੰਦਰ ਪਤੀ ਦੇ ਕਾਲ ਵੱਸ ਹੋ ਜਾਣ 'ਤੇ ਪਤਨੀ ਨੂੰ ਵੀ 'ਸਤੀ' ਆਖ ਕੇ ਪਤੀ ਦੇ ਨਾਲ ਚਿਤਾ 'ਚ ਸਾੜ ਦੇਣ ਦੀ ਕੁਰੀਤੀ ਨੂੰ ਰੋਕਣ ਲਈ ਤੀਜੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ 'ਸਤੀ ਪ੍ਰਥਾ' ਦਾ ਖੰਡਨ ਕੀਤਾ ਅਤੇ ਫ਼ਰਮਾਇਆ :

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਰਿ£
ਨਾਨਕ ਸਤੀਆ ਜਾਣੀਅਨ੍ਰਿ ਜਿ ਬਿਰਹੇ ਚੋਟ ਮਰੰਨ੍ਰਿ£੧£
(ਰਾਗੁ ਸੂਹੀ, ਸਲੋਕੁ ਮ. ੩, ਅੰਕ : ੭੮੭)

ਗੁਰੂ ਸਾਹਿਬ ਨੇ ਜਿੱਥੇ ਸਤੀ ਪ੍ਰਥਾ ਨੂੰ ਨਕਾਰਿਆ, ਉਥੇ ਪੁਨਰ-ਵਿਆਹ ਦੀ ਆਗਿਆ ਵੀ ਦਿੱਤੀ, ਪਰ ਇਹ ਪੁਨਰ-ਵਿਆਹ ਪਤੀ ਜਾਂ ਪਤਨੀ ਦੇ ਕਾਲ ਵੱਸ ਹੋ ਜਾਣ 'ਤੇ ਕਰਵਾਏ ਜਾਂਦੇ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ 'ਸਿੱਖ ਰਹਿਤ ਮਰਯਾਦਾ' ਵਿਚ ਦਰਜ 'ਅਨੰਦ ਸੰਸਕਾਰ' ਦੀ ਮਦ (ਝ) ਅਨੁਸਾਰ, ਜਿਸ ਇਸਤਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰਸੰਯੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।

ਗੁਰਮਤਿ ਬੁਧਿ ਬਿਬੇਕ ਅਤੇ ਰਹਿਤਨਾਮਿਆਂ 'ਤੇ ਆਧਾਰਤ ਅਠ੍ਹਾਰਵੀਂ ਸਦੀ ਦੀ ਅਹਿਮ ਰਚਨਾ 'ਪ੍ਰੇਮ ਸੁਮਾਰਗ' ਗ੍ਰੰਥ 'ਚ ਪੁਨਰ-ਵਿਆਹ ਬਾਰੇ ਇੰਝ ਲਿਖਿਆ ਹੈ : ''ਜਿਸ ਇਸਤ੍ਰੀ ਕਾ ਭਰਤਾ ਕਾਲਬਸ ਹੋਇਆ ਹੋਇ, ਚਾਹੀਏ ਉਸ ਕੇ ਪਿੱਛੇ ਜਤ ਸਤ ਸੀਲ ਪਾਲੇ, ਕਿਤੇ ਵੱਲ ਚਿੱਤ ਡੁਲਾਵੇ ਨਾਹੀਂ, ਜੌ ਜਾਨੇ ਕਿਸੀ ਉਪਾਉ ਰਹਿਤ ਕਰ ਰਹਿ ਨਾਹੀ ਸਕਤੀ, ਤਬ ਜਾਰੀ ਚੋਰੀ ਨਾ ਕਰੇ, ਆਪਣੀ ਲਾਇਕ ਦੇਖਕੈ ਅਪਰ ਸੰਜੋਗ ਕਰੇ।.''

ਗੁਰਮਤਿ ਵਿਚ ਪੁਨਰ-ਵਿਆਹ ਦੀ ਰੀਤ ਸਿਰਫ਼ ਪਤੀ ਜਾਂ ਪਤਨੀ ਦੇ ਅਕਾਲ ਚਲਾਣੇ ਦੀ ਸੂਰਤ 'ਚ ਹੁੰਦੀ ਰਹੀ ਹੈ ਪਰ ਪੁਰਾਤਨ ਸਮਿਆਂ 'ਚ ਗੁਰਸਿੱਖਾਂ ਅੰਦਰ ਕਿਤੇ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ, ਜਿਸ 'ਚ ਪਤੀ ਜਾਂ ਪਤਨੀ ਦੇ ਜਿਊਂਦੇ ਹੁੰਦਿਆਂ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਪੁਨਰ ਅਨੰਦ ਵਿਆਹ ਹੋਏ ਹੋਣ।

ਸਾਡੇ ਅਜੋਕੇ ਸਮਾਜ ਅੰਦਰ ਗ੍ਰਹਿਸਥ ਜੀਵਨ ਦੇ ਤੋੜ ਵਿਛੋੜੇ ਦਾ ਜਿਹੜਾ ਭੈੜਾ ਰਿਵਾਜ਼ 'ਤਲਾਕ' ਨਾਂਅ ਦੀ ਦੁਨਿਆਵੀ ਕਾਨੂੰਨੀ ਬਿਮਾਰੀ ਨੇ ਪੈਦਾ ਕਰ ਦਿੱਤਾ ਹੈ, ਇਹ ਪਰਮਾਰਥਕ ਰਾਹ ਦੀ ਰੁਕਾਵਟ ਤਾਂ ਹੈ ਹੀ, ਸਗੋਂ ਸੰਸਾਰੀ ਕਦਰਾਂ-ਕੀਮਤਾਂ ਲਈ ਵੀ ਬਹੁਤ ਨੁਕਸਾਨਦਾਇਕ ਸਾਬਤ ਹੋ ਰਹੀ ਹੈ। 'ਤਲਾਕ', ਅੰਗਰੇਜ਼ੀ ਦਾ ਸ਼ਬਦ 4ivorce, ਲਾਤੀਨੀ ਸ਼ਬਦ ਡਾਈਵੋਰਸ਼ੀਅਮ ਦਾ ਸੁਧਰਿਆ ਰੂਪ ਹੈ, ਜਿਸ ਦਾ ਮਤਲਬ ਹੈ 'ਪਾਸੇ ਕਰ ਦੇਣਾ' ਅਤੇ ਉਸ ਤੋਂ ਪਤੀ ਪਤਨੀ ਦੀ ਕਾਨੂੰਨਨ ਅਲਹਿਦਗੀ ਲਿਆ ਜਾਣ ਲੱਗ ਪਿਆ। ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਨੁਸਾਰ, ''ਮੁਸਲਮਾਨੀ ਕਾਨੂੰਨ ਵਿਚ ਵਿਆਹ ਭੰਗ ਦਾ ਇਕ ਰੂਪ ਤਲਾਕ ਹੈ।'' ਉਂਝ ਹਿੰਦੁਸਤਾਨ ਵਿਚ ਲਿਖਤੀ ਕਾਨੂੰਨਨ ਰੂਪ 'ਚ 'ਤਲਾਕ' ਅੰਗਰੇਜ਼ ਸਰਕਾਰ ਦੁਆਰਾ ਬਣਾਏ ਗਏ 'ਭਾਰਤੀ ਤਲਾਕ ਐਕਟ-੧੮੬੯' ਰਾਹੀਂ ਆਇਆ ਸੀ, ਜੋ ਕਿ ਸਿਰਫ਼ ਇਸਾਈਆਂ 'ਤੇ ਲਾਗੂ ਹੁੰਦਾ ਸੀ। ਮੁਸਲਮਾਨਾਂ ਲਈ 'ਮੁਸਲਿਮ ਵਿਆਹਾਂ ਦਾ ਤੁੜਾਉ ਐਕਟ-੧੯੩੯' ਬਣ ਗਿਆ ਅਤੇ ਹਿੰਦੂ ਸਮਾਜ ਅੰਦਰ ਤਲਾਕ ਲਈ 'ਹਿੰਦੂ ਵਿਆਹ ਐਕਟ-੧੯੫੫' ਵਿਚ ਵਿਵਸਥਾ ਹੈ।

ਜਿੱਥੋਂ ਤੱਕ ਗੁਰਮਤਿ ਵਿਚ 'ਤਲਾਕ' ਦੀ ਗੱਲ ਹੈ, ਗੁਰਮਤਿ, ਗੁਰਬਾਣੀ ਜਾਂ ਗੁਰਮਤਿ ਸਾਹਿਤ ਵਿਚ ਕਿਤੇ ਵੀ 'ਤਲਾਕ' ਲਫ਼ਜ਼ ਨਹੀਂ ਆਉਂਦਾ। ਸਾਡੇ ਕੋਲ ਗੁਰਬਾਣੀ, ਗੁਰਮਤਿ ਅਤੇ ਗੁਰ-ਇਤਿਹਾਸ 'ਤੇ ਆਧਾਰਤ ਵਿਸ਼ਾਲ ਸ਼ਬਦ ਕੋਸ਼ ਦੇ ਰੂਪ 'ਚ ਭਾਈ ਕਾਨ੍ਹ ਸਿੰਘ ਨਾਭਾ ਦਾ 'ਗੁਰ ਸ਼ਬਦ ਰਤਨਾਕਰ ਮਹਾਨ ਕੋਸ਼' ਉਪਲਬਧ ਹੈ, ਜਿਸ ਵਿਚੋਂ ਅਸੀਂ ਗੁਰਸਿੱਖੀ ਜੀਵਨ ਧਾਰਾ ਦੇ ਕਿਸੇ ਵੀ ਪ੍ਰਚਲਤ ਲਫ਼ਜ਼ ਨੂੰ ਲੱਭ ਸਕਦੇ ਹਾਂ। ਲਗਾਤਾਰ ੧੫ ਸਾਲ ਦੀ ਮਿਹਨਤ ਤੋਂ ਬਾਅਦ ਭਾਈ ਕਾਨ੍ਹ ਸਿੰਘ ਨਾਭਾ ਵਲੋਂ ੧੯੨੬ ਈਸਵੀ ਨੂੰ ਮੁਕੰਮਲ ਕੀਤੇ 'ਮਹਾਨ ਕੋਸ਼' ਵਿਚ 'ਤਲਾਕ' ਲਫ਼ਜ਼ ਦੀ ਸੰਗਿਆ ਇਉਂ ਦਿੱਤੀ ਗਈ ਹੈ : ''ਤਲਕ (ਅਲਗ ਕਰਨ) ਦਾ ਭਾਵ. ਆਜ਼ਾਦੀ. ਛੁਟਕਾਰਾ। ੨. ਇਸਲਾਮ ਮਤ ਅਨੁਸਾਰ ਪਤੀ ਵੱਲੋਂ ਇਸਤ੍ਰੀ ਦਾ ਤÝਾਗ. ''ਦਈ ਤਲਾਕ ਪ੍ਰਿਥਮ ਕੀ ਨਾਰੀ.'' (ਗੁਪ੍ਰਸੂ) ਤਲਾਕ, ਪਤੀ ਵੱਲੋਂ ਹੋ ਸਕਦਾ ਹੈ. ਇਸਤ੍ਰੀ ਪਤੀ ਨੂੰ ਤਲਾਕ ਨਹੀਂ ਕਰ ਸਕਦੀ. ਮੁਸਲਮਾਨਾਂ ਵਿੱਚ ਤਲਾਕ ਦੇ ਤਿੰਨ ਭੇਦ ਹਨ :-

ਤਲਾਕ ਰਜਈ (ਅਰਥਾਤ- ਤਲਾਕ ਪਿੱਛੋਂ ਪਤੀ ਇਸਤ੍ਰੀ ਨੂੰ ਨਿਕਾਹ ਬਿਨਾ ਹੀ ਫੇਰ ਘਰ ਰਖ ਸਕਦਾ ਹੈ).
ਤਲਾਕ ਬਾਯਨ (ਅਰਥਾਤ- ਤਲਾਕ ਪਿੱਛੋਂ ਦੁਬਾਰਾ ਨਿਕਾਹ ਦੀ ਰਸਮ ਨਾਲ ਪਤੀ ਇਸਤ੍ਰੀ ਨੂੰ ਫੇਰ ਅੰਗੀਕਾਰ ਕਰ ਸਕਦਾ ਹੈ)
ਤਲਾਕ ਮੁਗ਼ੱਲਿਜਹ (ਅਰਥਾਤ- ਪਤੀ ਤਲਾਕੀ ਇਸਤ੍ਰੀ ਨਾਲ ਫੇਰ ਵਿਆਹ ਨਹੀਂ ਕਰ ਸਕਦਾ).''

ਸੋ, ਉਪਰੋਕਤ ਤੱਥਾਂ ਤੋਂ ਇਕ ਗੱਲ ਤਾਂ ਭਲੀ-ਭਾਂਤ ਸਾਬਤ ਹੁੰਦੀ ਹੈ ਕਿ 'ਤਲਾਕ' ਦਾ ਨਾ ਤਾਂ ਰਿਵਾਜ਼ ਅਤੇ ਨਾ ਹੀ ਇਹ ਸ਼ਬਦ ਸਿੱਖ ਸੱਭਿਆਚਾਰ ਦਾ ਹੈ। 'ਅਨੰਦ ਮੈਰਿਜ ਐਕਟ ੧੯੦੮' ਵਿਚ ਵੀ 'ਤਲਾਕ' ਨਾਂਅ ਦੀ ਕੋਈ ਮਦ ਨਹੀਂ ਹੈ।

ਅਜੋਕੇ ਸਿੱਖ ਸਮਾਜ ਅੰਦਰ 'ਤਲਾਕ' ਦੀ ਭੈੜੀ ਬਿਮਾਰੀ ਛੂਤ ਵਾਂਗ ਵੱਧਦੀ ਦੇਖਦਿਆਂ ਪੁਰਾਤਨ ਗੁਰਸਿੱਖਾਂ ਦੇ ਜੀਵਨ ਯਾਦ ਆ ਜਾਂਦੇ ਹਨ, ਜਿਥੇ ਪਤੀ/ਪਤਨੀ; ਹਰ ਦੁੱਖ, ਔਕੜ ਅਤੇ ਬਿਪਤਾ ਨੂੰ ਭਾਣਾ ਮੰਨਦਿਆਂ ਗੁਰਸਿੱਖੀ ਅਨੁਸਾਰ ਆਪਣਾ ਪਤੀ-ਬ੍ਰਤਾ ਦਾ ਜੀਵਨ ਸੁਆਸਾਂ ਨਾਲ ਨਿਭਾਉਂਦੇ ਸਨ।

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਰੋਵਰ ਦੇ ਕੰਢੇ ਦੁਖਭੰਜਨੀ ਬੇਰੀ, ਪਤੀ-ਬ੍ਰਤਾ, ਭਾਣੇ, ਸਿੱਦਕ ਤੇ ਭਰੋਸੇ ਦੀ ਹੀ ਸ਼ਾਹਦੀ ਭਰਦੀ ਹੈ। ਪੱਟੀ ਕਸਬੇ ਦੇ ਹੰਕਾਰੀ ਜ਼ਿਮੀਂਦਾਰ ਦੁਨੀਚੰਦ ਵਲੋਂ 'ਰੱਬ ਦਾ ਦਿੱਤਾ ਖਾਂਦੀ' ਆਖਣ 'ਤੇ ਆਪਣੀ ਧੀ ਰਜਨੀ ਦਾ ਵਿਆਹ ਪੱਟੀ ਦੇ ਇਕ ਕੋਹੜੀ ਤੇ ਪਿੰਗਲੇ ਵਿਕ੍ਰਮਦੱਤ ਨਾਲ ਕਰ ਦਿੱਤਾ ਗਿਆ ਤਾਂ ਵਾਹਿਗੁਰੂ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਦਿਆਂ ਬੀਬੀ ਰਜਨੀ ਨੇ ਆਪਣੇ ਪਿੰਗਲੇ ਪਤੀ ਨੂੰ ਇਕ ਟੋਕਰੇ 'ਚ ਪਾ ਕੇ ਦਰ-ਦਰ ਤੋਂ ਮੰਗ ਕੇ ਆਪਣਾ ਨਿਰਬਾਹ ਕਰਨਾ ਮਨਜ਼ੂਰ ਕਰ ਲਿਆ, ਪਰ ਨਾ ਤਾਂ ਰੱਬ ਤੋਂ ਭਰੋਸਾ ਡੋਲਾਇਆ ਅਤੇ ਨਾ ਪਤੀ-ਬ੍ਰਤਾ ਛੱਡੀ। ਉਸ ਦੇ ਪਤੀ-ਬ੍ਰਤ, ਭਾਣੇ ਨੂੰ ਮਿੱਠਾ ਕਰਕੇ ਮੰਨਣ ਅਤੇ ਭਰੋਸੇ ਨੂੰ ਫ਼ਲ ਲੱਗਿਆ ਅਤੇ ਦੁਖਭੰਜਨੀ ਬੇਰੀ ਹੇਠਾਂ ਰਾਮਦਾਸ ਸਰੋਵਰ 'ਚ ਚੁੱਭੀ ਲਗਾ ਕੇ ਉਸ ਦਾ ਕੋਹੜੀ ਪਤੀ ਨੌਂ-ਬਰ-ਨੌਂ ਹੋ ਗਿਆ।

ਗੁਰਮਤਿ ਸਾਨੂੰ ਇਹੋ ਗੱਲ ਵਾਰ-ਵਾਰ ਦ੍ਰਿੜ੍ਹਾਉਂਦੀ ਹੈ ਕਿ ਗੁਰੂ ਕਰਤਾਰ ਸਮਰੱਥ ਹੈ, ਗੁਰੂ ਹੁਕਮਾਂ ਅਨੁਸਾਰ ਉਹ ਕਿਸੇ ਵੇਲੇ ਵੀ, ਕਿਸੇ 'ਤੇ ਵੀ ਕਿਸੇ ਪ੍ਰਕਾਰ ਦੀ ਕੋਈ ਕਸਵੱਟੀ ਲਗਾ ਸਕਦਾ ਹੈ। ਉਹ ''ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ£'' ਕਰਨ-ਕਰਾਵਨਹਾਰਾ ਵਾਹਿਗੁਰੂ ਐਸਾ ਸਮਰੱਥ ਹੈ ਕਿ ਜ਼ਨਾਨੀ ਤੋਂ ਮਰਦ ਬਣਾ ਦਿੰਦਾ ਹੈ ਅਤੇ ਮਰਦ ਤੋਂ ਨਾਰੀ ਜਾਮੇ ਦਾ ਪਰਿਵਰਤਨ ਕਰਵਾ ਦਿੰਦਾ ਹੈ। ਉਹ ਬਿਮਾਰਾਂ ਨੂੰ ਰਾਜ਼ੀ ਵੀ ਕਰ ਸਕਦਾ ਹੈ ਅਤੇ ਰਾਜ਼ੀ ਨੂੰ ਬਿਮਾਰ ਵੀ। ਗੱਲ ਸਿਰਫ਼ ਭਰੋਸੇ 'ਤੇ ਆ ਕੇ ਟਿਕਦੀ ਹੈ। ਜੇਕਰ ਬੀਬੀ ਰਜਨੀ ਦੇ ਹਿਰਦੇ 'ਚ ਪਤੀ-ਬ੍ਰਤ ਦੀ ਦ੍ਰਿੜ੍ਹਤਾ, ਭਰੋਸਾ ਤੇ ਸਿੱਦਕ ਸੀ ਤਾਂ ਉਸ ਦੇ ਪਿੰਗਲੇ ਪਤੀ ਨੂੰ ਵੀ ਵਾਹਿਗੁਰੂ ਨੇ ਨੌਂ-ਬਰ-ਨੌਂ ਕਰ ਦਿੱਤਾ।

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੁਪਤਨੀ ਬੇਬੇ ਕਰਤਾਰ ਕੌਰ ਜੀ ਰਿਆਸਤ ਨਾਭਾ ਦੇ ਫ਼ੂਲ-ਬੰਸ ਘਰਾਣੇ ਨਾਲ ਸਬੰਧਤ ਉੱਚ ਖਾਨਦਾਨੀ ਪਰਿਵਾਰ ਦੀ ਧੀ ਸਨ। ਜਦ ਤੋਂ ਆਪ ਨਾਰੰਗਵਾਲ (ਸਹੁਰੇ ਘਰ) ਆਏ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਆਪਣੇ ਜੀਵਨ ਨੂੰ ਗੁਰੂ ਲੇਖੇ ਲਾਉਣ ਦਾ ਸੰਕਲਪ ਧਾਰਿਆ, ਉਦੋਂ ਤੋਂ ਹੀ ਆਪ ਨੇ ਆਪਣਾ ਜੀਵਨ ਇਸ ਗੁਰਵਾਕ ਦੀ ਸਿੱਖਿਆ ਦੇ ਸੰਚੇ ਵਿਚ ਢਾਲਣਾ ਸ਼ੁਰੂ ਕਰ ਦਿੱਤਾ :

ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਰਿ£
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਰਾਲੰਨ੍ਰਿ£੨£
(ਰਾਗੁ ਸੂਹੀ, ਸਲੋਕੁ ਮ. ੩, ਅੰਕ : ੭੮੭)

ਆਪ ਨੇ ਭਾਈ ਸਾਹਿਬ ਜੀ ਵਾਂਗ ਗੁਰਸਿੱਖੀ ਦੀ ਰਹਿਤ-ਰਹਿਣੀ ਬਿਬੇਕ ਦੀ ਧਾਰਨਾ ਐਸੀ ਧਾਰਨ ਕੀਤੀ ਕਿ ਤੋੜ ਤੱਕ ਇਕ-ਰਸ ਨਿਭਾਈ, ਭਾਵੇਂ ਭਾਈ ਸਾਹਿਬ ਦੀ ਜੇਲ੍ਹ ਯਾਤਰਾ ਦੇ ੧੬ ਸਾਲ ਦੇ ਲੰਬੇ ਅਰਸੇ ਵਿਚ ਆਪ ਨੂੰ ਇਕੱਲਿਆਂ ਅਨੇਕਾਂ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਆਪ ਨੇ ਨਿੱਤਨੇਮ ਦੀਆਂ ਬਾਣੀਆਂ ਦੇ ਨਾਲ ਬਾਵਨ ਅੱਖਰੀ ਆਦਿ ਬੇਅੰਤ ਹੋਰ ਬਾਣੀਆਂ ਕੰਠ ਕੀਤੀਆਂ ਅਤੇ ਬਿਪਤਾ ਦੀ ਘੜੀ 'ਚ ਪ੍ਰਭੂ-ਪਤੀ ਦਾ ਆਸਰਾ ਤੱਕਿਆ ਪਰ ਕਦੇ ਵੀ ਆਪਣੇ ਪੇਕਿਆਂ ਦੇ ਉੱਚ ਘਰਾਣੇ ਦਾ ਮਾਣ ਨਹੀਂ ਤੱਕਿਆ। ੧੯੧੪-੧੫ ਦੀ ਆਜ਼ਾਦੀ ਲਹਿਰ ਦੌਰਾਨ ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ 'ਤੇ ਅੰਗਰੇਜ਼ ਹਕੂਮਤ ਨੇ ਜਬਰ ਢਾਹੁਣਾ ਸ਼ੁਰੂ ਕਰ ਦਿੱਤਾ, ਜਾਇਦਾਦ ਤੱਕ ਜ਼ਬਤ ਕਰ ਲਈ, ਭਾਈ ਸਾਹਿਬ ਜੀ ਦੀ ਗ੍ਰਿਫ਼ਤਾਰੀ ਹੋ ਗਈ, ਉਸ ਵੇਲੇ ਬਹੁਤ ਸਾਰੇ ਰਿਸ਼ਤੇਦਾਰ ਵੀ ਕਿਨਾਰਾ ਕਰ ਗਏ ਪਰ ਬੇਬੇ ਕਰਤਾਰ ਕੌਰ ਜੀ ਨੇ ਇਸ ਅਤਿ ਬਿਖੜੀ ਘੜੀ ਵੀ ਗੁਰੂ ਹੁਕਮਾਂ ''ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ£'' ਅਨੁਸਾਰ ਆਪਣੇ ਪਤੀ ਦਾ ਸਾਥ ਦਿੰਦਿਆਂ ਸਤਿ, ਸੰਤੋਖ, ਸਬਰ, ਸ਼ੁਕਰ ਅਤੇ ਭਾਣਾ ਮੰਨਣ ਦੀ ਤਪੱਸਿਆ ਸਾਧਨ ਦਾ ਪੂਰਨਾ ਪਾਇਆ, ਜੋ ਕਿ ਸਾਡੇ ਅਜੋਕੇ ਅੰਮ੍ਰਿਤਧਾਰੀ ਸਮਾਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਈਆਂ ਚਾਰ ਲਾਵਾਂ ਨੂੰ, ਛੋਟੇ-ਛੋਟੇ ਕਾਰਨਾਂ ਅਤੇ ਘਟੀਆ ਕਿਸਮ ਦੀਆਂ ਮਨਮਤੀ ਕਾਮਨਾਵਾਂ ਕਰਕੇ, ਦੁਨਿਆਵੀ ਅਦਾਲਤਾਂ ਵਿਚ ਖੜ੍ਹੇ ਹੋ ਕੇ ਤੋੜਨ ਤੱਕ ਪਹੁੰਚਦੇ ਸਿੱਖ ਜੋੜਿਆਂ ਲਈ ਸਬਕ ਹਨ।

ਇਸ ਤੋਂ ਇਲਾਵਾ ਸਾਡੇ ਕੋਲ ਪੁਰਾਤਨ ਅਤੇ ਮੌਜੂਦਾ ਗੁਰਮੁਖਾਂ ਦੇ ਜੀਵਨਾਂ ਵਿਚੋਂ ਅਨੇਕਾਂ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ, ਜਿੱਥੋਂ ਗੁਰਮੁਖੀ ਗ੍ਰਹਿਸਥ ਜੀਵਨ ਵਿਚ ਬਚਨਾਂ ਨੂੰ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ। ਖਾੜਕੂ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਸੁਲੱਖਣ ਸਿੰਘ ਬੱਬਰ ਦੀ ਜਦੋਂ ਮੰਗਣੀ ਹੋਈ ਸੀ ਤਾਂ ਕੁਝ ਦਿਨ ਬਾਅਦ ਹੀ ਪੁਲਿਸ ਨੇ ਉਨ੍ਹਾਂ ਨੂੰ, ਧਰਮ ਯੁੱਧ ਮੋਰਚੇ ਵਿਚ ਸਰਗਰਮੀ ਕਾਰਨ ਲੱਭਣਾ ਸ਼ੁਰੂ ਕਰ ਦਿੱਤਾ। ਅਨੰਦ ਕਾਰਜ ਤੋਂ ਪਹਿਲਾਂ ਭਾਈ ਸੁਲੱਖਣ ਸਿੰਘ ਬੱਬਰ ਨੇ ਆਪਣੀ ਧਰਮ ਪਤਨੀ ਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਉਨ੍ਹਾਂ ਦਾ ਰਸਤਾ ਸ਼ਹੀਦੀ ਦੀ ਮੰਜ਼ਿਲ ਵੱਲ ਪਹੁੰਚ ਰਿਹਾ ਹੈ ਅਤੇ ਆਪਣੀਆਂ ਕੁਝ ਸ਼ਰਤਾਂ ਵੀ ਦੱਸੀਆਂ; ਜਿਨ੍ਹਾਂ 'ਚ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਮੁੜ ਅਨੰਦ ਕਾਰਜ ਨਾ ਕਰਵਾਉਣ ਅਤੇ ਪਰਿਵਾਰ ਨਾਲ ਜਾਇਦਾਦ ਦਾ ਕੋਈ ਝਗੜਾ ਨਾ ਕਰਨ ਬਾਰੇ ਵੀ ਕਿਹਾ, ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਮਨਜ਼ੂਰ ਕਰਦਿਆਂ ਬੀਬੀ ਨੇ ਮੰਗਣੀ ਦੀ ਅਰਦਾਸ ਨੂੰ ਨਿਭਾਉਣ ਲਈ ਉਨ੍ਹਾਂ ਨਾਲ ਅਨੰਦ ਕਾਰਜ ਲਈ ਸਹਿਮਤੀ ਪ੍ਰਗਟਾ ਦਿੱਤੀ। ਰੂਪੋਸ਼ੀ ਦੌਰਾਨ ਹੀ ਭਾਈ ਸੁਲੱਖਣ ਸਿੰਘ ਬੱਬਰ ਦਾ ਅਨੰਦ ਕਾਰਜ ਹੋਇਆ ਅਤੇ ਉਨ੍ਹਾਂ ਦੀ ਧਰਮ ਪਤਨੀ ਅੱਜ ਵੀ ਉਨ੍ਹਾਂ ਨਾਲ ਕੀਤੇ ਬਚਨਾਂ ਨੂੰ ਗੁਰੂ ਬਖ਼ਸ਼ਿਸ਼ ਸਦਕਾ ਨਿਭਾਅ ਰਹੇ ਹਨ। ਇਸੇ ਤਰ੍ਹਾਂ ਸ਼ਹੀਦ ਭਾਈ ਸਤਵੰਤ ਸਿੰਘ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਅਤੇ ਹੋਰ ਅਨੇਕਾਂ ਸਿੱਖ ਸੰਘਰਸ਼ ਦੇ ਯੋਧਿਆਂ ਦੇ ਜੀਵਨ ਆਪਣੇ ਆਪ 'ਚ ਮਿਸਾਲ ਹਨ, ਜਿਨ੍ਹਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਉਨ੍ਹਾਂ ਦੀਆਂ ਸਿੰਘਣੀਆਂ ਨੇ ਭਰ ਜਵਾਨੀ ਤੋਂ ਬੁਢਾਪੇ ਤੱਕ ਅਸਹਿ ਤੇ ਅਕਹਿ ਤਸ਼ੱਦਦ, ਆਰਥਿਕ ਔਕੜਾਂ ਤੇ ਸਮਾਜਿਕ ਸਮੱਸਿਆਵਾਂ ਨੂੰ ਗੁਰੂ ਭਰੋਸੇ ਝੱਲਿਆ ਪਰ ਤਾ-ਉਮਰ ਮੁੜ ਅਨੰਦ ਕਾਰਜ ਨਾ ਕਰਵਾਏ।
ਗੁਰਮਤਿ ਵਿਚ ਇਸਤਰੀ ਅਤੇ ਪੁਰਸ਼ ਦੋਵਾਂ ਨੂੰ ਬਰਾਬਰਤਾ ਦਿੱਤੀ ਗਈ ਹੈ, ਇਸ ਵਿਚ ਰੰਚਕ ਮਾਤਰ ਸ਼ੰਕਾ ਨਹੀਂ ਹੈ। ਜਿੱਥੇ ਇਸਤਰੀ ਨੂੰ ਪਤੀ-ਬ੍ਰਤਾ, ਸੀਲ, ਸੰਤੋਖ ਅਤੇ ਸਤੋਗੁਣੀ ਸੁਭਾਅ ਧਾਰਨ ਕਰਨ ਦੀ ਸਿੱਖਿਆ ਹੈ, ਉਥੇ ਪੁਰਸ਼ਾਂ ਨੂੰ ਵੀ ਪਤਨੀ-ਬ੍ਰਤ ਅਤੇ ਸਦਾਚਾਰਕ ਮਰਯਾਦਾ ਨਿਭਾਉਣ ਦੀ ਸਿੱਖਿਆ ਵੀ ਗੁਰਬਾਣੀ ਦਿੰਦੀ ਹੈ। ਗੁਰੂ ਸਾਹਿਬ ਦਾ ਫ਼ਰਮਾਨ ਹੈ :

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾਲਾਜੀਅਹਿ£...£੮£ (£੨੩£)
(ਫੁਨਹੇ ਮ. ੫, ਅੰਕ : ੧੩੬੧)

ਭਾਵ; ਪਰ ਤ੍ਰਿਆ ਗਾਮੀ ਪੁਰਸ਼ (ਪਤਿਤ ਗਰਦਾਨੇ) ਤਲਾਂਜਲੀ ਦਿੱਤੇ ਜਾਂਦੇ ਹਨ (ਬਾਈਕਾਟ ਕੀਤੇ ਜਾਂਦੇ ਹਨ), ਗੁਰਮਤਿ ਦਾ ਅਹਿਮ ਅਸੂਲ ਹੈ। ਪਰ ਤ੍ਰਿਆ ਗਾਮੀ ਪੁਰਸ਼ ਪੰਥ ਵਿਚੋਂ ਛੇਕੇ ਜਾਂਦੇ ਹਨ। 'ਗੁਰਬਾਣੀ ਦੀਆਂ ਲਗਾਂਮਾਤ੍ਰਾਂ ਦੀ ਵਿਲੱਖਣਤਾ' ਪੁਸਤਕ 'ਚ 'ਫੁਨਹੇ' ਸਿਰਲੇਖ ਹੇਠ ਗੁਰਪੁਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਲੋਂ ਕੀਤੇ ਉਕਤ ਅਰਥਾਂ 'ਚ ਲਿਖੇ, 'ਸਾਫ਼ ਅਰਥ ਹੈ ਕਿ ਤਲਾਕੇ ਜਾਂਦੇ ਹਨ ਪਰ ਤ੍ਰਿਆ ਗਾਮੀ।' ਤੋਂ ਵੀ ਕਈ ਸੱਜਣ ਇਹ ਮਨਉਕਤ ਦਲੀਲ ਬਣਾ ਲੈਂਦੇ ਹਨ ਕਿ ਗੁਰਮਤਿ ਵਿਚ 'ਤਲਾਕ' ਨੂੰ ਪ੍ਰਵਾਨਗੀ ਹੈ, ਹਾਲਾਂਕਿ ਭਾਈ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਤਲਾਂਜੇ, ਤਲਾਕੇ ਜਾਂਦੇ, ਸਿਰਫ਼ ਪਰ ਤ੍ਰਿਆ ਗਾਮੀ, ਨਾ ਕਿ ਅਨੰਦ ਵਿਆਹ ਵਾਲੇ ਗੁਰਮਤਿ ਅਨੁਸਾਰੀ ਗ੍ਰਹਿਸਥ ਜੀਵਨ ਜਿਊਣ ਵਾਲੇ। ਦੂਜੀ ਗੱਲ, ਇਸ ਸ਼ਬਦ ਦੀ ਵਿਆਖਿਆ 'ਚ 'ਤਲਾਕੇ' ਦਾ ਅਰਥ ਗ੍ਰਹਿਸਥ ਜੀਵਨ ਵਿਚਲੇ ਉਸ 'ਤਲਾਕ' ਤੋਂ ਹਰਗਿਜ਼ ਨਹੀਂ ਨਿਕਲਦਾ, ਜਿਹੜਾ ਦੁਨਿਆਵੀ ਅਦਾਲਤਾਂ 'ਚ ਜਾ ਕੇ ਲਿਆ ਜਾਂਦਾ ਹੈ। ਜਿੱਥੋਂ ਤੱਕ ਗੁਰਮਤਿ ਜੀਵਨ ਅਨੁਸਾਰ ਪਰ ਤ੍ਰਿਆ ਗਾਮੀ ਦੇ ਤਲਾਂਜੇ ਜਾਂ ਤਲਾਕੇ ਜਾਣ ਦਾ ਅਰਥ ਹੈ, ਅਜਿਹੇ ਪਤਿਤ ਪੁਰਸ਼ ਸਿਰਫ਼ ਤੇ ਸਿਰਫ਼ ਗੁਰੂ ਜੁਗਤਿ ਅਨੁਸਾਰ ਪੰਜ ਪਿਆਰਿਆਂ ਸਨਮੁਖ ਪੇਸ਼ ਹੋ ਕੇ ਹਿਰਦੇ ਕਰਕੇ ਆਪਣੇ ਪਾਪ ਨੂੰ ਸਵੀਕਾਰ ਕਰਕੇ ਵਿਧੀਪੂਰਵਕ ਤਨਖ਼ਾਹ ਲਗਵਾ ਕੇ ਬਖ਼ਸ਼ੇ ਜਾ ਸਕਦੇ ਹਨ। ਪਰ ਜਿੱਥੋਂ ਤੱਕ ਦੋ ਜੀਆਂ ਦੇ ਗ੍ਰਹਿਸਥ ਦੇ ਤਲਾਕ ਦੀ ਗੱਲ ਹੈ, ਅਜੋਕੇ ਰੁਝਾਨ ਦੌਰਾਨ ਤਾਂ ਇਕ ਵਾਰ ਤਲਾਕ ਲੈਣ ਤੋਂ ਬਾਅਦ ਫ਼ੇਰ ਵਿਆਹ ਕਰਵਾ ਲਿਆ ਜਾਂਦਾ ਹੈ। ਜੇਕਰ ਬਦਕਿਸਮਤੀ ਨਾਲ ਕਿਸੇ ਸਿੱਖ ਬੀਬੀ ਦਾ ਸਿੰਘ ਪਰ ਤ੍ਰਿਆ ਗਾਮੀ ਕੁਕਰਮ ਕਰਦਾ ਹੈ ਤਾਂ ਉਸ ਸਿੱਖ ਬੀਬੀ ਨੂੰ ਪਤਾ ਲੱਗ ਜਾਣ 'ਤੇ ਬੀਬੀ ਲਈ ਆਪਣੇ ਸਿੰਘ ਨਾਲ ਅਭੇਦ ਹੋਣਾ ਪਾਬੰਦੀਯੋਗ ਹੁੰਦਾ ਹੈ ਅਤੇ 'ਪੰਜ ਪਿਆਰਿਆਂ' ਕੋਲੋਂ ਆਪਣੇ ਪਤੀ ਦੀ ਪੇਸ਼ੀ ਤੋਂ ਬਾਅਦ ਪੰਜ ਪਿਆਰਿਆਂ ਦੇ ਹੁਕਮ ਅਨੁਸਾਰ ਹੀ ਉਹ ਆਪਣੇ ਸਿੰਘ ਨਾਲ ਮੁੜ ਮਿਲਵਰਤਨ ਕਰ ਸਕਦੀ ਹੈ, ਪਰ ਇਹ ਕਿਧਰੇ ਨਹੀਂ ਹੁੰਦਾ ਕਿ ਇਹੋ ਜਿਹੇ ਮਸਲੇ 'ਚ ਕੁਰਹਿਤੀਏ ਸਿੰਘ ਵਲੋਂ 'ਪੰਜ ਪਿਆਰਿਆਂ' ਕੋਲ ਪੇਸ਼ ਹੋਣ ਤੋਂ ਬਾਅਦ ਲੱਗੀ ਤਨਖ਼ਾਹ ਭੁਗਤ ਕੇ ਵੀ ਬੀਬੀ ਆਪਣੇ ਸਿੰਘ ਨੂੰ 'ਤਲਾਕ' ਦੇ ਕੇ ਪੱਕੀ ਚਲੀ ਜਾਵੇ ਜਾਂ ਕਿਤੇ ਹੋਰ ਵਿਆਹ ਕਰਵਾ ਲਵੇ।

ਗੁਰਮਤਿ ਵਿਚ ਵੱਡੇ ਤੋਂ ਵੱਡਾ ਪਾਪੀ-ਅਪਰਾਧੀ ਅਤੇ ਪਤਿਤ-ਕਰਮੀ ਵੀ ਬਖ਼ਸ਼ਿਆ ਜਾਂਦਾ ਹੈ, ਬਸ਼ਰਤੇ ਉਹ ਭਾਵਨਾ ਕਰਕੇ ਗੁਰੂ ਦੀ ਸ਼ਰਨ ਵਿਚ ਆ ਜਾਵੇ।

ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ£...£੪£ (£੫£੧£੧੬੬£) (ਰਾਗੁ ਗਉੜੀ ਮਾਝ ਮ. ੫, ਅੰਕ : ੨੧੬)

ਵਾਹਿਗੁਰੂ-ਪਰਮੇਸ਼੍ਵਰ ਦਾ ਨਾਮ ਅਜਿਹੀ ਆਤਮਿਕ ਔਸ਼ਧੀ ਹੈ, ਜਿਹੜਾ ਪਾਪੀ ਤੋਂ ਪਾਪੀ ਨੂੰ ਵੀ ਬੇਦਾਗ-ਪਵਿੱਤਰ ਬਣਾ ਦਿੰਦਾ ਹੈ।

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ£
ਪਤਿਤ ਪਵਿਤ ਭਏ ਰਾਮੁ ਕਹਤ ਹੀ£੧£ ਰਹਾਉ£ (£੨£੨£)
(ਟੋਡੀ ਬਾਣੀ ਭਗਤਾਂ ਕੀ, ਭਗਤ ਨਾਮਦੇਵ ਜੀ, ਅੰਕ : ੭੧੮ )

ਗੁਰਮੁਖ ਜੀਵਨ ਵਿਚ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ, ਹਕੂਕ ਅਤੇ ਮਨੋਰਥਾਂ ਨੂੰ ਸਮਝਣ ਲਈ ਦੁਨੀਆਦਾਰਾਂ ਨਾਲੋਂ ਵੱਖਰੀ ਦ੍ਰਿਸ਼ਟੀ, ਸੋਝੀ ਅਤੇ ਅਨੁਭਵ ਦੀ ਲੋੜ ਵੀ ਹੈ। ਗੁਰਵਾਕ ਹੈ :

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ£
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ£੩£ (ਮ.੩, ਅੰਕ : ੭੮੮)

ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਪਤੀ ਤੇ ਪਤਨੀ ਦੇ ਬਾਹਰ ਰੂਪ ਵਿਚ ਮਿਲ ਬੈਠਣ ਦਾ ਨਾਮ, ਪਤੀ-ਪਤਨੀ ਸਫ਼ਲ ਨਹੀਂ ਹੁੰਦਾ, ਅਸਲ ਜੋਤ ਦਾ ਮਿਲਾਪ ਹੀ ਅੰਦਰੋਂ ਖੇੜੇ ਦੇਣ ਵਾਲਾ ਹੈ ਅਤੇ ਇਹ ਖੇੜਾ ਦੋਵਾਂ ਜੀਆਂ ਵਲੋਂ ਜੀਵਨ ਦੇ ਅਸਲ ਮਨੋਰਥ 'ਨਾਮ ਦੀ ਕਾਰ ਕਮਾਉਣ' ਕਰਕੇ ਹੀ ਆਉਂਦਾ ਹੈ।

ਅਸਲ ਸੋਹਾਗਣ ਕੌਣ ਹੈ ਅਤੇ ਇਸ ਗ੍ਰਹਿਸਥ ਜੀਵਨ ਦਾ ਮਨੋਰਥ ਕੀ ਹੈ? 'ਰਾਗ ਸੂਹੀ' ਵਿਚ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ :

ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ£
ਮਾਨੈ ਹੁਕਮੁ ਤਜੈ ਅਭਿਮਾਨੈ£
ਪ੍ਰਿਅ ਸਿਉ ਰਾਤੀ ਰਲੀਆ ਮਾਨੈ£੧£
ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ£
ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ£੧£ ਰਹਾਉ£ (£੪£੩£)
(ਅੰਕ : ੭੩੭)

ਉਹ ਜੀਵ-ਇਸਤਰੀ ਸੁਲੱਖਣੀ ਅਤੇ ਸੁਹਾਗ-ਭਾਗ ਵਾਲੀ ਹੈ, ਜਿਹੜੀ ਵਾਹਿਗੁਰੂ-ਪਤੀ ਨਾਲ ਸਾਂਝ ਬਣਾਉਂਦੀ ਹੈ। ਜਿਹੜੀ ਆਪਣੇ ਅੰਦਰ ਦੇ ਹੰਕਾਰ ਨੂੰ ਤਿਆਗ ਕੇ ਵਾਹਿਗੁਰੂ-ਪਤੀ ਦਾ ਹੁਕਮ ਮੰਨਦੀ ਹੈ। ਅਜਿਹੀ ਜੀਵ-ਇਸਤਰੀ ਵਾਹਿਗੁਰੂ-ਪਤੀ ਦੇ ਪਿਆਰ ਤੇ ਨਾਮ ਦੇ ਰੰਗ ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਅਨੰਦ ਮਾਣਦੀ ਹੈ। ਆਪਣੇ ਸੁਆਮੀ ਨੂੰ ਮਿਲਣ ਦੀ ਇਹ ਨਿਸ਼ਾਨੀ ਹੈ ਕਿ ਲੋਕ-ਲਾਜ ਦਾ ਖਿਆਲ ਛੱਡ ਕੇ ਵਾਹਿਗੁਰੂ ਨੂੰ ਮਨ ਅਤੇ ਤਨ ਅਰਪਨ ਕਰਕੇ, ਭਾਵ ਜੀਵਨ ਦਾ ਅਸਲ ਮਨੋਰਥ ਵਾਹਿਗੁਰੂ ਦੇ ਦਿੱਤੇ ਹੁਕਮ ਅਨੁਸਾਰ 'ਨਾਮ ਦੀ ਕਾਰ ਕਮਾਉਂਦਿਆਂ' ਹੀ ਸੁਹਾਗਣ ਧੰਨਤਾ ਦੀ ਯੋਗ ਬਣ ਸਕਦੀ ਹੈ। ਗੁਰਮਤਿ ਦਾ ਮੰਡਲ ਦੇਹੋਂ-ਬਦੇਹ ਹੋਣ ਦੀ ਖੇਡ ਹੈ। ਇਹ ਦੁਨਿਆਵੀ ਰਸਾਂ-ਕਸਾਂ, ਸਵਾਦਾਂ, ਕਾਮਨਾਵਾਂ, ਵਿਸ਼ੇ-ਵਿਕਾਰਾਂ ਤੋਂ ਉਪਰ ਉਠ ਕੇ ਪਰਮਾਰਥ 'ਚ ਆਤਮਾ ਨੂੰ ਰੰਗਣ ਦਾ ਨਾਂਅ ਹੈ।

ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਿਖਤ 'ਸਿੱਖਾਂ ਦੀ ਭਗਤ ਮਾਲਾ' ਵਿਚ ਸਾਖੀ ਆਉਂਦੀ ਹੈ; ਇਕ ਵਾਰ ਇਕ ਸਿੱਖ ਨੇ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ, ''ਸੱਚੇ ਪਾਤਿਸ਼ਾਹ ਰਜ਼ਾ 'ਚ ਰਹਿਣ ਵਾਲੇ ਕਿਸੇ ਸਿੱਖ ਗੁਰਮੁਖ ਦੇ ਦਰਸ਼ਨ ਕਰਾਵੋ?'' ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ''ਗੁਜਰਾਤ ਚਲੇ ਜਾਵੋ, ਉਥੇ ਭਾਈ ਭੇਖਾਰੀ ਜੀ ਰਹਿੰਦੇ ਹਨ।'' ਜਗਿਆਸੂ ਸਿੱਖ ਗੁਰੂ ਸਾਹਿਬ ਜੀ ਦੇ ਬਚਨ ਅਨੁਸਾਰ ਗੁਜਰਾਤ ਭਾਈ ਭੇਖਾਰੀ ਜੀ ਕੋਲ ਪਹੁੰਚ ਗਿਆ। ਭਾਈ ਭੇਖਾਰੀ ਜੀ ਦੇ ਘਰ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਭਾਂਤ-ਭਾਂਤ ਦੇ ਪਕਵਾਨ ਤੇ ਕੱਪੜਿਆਂ-ਲੀੜਿਆਂ ਦੀ ਸਜਾਵਟ ਚੱਲ ਰਹੀ ਸੀ। ਇਕ ਕੋਠੜੀ ਅੰਦਰ ਲੱਕੜਾਂ ਚਿਣ ਕੇ ਮ੍ਰਿਤਕ ਦਾ ਅੰਤਮ ਸੰਸਕਾਰ ਕਰਨ ਵਾਲਾ ਲੱਕੜੀਆਂ ਦਾ ਬਿਬਾਨੁ ਬਣਿਆ ਹੋਇਆ ਸੀ। ਮਹਿਮਾਨ ਸਿੱਖ ਹੈਰਾਨ ਹੋ ਕੇ ਭਾਈ ਭੇਖਾਰੀ ਜੀ ਨੂੰ ਇਸ ਬਾਰੇ ਪੁੱਛਦਾ ਹੈ, ਤਾਂ ਭਾਈ ਜੀ ਉਸ ਨੂੰ ਕਹਿੰਦੇ ਕਿ ਇਸ ਬਾਰੇ ਭਲ੍ਹਕੇ ਦੱਸਾਂਗੇ। ਭਾਈ ਭੇਖਾਰੀ ਜੀ ਦੇ ਪੁੱਤਰ ਦਾ ਵਿਆਹ ਹੋ ਗਿਆ, ਖੁਸ਼ੀਆਂ-ਚਾਵਾਂ ਦੇ ਨਾਲ ਨਵੀਂ ਵਿਆਹੀ ਵਹੁਟੀ ਨੂੰ ਘਰ ਲੈ ਕੇ ਆਉਂਦੇ ਹਨ। ਘਰ ਆਉਂਦਿਆਂ ਹੀ ਅਚਾਨਕ ਸੂਲ ਵੱਜਣ ਕਾਰਨ ਭਾਈ ਭੇਖਾਰੀ ਜੀ ਦੇ ਨਵ-ਵਿਆਹੇ ਪੁੱਤਰ ਦੀ ਮੌਤ ਹੋ ਜਾਂਦੀ ਹੈ। ਜਦੋਂ ਉਸੇ ਲੱਕੜੀਆਂ ਦੇ ਬਿਬਾਨੁ 'ਤੇ ਉਸ ਨੂੰ ਪਾ ਕੇ ਸਸਕਾਰ ਕੀਤਾ ਜਾਂਦਾ ਹੈ ਤਾਂ ਮਹਿਮਾਨ ਆਇਆ ਸਿੱਖ, ਭਾਈ ਭੇਖਾਰੀ ਜੀ ਨੂੰ ਪੁੱਛਦਾ ਹੈ ਕਿ, ਜੇਕਰ ਤੁਹਾਨੂੰ ਪਹਿਲਾਂ ਪਤਾ ਸੀ ਕਿ ਤੁਹਾਡੇ ਪੁੱਤਰ ਨੇ ਕਾਲ ਵੱਸ ਹੋ ਜਾਣਾ ਹੈ ਤਾਂ ਉਸ ਦਾ ਵਿਆਹ ਕਿਉਂ ਕੀਤਾ? ਭਾਈ ਭੇਖਾਰੀ ਜੀ ਕਹਿਣ ਲੱਗੇ, ''ਮੇਰਾ ਪੁੱਤਰ ਪਿਛਲੇ ਜਨਮ ਰਿਖੀ ਸੀ ਤੇ ਇਕ ਦਿਨ ਇਕ ਵੇਸ਼ਵਾ ਨੇ ਉਸ ਦਾ ਧਿਆਨ ਖੰਡਤ ਕਰ ਦਿੱਤਾ। ਦੋਵਾਂ ਦਾ ਸਰੀਰ ਅੰਤ ਹੋਇਆ। ਤਾਂ ਇਸ ਨੇ ਮੇਰੇ ਘਰ ਜਨਮ ਲਿਆ, ਸਾਧ-ਸੰਗਤਿ ਕੀਤੀ ਅਤੇ ਵਾਹਿਗੁਰੂ-ਨਾਮ-ਰਤਨ-ਪਦਾਰਥ ਦੀ ਪ੍ਰਾਪਤੀ ਕੀਤੀ। ਜਿਹੜੀ ਨੂੰਹ ਨੂੰ ਵਿਆਹ ਕੇ ਲਿਆਂਦਾ ਹੈ, ਇਹ ਉਹੀ ਪਿਛਲੇ ਜਨਮ ਦੀ ਵੇਸ਼ਵਾ ਹੈ ਪਰ ਹੁਣ ਇਥੇ ਰਹਿ ਕੇ ਗੁਰੂ ਨਾਨਕ ਦੇ ਦਰ ਦੇ ਗੁਰਸਿੱਖਾਂ ਦੀ ਟਹਿਲ-ਸੇਵਾ ਕਰੇਗੀ, ਸ਼ਬਦ ਸੁਣੇਗੀ ਅਤੇ ਮੁਕਤੀ ਹਾਸਲ ਕਰੇਗੀ।'' ਅੱਗੋਂ ਸਿੱਖ ਬੜੀ ਅਸਚਰਜਤਾ ਨਾਲ ਆਖਣ ਲੱਗਾ, ''ਜੇਕਰ ਤੁਸਾਂ ਨੂੰ ਇਤਨੀ ਸੋਝੀ ਹੈਸੀ ਤਾਂ ਗੁਰੂ ਤੋਂ ਪੁੱਤਰ ਦੀ ਆਰਜਾ ਕਿਉਂ ਨਾ ਵਧਾ ਲਈ?'' ਭਾਈ ਭੇਖਾਰੀ ਜੀ ਆਖਣ ਲੱਗੇ, ''ਗੁਰੂ ਤੋਂ ਝੂਠੇ ਪਦਾਰਥ ਕੀ ਮੰਗਣੇ ਹੈਨ, ਗੁਰੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਸਿੱਖਾਂ ਦਾ ਧਰਮ ਹੈ।''

ਬਾਪੂ ਬਾਲਾ ਸਿੰਘ ਜੀ ਗੁਰੂ ਕੀ ਵਡਾਲੀ ਵਾਲੇ ਬੜੇ ਪਰਉਪਕਾਰੀ, ਸੰਤੋਖੀ ਅਤੇ ਭਜਨੀਕ ਗੁਰਸਿੱਖ ਹੋਏ ਹਨ। ਉਹ ਬ੍ਰਹਮ ਲੀਨ, ਪੁੱਜੇ ਹੋਏ ਗੁਰਮੁਖ ਪਿਆਰੇ ਡਾ. ਸੁਰਿੰਦਰ ਸਿੰਘ ਜੀ ਦੀ ਸੰਗਤ ਕਰਦੇ ਸਨ। ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ। ਇਕ ਦਿਨ ਡਾ. ਸੁਰਿੰਦਰ ਸਿੰਘ ਜੀ ਨੇ ਉਨ੍ਹਾਂ ਕੋਲੋਂ ਔਲਾਦ ਜਾਂ ਨਾਮ ਦਾਨ, ਦੋਵਾਂ ਵਿਚੋਂ ਇਕ ਦਾਤ ਚੁਣਨ ਲਈ ਪੁੱਛਿਆ ਤਾਂ ਬਾਪੂ ਬਾਲਾ ਸਿੰਘ ਜੀ ਨੇ ਨਾਮ ਦਾਨ ਦੀ ਜਾਚਨਾ ਕੀਤੀ। ਅਜਿਹੇ ਗੁਰਸਿੱਖ ਪਿਆਰਿਆਂ ਦੇ ਜੀਵਨ ਹੀ ਅਜੋਕੇ ਵਾਸ਼ਨਾਵਾਂ ਦੀ ਅੱਗ ਵਿਚ ਸੜ ਰਹੇ ਸੰਸਾਰ ਭਵਜਲ ਤੋਂ ਪਾਰ ਲੰਘਣ ਲਈ ਸਾਡੇ ਗ੍ਰਹਿਸਥ ਪੰਧ ਸਾਹਮਣੇ 'ਏਕਾ ਨਾਰੀ ਜਤੀ ਹੋਇ' ਮੁਤਾਬਕ ਚੱਲਣ ਅਤੇ ਰਜ਼ਾ ਵਿਚ ਰਾਜ਼ੀ ਰਹਿਣ ਲਈ ਪ੍ਰੇਰਨਾ-ਸਰੋਤ ਹਨ।

ਅਸੀਂ ਸਾਰੇ ਕਲਿਯੁਗੀ ਜੀਵ, ਭੁੱਲਣਹਾਰ ਹਾਂ। ਅਸੀਂ ਸਾਰੇ ਗੁਰਮਤਿ ਮਤ ਦੇ ਪਾਂਧੀ ਹਾਂ। ਸਾਡੇ ਸਾਰਿਆਂ ਦੀ ਮੰਜ਼ਿਲ 'ਇਕ' ਹੀ ਹੈ। ਅਸੀਂ ਸਾਰੇ 'ਇਕ' ਅਕਾਲ ਪੁਰਖ ਦੇ ਉਪਾਸ਼ਕ ਹਾਂ ਅਤੇ ''ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ£ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ£੨£'' ਸਾਡਾ ਨਿਰਬਾਣ ਪ੍ਰਾਪਤੀ ਦਾ ਆਸ਼ਾ ਹੈ।

ਗੁਰੂ ਉਪਦੇਸ਼ ਸਾਨੂੰ ਇਕ-ਦੂਜੇ ਦੇ ਅਵਗੁਣਾਂ ਨੂੰ ਨਾ ਚਿਤਾਰਦਿਆਂ ''ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ£'' ਅਨੁਸਾਰ ''ਗੁਰਸਿਖ ਮੀਤ ਚਲਹੁ ਗੁਰ ਚਾਲੀ£ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ£੧£ ਰਹਾਉ£'' ਦੇ ਅਨੁਸਾਰ ਗੁਰਮਤਿ ਗਾਡੀਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਜੇਕਰ ਗੁਰਸਿੱਖਾਂ ਨੇ ਇਕ ਦੂਜੇ ਦੇ ਅਵਗੁਣਾਂ ਨੂੰ ਛੱਡ ਕੇ ਗੁਣਾਂ ਦੀ ਸਾਂਝ ਕਰਨੀ ਹੈ ਤਾਂ ਗੁਰਸਿੱਖ ਗ੍ਰਹਿਸਥੀ ਜੀਵਨ ਵਿਚ ਇਕ-ਦੂਜੇ ਵਿਚਲੇ ਛੋਟੇ-ਛੋਟੇ ਸੰਸਾਰੀ ਔਗੁਣਾਂ ਨੂੰ ਚਿਤਾਰ ਕੇ ਆਪਣਾ ਪਰਮਾਰਥੀ ਜੀਵਨ ਅਸਤ-ਵਿਅਸਤ ਕਿਉਂ ਕਰਨ? ਗ੍ਰਹਿਸਥ ਜੀਵਨ ਵਿਚ ਵੀ ਦੋਹਾਂ ਜੀਆਂ ਨੂੰ ਇਕ-ਦੂਜੇ ਨਾਲ ਗੁਰਸਿੱਖਾਂ ਵਾਂਗ ਪਿਆਰ-ਇਤਫ਼ਾਕ ਨਾਲ ਰਹਿਣਾ ਚਾਹੀਦਾ ਹੈ। ਜੇਕਰ ਬੀਬੀ ਨੇ ਆਪਣੇ ਸਿੰਘ ਦੀ ਆਗਿਆਕਾਰ ਬਣਨਾ ਹੈ ਤਾਂ ਸਿੰਘਾਂ ਦੇ ਵੀ ਬੀਬੀਆਂ ਪ੍ਰਤੀ ਫ਼ਰਜ਼ ਹਨ। ਆਪਣੀ ਸਿੰਘਣੀ ਨੂੰ ਉੱਚੇ ਬੋਲ ਨਾ ਬੋਲਣਾ ਅਤੇ ਹਮੇਸ਼ਾ ਪਿਆਰ ਅਤੇ ਮਿਠਾਸ 'ਚ ਰਹਿਣਾ ਸਿੰਘਾਂ ਦਾ ਵੀ ਪਰਮ-ਫ਼ਰਜ਼ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੇ ੫੨ ਹੁਕਮਾਂ ਵਿਚੋਂ ਸੋਲ੍ਹਵਾਂ ਹੁਕਮ ਸਿੰਘਾਂ ਲਈ ਚੇਤੇ ਰੱਖਣਯੋਗ ਹੈ ; 'ਇਸਤਰੀ ਦਾ ਮੂੰਹ ਨਹੀਂ ਫ਼ਿਟਕਾਰਨਾ।' ਜੇਕਰ ਮਨਮਤਿ ਦੀ ਥਾਂ ਗੁਰੂ ਦੀ ਮਤਿ 'ਤੇ ਚੱਲ ਕੇ ਗ੍ਰਹਿਸਥ ਜੀਵਨ ਬਤੀਤ ਕੀਤਾ ਜਾਵੇ ਤਾਂ ਘਰੋਗੀ ਕਲਾ-ਕਲੇਸ਼ ਤੇ ਆਪਸੀ ਮਤਭੇਦ ਪੈਦਾ ਹੀ ਨਹੀਂ ਹੋ ਸਕਦੇ। ਮਨ ਦੀ ਹਉਮੈ ਨੂੰ ਝੁਕਾਉਣ ਲਈ ਸਾਡੇ ਲਈ ਗੁਰੂ ਉਪਦੇਸ਼ ਹੈ :

ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ||
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ||

(ਮਾਰੂ ਕਬੀਰ ਜੀਉ, ਅੰਕ : ੧੧੦੫)

ਫ਼ੋਨ ਨੰਬਰ : 81022-10001.

Chota veer
Reply Quote TweetFacebook
Amazing article by Bhai Gurdarshan Singh. Very meaningful article in today's environment where divorces are becoming rife.

Kulbir Singh
Reply Quote TweetFacebook
Sorry, only registered users may post in this forum.

Click here to login