ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੁੰਦਾਵਣੀ’- ਇਤਿਹਾਸਿਕ ਝਰੋਖੇ ‘ਚੋ ਸੰਖੇਪ ਪੜਚੋਲ

Posted by JASJIT SINGH 
ਮੁੰਦਾਵਣੀ’- ਇਤਿਹਾਸਿਕ ਝਰੋਖੇ ‘ਚੋ ਸੰਖੇਪ ਪੜਚੋਲ

ਗੁਰਬਾਣੀ ਰਚਣ ਦੇ ਆਦਿ ਕਾਲ ਤੋਂ ਹੀ ਇੱਕ ਦਰਪੇਸ਼ ਕੁਰੀਤੀ ਕੱਚੀ ਬਾਣੀ ਨੂੰ ਰਲ-ਗੱਡ ਕਰਨ ਦੀ ਵੀ ਚਲ ਪਈ ਸੀ। ਗੁਰੂ ਘਰ ਦੇ ਦੋਖੀ ਲੋਕਾਂ ਵਲੋਂ ਗੁਰਬਾਣੀ ਵਾਂਗ ਆਪਣੀ ਲੇਖਣੀ ਲਿਖ ਗੁਰ-ਬਾਣੀ ਵਿਚ ਰਲਾ ਪਾਉਣ ਦੀ ਕੋਸ਼ਿਸ ਕੀਤੀ ਗਈ। ਅਜਿਹਾ ਨਾਕਾਮ ਯਤਨ ਸਭ ਤੋਂ ਪਹਿਲਾਂ ਪੰਚਮ ਪਾਤਸ਼ਾਹ ਦੇ ਸਮੇਂ ਭਾਈ ਬੰਨੋ ਨੇ ਕੀਤਾ, ਜਿਸਨੇ ਕਿ ਆਪਣੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ (ਉਦੋਂ ਅਜੇ ਗੁਰਿਆਈ ਪ੍ਰਾਪਤ ਨਹੀਂ ਸੀ) ਵਿਚ ਪਾ ਦਿੱਤਾ। ਪੰਚਮ ਪਾਤਸ਼ਾਹ ਨੇ ਇਹ ਦੇਖ ਕੇ ਭਾਈ ਬੰਨੋ ਦੁਆਰਾ ਲਿਖੀ ਬੀੜ ਨੂੰ ਖਾਰੀ-ਬੀੜ ਕਿਹਾ ਅਤੇ ਸੰਗਤਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ। ਪਰ ਉਸਤੋਂ ਬਾਅਦ ਵੀ ਗੁਰੂ ਦੋਖੀਆਂ ਵਲੋਂ ਕੋਸ਼ਿਸ਼ਾਂ ਜਾਰੀ ਰਹੀਆਂ ਅਤੇ ਕਈ ਪ੍ਰਕਾਰ ਦੀਆਂ ਕੱਚੀਆਂ ਰਚਨਾਵਾਂ ਬੀੜਾਂ ਵਿਚ ਵੇਖਣ ਨੂੰ ਮਿਲੀਆਂ। ੨੦ਵੀਂ ਸਦੀ ਦੇ ਆਰੰਭ ਵਿਚ ਸਿੱਖ ਪੰਥ ਵਲੋਂ ਗੁਰਬਾਣੀ ਦੀਆਂ ਸ਼ੁੱਧ ਬੀੜਾਂ ਛਾਪਣ ਸਮੇਂ ਓਸ ਸਮੇਂ ਸਿੱਖ ਵਿਦਿਵਾਨਾ, ਨਾਮ-ਰਸੀਏ ਰਹਿਤਵਾਨ ਗੁਰਸਿੱਖਾਂ ਅਤੇ ਕਈ ਮਹਾਪੁਰਖਾਂ ਆਦਿ ਨਾਲ ਦੀਰਘ ਵਿਚਾਰਾਂ ਕਰਨ ਮਗਰੋਂ ਕੱਚੀਆਂ ਬਾਣੀਆਂ ਨੂੰ ਨਿਖੇੜ ਕੇ ਸ਼ੁੱਧ ਬੀੜਾਂ ਛਾਪਣ ਅਤੇ ਲਿਖਣ ਦਾ ਕਾਰਜ ਆਰੰਭਿਆ। ਰਾਗਮਾਲਾ ਨਾਮ ਹੇਠ ਦਰਜ਼ ਰਚਨਾ ਉਹਨਾਂ ਵਿਚੋਂ ਇੱਕ ਸੀ ਜਿਸਨੂੰ ਕਿ ਕੱਚੀ ਬਾਣੀ ਹੀ ਮੰਨਿਆ ਗਿਆ। ਖੈਰ! ਸਾਡਾ ਇੱਥੇ ਵਿਸ਼ਾ ਰਾਗਮਾਲਾ ਦਾ ਨਾ ਹੋਣ ਕਰੇ ‘ਮੁੰਦਾਵਣੀ’ ਦਾ ਹੈ, ਜਿਹੜੀ ਕਿ ਗੁਰਬਾਣੀ ਦੇ ਅੰਤ ਵਿਚ ‘ਮਹਲਾ ੫’ ਨਾਲ ਅੰਕਿਤ ਹੈ, ਅਤੇ ਇਸਦੇ ਨਾਲ ਦਾ ‘ਸਲੋਕ ਮ:5’ ਨਾਲ ਬਾਣੀ ਦਾ ਭੋਗ ਪੈਂਦਾ ਹੈ।

‘ਮੁੰਦਾਵਣੀ’ ਨੂੰ ਗੁਰਬਾਣੀ ਦੀ ਮੋਹਰ-ਛਾਪ ਜਾਂ ਸੀਲ ਕਿਹਾ ਜਾਂਦਾ ਹੈ, ਭਾਵ ਇਸਤੋਂ ਅਗੋਂ ਕੋਈ ਹੋਰ ਵਾਧ-ਘਾਟ ਨਾ ਕੀਤਾ ਜਾ ਸਕੇ। ਗੁਰਬਾਣੀ ਦੀ ਸੰਪੂਰਨਤਾ ਤੇ ਲੱਗੀ ਇਸ ਮੁਹਰਛਾਪ ਨੂੰ ਕਈ ਵੀਰ ‘ਪਹੇਲੀ’ ਕਹਿ ਕੇ ਸੰਬੋਧਤ ਕਰਦੇ ਹਨ। ਉਹਨਾਂ ਦਾ ਆਖਣਾ ਹੈ ਕਿ ਮੁੰਦਾਵਣੀ ਮੁਹਰਛਾਪ ਨਹੀ ਪਹੇਲੀ ਹੈ ਜਿਵੇਂ ਕਿ ‘ਸੋਰਠਿ ਕੀ ਵਾਰ’ ਵਾਲੀ ‘ਮੁਦਾਵਣੀ’ ਹੈ। ਪਹੇਲੀ ਤਾਂ ਖੈਰ ਸੋਰਠਿ ਕੀ ਵਾਰ ਵੀ ਨਹੀਂ, ਜਿਸਦੀ ਵਿਆਖਿਆ ਗੁਰਸਿੱਖਾਂ ਨੇ ਬੜੇ ਵਿਸਥਾਰ ਸਹਿਤ ਕੀਤੀ ਹੋਈ ਹੈ, ਸਮਾਂ ਮਿਲਣ ਤੇ ਉਹ ਵੀ ਪੇਸ਼ ਕਰਾਂਗੇ। ਚਲੋ ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ‘ਮੁੰਦਾਵਣੀ ਮਹਲਾ ੫’ ਬਾਣੀ ਪਹੇਲੀ ਹੈ। ਤਾਂ ਤੇ ਸੁਆਲ ਪੈਦਾ ਹੋਇਆ ਕਿ ਗੁਰਬਾਣੀ ਫਿਰ ਕਿਥੇ ਜਾ ਕੇ ਮੁੰਦੀ ਗਈ ਹੈ? ਕੀ ਰਾਗਮਾਲਾ ਨੂੰ ਫਿਰ ਗੁਰਬਾਣੀ ਦੀ ‘ਮੁੰਦਾਵਣੀ’ ਆਖੋਗੇ? ਆਉ ਇਸ ਸਵਾਲ ਦਾ ਹੱਲ ਅੱਜ ਇਤਿਹਾਸਿਕ ਹਵਾਲਿਆ ‘ਚੋਂ ਹੀ ਵੇਖਦੇ ਹਾਂ।

ਪੁਰਾਤਨ ਸਮੇਂ ਵਿਚ ਇਹ ਲੇਖਣੀ ਦੀ ਰੀਤ ਸੀ ਕਿ ਆਦਿ ਵਿਚ ਮੰਗਲ ਅਤੇ ਅੰਤ ਵਿਚ ਮੁੰਦਾਵਣੀ ਲਿਖੀ ਜਾਂਦੀ ਸੀ। ਇਸ ਨਿਯਮ ਤੋਂ ਅਗਿਆਤ ਸ਼ੋਸ਼ਲ ਮੀਡੀਏ ਤੇ ਇੱਕ ਸਿੱਖ ਵੀਰ ਦੇ ਵਿਚਾਰ ਸੁਨਣ ਨੂੰ ਮਿਲੇ, ਉਹ ਵੀਰ ਜੀ ਕਹਿੰਦੇ ਕਿ ‘ਮੁੰਦਾਵਣੀ’ ਨੂੰ ਮੁੰਦਣ ਛਾਪ ਜਾਂ ਮੋਹਰ ਕਹਿਣਾ ਇਕ ਸੁਣੀ ਸੁਣਾਈ ਜਿਹੀ ਗੱਲ ਹੈ ਅਤੇ ਅਜਿਹਾ ਕਹਿਣ ਵਾਲੇ ਦੁਬਿਧਾ ਪਾਉਂਦੇ ਹਨ। ਹਲਕੀ ਜਿਹੀ ਉਮਰ ਦੇ ਇਹ ਵੀਰ ਜੀ ਹੋ ਸਕਦਾ ਹੈ ਗੁਰਬਾਣੀ ਪ੍ਰਤੀ ਸਤਿਕਾਰ ਰੱਖਦੇ ਹੋਵਣ। ਪਰ ਉਹਨਾਂ ਵਲੋਂ ਪੇਸ਼ ਕੀਤੇ ਵੀਚਾਰ ਗੁਰਬਾਣੀ ਦੇ ਲੇਖਣੀ ਦੇ ਨਿਯਮ ਭਾਵ ਲਗ-ਮਾਤ੍ਰਾ ਅਤੇ ਅੰਕ ਜੋੜ ਪ੍ਰਣਾਲੀ ਦੀ ਕਸਵੱਟੀ ਤੇ ਕਿਸੇ ਵੀ ਤਰ੍ਹਾਂ ਖਰੇ ਨਹੀ ਉਤਰਦੇ। ਜੇਕਰ ਗੁਰਬਾਣੀ ਦੀ ਵਿਆਖਿਆ ਅਤੇ ਖ਼ਾਸਕਾਰ ਕਿਸੇ ਪੰਥਕ ਮੁਦੇ ਤੋਂ ਬੋਲਣਾ ਹੋਵੇਂ ਤਾਂ ਉਸ ਵਾਸਤੇ ਬਹੁਪੱਖੀ ਵਿਚਾਰ ਲੋੜੀਦੀਂ ਹੈ। ਇਸੇ ਕਰਕੇ ‘ਮੁਦਾਵਣੀ’ ਅਤੇ ‘ਮੁੰਦਾਵਣੀ’ ਪੂਰੇ ਸ਼ਬਦਾਂ ਦੀ ਵਿਆਖਿਆ ਲਗ-ਮਾਤ੍ਰੀ ਨਿਯਮਾ ਦੇ ਜਾਣੂੰ ਅਤੇ ਰਹਿਤ ਰਹਿਣੀ ਦੇ ਸੂਰੇ ਸਿੱਖਾਂ ਪਾਸੋਂ ਜੋ ਕੀਤੇ ਹਨ ਉਹਨਾਂ ਦਾ ਵਿਸਥਾਰ ਫਿਰ ਕਿਤੇ ਦਿੱਤਾ ਜਾ ਸਕਦਾ ਹੈ। ਪਰ ਇਥੇ ਇਤਿਹਾਸ ਦੇ ਝਰੋਖੋਂ ‘ਚੋ ਟੂਕ ਮਾਤਰ ਹੀ ‘ਮੁੰਦਾਵਣੀ’ ਬਾਰੇ ਦਰਸ਼ਨੀ ਝਲਕ ਜਰੂਰ ਦੇਣੀ ਬਣਦੀ ਹੈ। ਜਿਸ ਤੋਂ ਸ਼ਰਧਾ ਭਾਵਨੀ ਰੱਖਣ ਵਾਲੇ ਨਵੇਂ ਪੜ੍ਹਨਹਾਰ ਸਿੱਖ ਆਪ ਹੀ ਜਾਨਣਗੇ ਕਿ ‘ਮੁੰਦਾਵਣੀ’ ਮੁਹਰ ਛਾਪ ਇੱਕ ਸੁਣੀ ਸੁਣਾਈ ਗੱਲ ਹੈ ਕਿ ਤੱਥਾਂ ਅਧਾਰਿਤ ਹੈ।

ਹਵਾਲਾ ੧: ਅਠਾਰਵੀਂ ਸਦੀ ਦੇ ਮਹਾਨ ਵਿਦਿਵਾਨ, ਦਮਦਮੀ ਬੀੜ ਦੇ ਲਿਖ਼ਾਰੀ, ਪੰਥ ਤੋਂ ਕੁਰਬਾਨ ਹੋਣ ਵਾਲੇ ਭਾਈ ਮਨੀ ਸਿੰਘ ਜੀ ਸ਼ਹੀਦ ‘ਸਿੱਖਾਂ ਦੀ ਭਗਤਮਾਲ’ ਵਿਚ ਇਉਂ ਲਿਖਦੇ ਹਨ:

‘…ਸਿੱਖਾਂ ਨੇ ਅਰਦਾਸ ਕੀਤੀ ਜੋ ਗੋਸ਼ਟਾਂ ਅੱਗੇ ਹੋਈਆਂ ਹੈਨਿ ਸੋ ਮੇਲ (ਘਟੀਆ) ਵਾਲੀਆਂ ਗੋਸ਼ਟਾਂ ਵਿੱਚ ਆਪਣੀ ਮਤ ਦੀਆਂ ਬਾਤਾਂ ਲਿਖ ਛੋਡੀਆਂ ਹੈਨ … ਐਸੇ ਐਸੇ ਵਚਨ ਲਿਖਕੇ’ ਗੋਸ਼ਟਾਂ ਨੂੰ ਦੂਖਨ ਕੀਤਾ ਹੈ। ਤਾਂ ਇਸ ਗੋਸ਼ਟ ਦੇ ਭੋਗ ਤੇ ਮੁੰਦਾਵਣੀ ਲਿਖਦੇ ਹਾਂ। ਤੇ ਸਾਖੀਆਂ ਸਭ ਗਿਣ ਛੋਡਦੇ ਹਾਂ। ਏਨਾਂ ਸਾਖੀਆਂ ਥੀ ਬਿਨਾਂ ਜੋ ਹੋਰੁ ਸਾਖੀ ਵਿੱਚ ਕੋਈ ਲਿਖੇ ਨਹੀਂ’।

ਹੁਣ ਇਥੋਂ ਸਪਸ਼ਟ ਹੈ ਕਿ ਕਿਸੇ ਵੀ ਲਿਖਤ ਦੇ ਅੰਤ ਪਰ ਮੁੰਦਵਾਣੀ ਲਿਖੀ ਜਾਂਦੀ ਸੀ, ਭਾਵ ਲੇਖਣੀ ਮੁੰਦੀ ਜਾਂਦੀ ਸੀ ਤਾਂ ਕਿ ਕੁੱਝ ਨਾ ਲਿਖਿਆ ਜਾ ਸਕੇ। ਭਾਈ ਮਨੀ ਸਿੰਘ ਜੀ ਵਲੋਂ ਬਿਆਨੀ ਗਈ ਇਸ ਸਾਖੀ ਤੋਂ ਵੱਡੀ ਹੋਰ ਪ੍ਰਮਾਣਿਕਤਾ ਕੀ ਹੋ ਸਕਦੀ ਹੈ।

ਹਵਾਲਾ ੨: ੧੯ਵੀਂ ਸਦੀ ਵਿਚ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਰਤਾ ‘ਗੁਰਪਰਤਾਪ ਸੂਰਜ’ ਗ੍ਰੰਥ, ਮੁੰਦਾਵਣੀ ਪ੍ਰਤੀ ਇਉਂ ਲਿਖਦੇ ਹਨ:

ਲਿਖੇ ਸਮਸਤ ਸਵੈਯੇ ਸੋਊ ਸ੍ਰੀ ਗਿਰੰਥ ਸਾਹਿਬ ਮਾਹਿ।
ਅੰਤ ਸਰਬ ਕੇ ਲਿਖਿ ਮੁੰਦਾਵਣੀ ਮੁੰਦ੍ਰਿਤ ਮੁਹਰ ਲਗੀ ਜਨੁ ਵਾਹਿ।
ਭੋਗ ਸਕਲਿ ਬਾਣੀ ਕਾ ਪਾਯਹੁ ਮਹਿਮਾ ਜਿਸ ਕੀ ਕਹੀ ਨਾ ਜਾਇ।…
ਰਾਗਮਾਲ ਸ੍ਰੀ ਗੁਰੂ ਕੀ ਕ੍ਰਿਤ ਨਹਿਂ, ਹੈ ਮੁੰਦਾਵਣੀ ਲਗਿ ਗੁਰ ਬੈਨ।
ਇਸ ਮਹਿ ਨਹਿ ਸੰਸੇ ਕੁਝ ਕਰੀਅਹਿ ਜੇ ਸੰਸੇ ਅਵਲੋਕਹੁ ਨੈਨ।…’


ਕਵੀ ਸੰਤੋਖ ਜੀ ਨੇ ਵੀ ਮੁੰਦਾਵਣੀ ਬਾਣੀ ਨੂੰ ਮੋਹਰ ਛਾਪ ਲਿਖਿਆ ਅਤੇ ਇਸ ਪਰ ਹੀ ਭੋਗ ਲਿਖਿਆ ਹੈ।

ਹਵਾਲਾ ੩: ੧੯ਵੀਂ-੨੦ਵੀ ਸਦੀ ਦੇ ਵਿਦਿਵਾਨ ਗਿਆਨੀ ਗਿਆਨ ਸਿੰਘ ਜੀ, ‘ਤਵਾਰੀਖ ਗੁਰੂ ਖ਼ਾਲਸਾ’ ਵਿਚ ਮੁੰਦਵਾਣੀ ਪ੍ਰਤੀ ਇਉਂ ਲਿਖਦੇ ਹਨ:

‘ਸਾਰੀ ਬਾਣੀ ਲਿਖਾ ਕੇ ਗੁਰੂ ਜੀ ਨੇ ਅੰਤ ਨੂੰ ‘ਮੁੰਦਾਵਣੀ’ ਉਤੇ ਭੋਗ ਪਾ ਦਿੱਤਾ, ਕਿਉਂਕਿ ‘ਮੁੰਦਾਵਣੀ’ ਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿਚ ਮੋਹਰ ਲਾ ਕੇ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਛ ਨਹੀਂ’।

ਨਿਰਮਲਾ ਸੰਪਰਦਾ ਨਾਲ ਸੰਬੰਧਤ ਗਿਆਨੀ ਗਿਆਨ ਸਿੰਘ ਜੀ ਨੇ ਅਰਥ ਸਪਸ਼ਟ ਕਰ ਦਿੱਤੇ ਹਨ।

ਹਵਾਲਾ ੪: ੧੯ਵੀਂ-੨੦ਵੀਨ ਸਦੀ ਦੇ ਵਿਦਿਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ, ‘ਮਹਾਨ ਕੋਸ਼’ ਵਿਚ ਮੁੰਦਾਵਣੀ ਦੇ ਅਰਥ ਇਸਤਰਾਂ ਲ਼ਿਖਦੇ ਹਨ।

‘ਮੁਦ੍ਰਣ (ਮੁਹਰਛਾਪ ਲਾਉਣ) ਦੀ ਕ੍ਰਿਯਾ, ਮੁੰਦਣਾ… “ਮੁੰਦਾਵਣੀ ਮ:੫” ਸਿਰਲੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪੁਰ ਪਾਠ ਹੈ, ਜਿਸਦਾ ਭਾਵ ਅੰਤਿਮ ਮੁਹਰਛਾਪ ਹੈ। ਸਮਾਮਤੀ ਪੁਰ ਮੁਦ੍ਰਣ ਕਰਕੇ ਇਹ ਉਪਦੇਸ਼ ਹੈ ਕਿ ਇੱਥੇ ਧਰਮਗ੍ਰੰਥ ਦੇ ਪਾਠ ਦਾ ਭੋਗ ਹੈ’।…

ਹਵਾਲਾ ੫: ੧੯ਵੀਂ-੨੦ਵੀਂ ਸਦੀ ਦੇ ਵਿਦਿਵਾਨ ਪੰਡਿਤ ਤਾਰਾ ਸਿੰਘ ਨਿਰੋਤਮ, ‘ਗੁਰੂ ਗਿਰਾਰਥ ਕੋਸ਼’ ਵਿਚ ਮੁੰਦਵਾਣੀ ਦੇ ਇਉਂ ਅਰਥ ਦਸਦੇ ਹਨ:

‘ਮੁੰਦਾਵਣੀ. ਪੰ. ਗੁਰੁ ਛਨਾਂ ਬੋਲੇ ਅਰਜਨ ਸਾਹਿਬ ਜੀ ਕੇ ਬਿਵਾਹ ਸਮੇਂ ਇਸਤ੍ਰੀਉ ਨੇ ਜਨੇਤ ਕੀ ਥਾਲੀ ਆ ਬੰਧੀ। ਉਸ ਬੰਨਣੇ ਦਾ ਨਾਮ ਮੁੰਦਵਾਣੀ ਹੈ। ਮੁੰਦਣ ਸੇ ਮੁੰਦਾਵਣੀ ਨਾਮ ਬਨਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਥਾਲ ਵਿਚ ਤਿੰਨ ਵਸਤੂ ਪਾਈਆ ਇਤਯਾਦਿ ਪਾਠ। ਉਸ ਬੰਦੀ ਕੇ ਖੋਲਨੇ ਹੇਤ ਕਹਿਆ। ਵਹੀ ਪਾਠ ਸਾਹਿਬ ਜੀ ਕੀ ਸਮਾਪਤੀ ਸਮੇਂ ਅਪਨੀ ਮੁਹਰ ਰੂਪ ਕਰ ਅੰਤ ਮੇਂ ਰੱਖਾ ਰਾਗਮਾਲਾ ਕਾਹੂ ਨੇ ਪੀਛੇ ਸੇ ਪਾਈ। ਜੈਸੇ ਭਾਈ ਬੰਨੋ ਨੇ ਗੁਰੋਂ ਕੇ ਸਾਮਨੇ ਹੀ ਦੂਸਰੀ ਬੀੜ ਮੋ ਕਈ ਬਾਣੀਆਂ ਚੜ੍ਹਾਈਆ ਜਿਨਕੋ ਸੁਨ ਗੁਰੂ ਜੀ ਨੇ ਉਸ ਕਾ ਨਾਮ ਖਾਰੀ ਬੀੜ ਧਰਾ'।

ਕਈ ਭਾਸ਼ਵਾਂ ਅਤੇ ਗੁਰਬਾਣੀ ਦੇ ਗਿਆਤਾ ਪੰਡਿਤ ਜੀ ਵੀ ਸੰਪਰਦਾਈ ਪ੍ਰਣਾਲੀ ਨਾਲ ਸੰਬੰਧਤ ਸਨ।

ਉਪਰ ਪੇਸ਼ ਕੀਤੇ ਹਵਾਲਿਆ ਤੋਂ ‘ਮੁੰਦਾਵਣੀ’ ਬਾਬਤ ਬੜੀ ਹੀ ਸਟੀਕ ਜਾਣਕਾਰੀ ਮਿਲ ਗਈ ਹੈ। ਇਸਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੁਰਸਿੱਖ ਵਿਦਿਵਾਨ ਹਨ ਜਿਹਨਾਂ ਇਸ ਜਾਣਕਾਰੀ ਵਿਚ ਵਾਧਾ ਕੀਤਾ ਹੈ। ਇਸ ਜਾਣਕਾਰੀ ਦੀ ਰੋਸ਼ਨੀ ਵਿਚ ਮੁੰਦਾਵਣੀ ਦੇ ਅਰਥ ਮੁਹਰ-ਛਾਪ ਦੇ ਹਨ, ਇਹ ਪ੍ਰਮਾਣਿਕ ਹੋ ਜਾਂਦੇ ਹਨ। ਇਸਨੂੰ ਸੁਣੀ-ਸੁਣਾਈ ਗੱਲ ਆਖਣਾ, ਅਗਿਆਨਤਾ ਅਤੇ ਇਤਿਹਾਸ ਤੋਂ ਕੋਰੇ ਹੋਣ ਦਾ ਹੀ ਸਬੂਤ ਹੈ। ਇਹ ਸਹੀ ਹੈ ਕਿ ਸਾਨੂੰ ਰਲ ਮਿਲ ਕੇ ਹੀ ਵੀਚਾਰ ਕਰਨੀ ਬਣਦੀ ਹੈ ਤਾਂ ਕਿ ਗੁਰਸਿੱਖਾਂ ਵਿਚਲਾ ਆਪਸੀ ਪਿਆਰ ਵਧਾਇਆ ਜਾ ਸਕੇ।
ਭੁੱਲ ਚੁੱਕ ਦੀ ਖਿਮਾਂ।

ਦਾਸਨਿ ਦਾਸ,
ਜਸਜੀਤ ਸਿੰਘ
ਨਿਊਜਰਸੀ
Reply Quote TweetFacebook
Sorry, only registered users may post in this forum.

Click here to login