ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Fashion - What does Gurbani say about it

Posted by Kulbir Singh 
ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥ ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥ ਰਾਮੁ ਬਿਸਾਰਿਓ ਹੈ ਅਭਿਮਾਨਿ ॥ ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥ ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥ ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥ (ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ ॥ ਪੰਨਾ ੧੧੨੪)

ਅਰਥ ਵਿਚਾਰ: ਟੇਢੀ ਪੱਗ ਬੰਨਦੇ ਹਨ, ਟੇਢੇ ਚਲਦੇ ਹਨ ਭਾਵ ਪਾਪ ਕਰਦੇ ਹਨ ਅਤੇ ਬੀੜੇ (ਪਾਨ) ਖਾਣ ਵਿਚ ਲਗੇ ਰਹਿੰਦੇ ਹਨ। (ਅਜਿਹੇ ਲੋਕਾਂ ਦਾ) ਭਾਉ ਭਗਤਿ (ਪ੍ਰੇਮਾ ਭਗਤੀ) ਨਾਲ ਕੋਈ ਕੰਮ (ਕਾਜੁ) ਨਹੀਂ ਹੁੰਦਾ (ਉਹ ਸਗੋਂ ਮੂੰਹੋਂ ਇਉਂ ਹੰਕਾਰ ਵਿਚ ਬੋਲਦੇ ਹਨ ਕਿ) ਮੇਰਾ ਕੰਮ ਹੈ ਦੀਵਾਨ ਲਾਉਣੇ ਭਾਵ ਲੋਕਾਂ ਤੇ ਹੁਕਮ ਚਲਾਉਣੇ।੧। ਅਭਿਮਾਨੀ ਪੁਰਖ ਨੇ ਰਾਮ ਨੂੰ ਭੁਲਾਇਆ ਹੋਇਆ ਹੈ (ਭਾਵ ਨਾਮ ਨਹੀਂ ਜਪਦਾ)। ਉਸਨੇ ਸੋਨਾ (ਕਨਿਕ) ਅਤੇ ਇਸਤ੍ਰੀ ਨੂੰ ਬਹੁਤ ਸੁੰਦਰ (ਜਾਣ ਕੇ ਅਤੇ ਉਸਨੂੰ) ਦੇਖ ਦੇਖ ਕੇ (ਭਾਵ ਭੋਗ ਭੋਗ ਕੇ, ਇਸ ਕੂੜ ਪਸਾਰੇ ਨੂੰ) ਸਚ ਮੰਨਿਆ ਹੋਇਆ ਹੈ।ਰਹਾਉ। ਲਾਲਚ, ਝੂਠ ਅਤੇ ਬਿਕਾਰਾਂ ਦੇ ਮਹਾਂ ਮਦ (ਨਸ਼ੇ ਵਿਚ ਫਸੇ ਹੋਏ ਮਨੁੱਖ ਦੀ) ਇਸ ਤਰੀਕੇ (ਬਿਧਿ) ਨਾਲ ਹੀ ਉਮਰ (ਅਉਧ) ਗੁਜ਼ਰ ਜਾਂਦੀ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ ਓੜਕ (ਨਿਦਾਨਿ), ਅੰਤ ਵੇਲੇ ਕਾਲ ਨੇ (ਪਾਪੀ ਮਨੁੱਖ ਨੂੰ) ਆ ਲਗਣਾ ਹੈ ਭਾਵ ਪਾਪੀ ਨਰ ਨੂੰ ਜਮਾਂ ਨੇ ਆ ਗ੍ਰਸਣਾ ਹੈ।੨।

ਪੁਰਾਣੇ ਫੈਸ਼ਨ: ਇਹ ਸ਼ਬਦ, ਕਲਿਜੁਗ ਦੇ ਪ੍ਰਭਾਵ ਅਧੀਨ, ਅਕਾਲ ਪੁਰਖ ਨੂੰ ਬਿਸਾਰੀ ਬੈਠੇ ਬਹੁਗਿਣਤੀ ਲੋਕਾਂ ਦੀ ਦਾਸਤਾਨ ਹੈ। ਭਗਤ ਕਬੀਰ ਜੀ ਨੇ ਇਸ ਸ਼ਬਦ ਵਿਚ, ਅਯਾਸ਼ੀ ਕਰਦੇ ਹੋਏ, ਕਿਸੇ ਅਮੀਰਜ਼ਾਦੇ ਦਾ ਰੂਪਕ ਬੰਨਿਆ ਹੈ ਅਤੇ ਦਸਿਆ ਹੈ ਕਿ ਕਿਵੇਂ ਭੁੱਲੜ ਅਮੀਰਜ਼ਾਦੇ ਫੈਸ਼ਨ ਕਰਦੇ ਹਨ, ਪਾਪ ਕਰਦੇ ਹਨ ਅਤੇ ਭੱਖ-ਅਭੱਖ ਖਾਣ ਵਿਚ ਹੀ ਪਰਵਿਰਤ ਰਹਿੰਦੇ ਹਨ। ਭਗਤ ਕਬੀਰ ਜੀ ਦੇ ਜ਼ਮਾਨੇ ਵਿਚ ਅਯਾਸ਼ ਨੌਜਵਾਨਾਂ ਵਿਚ ਟੇਢੀ ਪੱਗ ਬੰਨਣ ਦਾ ਫੈਸ਼ਨ ਸੀ ਜਿਸਦਾ ਜ਼ਿਕਰ ਕਰਦੇ ਹੋਏ ਭਗਤ ਜੀ ਨੇ ਇੰਕਸ਼ਾਫ ਕੀਤਾ ਹੈ ਕਿ ਫੈਸ਼ਨਪ੍ਰਸਤ ਲੋਕ ਅਕਸਰ ਚਲਦੇ ਵੀ ਟੇਢੇ ਹਨ ਭਾਵ ਪਾਪ ਕਰਮ ਕਰਦੇ ਹਨ। ਮਾਇਆ ਦੇ ਮੱਦ ਵਿਚ ਮੱਤੇ ਹੋਏ ਅਜਿਹੇ ਲੋਕਾਂ ਨੂੰ ਜੇਕਰ ਕੋਈ ਨਾਮ ਜਪਣ ਲਈ ਕਹੇ ਜਾਂ ਅੰਮ੍ਰਿਤ ਛਕਣ ਲਈ ਪ੍ਰੇਰੇ ਤਾਂ ਉਹ ਕਹਿੰਦੇ ਹਨ ਕਿ ਨਾਮ ਅਸੀਂ ਬੁੱਢੇ ਹੋ ਕੇ ਜਪ ਲਵਾਂਗੇ, ਹੁਣ ਸਾਡਾ ਮੌਜ ਮਸਤੀ ਕਰਨ ਦਾ ਸਮਾਂ ਹੈ। ਉਸ ਜ਼ਮਾਨੇ ਵਿਚ ਵੀ ਲੋਕ ਅਜਕਲ ਵਾਂਗ ਉਸ ਸਮੇਂ ਦੇ ਸੰਸਾਰੀ ਝੰਝਟਾਂ ਵਿਚ ਫਸੇ ਰਹਿੰਦੇ ਸਨ ਅਤੇ ਭਗਤੀ ਵਲੋਂ ਅਵੇਸਲੇ ਰਹਿੰਦੇ ਸਨ। ਉਹਨਾਂ ਨੂੰ ਤਾੜਨਾ ਕਰਦੇ ਹੋਏ ਭਗਤ ਜੀ ਨੇ ਇਹ ਸ਼ਬਦ ਉਚਾਰਿਆ ਹੈ।

ਕਾਮ ਦੀ ਕਮਲੀ ਕੀਤੀ ਦੁਨੀਆ: ਇਸ ਸ਼ਬਦ ਵਿਚ ਦੋ ਵਡੇ ਐਬਾਂ ਦਾ ਜ਼ਿਕਰ ਕੀਤਾ ਹੈ - ਸੋਨਾ ਭਾਵ ਦੌਲਤ ਅਤੇ ਇਸਤ੍ਰੀ ਜੋ ਕਿ ਇਥੇ ਕਾਮ ਦੀ ਪ੍ਰਤੀਕ ਹੈ। ਅਜ ਦੀ ਦੁਨੀਆ ਤੇ ਜੇਕਰ ਗਹਿਰਾ ਗੌਰ ਕੀਤਾ ਜਾਵੇ ਤਾਂ ਸਮਝ ਆ ਜਾਂਦੀ ਹੈ ਕਿ ਸਾਰੀ ਦੁਨੀਆ ਹੀ ਕਨਿਕ ਕਾਮਣੀ ਭਾਵ ਦੌਲਤ ਅਤੇ ਕਾਮ ਦੀ ਕਮਲੀ ਕੀਤੀ ਹੋਈ ਹੈ। ਦੌਲਤ ਦੀ ਇਛਾ ਵੀ ਮਨੁੱਖ ਨੂੰ ਅਯਾਸ਼ੀ ਕਰਨ ਦੀ ਲਾਲਸਾ ਕਰਕੇ ਹੀ ਹੁੰਦੀ ਹੈ। ਅਯਾਸ਼ੀ ਵਿਚ ਲਬ ਅਤੇ ਕਾਮ ਦੀ ਪ੍ਰਧਾਨਤਾ ਹੁੰਦੀ ਹੈ। ਲਬ ਤੋਂ ਭਾਵ ਹੈ ਸੁਆਦੀ ਭੋਜਨ ਖਾਣ ਅਤੇ ਸ਼ਰਾਬ ਆਦਿ ਨਸ਼ੇ ਤੋਂ। ਪੂਰਬਲੇ ਸ਼ੁਭ ਕਰਮਾਂ ਕਰਕੇ ਇਨਸਾਨ ਨੂੰ ਦੌਲਤ ਅਤੇ ਆਰਾਮ ਵਾਲੀ ਜ਼ਿੰਦਗੀ ਮਿਲਦੀ ਹੈ ਤਾਂ ਕੇ ਉਹ ਪ੍ਰਭੂ ਦੀ ਭਗਤੀ ਵਲ ਬਿਨਾਂ ਰੁਕਾਵਟਾਂ ਤੋਂ ਲਗ ਸਕੇ ਪਰ ਜਦੋਂ ਦੌਲਤ ਆ ਜਾਂਦੀ ਹੈ ਤਾਂ ਕਮਲਾ ਇਨਸਾਨ ਇਸ ਦੌਲਤ ਨਾਲ ਅਯਾਸ਼ੀ ਕਰਦਾ ਹੈ। ਇਸ ਤਰ੍ਹਾਂ ਤਪੋਂ ਰਾਜ ਅਤੇ ਰਾਜੋਂ ਨਰਕ ਵਾਲੀ ਕਹਾਵਤ ਸੱਚੀ ਸਾਬਤ ਹੁੰਦੀ ਹੈ। ਕਾਮ ਦੀ ਪ੍ਰਧਾਨਗੀ ਅਜ ਦੇ ਸਮਾਜ ਵਿਚ ਇਸ ਕਦਰ ਛਾਈ ਹੋਈ ਹੈ ਕਿ ਅਜ ਕੋਈ ਵੀ ਕੰਮ, ਕਾਮ ਤੋਂ ਸੱਖਣਾ ਨਹੀਂ ਹੈ। ਟੀਵੀ ਦੇਖ ਲਓ, ਇੰਟਰਨੈਟ ਦੇਖ ਲਓ, ਕਿਤਾਬ ਪੜ੍ਹ ਲਓ, ਅਖਬਾਰ ਪੜ੍ਹ ਲਓ, ਹਰ ਪਾਸੇ ਹੀ ਕਾਮ ਦੀ ਨੁਮਾਇਸ਼ ਹੈ। ਭਾਂਵੇਂ ਕਾਰ ਦੀ ਐਡ ਹੋਵੇ, ਭਾਂਵੇਂ ਕਿਸੇ ਪਕਵਾਨ ਦੀ ਐਡ ਹੋਵੇ, ਉਸ ਵਿਚ ਇਸਤ੍ਰੀ ਦੇ ਸਰੀਰ ਦੀ ਨੁਮਾਇਸ਼ ਜ਼ਰੂਰ ਹੁੰਦੀ ਹੈ। ਇਸਦਾ ਕਾਰਨ ਇਹ ਹੈ ਕਿ ਕਾਮੀ ਦੁਨੀਆ ਨੂੰ ਰੀਝਾਉਣ ਲਈ ਕਾਮ ਦੀ ਵਰਤੋਂ ਕੀਤੀ ਜਾਂਦੀ ਹੈ। ਕਾਰ ਦੀ ਵਿਕਰੀ ਵਧਾਉਣ ਲਈ ਸਰੀਰ ਦੀ ਨੁਮਾਇਸ਼ ਕਰ ਰਹੀ ਇਸਤ੍ਰੀ ਨੂੰ ਉਸ ਕਾਰ ਦੇ ਨਾਲ ਖੜਾ ਕਰਕੇ ਫੋਟੋ ਜਾਂ ਮੂਵੀ ਬਣਾ ਕੇ ਐਡ ਦਿਤੀ ਜਾਂਦੀ ਹੈ। ਕੋਈ ਕਿਤਾਬ ਦੇਖ ਲਓ, ਉਸ ਵਿਚ ਵੀ ਕਾਮ ਵਾਲੀਆਂ ਹੀ ਕਥਾਵਾਂ ਹੁੰਦੀਆਂ ਹਨ। ਫਿਲਮਾਂ ਵਿਚ ਵੀ ਕਾਮ ਨਾਲ ਸੰਬੰਧਤ ਇਸ਼ਕੀਆਂ ਕਹਾਣੀਆਂ ਹੀ ਦਰਸਾਈਆਂ ਜਾਂਦੀਆਂ ਹਨ। ਵੱਖ ਵੱਖ ਅਦਾਰਿਆਂ ਵਲੋਂ ਇਕੱਠੇ ਕੀਤੇ ਜਾ ਰਹੇ ਅੰਕੜੇ ਵੀ ਇਹੋ ਦਰਸਾਉਂਦੇ ਹਨ ਕਿ ਜਿਸ ਚੀਜ਼ ਦੀ ਵਿਕਰੀ ਵਧਾਉਣੀ ਹੋਵੇ ਜਾਂ ਜਿਸ ਚੀਜ਼ ਜਾਂ ਸਿਧਾਂਤ ਜਾਂ ਸ਼ਖਸ ਨੂੰ ਲੋਕਾਂ ਵਿਚ ਮਕਬੂਲੋ ਮਸ਼ਹੂਰ ਕਰਨਾ ਹੋਵੇ, ਉਸ ਵਿਚ ਜ਼ਰਾ ਕੁ ਕਾਮ ਦਾ ਜ਼ਾਇਕਾ ਮਿਲਾ ਦਿਓ, ਕਾਮਯਾਬੀ ਮਿਲ ਜਾਵੇਗੀ। ਇਸਦਾ ਕਾਰਨ ਇਹ ਹੈ ਕਿ ਸਾਰੀ ਹੀ ਦੁਨੀਆ, ਕਨਿਕ-ਕਾਮਣੀ ਦੇ ਮੱਦ ਵਿਚ ਮੱਤੀ ਹੋਈ ਹੈ ਅਤੇ ਗੁਰਮਤਿ ਤੋਂ ਮੂਲੋਂ ਹੀ ਹੀਣੀ ਹੈ।

ਫੈਸ਼ਨ ਕਿਉਂ ਕੀਤਾ ਜਾਂਦਾ ਹੈ: ਫੈਸ਼ਨ ਕਰਨ ਦਾ ਮੁਖ ਕਾਰਨ ਇਹ ਹੈ ਕਿ ਹਰੇਕ ਦੀ ਇਛਾ ਹੈ ਕਿ ਉਹ ਸੰਸਾਰ ਦੀ ਮੁਖਧਾਰਾ ਵਿਚ ਸ਼ਾਮਲ ਹੋਵੇ ਅਤੇ ਸੰਸਾਰ ਦੀ ਮੁਖਧਾਰਾ ਵਿਚ ਸ਼ਾਮਲ ਹੋਣ ਲਈ ਸੰਸਾਰ ਨੂੰ ਭਾਉਣ ਵਾਲੇ ਕੰਮ ਕਰਨੇ ਪੈਂਦੇ ਹਨ। ਫੈਸ਼ਨ ਵੀ ਇਕ ਅਜਿਹਾ ਕੰਮ ਹੈ ਜੋ ਸੰਸਾਰ ਦੇ ਬਹੁਗਿਣਤੀ ਲੋਕ ਕਰਦੇ ਹਨ। ਮਸਲਨ ਜੇਕਰ ਸੂਟਾਂ ਦਾ ਇਕ ਨਵਾਂ ਫੈਸ਼ਨ ਸ਼ੁਰੂ ਹੋ ਜਾਵੇ ਤਾਂ ਹਰੇਕ ਇਸਤਰੀ ਨਵੇਂ ਫੈਸ਼ਨ ਵਾਲੇ ਸੂਟ ਬਨਵਾਉਣਾ ਚਾਹੁੰਦੀ ਹੈ ਤਾਂ ਜੋ ਉਹ ਸੰਸਾਰ ਦੀ ਮੁਖਧਾਰਾ ਵਿਚ ਸ਼ਾਮਲ ਰਹੇ। ਇਹ ਭੇਡਚਾਲ ਵਾਂਗ ਹੈ। ਦੂਸਰਾ ਕਾਰਨ ਫੈਸ਼ਨ ਕਰਨ ਦਾ ਹੁੰਦਾ ਹੈ, ਲੋਕਾਂ ਨੂੰ ਚੰਗਾ ਲਗਣ ਦੀ ਲਾਲਸਾ। ਲੋਕ ਸੋਚਦੇ ਹਨ ਕਿ ਕਪੜਿਆਂ ਨਾਲ ਹੀ ਚੰਗੇ ਲਗ ਸਕੀਏ ਤਾਂ ਸੌਦਾ ਸਸਤਾ ਹੈ। ਸ਼ੁਭ ਗੁਣਾਂ ਦਆਰਾ ਚੰਗੇ ਬਨਣਾ ਅਉਖਾ ਹੈ ਪਰ ਫੈਸ਼ਨ ਵਾਲੇ ਕਪੜੇ ਪਾਉਣ ਨਾਲ ਸਹਿਜ ਹੀ ਸੋਹਣੇ ਬਨਣ ਦਾ ਭਰਮ ਪੈਦਾ ਹੋ ਜਾਂਦਾ ਹੈ। ਜਵਾਨ ਲੜਕੇ ਲੜਕੀਆਂ ਅਕਸਰ ਫੈਸ਼ਨ ਦੀ ਵਰਤੋਂ ਇਕ ਦੂਜੇ ਨੂੰ ਆਕਰਸ਼ਤ ਕਰਨ ਲਈ ਕਰਦੇ ਹਨ ਜੋ ਕਿ ਕਾਮ ਦਾ ਹੀ ਇਕ ਰੂਪ ਹੈ।

ਫੈਸ਼ਨ ਕਾਰਨ ਜੁੜੇ ਸੰਬੰਧ: ਗੁਰੂ ਜੀ ਨੇ ਪੁਰਾਣੇ ਜ਼ਮਾਨੇ ਵਿਚ ਫੈਸ਼ਨ ਅਧੀਨ ਟੇਢੀ ਪੱਗ ਬੰਨਣ ਵਾਲਿਆਂ ਨੂੰ ਤਾੜਨਾ ਕੀਤੀ ਹੈ ਅਤੇ ਇਹ ਤਾੜਨਾ ਅਜ ਦੇ ਫੈਸ਼ਨਪ੍ਰਸਤਾਂ ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੈ। ਅਜ ਟੇਢੀ ਪੱਗ ਦੀ ਥਾਂ ਬੋਦਿਆਂ ਨੇ ਲੈ ਲਈ ਹੈ ਅਤੇ ਇਸਤਰੀ ਦੇ ਸੁੰਦਰ ਲੰਬੇ ਕੇਸਾਂ ਦੀ ਥਾਂ ਤੇ ਪਟੇ ਆ ਗਏ ਹਨ ਪਰ ਫੈਸ਼ਨ ਦੇ ਪਿਛੇ ਜੋ ਭਾਵਨਾ ਹੈ ਉਹ ਸਹੀ ਨਹੀਂ ਹੈ। ਜਵਾਨ ਲੜਕੇ ਲੜਕੀਆਂ ਇਕ ਦੂਜੇ ਨੂੰ ਆਪਣੇ ਵੱਲ ਖਿਚਣ ਲਈ ਭਾਂਤਿ ਭਾਂਤਿ ਦੇ ਫੈਸ਼ਨ ਕਰਦੇ ਹਨ। ਪਹਿਲਾਂ ਇਸਤਰੀਆਂ ਕਪੜਿਆਂ ਦੀ ਨੁਮਾਇਸ਼ ਕਰਕੇ ਲੜਕਿਆਂ ਨੂੰ ਆਪਣੇ ਵਲ ਖਿਚਦੀਆਂ ਸਨ ਪਰ ਹੁਣ ਘੋਰ ਕਲਿਜੁਗ ਦੇ ਸਮੇਂ ਵਿਚ ਤਾਂ ਸਿਧੀ ਹੀ ਸਰੀਰ ਦੀ ਨੁਮਾਇਸ਼ ਕਰਕੇ ਲੜਕੇ ਲੜਕੀਆਂ ਇਕ ਦੂਜੇ ਨੂੰ ਆਪਣੇ ਵਲ ਖਿਚਣ ਦੀ ਕੋਸ਼ਿਸ਼ ਕਰਦੇ ਹਨ। ਐਸੇ ਸੰਬੰਧ ਜੋ ਸਰੀਰ ਦੀ ਨੁਮਾਇਸ਼ ਦੁਆਰੇ ਸਥਾਪਤ ਹੁੰਦੇ ਹਨ, ਉਹਨਾਂ ਦੀ ਉਮਰ ਵੀ ਬਹੁਤ ਘਟ ਹੁੰਦੀ ਹੈ। ਇਹੋ ਹੀ ਕਾਰਨ ਹੈ ਕਿ ਅਜਕਲ ਇਸ਼ਕੀ ਯਾਰੀਆਂ ਕਦੋਂ ਜੁੜਦੀਆਂ ਹਨ ਅਤੇ ਕਦੋ ਟੁੱਟ ਜਾਂਦੀਆਂ ਹਨ ਕੁਝ ਪਤਾ ਹੀ ਨਹੀਂ ਲਗਦਾ। ਖਾਨਦਾਨਾਂ ਦੀਆਂ ਇਜ਼ਤਾਂ ਮਿਟੀ ਵਿਚ ਮਿਲ ਗਈਆਂ ਹਨ ਅਤੇ ਹੁਣ ਇਹ ਹਾਲ ਹੈ ਕਿ ਮਾਪੇ ਖੁਦ ਹੀ ਆਪਣੀਆਂ ਧੀਆਂ ਤੋਂ ਇਹ ਆਸ ਰਖਣ ਲਗ ਪਏ ਹਨ ਕਿ ਉਹ ਆਪਣਾ ਵਰ ਆਪੇ ਹੀ ਤਲਾਸ਼ ਲੈਣ। ਅਲਹੜ ਲੜਕੀਆਂ ਵਿਚਾਰੀਆਂ ਨੂੰ ਕੀ ਪਤਾ ਕਿ ਕਿਵੇਂ ਸਹੀ ਵਰ ਲਭਣਾ ਹੈ। ਸਹੀ ਵਰ ਤਲਾਸ਼ਦੀਆਂ ਹੋਈਆਂ ਉਹ ਅਕਸਰ ਕਈਆਂ ਲੜਕਿਆਂ ਦੀ ਹਵਸ ਦਾ ਸ਼ਿਕਾਰ ਬਣਦੀਆਂ ਹਨ ਅਤੇ ਇਸ ਤਰ੍ਹਾਂ ਖੁਆਰ ਹੁੰਦੀਆਂ ਹਨ।

ਅਯਾਸ਼ੀ ਦਾ ਫਲ: ਜਦੋਂ ਪਿਛਲੇ ਕਰਮਾਂ ਕਰਕੇ ਅਯਾਸ਼ੀ ਦੇ ਸਾਮਾਨ ਮੁਯੱਸਰ (ਹਾਸਲ) ਹੋਣ ਤਾਂ ਮਨੁੱਖ ਦੀ ਅੱਖ ਪਾਪਾਂ ਵਲੋਂ ਉਘੜਦੀ ਹੀ ਨਹੀਂ ਪਰ ਸਮਾਂ ਆਉਣ ਤੇ ਜਦੋਂ ਪਿਛਲੇ ਕਰਮ ਖਰਚ ਹੋ ਜਾਂਦੇ ਹਨ ਤਾਂ ਇਨਸਾਨ ਤੇ ਮਾੜਾ ਸਮਾਂ ਸ਼ੁਰੂ ਹੋ ਜਾਂਦਾ ਹੈ। ਮਨੁੱਖ ਬੀਮਾਰੀਆਂ, ਮੁਸੀਬਤਾਂ ਅਤੇ ਝਗੜੇ ਝੇੜਿਆਂ ਵਿਚ ਘਿਰ ਜਾਂਦਾ ਹੈ ਅਤੇ ਉਸਦਾ ਜੀਵਨ ਨਰਕ ਸਾਮਾਨ ਹੋ ਜਾਂਦਾ ਹੈ। ਜਿੰਨਾਂ ਨੂੰ ਜੀਉਂਦੇ ਜੀ, "ਦੂਖ ਭੂਖ ਸਦ ਮਾਰ" ਦੀ ਦਾਤਿ ਮਿਲ ਜਾਂਦੀ ਹੈ, ਉਹ ਗੁਰਮਤਿ ਵੱਲ ਮੁੜ ਪੈਂਦੇ ਹਨ ਅਤੇ ਪਾਪਾਂ ਤੋਂ ਤੌਬਾ ਕਰ ਲੈਂਦੇ ਹਨ ਪਰ ਬਹੁਤੇ ਅਜਿਹੇ ਅਭਾਗੇ ਹੁੰਦੇ ਹਨ ਜਿਨਾਂ ਨੂੰ ਸਾਰੀ ਉਮਰ ਪਤਾ ਹੀ ਨਹੀਂ ਲਗਦਾ ਕਿ ਉਹ ਪਾਪ ਕਰ ਰਹੇ ਹਨ। ਉਹਨਾਂ ਦੀ ਜਾਗ ਉਦੋਂ ਹੀ ਖੁਲਦੀ ਹੈ ਜਦੋਂ ਜਮ ਦਾ ਡੰਡਾ ਸਿਰ ਵਿਚ ਪੈਂਦਾ ਹੈ। ਪਾਪੀ ਜੀਊੜੇ ਨੂੰ ਜਮ ਪਰਲੋਕ ਵਿਚ ਸਜ਼ਾ ਭੁਗਤਾਉਣ ਲਈ ਲੈ ਜਾਂਦੇ ਹਨ ਅਤੇ ਜੀਵ ਵਿਚਾਰਾ ਚੁਰਾਸੀ ਵਿਚ ਦੀਰਘ ਕਾਲ ਲਈ ਫੱਸ ਜਾਂਦਾ ਹੈ। ਜਦੋਂ ਤੱਕ ਜੀਵ ਸਰੀਰ ਵਿਚ ਜੀਵਤ ਹੈ ਉਦੋਂ ਤੱਕ ਉਸ ਪਾਸ ਮੌਕਾ ਹੈ ਕਿ ਪਾਪਾਂ ਤੋਂ ਤੌਬਾ ਕਰਕੇ, ਗੁਰਮਤਿ ਪ੍ਰੇਮਾ ਭਗਤੀ ਵਿਚ ਪਰਵਿਰਤ ਹੋ ਕੇ ਆਪਣਾ ਮਨੁੱਖਾ ਜਨਮ ਸਫਲ ਕਰ ਲਵੇ ਪਰ ਜੇਕਰ ਇਕ ਵਾਰੀ ਇਹ ਨਿਮਾਣੀ ਜਿੰਦੜੀ, ਕਾਲ ਦੇ ਵੱਸ ਪੈ ਗਈ ਫੇਰ ਤਾਂ ਲੰਬੇ ਹੀ ਵਿਛੋੜੇ ਪੈ ਜਾਂਦੇ ਹਨ। ਭਗਤ ਜੀ ਦੇ ਇਸ ਸ਼ਬਦ ਦਾ ਤੱਤਸਾਰ ਇਹ ਹੈ ਕਿ ਪਾਪ ਕਰਮਾਂ ਤੋਂ ਮੂੰਹ ਮੋੜ ਕੇ ਗੁਰਮਤਿ ਵੱਲ ਨੂੰ ਧਾਈ ਕੀਤੀ ਜਾਵੇ ਅਤੇ ਇਸ ਬਿਧਿ ਗੁਰੂ ਜੀ ਦੇ ਹੁਕਮਾਂ ਦੀ ਤਾਮੀਲ ਕਰਕੇ ਆਪਣਾ ਮਨੁੱਖਾ ਜਨਮ ਸਫਲ ਕੀਤਾ ਜਾਵੇ।

ਗੁਰਸਿਖਾਂ ਦਾ ਫੈਸ਼ਨ: ਗੁਰਸਿਖ ਦੀ ਇਕ ਨਿਸ਼ਾਨੀ ਇਹ ਹੈ ਕਿ ਉਹ ਕਦੇ ਵੀ ਸੰਸਾਰੀ ਫੈਸ਼ਨ ਵਿਚ ਪ੍ਰਵਿਰਤਿ ਨਹੀਂ ਹੁੰਦਾ। ਸੰਸਾਰੀ ਫੈਸ਼ਨ ਲੋਕ ਇਸ ਕਰਕੇ ਕਰਦੇ ਹਨ ਕਿ ਉਹ ਲੋਕਾਂ ਨੂੰ ਰੀਝਾ ਸਕਣ ਪਰ ਗੁਰਸਿਖ ਦਾ ਇਹ ਮਕਸਦ ਹੀ ਨਹੀਂ ਹੁੰਦਾ ਕਿ ਉਹ ਲੋਕਾਂ ਨੂੰ ਰੀਝਾਵੇ। ਗੁਰਸਿਖ ਦਾ ਜੀਵਨ ਤਾਂ ਗੁਰੂ ਕਰਤਾਰ ਨੂੰ ਰੀਝਾਉਣ ਤੇ ਹੀ ਲਗਦਾ ਹੈ। ਗੁਰੂ ਜੀ ਦਾ ਸੁਭਾਓ ਅਟਲ ਹੈ ਅਤੇ ਜੋ ਗੁਰਮਤਿ ਇਕ ਵਾਰ ਨੀਯਤ ਕਰ ਦਿਤੀ ਗਈ ਹੈ, ਉਹ ਕਦੇ ਨਹੀਂ ਬਦਲਣੀ। ਗੁਰਮਤਿ ਅਨੁਸਾਰੀ ਲਿਬਾਸ ਨੂੰ ਗੁਰੂ ਜੀ ਇਕ ਵਾਰੀ ਇੰਤਖਾਬ ਕਰ ਚੁਕੇ ਹਨ ਜੋ ਕਿ ਗੁਰਮੁਖੀ ਬਾਣੇ ਦੇ ਰੂਪ ਵਿਚ ਖਾਲਸੇ ਵਿਚ ਅਜ ਤਕ ਪ੍ਰਚਲਤ ਹੈ ਅਤੇ ਰਹਿੰਦੀ ਦੁਨੀਆ ਤਕ ਰਹੇਗਾ। ਇਸ ਗੁਰਮੁਖੀ ਬਾਣੇ ਦੇ ਧਾਰਣੀ ਹੋਣਾ ਹੀ ਗੁਰਸਿਖਾਂ ਦਾ ਫੈਸ਼ਨ ਹੈ। ਸੋਹਣਾ ਦਸਤਾਰਾ ਸਜਾ ਕੇ, ਉਪਰ ਖੰਡਾ ਅਤੇ ਚੱਕਰ ਆਦਿ ਸਜਾਉਣੇ ਖਾਲਸੇ ਦਾ ਫੈਸ਼ਨ ਹੈ। ਇਹ ਫੈਸ਼ਨ ਛੋਟੇ ਬਚਿਆਂ ਤੋਂ ਲੈ ਕੇ ਵਡਿਆਂ ਬਜ਼ੁਰਗਾਂ ਤੱਕ ਇਕੋ ਜਿਹਾ ਰਹਿੰਦਾ ਹੈ। ਇਥੇ ਉਮਰ ਦਾ ਕੋਈ ਫਰਕ ਨਹੀਂ ਅਤੇ ਇਸਤਰੀ ਮਰਦਾ ਦਾ ਵੀ ਕੋਈ ਫਰਕ ਨਹੀਂ। ਗੁਰਮੁਖੀ ਬਾਣਾ ਅਤੇ ਸੋਹਣਾ ਦਸਤਾਰਾ ਸਰਬਤ ਖਾਲਸੇ ਦਾ ਲਿਬਾਸ ਹੈ ਅਤੇ ਇਹੋ ਹੀ ਖਾਲਸੇ ਦਾ ਅਟਲ ਫੈਸ਼ਨ ਹੈ। ਖਾਲਸੇ ਦੇ ਸਾਦੇ ਚਾਰ ਰੰਗਾਂ - ਨੀਲਾ, ਬਸੰਤੀ, ਚਿੱਟਾ ਅਤੇ ਕਾਲਾ - ਤੋਂ ਇਲਾਵਾ ਹੋਰ ਭੜਕੀਲੇ ਅਤੇ ਵੰਨ ਸੁਵੰਨੇ ਰੰਗਾਂ ਤੋਂ ਖਾਲਸਾ ਜਨ ਦੂਰ ਰਹਿੰਦੇ ਹਨ। ਖਾਲਸਾ ਜੀ ਨੂੰ ਪਤਾ ਹੈ ਕਿ ਵਾਹਿਗੁਰੂ ਪਿਰਮ ਨੇ ਗੁਰਮਤਿ ਗੁਣਾਂ ਤੇ ਰੀਝਣਾ ਹੈ ਨਾ ਕੇ ਸੰਸਾਰੀ ਫੈਸ਼ਨਾਂ ਅਤੇ ਸਰੀਰਾਂ ਦੀ ਨੁਮਾਇਸ਼ ਨਾਲ। ਸੋ ਉਹ ਇੰਨਾਂ ਕੰਮਾਂ ਵਿਚ ਪੈਂਦਾ ਹੀ ਨਹੀਂ।

ਸਿਖ ਦੀ ਅਵਸਥਾ ਦੇਖਣੀ ਹੋਵੇ ਤਾਂ ਉਸਦਾ ਲਿਬਾਸ ਇਕ ਵਡਾ ਸੰਕੇਤਕ ਹੈ। ਜੇਕਰ ਕਿਸੇ ਸਿਖ ਦਾ ਲਿਬਾਸ ਫੈਸਨ ਵਾਲਾ ਹੈ ਅਤੇ ਸੰਸਾਰੀ ਮੁੱਖਧਾਰਾ ਵਾਲਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਾਲੇ ਕੋਈ ਖਾਸ ਆਤਮਕ ਅਵਸਥਾ ਹਾਸਲ ਨਹੀਂ ਹੋਈ। ਜੇਕਰ ਗੁਰਸਿਖ ਬਣਕੇ ਵੀ ਉਹੋ ਹੀ ਮਨਮੁਖੀ ਫੈਸ਼ਨ ਕਰਨੇ ਹਨ ਤਾਂ ਫੇਰ ਗੁਰਸਿਖ ਬਨਣ ਦਾ ਫਾਇਦਾ ਕੀ? ਗੁਰਸਿਖੀ ਵਿਚ ਬਹੁਤ ਖੂਬਸੂਰਤੀ ਹੈ ਪਰ ਇਹ ਖੂਬਸੂਰਤੀ ਸਾਦਗੀ ਵਿਚ ਹੈ। ਕਦੇ ਗੁਲਾਬ ਦੇ ਫੁਲ ਨੂੰ ਵੀ ਮੇਕਅਪ ਕਰਨਾ ਪੈਂਦਾ ਹੈ? ਜਿਨਾਂ ਦੇ ਮੁੱਖ ਨਾਮ ਬਾਣੀ ਕਰਕੇ ਰੌਸ਼ਨ ਹੋਣ, ਉਹਨਾਂ ਰੁਖ਼ਸਾਰਾਂ ਨੂੰ ਮੇਕਅਪ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਜੇਕਰ ਕਿਤੇ ਭੁਲੇਖੇ ਨਾਲ ਵੀ ਉਹ ਮੇਕਅਪ ਕਰ ਲੈਣ ਤਾਂ ਉਹਨਾਂ ਦੇ ਚਿਹਰੇ ਤੋਂ ਇਲਾਹੀ ਨੂੰਰ ਗ਼ਾਇਬ ਹੋ ਜਾਂਦਾ ਹੈ। ਸਿਖ ਦੇ ਜੀਵਨ ਵਿਚ ਗੁਰਮੁਖਾਂ ਵਾਲੀ ਸਾਦਗੀ ਦਾ ਹੋਣਾ ਅਤਿ-ਲਾਜ਼ਮੀ ਹੈ। ਸਿਖ ਦੀ ਗੁਫਤਾਰ (ਗਲਬਾਤ) ਵਿਚ ਵੀ ਸਾਦਗੀ ਹੁੰਦੀ ਹੈ, ਉਸਦੀ ਦਸਤਾਰ (ਲਿਬਾਸ ਆਦਿ) ਵਿਚ ਵੀ ਸਾਦਗੀ ਹੁੰਦੀ ਹੈ ਅਤੇ ਉਸਦੀ ਰਫਤਾਰ ਵਿਚ ਵੀ ਸਾਦਗੀ ਹੁੰਦੀ ਹੈ। ਰਫਤਾਰ ਤੋਂ ਭਾਵ ਇਥੇ ਕੇਵਲ ਤੁਰਨ ਦੀ ਚਾਲ ਨਹੀਂ ਹੈ ਬਲਕਿ ਜ਼ਿੰਦਗੀ ਦੀ ਚਾਲ ਤੋਂ ਵੀ ਹੈ। ਜੇਕਰ ਗੁਰਸਿਖ ਮਹਿਲ ਮਾੜੀਆਂ ਬਨਾਉਣ ਦੇ ਚਕਰ ਵਿਚ ਭੱਜਾ ਫਿਰਦਾ ਹੈ ਤਾਂ ਉਸਦੀ ਰਫਤਾਰ ਵਿਚ ਚੰਚਲਤਾਈ ਹੈ, ਸਾਦਗੀ ਨਹੀਂ। ਗੁਰਸਿਖ ਦਾ ਜੀਵਨ ਵਾਹਿਗੁਰੂ ਨੂੰ ਰੀਝਾਉਣ ਵਲ ਹੀ ਲਗਦਾ ਹੈ, ਹੋਰ ਕਿਸੇ ਪਾਸੇ ਨਹੀਂ। ਗੁਰੂ ਜੀ ਕਿਰਪਾ ਕਰਨ, ਸਾਨੂੰ ਦੁਨੀਆ ਦੇ ਇਹਨਾਂ ਫੈਸ਼ਨ, ਤ੍ਰਿਸ਼ਨਾ, ਲਬ ਲੋਭ ਆਦਿ ਮਾਇਆਵੀ ਬੰਧਨਾਂ ਤੋਂ ਮੁਕਤੀ ਬਖਸ਼ਣ ਅਤੇ ਆਪਣੀ ਤੱਤ ਗੁਰਮਤਿ ਦੇ ਧਾਰਣੀ ਬਨਾਉਣ।

ਕੁਲਬੀਰ ਸਿੰਘ ਟਰਾਂਟੋ

Reply Quote TweetFacebook
ਗੁਫਤਾਰ, ਦਸਤਾਰ, ਰਫਤਾਰ

Vaah Vaah! Boht Khoob Ji!

Amazing article, any serious seeker of Waheguru should follow this Sikhia to the T. Gurmukhi Bana is often overlooked today. Really powerful message, especially for our youth.
Reply Quote TweetFacebook
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
Reply Quote TweetFacebook
Vaheguru! Amazing Shabad by Bhagat Kabir jee.

The saddest thing is that now even Gursikhs don't stop caring about fashion and societal acceptance. Even in Gurmukhi Bana they try to find a way to show off their bodies and entice the other gender. Guru jee Kirpa Karan.

Please write more such articles so our youth can be awakened to Gurmat.

Preetam Singh
Reply Quote TweetFacebook
Quote
ਕਦੇ ਗੁਲਾਬ ਦੇ ਫੁਲ ਨੂੰ ਵੀ ਮੇਕਅਪ ਕਰਨਾ ਪੈਂਦਾ ਹੈ? ਜਿਨਾਂ ਦੇ ਮੁੱਖ ਨਾਮ ਬਾਣੀ ਕਰਕੇ ਰੌਸ਼ਨ ਹੋਣ, ਉਹਨਾਂ ਰੁਖਸਾਰਾ ਨੂੰ ਮੇਕਅਪ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਜੇਕਰ ਕਿਤੇ ਭੁਲੇਖੇ ਨਾਲ ਵੀ ਉਹ ਮੇਕਅਪ ਕਰ ਲੈਣ ਤਾਂ ਉਹਨਾਂ ਦੇ ਚਿਹਰੇ ਤੋਂ ਇਲਾਹੀ ਨੂੰਰ ਗ਼ਾਇਬ ਹੋ ਜਾਂਦਾ ਹੈ।

Beautiful article! Loved that line the best. May Guru Sahib bless us all with the honour of wearing Gurmukhi Bana and eschewing all Manmukhi, slavery clothing.
Reply Quote TweetFacebook
Sorry, only registered users may post in this forum.

Click here to login