ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Baadshah Darvesh Guru Gobind Singh

Posted by Kulbir Singh 
ਬਾਦਸ਼ਾਹ ਦਰਵੇਸ਼ – ਸ੍ਰੀ ਗੁਰੂ ਗੋਬਿੰਦ ਸਿੰਘ ਜੀ


ਭਾਈ ਨੰਦਲਾਲ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਦਰਵੇਸ਼ ਕਿਹਾ ਹੈ ਅਤੇ ਕਿਆ ਖੂਬ ਕਿਹਾ ਹੈ। ਨਾ ਤਾਂ ਕੋਈ ਗੁਰੂ ਜੀ ਵਰਗਾ ਬਾਦਸ਼ਾਹ ਹੋਇਆ ਹੈ ਅਤੇ ਨਾ ਹੀ ਕੋਈ ਐਸਾ ਦਰਵੇਸ਼ ਹੋਇਆ ਹੈ। ਇਸ ਦੁਨੀਆ ਵਿਚ ਗੁਰੂ ਜੀ ਦਾ ਪਰਗਟ ਹੋਣਾ ਇਕ ਬਹੁਤ ਵਡੀ ਘਟਨਾ ਹੈ। ਗੁਰੂ ਸਾਹਿਬ ਜੀ ਦਾ ਰੂਪ ਐਸਾ ਅਨੂਪ ਸੀ ਕਿ ਕੋਈ ਮਿਸਾਲ ਨਹੀਂ ਮਿਲਦੀ ਅਤੇ ਉਸ ਤੇ ਚਾਰ ਚੰਦ ਲਾਉਂਦਾ ਸੀ ਗੁਰੂ ਜੀ ਦਾ ਸਰੂਪ ਜੋ ਕਿ ਸ਼ਾਹੀ ਨੀਲਾ ਬਾਣਾ, ਸਿਰ ਪਰ ਦਸਤਾਰ ਤੇ ਸੋਹੰਦੀ ਬੇਨਜ਼ੀਰ ਕਲਗੀ ਸੀ, ਹੱਥ ਵਿਚ ਚਿੱਟਾ ਬਾਜ਼ ਅਤੇ ਪੈਰਾਂ ਹੇਠ ਨੀਲਾ ਘੋੜੇ ਵਾਲਾ ਸੀ। ਇਹ ਇਕ ਐਸੀ ਦਿਲਕਸ਼ ਹਸਤੀ ਦਾ ਜ਼ਹੂਰ ਇਸ ਫਾਨੀ ਸੰਸਾਰ ਵਿਚ ਹੋਇਆ ਸੀ ਕਿ ਨਾ ਤਾਂ ਪਹਿਲਾਂ ਕਦੇ ਲੁਕਾਈ ਨੂੰ ਦੇਖਣ ਨੂੰ ਮਿਲਿਆ ਸੀ ਅਤੇ ਨਾ ਹੀ ਕਦੇ ਫੇਰ ਨਸੀਬ ਹੋਵੇਗਾ। ਗੁਰੂ ਜੀ ਨੇ ਕਦੇ ਕੋਈ ਇਲਾਕਾ ਮੱਲ ਕੇ ਉਸ ਪਰ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੇ ਕਦੇ ਆਪਣਾ ਹੋਰ ਦੁਨਿਆਵੀ ਰਾਜਿਆਂ ਵਾਂਗ ਰਾਜ ਅਭਿਸ਼ੇਕ ਕੀਤਾ ਸੀ ਪਰ ਫੇਰ ਵੀ ਲੁਕਾਈ ਉਹਨਾਂ ਨੂੰ ਪਾਤਿਸ਼ਾਹ ਹੀ ਨਹੀਂ ਬਲਕਿ ਸੱਚੇ ਪਾਤਿਸ਼ਾਹ ਕਹਿ ਕੇ ਮੁਖਾਤਬ ਹੁੰਦੀ ਸੀ ਅਤੇ ਹੁਣ ਤੱਕ ਉਹਨਾਂ ਦੇ ਸਿਖ ਹਨ, ਉਹਨਾਂ ਨੂੰ "ਸਚੇ ਪਾਤਿਸ਼ਾਹ, ਸਚੇ ਪਾਤਿਸ਼ਾਹ" ਕਹਿ ਕਹਿ ਕੇ ਥੱਕਦੇ ਨਹੀਂ ਹਨ। ਬੜੇ ਬੜੇ ਰਾਜਿਆਂ ਨੇ ਗੁਰੂ ਜੀ ਅਗੇ ਝੁਕ ਕੇ ਸਲਾਮਾਂ ਕੀਤੀਆਂ ਅਤੇ ਗੁਰੂ ਜੀ ਨੇ ਉਹਨਾਂ ਸੁਲਤਾਨਾਂ ਨਾਲ ਵੀ ਜੰਗ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਿਨਾਂ ਦਾ ਨਾਂ ਸੁਣਕੇ ਹੀ ਵਡਿਆਂ ਵਡਿਆਂ ਦੇ ਪ੍ਰਾਣ ਸੁੱਕ ਜਾਂਦੇ ਸਨ। ਗੁਰੂ ਜੀ ਦੇਹ ਰੂਪ ਵਿਚ ਮੁਜੱਸਮ ਨਿਰਭੈਤਾ ਸਨ ਅਤੇ ਸੂਰਬੀਰਤਾ ਦੀ ਮੂਰਤਿ ਸਨ।

ਵਿਚਾਰ ਕਰਨੀ ਬਣਦੀ ਹੈ ਕਿ ਭਾਈ ਨੰਦਲਾਲ ਜੀ ਨੇ ਗੁਰੂ ਜੀ ਨੂੰ ਜੋ ਬਾਦਸ਼ਾਹ ਦਰਵੇਸ਼ ਕਿਹਾ ਹੈ ਇਸਦਾ ਕੀ ਅਰਥ ਹੈ। ਕੀ ਉਹ ਬਾਦਸ਼ਾਹ ਅਤੇ ਦਰਵੇਸ਼ ਹਨ ਕਿ ਉਹ ਬਾਦਸ਼ਾਹ ਹੁੰਦੇ ਹੋਏ ਵੀ ਦਰਵੇਸ਼ ਹਨ ਕਿ ਉਹ ਦਰਵੇਸ਼ਾਂ ਦੇ ਬਾਦਸ਼ਾਹ ਹਨ ਭਾਵ ਵਡੇ ਦਰਵੇਸ਼ ਹਨ। ਅਸਲ ਵਿਚ ਉਹ ਬਾਦਸ਼ਾਹ ਵੀ ਹਨ, ਦਰਵੇਸ਼ ਵੀ ਹਨ ਅਤੇ ਦਰਵੇਸ਼ ਵੀ ਆਮ ਦਰਵੇਸ਼ ਨਹੀਂ ਬਲਕਿ ਬਾਦਸ਼ਾਹ ਦਰਵੇਸ਼ ਹਨ ਭਾਵ ਸਭ ਤੋਂ ਸ੍ਰੇਸ਼ਟ ਦਰਵੇਸ਼ ਹਨ। ਬਾਦਸ਼ਾਹ ਉਹ ਆਮ ਦੁਨਿਆਵੀ ਨਹੀਂ ਹਨ ਕਿਉਂਕਿ ਦੁਨਿਆਵੀ ਬਾਦਸ਼ਾਹਾਂ ਦਾ ਰਾਜ ਤਾਂ ਕਾਲ ਵੱਸ ਹੁੰਦਾ ਹੈ ਭਾਵ ਕੁਝ ਸਮੇਂ ਬਾਅਦ ਮਿਟ ਜਾਂਦਾ ਹੈ ਪਰ ਗੁਰੂ ਜੀ ਦਾ ਰਾਜ ਤਾਂ ਅਬਿਚਲ ਅਤੇ ਅਟੱਲ ਹੈ ਜੋ ਕਿ ਕਦੇ ਵੀ ਨਹੀਂ ਨਾਸ ਹੋਣਾ। ਦੂਸਰੀ ਖਾਸ ਗਲ ਹੈ ਕਿ ਗੁਰੂ ਜੀ ਦਾ ਰਾਜ ਕੇਵਲ ਇਸ ਫਾਨੀ ਸੰਸਾਰ ਵਿਚ ਹੀ ਨਹੀਂ ਹੈ ਪਰ ਪਰਲੋਕ ਵਿਚ ਅਤੇ ਸਭ ਖੰਡਾਂ ਬ੍ਰਹਮੰਡਾਂ ਵਿਚ ਕਾਇਮ ਹੈ। ਦੁਨੀਆਵੀ ਬਾਦਸ਼ਾਹ ਤਾਂ ਸੋਨਾ, ਚਾਂਦੀ, ਜਗੀਰਾਂ ਜਾਂ ਦੌਲਤ ਦੇ ਸਕਦੇ ਹਨ ਪਰ ਸਾਡੇ ਸਤਿਗੁਰੂ ਜੀ ਐਸੇ ਸਚੇ ਪਾਤਿਸ਼ਾਹ ਹਨ ਜਿਨਾਂ ਵਾਸਤੇ ਇਸ ਸੰਸਾਰੀਂ ਦਾਤਾਂ ਦੇਣੀਆਂ ਤਾਂ ਕੁਝ ਗੱਲ ਹੀ ਨਹੀਂ, ਉਹ ਤਾਂ ਐਸੇ ਦਾਤੇ ਹਨ ਜੋ ਕਿ ਮੁਕਤਿ ਜੁਗਤਿ ਦਿੰਦੇ ਹਨ ਅਤੇ ਮੁਕਤਿ ਜੁਗਤਿ ਦੇ ਕੇ ਫੇਰ ਮੋਖ ਦੁਆਰਾ ਦਿਵਾ ਦਿੰਦੇ ਹਨ। ਅਰਬਾਂ ਖਰਬਾਂ ਜੁਗਾਂ ਤੋਂ ਅਸੀਰ (ਕੈਦੀ) ਹੋਏ ਜੀਵਾਂ ਨੂੰ ਉਹ ਤੁਰੰਤ ਇਕ ਜਨਮ ਵਿਚ ਹੀ ਮੁਕਤ ਕਰਕੇ ਅਬਿਨਾਸ਼ੀ ਖੰਡ ਸਚਖੰਡ ਦੇ ਵਾਸੀ ਬਣਾ ਦਿੰਦੇ ਹਨ। ਕੌਣ ਹੈ ਜੋ ਸਤਿਗੁਰਾਂ ਜੈਸਾ ਬਾਦਸ਼ਾਹ ਹੋ ਸਕਦਾ ਹੈ? ਕੋਈ ਨਹੀਂ!

ਗੁਰੂ ਜੀ ਦਾ ਸਰੂਪ ਇਸ ਦੁਨੀਆਂ ਵਿਖੇ ਕੈਸਾ ਸੀ ਇਸ ਬਾਰੇ ਹਰ ਸਿਖ ਨੂੰ ਜਾਨਣ ਦੀ ਅਕਾਂਖਿਆ ਹੈ। ਉਹਨਾਂ ਦੇ ਸਰੂਪ ਬਾਰੇ ਸਹੀ ਤਾਂ ਉਹੋ ਹੀ ਜਾਣਦੇ ਹਨ ਜਿਨਾਂ ਨੇ ਖੁਦ ਦਰਸ਼ਨ ਕੀਤੇ ਹਨ ਪਰ ਖੁਸ਼ਕਿਸਮਤੀ ਨਾਲ ਉਹਨਾਂ ਦੇ ਅਨਿੰਨ ਗੁਰਸਿਖਾਂ ਨੇ ਉਹਨਾਂ ਦੇ ਅਨੂਪ ਚਿਹਰੇ ਅਤੇ ਸਰੀਰ ਬਾਰੇ ਸਾਡੇ ਗਿਆਤ ਲਈ ਕੁਝ ਸੰਕੇਤ ਦਿਤੇ ਹਨ। ਸਭ ਤੋਂ ਪਹਿਲਾ ਉਲੇਖ ਤਾਂ ਭਾਈ ਨੰਦਲਾਲ ਜੀ ਦੀਆਂ ਗ਼ਜ਼ਲਾਂ ਵਿਚ ਮਿਲਦਾ ਹੈ ਜੋ ਕਿ ਇਸ ਤਰ੍ਹਾਂ ਹੈ:

ਦੀਨੋ ਦੁਨੀਆ ਦਰ ਕਮੰਦੇ ਆਂ ਪਰੀ ਰੁਖ਼ਸਾਰਿ ਮਾ॥
ਹਰ ਦੋ ਆਲਮ ਕੀਮਤੇ ਯਕ ਤਾਰੇ ਮੂਏ ਯਾਰਿ ਮਾ।


ਇਸ ਸ਼ੇਅਰ ਵਿਚ ਭਾਈ ਨੰਦਲਾਲ ਜੀ ਨੇ ਦੋ ਕਮਾਲ ਦੀਆਂ ਗੱਲਾਂ ਕਹੀਆਂ ਹਨ ਇਕ ਤਾਂ ਇਹ ਕਿ ਗੁਰੂ ਜੀ ਦਾ ਜੋ ਰੁਖ਼ਸਾਰ ਹੈ ਭਾਵ ਮੁਖੜਾ ਹੈ ਸੋ ਪਰੀ ਰੁਖ਼ਸਾਰ ਹੈ ਭਾਵ ਪਰੀਆਂ ਤੋਂ ਵੀ ਸੋਹਣਾ ਹੈ। ਗੁਰਮੁਖਾਂ ਨੇ ਇਹੋ ਹੀ ਦਸਿਆ ਹੈ ਗੁਰੂ ਜੀ ਦੇਹ ਰੂਪ ਵਿਚ ਅਤਿਅੰਤ ਹੀ ਹੁਸੀਨ ਸਨ। ਉਹਨਾਂ ਦਾ ਰੰਗ ਗ਼ੁਲਾਲ (ਸੁਰਖ) ਸੀ ਅਤੇ ਮੁਖੜਾ ਬਹੁਤ ਹੀ ਸੋਹਣਾ ਸੀ। ਦੂਸਰੀ ਗੱਲ ਇਸ ਸ਼ੇਅਰ ਵਿਚ ਇਹ ਕਹੀ ਗਈ ਹੈ ਕਿ ਦੋ ਜਹਾਨਾਂ ਦੀ ਕੀਮਤ ਉਹਨਾਂ ਦੇ "ਯਕ ਤਾਰੇ ਮੂਏ" ਭਾਵ ਕੇਸਾਂ ਦੇ ਇਕ ਵਾਲ ਜਿੰਨੀ ਹੈ। ਸੋ ਐਸੇ ਸੋਹਣੇ ਸਨ ਗੁਰੂ ਜੀ ਦੇਹ ਰੂਪ ਵਿਚ।

ਜਦੋਂ ਭਾਈ ਸਾਹਿਬ ਰਣਧੀਰ ਸਿੰਘ ਜੀ ਨਾਗਪੁਰ ਦੀ ਜੇਲ ਵਿਚ ਕੈਦ ਸਨ ਤਾਂ ਪੋਹ ਸੁਦੀ ਸਪਤਮੀ ਦੇ ਮੌਕੇ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਹੁੰਦਾ ਹੈ, ਉਹਨਾਂ ਨੂੰ ਗੁਰੂ ਜੀ ਦੇ ਸਾਂਗੋ ਪਾਂਗ ਪਰਤੱਖ ਦਰਸ਼ਨ ਹੋਏ ਸਨ। ਇਹਨਾਂ ਦਰਸ਼ਨਾਂ ਤੋਂ ਬਾਅਦ ਭਾਈ ਸਾਹਿਬ ਨੂੰ ਇਕ ਕਵਿਤਾ ਸਫੁਰਨ ਹੋਈ ਜੋ ਕਿ ਉਹਨਾਂ ਨੇ ਭਾਈ ਗੁਰਦਾਸ ਜੀ ਦੀ ਪੋਥੀ ਦੇ ਹਾਸ਼ੀਏ ਵਿਚ ਹੀ ਦਰਜ ਕੀਤੀ ਕਿਉਂਕਿ ਉਹਨਾਂ ਪਾਸ ਕੋਈ ਕਾਗਜ਼ ਨਹੀਂ ਸੀ। ਇਸ ਕਵਿਤਾ ਵਿਚ ਗੁਰੂ ਜੀ ਦੇ ਦੇਹ ਸਰੂਪ ਬਾਰੇ ਕੁਝ ਅਹਿਮ ਇਕਸ਼ਾਫ ਹਨ ਜੋ ਕਿ ਇਸ ਪ੍ਰਕਾਰ ਹਨ: ਗੁਰੂ ਜੀ ਦੇ ਚਿਟੇ ਦੰਦ ਰਸਾਲਾ ਸਨ ਅਤੇ ਮੱਥਾ, ਗੱਲਾਂ ਅਤੇ ਮੁਖੜਾ ਸੁਰਖ ਲਾਲੋ ਲਾਲ ਗੁਲਾਲ ਸੀ। ਇਸ ਲਾਲ ਗੁਲਾਲ ਰੁਖਸਾਰ ਦੁਆਲਾ ਕਾਲੀਆਂ ਜ਼ੁਲਫਾਂ ਭਾਵ ਦਾਹੜਾ ਸੀ ਅਤੇ ਇਸ ਕਾਲੇ ਨਾਗ ਵਰਗੀਆਂ ਜ਼ੁਲਫਾਂ ਭਾਵ ਦਾਹੜੇ ਵਿਚ ਉਹਨਾਂ ਦਾ ਸੁਰਖ ਚਿਹਰਾ ਬਹੁਤ ਹੀ ਖੂਬਸੂਰਤ ਲਗਦਾ ਸੀ। ਇਕ ਖਾਸ ਗਲ ਜੋ ਭਾਈ ਸਾਹਿਬ ਨੇ ਇਸ ਕਵਿਤਾ ਵਿਚ ਲਿਖੀ ਹੈ ਅਤੇ ਜੋ ਕਿ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ, ਉਹ ਇਹ ਹੈ ਕਿ ਉਹਨਾਂ ਦੀ ਗੱਲ ਤੇ ਇਕ ਕਾਲੇ ਰੰਗ ਦਾ ਤਿੱਲ ਹੈ ਜੋ ਕਿ ਉਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦਾ ਹੈ। ਅਤੇ ਉਹਨਾਂ ਦਾ ਦਾਹੜਾ ਬਹੁਤ ਘਣਾ ਹੈ ਅਤੇ ਜਦੋਂ ਕਿਤੇ ਉਹਨਾਂ ਦੇ ਦੰਤ ਰਸਾਲਾ (ਰਸ ਵਾਲੇ ਦੰਦ) ਦਿਸਦੇ ਹਨ ਤਾਂ ਇਸ ਤਰ੍ਹਾਂ ਦਾ ਅਸਰ ਹੁੰਦਾ ਹੈ ਜਿਵੇਂ ਕਾਲੀ ਬੋਲੀ ਰਾਤ ਨੂੰ ਬਿਜਲੀ ਚਮਕ ਜਾਵੇ – “ਦਾਮਨਿ ਦੰਤ ਰਸਾਲਾ ਜੀ”। ਉਹਨਾਂ ਦੇ ਦਰਸ਼ਨਾਂ ਵਿਚ ਐਸਾ ਨੂਰ ਹੈ ਕਿ ਕਈ ਭਾਨ (ਸੂਰਜ) ਅਤੇ ਮਹਿਤਾਬ (ਚੰਦ) ਲਵੇ ਨਹੀਂ ਲਾਉਂਦੇ। ਉਹਨਾਂ ਦੇ ਸੀਸ ਤੇ ਭਾਰੀ ਕੇਸਾਂ ਦਾ ਜੂੜ੍ਹਾ ਹੈ ਅਤੇ ਕੇਸਾਂ ਦੁਆਲੇ ਦੁਮਾਲਾ ਹੈ। ਦੁਮਾਲੇ ਦੁਆਲੇ ਚਕ੍ਰ ਹੈ ਅਤੇ ਖਾਸ ਨੂਰ ਵਾਲੀ ਕਲਗੀ ਸੋਹੰਦੀ ਹੈ ਜਿਸਦੀ ਲਿਸ਼ਕ ਅਰਸ਼ਾਂ ਤਕ ਜਾਂਦੀ ਹੈ। ਗੁਰੂ ਜੀ ਦੇ ਅਨੂਪ ਸਰੂਪ ਬਾਰੇ ਉਪਰ ਦਰਜ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਸ਼ਾਹਦੀ ਉਹਨਾਂ ਦੀ ਕਵਿਤਾ ਜੋ ਕਿ ਉਹਨਾਂ ਦੀ ਕਿਤਾਬ “ਦਰਸ਼ਨ ਝਲਕਾਂ” ਦੀ ਪਹਿਲੀ ਕਵਿਤਾ ਹੈ ਦੇ ਅਧਾਰ ਤੇ ਹੈ। ਪੂਰਾ ਅਨੰਦ ਲੈਣ ਲਈ ਇਹ ਕਵਿਤਾ ਪੜ੍ਹਨੀ ਹੀ ਦਰਕਾਰ ਹੈ।

ਆਪਣੇ ਇਤਿਹਾਸ ਦੇ ਅਲਗ ਅਲਗ ਸਰੋਤਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਗੁਰੂ ਜੀ ਉਚੇ ਲੰਬੇ ਅਤੇ ਬਹੁਤ ਹੀ ਫੁਰਤੀਲੇ ਅਤੇ ਜ਼ਬਰਦਸਤ ਸਰੀਰ ਦੇ ਮਾਲਕ ਸਨ। ਕਹਿੰਦੇ ਹਨ ਕਿ ਉਹ ਅਕਸਰ ਘੋੜੇ ਪਰ ਸਵਾਰ ਹੋਣ ਲਗੇ ਛਾਲ ਮਾਰਕੇ ਸਿਧੇ ਹੀ ਸਵਾਰ ਹੁੰਦੇ ਸਨ, ਬਿਨਾਂ ਰਕਾਬ ਵਰਤਿਆਂ। ਗੁਰੂ ਜੀ ਦਾ ਸ਼ਸਤ੍ਰ ਅਭਿਆਸ ਅਥਾਹ ਸੀ ਅਤੇ ਉਹ ਬਚਪਨ ਤੋ ਹੀ ਕਈ ਕਈ ਘੰਟੇ ਹਰ ਰੋਜ਼ ਸ਼ਸਤ੍ਰ ਅਭਿਆਸ ਕਰਦੇ ਹੁੰਦੇ ਸਨ। ਗੁਰੂ ਜੀ ਦੇ ਹੁਕਮ ਅਨੁਸਾਰ ਹੀ ਸਾਹਿਬਜ਼ਾਦੇ ਅਤੇ ਗੁਰਸਿਖ ਕਈ ਕਈ ਘੰਟੇ ਜੁੱਧ ਵਿਦਿਆ ਦਾ ਅਭਿਆਸ ਕਰਦੇ ਹੁੰਦੇ ਸਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤਾਂ ਮੁਜੱਸਮ ਜੁੱਧ ਵਿਦਿਆ ਸਨ ਭਾਵ ਜੁੱਧ ਵਿਦਿਆ ਦਾ ਮਾਨੋ ਰੂਪ ਹੀ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਜੈਸਾ ਜੋਧਾ ਸਿਖ ਪੰਥ ਵਿਚ ਕੋਈ ਨਹੀਂ ਹੋਇਆ ਅਤੇ ਤਲਵਾਰ ਚਲਾਉਣ ਵਿਚ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵਰਗੀ ਮੁਹਾਰਤ ਕਿਸ ਨੇ ਹਾਸਲ ਕਰਨੀ ਹੈ। ਭਾਈ ਬਚਿੱਤਰ ਸਿੰਘ ਵਰਗੇ ਜੋਧੇ ਜਿੰਨਾਂ ਨੇ ਮਾਤੇ ਮਤੰਗਾਂ ਨਾਲ ਇਕੱਲਿਆਂ ਨੇ ਮੁਕਾਬਲਾ ਕੀਤਾ ਅਤੇ ਭਾਈ ਉਦੇ ਸਿੰਘ ਵਰਗੇ ਜੋਧੇ ਜਿੰਨਾਂ ਨੇ ਮੈਦਾਨੇ ਜੰਗ ਵਿਚ ਉਹ ਕਰਤਬ ਦਿਖਾਏ ਕਿ ਲੋਕ ਦੰਗ ਰਹਿ ਗਏ, ਇਹ ਸਭ ਕੁਝ ਸ੍ਰੀ ਗੁਰੂ ਜੀ ਦੀ ਮਿਕਤਾਨੀਸੀ ਮਾਰਸ਼ਲ ਸਪਿਰਟ ਕਰਕੇ ਹੋਇਆ। ਗੁਰੂ ਜੀ ਨੇ ਲਤਾੜੇ ਹੋਏ ਦੇਸੀ ਲੋਕਾਂ ਨੂੰ ਪਠਾਣਾਂ, ਤੁਰਕਾਂ ਅਤੇ ਇਰਾਨੀ ਜੋਧਿਆ ਨਾਲ ਜੋ ਕਿ ਸਦੀਆਂ ਤੋਂ ਜੁਧਾਂ ਦਾ ਆਹਰ ਹੀ ਕਰ ਰਹੇ ਸਨ ਅਤੇ ਇਸ ਆਹਰ ਵਿਚ ਮਾਹਰ ਸਨ, ਨਾਲ ਮੁਕਾਬਲਾ ਕਰਨ ਲਈ ਖੜਾ ਕੀਤਾ ਅਤੇ ਬਦੇਸ਼ੀ ਰਾਜ ਦਾ ਖਾਤਮਾ ਕਰਨ ਦਾ ਆਰੰਭ ਕੀਤਾ।

ਤੀਰ ਅੰਦਾਜ਼ ਐਸੇ ਸਨ ਕਿ ਉਹਨਾਂ ਵਰਗਾ ਕੋਈ ਭੂਤ, ਭਵਿਖ ਅਤੇ ਭਵਾਨ ਵਿਚ ਨਹੀਂ ਹੋਇਆ। ਉਹਨਾਂ ਦੇ ਤੀਰ ਤੇ ਅੱਧਾ ਔਂਸ ਸੋਨਾ ਲਗਿਆ ਹੁੰਦਾ ਸੀ ਤਾਂ ਜੋ ਫਟੜ ਆਪਣੀ ਦਵਾ ਦਾਰੂ ਕਰਾ ਸਕੇ ਅਤੇ ਮਿਰਤਕ ਨੂੰ ਦਫਨ ਜਾਂ ਸਸਕਾਰ ਕਰਨ ਦਾ ਖਰਚਾ ਪੂਰਾ ਹੋ ਸਕੇ। ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਲਿਖਿਆ ਹੈ ਕਿ ਉਹਨਾਂ ਦਾ ਤੀਰ ਖਾ ਕੇ ਕਦੇ ਕਿਸੇ ਨੇ “ਉਫ” ਜਾਂ “ਹਾਏ” ਨਹੀਂ ਸੀ ਕੀਤੀ ਬਲਕਿ ਉਸਨੂੰ ਅਨੰਦ ਆ ਜਾਂਦਾ ਸੀ। ਉਹਨਾਂ ਦੇ ਤੀਰ ਅੰਦਾਜ਼ੀ ਬਾਰੇ ਇਕ ਸਾਖੀ ਇਸ ਪ੍ਰਕਾਰ ਹੈ ਕਿ 1704 ਵਿਚ ਜਦੋਂ ਅਨੰਦਪੁਰ ਸਾਹਿਬ ਤੇ ਮੁਗਲਾਂ ਵਲੋਂ ਹਮਲਾ ਕਰਕੇ ਘੇਰਾ ਪਾਇਆ ਗਿਆ ਤਾਂ ਮੁਗਲਾਂ ਦੇ ਦੋ ਜਰਨੈਲ ਵਜ਼ੀਰ ਖਾਨ ਅਤੇ ਜ਼ਬਰਦਸਤ ਖਾਨ ਗੁਰੂ ਸਾਹਿਬ ਦੇ ਕਿਲੇ ਤੋਂ ਦੋ ਮੀਲ (3 ਕਿਲੋਮੀਟਰ) ਦੂਰ ਬੈਠ ਕੇ ਸ਼ਤਰੰਜ ਖੇਡ ਰਹੇ ਸਨ। ਗੁਰੂ ਜੀ ਨੇ ਇਕ ਤੀਰ ਉਹਨਾਂ ਵਲ ਛਡਿਆ ਜੋ ਕਿ ਉਹਨਾਂ ਦੇ ਮੰਜੇ ਦੀ ਲੱਤ ਵਿਚ ਜਾ ਕੇ ਖੁਭ ਗਿਆ। ਉਹ ਦੇਖ ਕੇ ਹੈਰਾਨ ਹੋ ਗਏ ਕਿ ਕਿਸ ਦੀ ਜੁਰਅਤ ਪਈ ਹੈ ਕਿ ਉਹਨਾਂ ਵਲ ਤੀਰ ਨਾਲ ਹਮਲਾ ਕਰੇ। ਪਹਾੜੀ ਰਾਜੇ ਅਜਮੇਰ ਚੰਦ ਨੇ ਤੀਰ ਪਛਾਣ ਲਿਆ ਅਤੇ ਦਸਿਆ ਕਿ ਇਹ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਕਿਉਂਕਿ ਇਸ ਤੇ ਸੋਨਾ ਲਗਿਆ ਹੋਇਆ ਹੈ। ਮੰਡੀ ਦੇ ਰਾਜੇ ਨੇ ਕੋਲੋਂ ਕਿਹਾ ਕਿ ਗੁਰੂ ਜੀ ਨੇ ਇਹ ਤੀਰ ਆਪਣੇ ਕਿਲੇ ਵਿਚੋਂ ਮਾਰਿਆ ਹੋਵੇਗਾ। ਇਸ ਪਰ ਮੁਗਲ ਜਰਨੈਲ ਕਹਿਣ ਲਗੇ ਕਿ ਇਹ ਤਾਂ ਨਾਮੁਮਕਿਨ ਹੈ ਕਿਉਂ ਕਿ ਕਿਲਾ ਤਾਂ ਉਥੋਂ ਦੋ ਮੀਲ ਦੂਰ ਹੈ। ਮੰਡੀ ਦੇ ਰਾਜੇ ਨੇ ਦਸਿਆ ਕਿ ਗੁਰੂ ਜੀ ਤਾਂ ਇਸ ਤੋਂ ਵੀ ਦੂਰ ਤੀਰ ਦਾ ਨਿਸ਼ਾਨਾ ਮਾਰ ਲੈਂਦੇ ਹਨ। ਮੁਗਲ ਜਰਨੈਲ ਹੈਰਾਨ ਹੋ ਗਏ ਅਤੇ ਕਹਿਣ ਲਗੇ “ਯਾ ਅਲਾਹ ਇਹ ਤਾਂ ਕਰਾਮਾਤ ਹੈ”। ਕੁਝ ਹੀ ਪਲਾਂ ਵਿਚ ਇਕ ਹੋਰ ਤੀਰ ਠੀਕ ਉਥੇ ਹੀ ਆ ਕਿ ਲਗਿਆ ਅਤੇ ਇਸ ਤੀਰ ਤੇ ਗੁਰੂ ਜੀ ਦਾ ਇਕ ਰੁੱਕਾ ਬੰਨਿਆ ਹੋਇਆ ਸੀ। ਉਸ ਰੁੱਕੇ ਤੇ ਲਿਖਿਆ ਹੋਇਆ ਸੀ ਕਿ “ਇਹ ਕਰਾਮਾਤ ਨਹੀਂ ਕਰਤਬ ਹੈ”। ਇਸ ਸਾਖੀ ਤੋਂ ਪਤਾ ਲਗਦਾ ਹੈ ਕਿ ਗੁਰੂ ਜੀ ਦਾ ਤੀਰ ਅੰਦਾਜ਼ੀ ਵਿਚ ਕੋਈ ਸਾਨੀ ਨਾ ਹੋਇਆ ਹੈ ਨਾ ਹੋਣਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਇਸਤ੍ਰੀਆਂ ਨੂੰ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਦਾ ਹੋਕਾ ਦੇ ਕੇ ਇਸਤ੍ਰੀਆਂ ਨਾਲ ਹੋਣ ਵਾਲੇ ਵਿਤਕਰੇ ਨੂੰ ਇਤਿਹਾਸ ਵਿਚ ਪਹਿਲੀ ਵਾਰੀ ਰੋਕਿਆ। ਹਰ ਗੁਰੂ ਸਾਹਿਬਾਨ ਨੇ ਆਦਿ ਤੋਂ ਹੀ ਦਬੀ ਕੁਚਲੀ ਹੋਈ ਇਸਤ੍ਰੀ ਨੂੰ ਉਚਾ ਚੱਕਣ ਲਈ ਉਪਰਾਲੇ ਕੀਤੇ ਅਤੇ ਸ੍ਰੀ ਗੁਰੂ ਕਲਗੀਧਰ ਪਾਤਿਸ਼ਾਹ ਨੇ ਤਾਂ ਔਰਤ ਨੂੰ ਮਰਦਾਂ ਦੇ ਬਰਾਬਰ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅਤੇ ਦਸਤਾਰ, ਜੋ ਕਿ ਕੇਵਲ ਮਰਦ ਹੀ ਅਤੇ ਮਰਦ ਵੀ ਕੇਵਲ ਉਚੇ ਰੁਤਬੇ ਵਾਲੇ ਪਹਿਣਦੇ ਸਨ, ਬਖਸ਼ ਕੇ ਔਰਤ ਦਾ ਰੁਤਬਾ ਫਰਸ਼ ਤੋਂ ਅਰਸ਼ ਤੇ ਲੈ ਆਂਦਾ ਸੀ। ਉਹਨਾਂ ਨੇ ਭੁਜੰਗਣਾਂ ਪੁਤਰੀਆਂ ਦੇ ਸੀਸ ਪਰ ਦਸਤਾਰਾਂ ਖੁਦ ਆਪਣੇ ਕਰ ਕੰਵਲਾਂ ਨਾਲ ਸਜਾਈਆਂ ਅਤੇ ਇਸ ਤਰ੍ਹਾਂ ਕਰਨ ਵਿਚ ਅਤਿਅੰਤ ਪ੍ਰਸੰਨਤਾ ਜ਼ਾਹਰ ਕੀਤੀ ਸੀ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਜਿਸ ਦਸਤਾਰ ਦੇ ਧਾਰਨ ਕਰਨ ਨਾਲ ਔਰਤਾਂ ਦਾ ਦਰਜਾ ਰਾਜਸੀ ਦਰਜੇ ਵਾਲਾ ਹੋ ਗਿਆ ਸੀ, ਉਹੀ ਔਰਤਾਂ ਸੀਸ ਤੇ ਦਸਤਾਰ ਸਜਾਉਣ ਨਾਲੋਂ ਸਗੋਂ ਸੀਸ ਤੇ ਬਖਸੇ ਕੇਸ, ਜੋ ਕਿ ਗੁਰੂ ਦੀ ਮੋਹਰ ਹਨ, ਨੂੰ ਵੀ ਕਟਾ ਕੇ ਬੋਦੇ ਬਣਾ ਕੇ ਬਹੁਤੀਆਂ ਖੁਸ਼ ਹੁੰਦੀਆਂ ਹਨ। ਪੁਰਾਣੇ ਜ਼ਮਾਨਿਆਂ ਵਿਚ ਵਿਧਵਾ ਔਰਤਾਂ ਨੂੰ ਵਿਭਚਾਰ ਤੋਂ ਬਚਾਉਣ ਲਈ ਅਤੇ ਉਹਨਾਂ ਨੂੰ ਬਦਸੂਰਤ ਬਨਾਉਣ ਲਈ ਉਹਨਾਂ ਦੇ ਵਾਲ ਕੱਟ ਦਿਤੇ ਜਾਂਦੇ ਸਨ ਪਰ ਹੈਰਾਨੀ ਦੀ ਗਲ ਹੈ ਕਿ ਘੋਰ ਕਲਿਜੁਗ ਦੇ ਅਸਰ ਥਲੇ ਬਦਸੂਰਤੀ ਵੀ ਅਜਕਲ ਲੋਕਾਂ ਨੂੰ ਖੂਬਸੂਰਤੀ ਹੀ ਨਜ਼ਰ ਆਉਂਦੀ ਹੈ ਅਤੇ ਖੂਬਸੂਰਤੀ ਜੋ ਕਿ ਦਸਤਾਰ ਧਾਰਨ ਕੀਤਿਆਂ ਆਉਂਦੀ ਹੈ ਨੂੰ ਕੋਈ ਧਾਰਨ ਨਹੀਂ ਕਰਨਾ ਚਾਹੁੰਦਾ। ਗੁਰੂ ਜੀ ਲਈ ਸੱਚਾ ਪਿਆਰ ਗਲੀਂ ਬਾਤੀਂ ਜ਼ਾਹਰ ਨਹੀਂ ਹੋ ਸਕਦਾ ਬਲਕਿ ਉਹਨਾਂ ਦੇ ਹੁਕਮ ਮੰਨ ਕੇ ਹੀ ਜ਼ਾਹਰ ਕੀਤਾ ਜਾ ਸਕਦਾ ਹੈ। ਸੋ ਹੁਕਮੀ ਸਿਖ ਬਨਣ ਦਾ ਤਕਾਜ਼ਾ ਇਸ ਗਲ ਵਿਚ ਹੈ ਕਿ ਅੰਮ੍ਰਿਤ ਛਕ ਕੇ, ਗੁਰੂ ਜੀ ਦੀ ਰਹਿਤ ਬਹਿਤ ਅਪਨਾ ਕੇ ਆਪਣਾ ਜਨਮ ਅਤੇ ਮਰਨ ਸਫਲਾ ਕੀਤਾ ਜਾਵੇ।

ਸਾਰਾ ਪੰਥ ਬੜੇ ਚਾਵਾਂ ਨਾਲ ਗੁਰੂ ਜੀ ਦੇ ਗੁਰਪੁਰਬਾਂ ਨੂੰ ਮਨਾ ਰਿਹਾ ਹੈ ਪਰ ਗੁਰੂ ਜੀ ਦੇ ਅਵਤਾਰ ਧਾਰਨ ਦੇ ਪ੍ਰਯੋਜਨ ਨੂੰ ਸਮਝੇ ਬਗ਼ੈਰ ਅਤੇ ਗੁਰੂ ਜੀ ਦੀ ਆਗਿਆ ਮੰਨੇ ਬਗ਼ੈਰ ਕੀ ਗੁਰਪੁਰਬ ਮਨਾਇਆ ਜਾ ਸਕਦਾ ਹੈ? ਨਹੀਂ! ਗੁਰੂ ਜੀ ਦੇ ਗੁਰਪੁਰਬ ਮਨਾਉਣ ਦਾ ਸਹੀ ਤਰੀਕਾ ਇਹ ਹੈ ਕਿ ਉਹਨਾਂ ਦੇ ਹੁਕਮ ਮੰਨੇ ਜਾਣ ਅਤੇ ਤਿਆਰ ਬਰ ਤਿਆਰ ਗੁਰਸਿਖ ਬਣਿਆ ਜਾਵੇ।

ਕੁਲਬੀਰ ਸਿੰਘ ਟਰਾਂਟੋ
Reply Quote TweetFacebook
The above article on Siri Guru Gobind Singh jee talks about how the physical body of Siri Guru Gobind Singh jee was and also about his martial skills. Bhai Sahib Randhir Singh jee had Darshan of Siri Guru Gobind Singh jee on Poh Sudi Saptami Gurpurab, while he was in Nagpur jail. Based on his description of Guru Sahib jee's Countenance the above article has been written.

Kulbir Singh
Reply Quote TweetFacebook
Vaheguru jee!

Amazing description of Sri Dasmesh Pita jee. Vaheguru!

The poem by Bhai Sahib Randhir Singh can be read here.

Preetam Singh
Reply Quote TweetFacebook
Amazing article, the description of Guru Sahib by Bhai Sahib Randhir Singh Ji made me speechless
Reply Quote TweetFacebook
Sorry, only registered users may post in this forum.

Click here to login