ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Lessons to learn from recent political happenings

Posted by Kulbir Singh 
ਜੋ ਆਪਣੀਆਂ ਗਲਤੀਆਂ ਤੋਂ ਸਿਖ ਲੈਂਦੇ ਹਨ, ਉਹਨਾਂ ਵਾਸਤੇ ਗਲਤੀਆਂ ਫਾਇਦੇਮੰਦ ਸਿਧ ਹੋ ਜਾਂਦੀਆਂ ਹਨ। ਜੋ ਇਲਜ਼ਾਮ ਤਰਾਸ਼ੀਆਂ ਵਿਚ ਫਸ ਜਾਂਦੇ ਹਨ, ਉਹ ਮੰਜ਼ਿਲ ਤੋਂ ਦੁਰਾਡੇ ਚਲੇ ਜਾਂਦੇ ਹਨ। ਪਿਛਲੇ ਦਿਨਾਂ ਤੋਂ ਚਲੇ ਆ ਰਹੇ ਵਿਵਾਦ ਤੋਂ ਕੁਝ ਅਹਿਮ ਸਬਕ ਸਿਖਣ ਨੂੰ ਮਿਲੇ ਹਨ, ਜੋ ਕਿ ਸਭ ਗੁਰਸਿਖਾਂ ਨੂੰ ਅਪਨਾਉਣੇ ਚਾਹੀਦੇ ਹਨ:

1) ਜ਼ਫਰਨਾਮੇ ਵਿਚ ਸ੍ਰੀ ਗੁਰੂ ਕਲਗੀਧਰ ਪਾਤਿਸ਼ਾਹ ਨੇ, ਫਿਰਦੌਸੀ ਨਾਂ ਦੇ ਫਾਰਸੀ ਕਵੀ ਦਾ ਹਵਾਲਾ ਦੇ ਕੇ ਔਰੰਗਜ਼ੇਬ ਨੂੰ ਤਾਕੀਦ ਕੀਤੀ ਸੀ ਕਿ ਸ਼ਤਾਬੀ ਕਰਨੀ ਭਾਵ ਕਾਹਲੀ ਕਰਨੀ ਸ਼ੈਤਾਨ ਦਾ ਕੰਮ ਹੈ। ਜਦੋਂ ਕੋਈ ਕੰਮ ਬੇਲੋੜੀ ਸ਼ਤਾਬੀ ਨਾਲ ਕੀਤਾ ਜਾਵੇ ਤਾਂ ਉਸਦਾ ਨਤੀਜਾ ਅਕਸਰ ਹੀ ਸੁਖਾਵਾਂ ਨਹੀਂ ਨਿਕਲਦਾ। ਜੇਕਰ ਸੋਚ ਸਮਝ ਕੇ, ਨਾਪ ਤੋਲ ਕੇ ਨਤੀਜੇ ਕਢੇ ਜਾਣ ਅਤੇ ਬਿਆਨਬਾਜ਼ੀ ਕੀਤੀ ਜਾਵੇ ਤਾਂ ਉਤਮ ਗਲ ਹੈ। ਸਿੰਘ ਸਾਹਿਬਾਨ ਦਾ ਪੱਖ ਸੁਣੇ ਬਗੈਰ ਉਹਨਾਂ ਤੇ ਸ਼ੰਕਾ ਕਰਨਾ ਅਤੇ ਸਗੋਂ ਉਹਨਾਂ ਤੇ ਯਲਗਾਰ ਹੀ ਕਰ ਦੇਣੀ, ਸਿਆਣੀ ਗਲ ਨਹੀਂ ਸੀ। ਕਾਰਨ ਦਸੋ ਬਿਆਨ ਤਾਂ ਦਿਤਾ ਜਾ ਸਕਦਾ ਸੀ ਪਰ ਉਹਨਾਂ ਦਾ ਪੱਖ ਸੁਣੇ ਬਗ਼ੈਰ ਫੈਸਲਾ ਕਰਨਾ ਮੁਨਾਸਬ ਗਲ ਨਹੀਂ ਸੀ।

2) ਜਿਥੇ ਸ਼ਤਾਬੀ ਕਰਨੀ ਠੀਕ ਨਹੀਂ ਉਥੇ ਕਈ ਵਾਰੀ ਬਿਲੰਬ (ਦੇਰੀ) ਕਰਨਾ ਵੀ ਨੁਕਸਾਨਦਾਇਕ ਸਿਧ ਹੋ ਜਾਂਦਾ ਹੈ। ਬੇਲੋੜਾ ਬਿਲੰਬ ਕਦੇ ਕਦੇ, ਗੁਰੂ ਜੀ ਦੇ ਕਥਨ ਅਨੁਸਾਰ (ਦੇਖੋ ਸਲੋਕ ਸਹਸਕ੍ਰਿਤੀ) ਪਾਪ ਬਣ ਜਾਂਦਾ ਹੈ। ਸਿੰਘ ਸਾਹਿਬਾਨ ਵਲੋਂ ਭਾਈ ਹਵਾਰੇ ਦੇ ਬਿਆਨ ਨੂੰ ਤਸਲੀਮ ਨਾ ਕਰਨਾ ਦੂਰ ਅੰਦੇਸ਼ੀ ਵਾਲੀ ਗਲ ਨਹੀਂ ਸੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਈ ਗੁਰਸਿਖਾਂ ਨੂੰ ਗ਼ਲਤਫਹਿਮੀਆਂ ਹੋ ਗਈਆਂ ਸਨ। ਜਦ ਬਿਆਨ ਅਖਬਾਰ ਵਿਚ ਆ ਗਿਆ ਸੀ ਅਤੇ ਜਦਕਿ ਬਿਆਨ ਬਹੁਤ ਹੀ ਸੁਹਿਰਦ ਅਤੇ ਕੌਮੀ ਹਿੱਤਾਂ ਵਾਲਾ ਸੀ ਤਾਂ ਉਸਦੀ ਪ੍ਰੌੜਤਾ ਕਰਨੀ ਏਕਤਾ ਵਲ ਨੂੰ ਵਡਾ ਕਦਮ ਹੋਣਾ ਸੀ।

3) ਜੋ ਮਸਲੇ ਪਿਛਲੀਆਂ ਸਦੀਆਂ ਤੋਂ ਨਹੀਂ ਸੁਲਝਾਏ ਜਾ ਸਕੇ ਮਸਲਨ ਰਹਿਤ ਮਰਿਆਦਾ ਦਾ ਮਸਲਾ, ਉਹ ਮਸਲੇ ਛੇੜਨੇ ਨਹੀਂ ਚਾਹੀਦੇ ਅਤੇ ਜੇਕਰ ਸਿੰਘ ਸਾਹਿਬਾਨ ਇਸ ਬਾਰੇ ਤਾਕੀਦ ਕਰ ਦਿੰਦੇ ਕਿ ਇਹ ਮਸਲੇ ਨਹੀਂ ਛੇੜੇ ਜਾਣੇ ਚਾਹੀਦੇ ਤਾਂ ਉਹ ਜਥੇਬੰਦੀਆਂ ਜੋ ਕਿ ਟਕਸਾਲੀ ਪਿਛੋਕੜ ਵਾਲੀਆਂ ਨਹੀਂ ਹਨ ਨੂੰ ਜਥੇਦਾਰਾਂ ਤੇ ਬਹੁਤ ਵਿਸਾਹ ਆਉਣਾ ਸੀ। ਇਹ ਇਕ ਸਚੀ ਗਲ ਹੈ ਕਿ ਬਹੁਤਿਆਂ ਦੇ ਮਨ ਵਿਚ ਹੈ ਕਿ ਤਿਨੇ ਹੀ ਜਥੇਦਾਰ ਟਕਸਾਲੀ ਪਿਛੋਕੜ ਵਾਲੇ ਹਨ, ਸੋ ਉਹ ਕਿਤੇ ਟਕਸਾਲ ਦੀ ਰਹਿਤ ਮਰਿਆਦਾ ਬਾਕੀਆਂ ਤੇ ਜ਼ਬਰਦਸਤੀ ਲਾਗੂ ਨਾ ਕਰਾਉਣ। ਜੇਕਰ ਸਿੰਘ ਸਾਹਿਬਾਨ ਕਿਤੇ ਇਹ ਕਹਿ ਦਿੰਦੇ ਜਾਂ ਹੁਣ ਵੀ ਕਹਿ ਦੇਣ ਕਿ ਅਸੀਂ ਰਹਿਤ ਮਰਿਆਦਾ ਦਾ ਮਸਲਾ ਹਾਲ ਦੀ ਘੜੀ ਨਹੀਂ ਛੇੜਾਂਗੇ ਤਾਂ ਇਹ ਵਿਸਾਹ ਬਨਾਉਣ ਵਿਚ ਬਹੁਤ ਸਹਾਈ ਗਲ ਹੋਣੀ ਸੀ।

4) ਮੈਦਾਨੇ ਜੰਗ ਭਖਿਆ ਹੋਇਆ ਹੋਵੇ ਅਤੇ ਜੋਧੇ ਦੋਨੋ ਪਾਸਿਆਂ ਤੋਂ ਜਾਨ ਵਾਰ ਕੇ ਲੜ ਰਹੇ ਹੋਣ ਅਤੇ ਜੇਕਰ ਉਸ ਵੇਲੇ ਇਕ ਪਾਸੇ ਦੀ ਫੌਜ ਜੂਝਣ ਦੀ ਬਜਾਏ, ਵਾਪਸ ਜਾ ਕੇ ਅੱਗ ਬੁਝਾਈ ਜਾਂ ਹੋਰ ਅਜਿਹੇ ਆਮ ਕੰਮਾਂ ਵਿਚ ਰੁਝ ਜਾਵੇ ਤਾਂ ਦਸੋ ਉਹ ਦੁਸ਼ਮਨ ਤੇ ਫਤਿਹ ਹਾਸਲ ਕਰ ਸਕੇਗੀ? ਕਦੇ ਨਹੀਂ! ਇਹੋ ਹੀ ਹਾਲ ਸਾਡਾ ਹੈ ਜੋ ਕਿ ਆਪਣਾ ਫੋਕਸ ਅਤੇ ਧਿਆਨ ਮੁੱਖ ਜੰਗ ਵਲੋਂ ਹਟਾ ਕੇ ਛੋਟੀਆਂ ਅਤੇ ਬੇਲੋੜੀਆਂ ਜੰਗਾਂ ਵਲ ਕਰ ਰਹੇ ਹਾਂ।

ਇਕ ਗਲ ਇਹ ਦਾਸ ਕਹੇ ਬਗ਼ੈਰ ਨਹੀਂ ਰਹਿ ਸਕਦਾ ਕਿ ਸ਼ਕਤੀ ਹਮੇਸ਼ਾਂ ਭਗਤੀ ਤੋਂ ਉਪਜਦੀ ਹੈ। ਸਾਡੇ ਮੋਹਤਬਾਰ ਗੁਰਸਿਖਾਂ ਦਾ ਅੰਮ੍ਰਿਤ ਵੇਲਾ ਅਤੇ ਨਾਮ ਸਿਮਰਨ ਵਾਲਾ ਪੱਖ ਪੂਰਾ ਪੁਖਤਾ ਹੋਣਾ ਚਾਹੀਦਾ ਹੈ। ਅਧੀਆਂ ਸਮਸਿਆਵਾਂ ਤਾਂ ਉਦੋਂ ਹੀ ਹਲ ਹੋ ਜਾਣਗੀਆਂ ਜਦੋਂ ਸਾਰੇ ਗੁਰਸਿਖ ਸਖਤੀ ਨਾਲ ਅੰਮ੍ਰਿਤ ਵੇਲੇ ਸਿਫਤਿ ਸਾਲਾਹ ਵਿਚ ਮਖਮੂਰ ਹੋਣਾ ਸ਼ੁਰੂ ਕਰ ਦੇਣਗੇ ਅਤੇ ਇਸ ਤਰ੍ਹਾਂ ਆਪਣ ਭੀਤਰਿ ਗੁਰਮਤਿ ਤਸੁੱਵਫੀ ਸ਼ਾਂਤੀ ਪੈਦਾ ਕਰ ਲੈਣਗੇ। ਇਸ ਭੀਤਰਿ ਪੈਦਾ ਹੋਈ ਸ਼ਾਂਤੀ ਵਿਚ ਜੋ ਕਾਰ ਕਮਾਈ ਜਾਵੇਗੀ, ਸਾ ਖਸਮ ਥਾਂਏਂ ਪਾਵੇਗਾ। ਬਿਨਾਂ ਭਗਤੀ ਤੋਂ ਸ਼ਕਤੀ ਨਹੀਂ ਆਉਣੀ ਅਤੇ ਬਿਨਾਂ ਪੀਰੀ ਤੋਂ ਮੀਰੀ ਨਹੀਂ ਹਾਸਲ ਹੋਣੀ।

ਕੁਲਬੀਰ ਸਿੰਘ ਟਰਾਂਟੋ
Reply Quote TweetFacebook
THANK YOU !
Reply Quote TweetFacebook
Sorry, only registered users may post in this forum.

Click here to login