ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰਬਾਣੀ ਅੰਦਰ "ਵਸਤੁ" ਅਤੇ "ਵਸਤ" ਸ਼ਬਦਾਂ ਦੀ ਵਿਲੱਖਣਤਾ।

Posted by khalsagurjeet 
ਹੋਰ ਭਾਸ਼ਾਵਾਂ ਵਾਂਗ ਗੁਰਮੁਖੀ ਦੀ ਲਿਖਾਈ ਵਿਚ ਵੀ ਸਮਨਾਮ (ਇਕੋ ਹੀ ਰੂਪ ਜਾਂ ਧੁਨੀ ਪਰ ਵੱਖ ਵੱਖ ਅਰਥਾਂ ਵਾਲੇ ਸ਼ਬਦ) (Homonym) ਸ਼ਬਦਾਂ ਦੀ ਵਰਤੋਂ ਵਧੇਰੇ ਤੌਰ ਤੇ ਪਾਈ ਜਾਂਦੀ ਹੈ ।ਉਦਾਹਰਨ ਵਜੋਂ ਅੰਗ੍ਰੇਜ਼ੀ ਦਾ ਸ਼ਬਦ Piece ਅਤੇ Peace,, ਦੋਹਾਂ ਸ਼ਬਦਾਂ ਦਾ ਉਚਾਰਣ "ਪੀਸ" ਹੈ ਪਰ ਦੋਹਾਂ ਸ਼ਬਦਾਂ ਦੇ ਅਰਥ ਭਿੰਨ ਭਿੰਨ ਹਨ।

ਆਓ ਹੁਣ ਗੁਰਬਾਣੀ ਦੀ ਲਿਖਾਈ ਵਿਚ ਆਏ ਅਜਿਹੇ ਇਕ ਸ਼ਬਦਿਕ ਜੋੜੇ "ਵਸਤੁ" ਅਤੇ "ਵਸਤ"
ਸ਼ਬਦਾਂ ਦੀ ਖੁੱਲੀ ਵਿਚਾਰ ਕਰੀਏ।

ਗੁਰਬਾਣੀ ਦੀ ਲਿਖਾਈ ਵਿਚ ਇਸ ਸ਼ਬਦ ਨੂੰ ਵੱਵਾ ਅੱਖਰ ਦੀ ਥਾਂ ਬੱਬਾ ਅੱਖਰ ਵਰਤ ਕੇ "ਬਸਤੁ" ਵੀ ਲਿਖਿਆ ਜਾਂਦਾ ਹੈ।
ਸਮਸਰ ਗੁਰਬਾਣੀ ਵਿਚ ਇਹ ਸ਼ਬਦ ਕ੍ਰਮਵਾਰ ਇਸ ਪਰਕਾਰ ਨਾਲ ਦਰਜ਼ ਹੋਇਆ ਮਿਲਦਾ ਹੈ।
" ਵਸਤੁ " ਔਕੜ ਸਹਿਤ 68 ਵਾਰੀ
" ਵਸਤ " ਔਕੜ ਰਹਿਤ (ਮੁਕਤਾ) 2 ਵਾਰੀ
" ਬਸਤੁ " ਔਕੜ ਸਹਿਤ 36 ਵਾਰੀ
" ਬਸਤ " ਔਕੜ ਰਹਿਤ (ਮੁਕਤਾ) 14 ਵਾਰੀ

*** ਪਰ ਇਸੇ ਸ਼ਬਦ ਦਾ ਸਿਹਾਰੀ ਵਾਲਾ ਤੀਸਰਾ ਕਾਰਕੀ ਰੂਪ " ਵਸਤਿ " ਜਾਂ " ਬਸਤਿ " ਦਰਜ਼ ਹੋਇਆ ਨਹੀਂ ਮਿਲਦਾ ।

"ਵਸਤੁ" ਅਤੇ "ਵਸਤ" ਸ਼ਬਦਾਂ ਦੇ ਵਿਆਕਰਣਿਕ ਰੂਪ:
"ਵਸਤੁ" ਨਾਮ (Noun)
" ਵਸਤੁ " ਸ਼ਬਦ ਔਕੜ ਸਹਿਤ ਵਿਆਕਰਣੀ ਨੇਮਾਂ ਅਨੁਸਾਰ ਨਾਮ (Noun) ਸ਼ਰੇਣੀ ਦਾ ਹੈ ਅਤੇ ਵਸਤੂ(thing, article, commodity, substance) ) ਦੇ ਅਰਥ ਦੇਂਦਾ ਹੈ।

" ਵਸਤੁ " ਸ਼ਬਦ ਦੇ ਔਕੜ ਸਹਿਤ ਵਰਤੇ ਹੋਏ ਸ਼ਬਦ ਦੇ ਗੁਰਬਾਣੀ ਵਿਚੋ ਕੁਝ ਪ੍ਰਮਾਣ:
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥ ਪੰਨਾ ੧੮
ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥ ਪੰਨਾ ੩੭੬
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥ ਪੰਨਾ ੪੪੯
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਪੰਨਾ ੧੪੨੯

ਨਿਸ਼ਕਰਸ਼: ਉਪਰ ਦਿੱਤੀਆਂ ਪਾਵਨ ਪੰਕਤੀਆਂ ਵਿਚ " ਵਸਤੁ " ਔਕੜ ਸਹਿਤ ਸ਼ਬਦ ਦੇ ਵਿਆਕਰਣੀ ਨੇਮਾਂ ਅਨੁਸਾਰ ਨਾਮ (Noun) ਹੈ, ਅਤੇ ਵਸਤੂ ((thing, article, commodity, substance) ਆਦਿ ਦੇ ਹੀ ਅਰਥ ਦੇਂਦਾ ਹੈ।

" ਬਸਤੁ " ਸ਼ਬਦ ਦੇ ਔਕੜ ਸਹਿਤ ਸ਼ਬਦ ਦੇ ਗੁਰਬਾਣੀ ਵਿਚੋ ਕੁਝ ਪ੍ਰਮਾਣ:
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ ਪੰਨਾ ੨੬੮ 'ਗਉੜੀ ਸੁਖਮਨੀ'
ਕਉਨ ਬਸਤੁ ਆਈ ਤੇਰੈ ਸੰਗ ॥ ਪੰਨਾ ੨੮੩ 'ਗਉੜੀ ਸੁਖਮਨੀ'
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮਰਿ ॥੪॥ ਪੰਨਾ ੯੭੦
ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥ ਪੰਨਾ ੧੧੨੧

ਨਿਸ਼ਕਰਸ਼: ਉਪਰ ਦਿੱਤੀਆਂ ਪਾਵਨ ਪੰਕਤੀਆਂ ਵਿਚ " ਬਸਤੁ " ਔਕੜ ਸਹਿਤ ਸ਼ਬਦ ਦੇ ਵਿਆਕਰਣੀ ਨੇਮਾਂ ਅਨੁਸਾਰ ਨਾਮ (Noun) ਹੈ, ਅਤੇ ਵਸਤੂ (thing, article, commodity, substance) ਆਦਿ ਦੇ ਹੀ ਅਰਥ ਦੇਂਦਾ ਹੈ।

"ਵਸਤ" ਕ੍ਰਿਆ (Verb)

" ਵਸਤ " ਸ਼ਬਦ ਔਕੜ ਰਹਿਤ ਵਿਆਕਰਣੀ ਨੇਮਾਂ ਅਨੁਸਾਰ ਕ੍ਰਿਆ (Verb) ਸ਼ਰੇਣੀ ਦਾ ਹੈ, ਅਤੇ ਵਸਣਾ (dwell, reside, settle ) ਦੇ ਅਰਥ ਦੇਂਦਾ ਹੈ।

" ਵਸਤ " ਸ਼ਬਦ ਦੇ ਔਕੜ ਰਹਿਤ ਸ਼ਬਦ ਦੇ ਗੁਰਬਾਣੀ ਵਿਚੋ ਕੁਝ ਪ੍ਰਮਾਣ:
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥ ਪੰਨਾ ੯੯੦
ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥ ਪੰਨਾ ੧੨੩੭
ਨਿਸ਼ਕਰਸ਼: ਉਪਰ ਦਿੱਤੀਆਂ ਪਾਵਨ ਪੰਕਤੀਆਂ ਵਿਚ " ਵਸਤ " ਸ਼ਬਦ ਔਕੜ ਰਹਿਤ (ਮੁਕਤਾ ਅੰਤ) ਵਿਆਕਰਣੀ ਨੇਮਾਂ ਅਨੁਸਾਰ ਕ੍ਰਿਆ (Verb) ਸ਼ਰੇਣੀ ਦਾ ਹੈ, ਅਤੇ ਵਸਣਾ (dwell, reside, settle ) ਦੇ ਅਰਥ ਦੇਂਦਾ ਹੈ।

" ਬਸਤ " ਸ਼ਬਦ ਦੇ ਔਕੜ ਰਹਿਤ ਸ਼ਬਦ ਦੇ ਗੁਰਬਾਣੀ ਵਿਚੋ ਕੁਝ ਪ੍ਰਮਾਣ:
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥ ਪੰਨਾ ੨੬੧
ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥ ਪੰਨਾ ੬੩੨
ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਪੰਨਾ ੮੧੯
ਸੰਗਿ ਤੇਰੈ ਹਰਿ ਬਸਤ ਨੀਤ ॥ ਪੰਨਾ ੧੧੮੭

ਨਿਸ਼ਕਰਸ਼: ਉਪਰ ਦਿੱਤੀਆਂ ਪਾਵਨ ਪੰਕਤੀਆਂ ਵਿਚ " ਬਸਤ " ਸ਼ਬਦ ਔਕੜ ਰਹਿਤ (ਮੁਕਤਾ ਅੰਤ) ਵਿਆਕਰਣੀ ਨੇਮਾਂ ਅਨੁਸਾਰ ਕ੍ਰਿਆ (Verb) ਸ਼ਰੇਣੀ ਦਾ ਹੈ, ਅਤੇ ਵਸਣਾ (dwell, reside, settle ) ਦੇ ਅਰਥ ਦੇਂਦਾ ਹੈ।

ਗੁਰਬਾਣੀ ਦੀ ਲਿਖਾਈ ਵਿਚ ਸ਼ਬਦਾਂ ਦੇ ਆਖਿਰ ਵਿਚ ਲੱਗੇ ਵਿਆਕਰਣੀ ਚਿੰਨ੍ਹ ਜਿਵੇਂ ਕਿ (ਔਕੜ, ਸਿਹਾਰੀ ਅਤੇ ਮੁਕਤਾ) ਅਰਥ ਬੋਧ ਕਰਾਉਣ ਵਿਚ ਸਹਾਇਕ ਹੁੰਦੇ ਹਨ। ਅੱਜਕਲ ਦੀ ਅਜੋਕੀ ਵਾਰਤਿਕ ਜਾਂ ਕਾਵ ਪੰਜਾਬੀ ਲਿਖਾਈ ਵਿਚ ਇਹ ਚਿੰਨ੍ਹ ਨਹੀਂ ਵਰਤੇ ਜਾਂਦੇ। ਅਤੇ ਪਾਠ ਕਰਣ ਵਾਲੇ ਬਹੁਤੇ ਪਾਠੀ ਸਜਣ ਇਸ ਸ਼ਬਦ ਬੋਧ ਦੇ ਨਿਯਮਾਂ ਤੋਂ ਜਾਣੂ ਨਹੀਂ ਜਾਪਦੇ।

ਗੁਰਬਾਣੀ ਦੇ ਹਰ ਇਕ ਸ਼ਬਦ ਨੂੰ ਬੜੇ ਸਹਿਜ਼ ਨਾਲ ਵਿਚਾਰ ਕੇ ਪੜਨਾ ਅਤੇ ਉਚਾਰਨਾ ਚਾਹੀਦਾ ਹੈ।ਗੁਰਮੁਖੀ ਅੱਖਰਾਂ ਤੋਂ ਬਣੇ ਸ਼ਬਦ ਸਾਨੂੰ ਸੱਚਖੰਡ ਨਾਲ ਜੋੜਨ ਦੇ ਸਮਰੱਥ ਹਨ।ਦਾਸ ਆਸ ਕਰਦਾ ਹੈ ਕਿ ਗੁਰਬਾਣੀ ਦੇ ਰਸੀਏ ਇਨਾਂ੍ਹ ਭੇਦਾਂ ਦੀ ਡੂੰਘੀ ਖੋਜ਼ ਕਰਦੇ ਰਹਿਣਗੇ ਅਤੇ ਇਨਾਂਹ ਭੇਦਾਂ ਦੀ ਸਿੱਖ ਸੰਗਤਾਂ ਨਾਲ ਸਾਂਝ ਕਰਦੇ ਰਹਿਣਗੇ।

ਇਕ ਜ਼ਰੂਰੀ ਬੇਨਤੀ : ਗੁਰਬਾਣੀ ਦੀ ਭਾਸ਼ਾ ਮੁਲ਼ ਰੂਪ ਵਿਚ ਹਿੰਦੀ ਹੈ ਪਰ ਇਹ ਗੁਰਮੁਖੀ ਲਿਪੀ ਵਿਚ ਦਰਜ਼ ਹੈ। ਪਾਠੀ ਸਜਣਾਂ ਵਲੋਂ ਇਹ ਉਪਰਾਲਾ ਹੋਣਾ ਚਾਹੀਦਾ ਹੈ ਕਿ ਜਿੱਥੇ ਉਹ ਆਪ ਗੁਰਬਾਣੀ ਦਾ ਪਾਠ ਅਰਥਾਂ ਸਮੇਤ ਸਮਝ ਕੇ ਕਰਨ, ਉਹ ਸੁਨਣ ਵਾਲੀ ਸੰਗਤ ਦੇ ਪੱਲੇ ਵੀ ਇਹ ਅਰਥ ਜ਼ਰੂਰ ਪਾਉਣ। ਉਹ ਇਸ ਪ੍ਰਕਾਰ ਦੇ ਸਮਨਾਮਾਂ ਨੂੰ ਹਲਕੀ ਜੀ ਮਾਤਰਾ ਦੀ ਧੁਨੀ ਨਾਲ ਉਚਾਰਣ ਤਾਂ ਕਿ ਸੁਨਣ ਵਾਲੇ ਨੂੰ ਵੀ ਇਸ ਦਾ ਬੋਧ ਹੋ ਸਕੇ। ਜਿਵੇ ਕਿ "ਵਸਤੁ" ਸ਼ਬਦ ਦੇ ਔਕੜ ਦਾ ਹਲਕਾ ਜਿਹਾ ਉਚਾਰਣ ਜ਼ਰੂਰ ਕਰਣ ਤਾਂ ਕਿ ਸੁਨਣ ਵਾਲੇ ਨੂੰ ਇਹ ਸਮਸ਼ਟ ਹੋ ਸਕੇ ਕਿ ਇਹ ਵਸਤੁ ਸ਼ਬਦ ਨਾਮ ( Noun) ਹੈ ਨਾਂ ਕਿ ਕ੍ਰਿਆ(Verb).

ਕੁਝ ਹੋਰ ਸਮਨਾਮਾਂ ਦੀ ਸੂਚੀ: ਜਪੁ (Noun) ਜਪਿ (Verb), ਭਗਤੁ (Noun) ਭਗਤਿ (Verb), ਸੰਗੁ (Noun) ਸੰਗਿ (Verb), ਸਿਧੁ (Noun) ਸਿਧਿ (Verb), , ਆਹਰੁ (Noun) ਆਹਰਿ (Verb), ,
***ਮਤਿ (Noun) ਮਤੁ (Verb) .
*** ਆਮ ਤੌਰ ਤੇ ਔਕੜ ਅੰਤ ਸ਼ਬਦ ਨਾਮ (Noun) ਹਨ ਅਤੇ ਸਿਹਾਰੀ ਅੰਤ ਸ਼ਬਦ ਕ੍ਰਿਆ (Verb) ਹੁੰਦੇ ਹਨ। ਪਰ ਮਤਿ (wisdom) ਅਤੇ ਮਤੁ (don’t) ਸ਼ਾਬਦਿਕ ਜੋੜਿਆਂ ਵਿਚ ਇਹ ਨਿਯਮ ਵਿਪਰੀਤ ਹੋ ਕੇ ਵਰਤਦਾ ਹੈ॥

**** ਲੇਖ ਦਾ ਅਗਲਾ ਹਿੱਸਾ ਗੁਰਬਾਣੀ ਦੀ ਗਹਿਰੀ ਵਿਚਾਰ ਰਖਣ ਵਾਲੇਆਂ ਵਾਸਤੇ ਹੈ।
ਪਾਠੰਤਰ ਦਾ ਮਸਲਾ: ਗੁਰਬਾਣੀ ਦੇ ਪਾਵਨ ਮੁਖਵਾਕ "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥" ਦੇ ਅਨੁਸਾਰ ਇਕ ਹੱਥ ਲਿਖਤ ਸਰੂਪ ਤੋਂ ਦੂਸਰੇ ਸਰੂਪ ਦਾ aੇਤਾਰਾ ਕਰਦੇ ਹੋਏ ਕੁਝਕੁ ਮਾਤਰਾਵਾਂ ਦਾ ਵੱਧ ਘੱਟ ਹੋ ਜਾਣਾ ਸੁਭਾਵਿਕ ਹੀ ਹੈ। ਜੋ ਆਮ ਪਾਠੀ ਸੱਜਣਾਂ ਨੂੰ ਸਪਸ਼ਟ ਤੌਰ ਤੇ ਨਹੀਂ ਜਾਪਦਾ ਪਰ ਗੁਰਬਾਣੀ ਦੀ ਡੂੰਘੀ ਖੋਜ਼ ਕਰਨ ਵਾਲਿਆਂ ਨੂੰ ਇਹ ਫਰਕ ਦਿਸ ਪੈਂਦਾ ਹੈ ।

ਆਓ ਹੁਣ "ਬਸਤੁ" ਸ਼ਬਦ ਔਕੜ ਸਹਿਤ ਸ਼ਬਦ ਦੇ ਕੁਝਕੁ ਪਾਠੰਤਰ ਵਾਲੀਆਂ ਪੰਕਤੀਆਂ ਦੀ ਵਿਚਾਰ ਕਰੀਏ

ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥ ਪੰਨਾ ੨੧੪
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥ ਪੰਨਾ ੨੧੮
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਪੰਨਾ ੬੮੪
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥ ਪੰਨਾ ੮੨੭
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ ਪੰਨਾ ੯੯੯
ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥ ਪੰਨਾ ੧੦੧੭
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥ ਪੰਨਾ ੧੧੮੬
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਪੰਨਾ ੧੩੪੯
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥ ਪੰਨਾ ੧੪੨੯

ਨਿਸ਼ਕਰਸ਼: ਉਪਰ ਦਿੱਤੀਆਂ ਪਾਵਨ ਪੰਕਤੀਆਂ ਵਿਚ ਦਾਸ ਦੀ ਤੁੱਛ ਬੁੱਧੀ ਅਨੁਸਾਰ ਸਭਨੀ ਥਾਂਈ ਛਪਿਆ ਹੋਇਆ" ਬਸਤੁ " ਸ਼ਬਦ ਔਕੜ ਰਹਿਤ ਕ੍ਰਿਆ ਸ਼ਰੇਣੀ (Verb) ਵਸਣਾ (dwell, reside, settle ) ਦੇ ਅਰਥ ਦੇਂਦਾ ਹੈ। ਪਰ ਕਿਸੇ ਕਾਰਨ ਵਸ ਛਾਪੇ ਦੀ ਗਲਤੀ ਕਰਕੇ "ਬਸਤ ਦੀ ਥਾਂ ਬਸਤੁ" ਛਪਿਆ ਹੋਇਆ ਹੈ। ਜੋ ਕਿ ਵਿਆਕਰਣੀ ਨਿਯਮਾਂ ਤੋਂ ਵਿਪਰੀਤ ਜਾਪਦਾ ਹੈ। ਗੁਰਮੁੱਖ ਸੱਜਣ ਇਨਾਂਹ ਪਾਵਨ ਪੰਕਤੀਆਂ ਦੀ ਗਹਰੀ ਵਿਚਾਰ ਕਰਨ ਅਤੇ ਬਸਤੁ ਸ਼ਬਦ ਤੇ ਲੱਗੇ ਔਕੜ ਨੂੰ ਵਿਆਕਰਣੀ ਨਿਯਮਾਂ ਤਹਿਤ ਦਰੁਸਤ ਕਰ ਲੈਣ।

ਸੰਗਿ ਤੇਰੈ ਹਰਿ ਬਸਤ ਨੀਤ ॥ ਪੰਨਾ ੧੧੮੭
ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਪੰਨਾ ੮੨੭

ਨਿਸ਼ਕਰਸ਼: ਉਪਰ ਦਿੱਤੀਆਂ ਦੋਨੋਂ ਪਾਵਨ ਪੰਕਤੀਆਂ ਵਿਚ ਦਾਸ ਦੀ ਤੁੱਛ ਬੁੱਧੀ ਅਨੁਸਾਰ ਸੰਗਿ ਸ਼ਬਦ ਦੀ ਵਰਤੋਂ ਹੋਣ ਕਰਕੇ "ਬਸਤ" ਸ਼ਬਦ ਮੁਕਤਾ ਅੰਤ ਹੈ ਕਿਉਂਕਿ ਇਹ ਕ੍ਰਿਆ (Verb) ਹੈ ।ਪਰ ਇਕ ਹੋਰ ਪਾਵਨ ਪੰਕਤੀ
ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥ ਪੰਨਾ ੧੦੧੭
ਵਿਚ "ਬਸਤੁ" ਸ਼ਬਦ ਤੇ ਲੱਗਾ ਔਕੜ ਵਿਆਕਰਣੀ ਨਿਯਮਾਂ ਤੋਂ ਫਿਰ ਵਿਪਰੀਤ ਜਾਪਦਾ ਹੈ।ਗੁਰਮੁਖ ਸਜਣ ਇਨਾਂ੍ਹ ਪਾਵਨ ਪੰਕਤੀਆਂ ਦੀ ਗਹਰੀ ਵਿਚਾਰ ਕਰਨ ਅਤੇ ਬਸਤੁ ਸ਼ਬਦ ਤੇ ਲੱਗੇ ਔਕੜ ਨੂੰ ਵਿਆਕਰਣੀ ਨਿਯਮਾਂ ਤਹਿਤ ਦਰੁਸਤ ਕਰ ਲੈਣ।

ਭੁੱਲ ਚੁੱਕ ਮੁਆਫ
khalsagurjeet@yahoo.com
Reply Quote TweetFacebook
Bahut Vadhiya ! More of this kind of articles are needed to keep the forum in Chardi-Kala.

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥


Guru Maharaaj hor bakshish karan.

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Very good post. Perhaps from puratan saroops it could be verified whether there is a printed mistake or not.
Reply Quote TweetFacebook
Sorry, only registered users may post in this forum.

Click here to login