ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਠ ਪਹਿਰੀ ਕੁੰਜੀ:

Posted by Vista 
ਅਠ ਪਹਿਰੀ ਕੁੰਜੀ:

Vaaheguroo Simran Book
Bhai Sahib Bhai Randheer Singh Jee

ਅੰਮ੍ਰਿਤ ਵੇਲੇ ਦੀ ਇਕ-ਪਹਿਰੀ ਸਾਵਧਾਨਤਾ ਸਹਿਤ ਨਾਮ ਅਭਿਆਸ ਕੀਤਾ ਹੋਇਆ ਮਾਨੋ ਅਠ ਪਹਿਰੀ ਕੁੰਜੀ ਲਗ ਜਾਂਦੀ ਹੈ,
ਜਿਸ ਦੇ ਤਾਣ ਸੁਤੇ ਸੁਭਾਵ ਹੀ ਨਾਮ ਅਭਿਆਸੀ ਦੀ ਸੁਆਸਾ ਰੂਪੀ ਘੜੀ ਦਾ ਪੈਂਡੁਲਮ, ਪੰਚ ਦੂਤ ਦਮਨੀ ਖੰਡੇ ਦੀ ਖੜਕਾਰ
ਵਾਲੀ ਸਹਿਜ ਰਫਤਾਰ ਵਿਚ ਚਲਦਾ ਰਹਿੰਦਾ ਹੈ।

ਇਹ ਗੁਰਮੰਤਰ “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ” ਦੇ ਗੁਰਵਾਕ ਅਨੁਸਾਰ ਅਕਾਲ ਪੁਰਖ ਦਾ ਆਪਣੇ ਆਪ ਰਚਿਆ ਹੋਇਆ ਨਾਉਂ ਸਤਿਨਾਮ ਹੈ, ਹੋਰ ਸਾਰੇ ਨਾਉਂ ਅਸਤਿ ਤੇ ਕ੍ਰਿਤਮ ਨਾਮ ਹਨ। ਏਸ ਗੁਰਮਤਿ ਗੁਰਮੰਤਰ ਵਾਹਿਗੁਰੂ ਦੇ ਵਿਧੀ ਪੂਰਬਕ ਅਭਿਆਸ ਦੁਆਰਾ ਜੋਤਿ ਪ੍ਰਕਾਸ਼ਕ ਵਿਸਮਾਦੀ ਅਨੰਦ ਰੰਗ ਬਝਦੇ ਹਨ। ਨਾਮ ਅਭਿਆਸ ਦਾ ਹੱਦ-ਬੰਨਾ ਕੋਈ ਨਹੀਂ, ਨਾਮ ਪਰਮ ਤੇ ਅਗਾਧ ਅਨੰਦ ਵਿਖੇ ਜਾ ਸਮਾਧੀ ਕਰਾਉਂਦਾ ਹੈ; ਤੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ:-

‘ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ’ ਵਾਲੇ ਦਿਬ ਲੋਇਣ ਓਤੇ ਜਾ ਕੇ ਹੀ ਖੁਲ੍ਹਦੇ ਹਨ:-

“ਅਦਿਸਟਿ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ॥” (ਰਾਮਕਲੀ ਮ: ੩, ਅਮਕ ੨੫, ਪੰਨਾ ੯੧੦)

ਵਾਲੀ ਜੀਵਨ ਮੁਕਤਿ ਜੋਤੀ ਜੋਤਿ ਸਮਾਏ ਰਹਿਣ, ਸਦਾ ਸਮਾਏ ਰਹਿਣ ਵਾਲਾ ਉਚ ਮੇਅਰਾਜ ਪ੍ਰਾਪਤ ਹੁੰਦਾ ਹੈ। ਏਸ ਅਵਸਥਾ
ਵਿਚ ਹੀ ਦਸਮ ਦੁਆਰ ਦੀ ਗੰਮਤਾ ਪ੍ਰਾਪਤ ਹੁੰਦੀ ਹੈ, ਜੈਸਾ ਕਿ ਭਾਈ ਗੁਰਦਾਸ ਜੀ ਆਪਣੇ ਕਬਿਤ ਸਵਈਆਂ ਦੇ ਦੂਜੇ ਕਬਿਤ ਵਿਚ ਦਸਦੇ ਹਨ:-

ਦਸਮ ਸਥਾਨ ਕੇ ਸਮਾਨਿ ਕਉਨ ਭਉਨ ਕਹਉ ਗੁਰਮੁਖਿ ਪਾਵੈ ਸੁ ਤਉ ਅਨਤ ਨਾ ਧਾਵਈ॥
ਉਨਮਨੀ ਜੋਤਿ ਕੇ ਪਟੰਤਰ ਦੀਜੈ ਕਉਨ ਜੋਤਿ ਦਇਆ ਕੈ ਦਿਖਾਵੈ ਜਾਹਿੰ ਤਾਹੀ ਬਨਿ ਆਵਈ॥
ਅਨਹਦ ਨਾਦ ਸਮਸਰਿ ਨਾਦੁ ਬਾਦੁ ਕਉਨੁ ਸ੍ਰੀ ਗੁਰੂ ਸੁਨਾਵੈ ਜਾਹਿੰ ਸੋਈ ਲਿਵ ਲਾਵਈ॥
ਨਿਝਰ ਅਪਾਰ ਧਾਰ ਤੁਲਿ ਨ ਅੰਮ੍ਰਿਤ ਰਸ ਅਪਿਉ ਪੀਆਵੈ ਜਾਹਿੰ ਤਾਹੀ ਮੈ ਸਮਾਵਈ॥੨॥
(ਕਬਿਤ ਸਵੈਯੇ ਭਾਈ ਗੁਰਦਾਸ ਜੀ)


ਇਹ ਅਵਸਥਾ ਗੁਰੂ ਕਿਰਪਾ ਨਾਲ ਗੁਰਮੁਖਾਂ ਨੂੰ ਹੀ, ਨਾਮ ਦੀ ਦਾਤ ਪ੍ਰਾਪਤ ਕਰ ਕੇ, ਨਾਮ ਅਭਿਆਸ ਕਮਾਈ ਦੁਆਰਾ ਹਾਸਲ
ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਨਾਮ ਅਭਿਆਸ ਦੀ ਗੁਰਮਤਿ ਜੁਗਤਿ ਇਉਂ ਦੱਸੀ ਹੈ ਕਿ ਏਸ ਬਿਧ
ਗੁਰਮੰਤਰ ਦਾ ਜਾਪ ਕਰ ਕੇ ਦਸਮ-ਦੁਆਰ ਪਹੁੰਚੀਦਾ ਹੈ। ਜਿਹਾ ਕਿ ਕਬਿਤ:-

ਸਬਦ ਸੁਰਤਿ ਲਿਵ ਲੀਨ ਜਲ ਮੀਨ ਗਤਿ ਸੁਖਮਨਾ ਸੰਗਮ ਹੁਇ ਉਲਟਿ ਪਵਨ ਕੈ॥
ਬਿਸਮ ਬਿਸਵਾਸ ਬਿਖੈ ਅਨਭੈ ਅਭਿਆਸ ਰਸ ਪ੍ਰੇਮ ਮਧੁ ਅਪਿਉ ਪੀਵੈ ਗੁਹਜ ਗਵਨ ਕੈ॥
ਸਬਦ ਕੈ ਅਨਹਦ ਸੁਰਤਿ ਕੈ ਉਨਮਨੀ ਪ੍ਰੇਮ ਕੈ ਨਿਝਰ ਧਾਰ ਸਹਜ ਰਵਨ ਕੈ॥
ਤ੍ਰਿਕੁਟੀ ਉਲੰਘਿ ਸੁਖ ਸਾਗਰ ਸੰਜੋਗ ਭੋਗ॥ ਦਸਮ ਸਥਲ ਨਿਹਕੇਵਲ ਭਵਨ ਕੈ॥੨੯੧॥
(ਕਬਿਤ ਭਾਈ ਗੁਰਦਾਸ ਜੀ)


ਨਾਮ ਦੀ ਅਗਾਧ ਕਲਾ ਹੈ, ਜਿਸ ਦੇ ਉਫੈਲ ਅਕਾਲ ਪੁਰਖ ਦੇ ਪਰਤੱਖ ਦਰਸ਼ਨ, ਦਸਮ ਦੁਆਰ ਦਾ ਉਘਾੜ ਤੇ ਸਚਖੰਡ ਦਾ ਨਿਵਾਸ
ਪ੍ਰਾਪਤ ਹੁੰਦਾ ਹੈ। ਖਾਲਸੇ ਦਾ ਦਸਮ ਦੁਆਰ ਜੋਗੀਆਂ ਦੇ ਦਸਮ ਦੁਆਰ ਨਾਲੋਂ ਉਚਾ ਤੇ ਵਿਲੱਖਣ ਹੈ। ਜੋਗੀਆਂ ਦਾ ਦਸਮ
ਦੁਆਰ ਤਾਂ ਨਿਰਾ ਪਵਨ-ਪੁਹਾਰਾ ਹੀ ਹੈ। ਏਸ ਦਾ ਫਰਕ ਇਉਂ ਸਮਝੋ ਕਿ ਅੰਗੀਠੀ ਵਿਚ ਜਿਥੇ ਕੋਇਲੇ ਦਗਦੇ ਹਨ, ਉਹ ਉਪਰਲਾ
ਟਿਕਾਣਾ ਖਾਲਸੇ ਦਾ ਦਸਮ ਦੁਆਰ ਹੈ, ਜਿਥੋਂ ਸਚਖੰਡ ਨਾਲ ਸਿੱਧਾ ਕਨੈਕਸ਼ਨ ਜੁੜਦਾ ਹੈ ਤੇ ਨਾਮ ਦੀਆਂ ਧੁਨੀਆਂ ਦਾ
ਅਨਹਦ ਸ਼ਬਦ ਸੁਣਾਈ ਦਿੰਦਾ ਹੈ। ਜੋਗੀਆਂ ਦਾ ਦਸਮ ਦੁਆਰ ਤਾਂ ਉਹ ਥਾਂ ਹੈ, ਜਿਥੇ ਅੰਗੀਠੀ ਦੇ ਹੇਠਲੇ ਹਿੱਸੇ ਵਿਚ
ਸੁਆਹ ਡਿਗਦੀ ਹੈ। ਜੋਗੀਆਂ ਨੂੰ ਏਥੇ ਬਜੰਤ੍ਰੀ ਬਾਜਿਆਂ, ਵੀਣਾ, ਢੋਲਕ, ਛੇਣੇ ਆਦਿ ਦੀਆਂ ਧੁਨੀਆਂ ਹੀ ਸੁਣਦੀਆਂ ਹਨ।
ਗੁਰੂ ਘਰ ਵਾਲਾ ਅਨਹਦ ਸ਼ਬਦ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਤੇ ਨਾ ਉਹਨਾਂ ਨੂੰ ਅਕਾਲ ਪੁਰਖ ਪਰਤੱਖ ਹੁੰਦਾ ਹੈ,
ਜੈਸਾ ਕਿ ਗੁਰਵਾਕ ਹੈ :-

“ਜੋਗ ਸਿਧ ਆਸਣ ਚਉਰਾਸੀ ਏ ਭੀ ਕਰਿ ਕਰਿ ਰਹਿਆ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨਾ ਗਹਿਆ॥੬॥” (ਸੋਰਠਿ ਮ: ੫ ਘਰੁ ੨ ਅਸਟ:, ਪੰਨਾ ੬੪੨)


ਇਹ ਉਪਰਲੀ ਮਿਸਾਲ “ਤਿਹ ਸਿਲ ਉਪਰਿ ਖਿੜਕੀ ਅਉਰ” ਵਾਲੇ ਸ਼ਬਦ ਦੇ ਭਾਵ ਦਾ ਟੂਕ ਮਾਤਰ ਪ੍ਰਮਾਣ ਹੈ। ਇਸ ਲਈ ਸਾਰ-ਸਿੱਟਾ
ਇਹ ਹੈ ਕਿ ਅਸਲੀ ਕਲਿਆਣਕਾਰੀ ਮੰਤਰਾਂ ਸਿਰ ਮੰਤਰ ‘ਵਾਹਿਗੁਰੂ’ ਗੁਰਮੰਤਰ ਹੈ, ਜੋ ਬੇਦ ਕਤੇਬਾਂ ਤੋਂ ਅਗੋਚਰਾ ਅਕਾਲ ਪੁਰਖ ਦਾ ਆਪ ਸੰਕੇਤਿਆ ਨਾਮ ਹੈ, ਜਿਹਾ ਕਿ :-

“ਬੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦ ਸੁਣਾਇਆ॥” (ਭਾਈ ਗੁਰਦਾਸ ਜੀ, ਵਾਰ ੧੨, ਪਉੜੀ ੧੭)

ਏਸ ਗੁਰਮੰਤਰ ਨੂੰ ਜਪਣ ਦੀ ਭਾਈ ਗੁਰਦਾਸ ਜੀ ਹਦਾਇਤ ਕਰਦੇ ਹਨ :-
“ਵਾਹਿਗੁਰੂ ਸਾਲਾਹਣਾ ਗੁਰ ਸਬਦ ਅਲਾਏ॥” (ਵਾਰ ੯, ਪਉੜੀ ੧੩)

“ਵਾਹਿਗੁਰੂ ਗੁਰੁ ਸਬਦੁ ਲੈ ਪਿਰਮ ਪਿਆਲਾ ਚੁਪਿ ਚੁਬੋਲਾ॥” (ਵਾਰ ੪, ਪਉੜੀ ੧)


ਇਸ ਗੁਰਮੰਤਰ ਨੂੰ ਬਾਰ ਬਾਰ ਜਪਣ ਦੀ ਹਦਾਇਤ ਗੁਰਬਾਣੀ ਵਿਚ ਥਾਂ ਥਾਂ ਮਿਲਦੀ ਹੈ :-

ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ॥…੬॥(੧੭)”

ਸੋ ਨਾਮ ਦਾ ਬਾਰ ਬਾਰ ਜਪਣਾ ਨਿਰੀ ਮਕੈਨੀਕਲ ਰੈਪੀਟੀਸ਼ਨ (ਮੁੜ ਮੁੜ ਇਕ ਸ਼ਬਦ ਨੂੰ ਆਮੁਹਾਰਾ ਕਹੀ ਜਾਣ ਵਾਲੀ ਫੋਕੀ
ਕਾਰ) ਨਹੀਂ, ਸਗੋਂ ਨਾਮ-ਰਸ ਲੀਨ ਕਰਾਉਂਣ ਵਾਲੀ ਤੇ ਕਪਾਟ ਖੋਲ੍ਹਣ ਵਾਲੀ ਸਚੀ ਕਾਰ ਹੈ। ਗੁਰਮਤਿ ਨਾਮ ਅਰਥਾਤ
ਵਾਹਿਗੁਰੂ ਦਾ ਅਭਿਆਸ ਊਠਤ ਬੈਠਤ ਸੋਵਤ ਜਾਗਤ ਸਾਸ ਗ੍ਰਾਸ ਹੋ ਸਕਦਾ ਹੈ, ਰਸਨਾ (ਜੀਭ) ਦੁਆਰਾ ਅਥਵਾ ਸੁਆਸਾਂ ਤੇ
ਸੁਰਤੀ ਦੁਆਰਾ। (ਨਾਮ ਸਿਮਰਨ ਆਦਿ ਸਵਾਲਾਂ ਸਬੰਧੀ ਵੇਰਵਾ ਦੇਖਣ ਲਈ ਪੜ੍ਹੋ ਗੁਰਮਤਿ ਨਾਮ ਅਭਿਆਸ ਕਮਾਈ, ਗੁਰਮਤਿ
ਲੇਖ, ਚਰਨ ਕਮਲ ਕੀ ਮਉਜ ਅਤੇ ਅਨਹਦ ਸ਼ਬਦ ਦਸਮ ਦੁਆਰ ਪੁਸਤਕਾਂ)।


ਵਾਹਿਗੁਰੂਜੀਕਾਖ਼ਾਲਸਾ
ਵਾਹਿਗੁਰੂਜੀਕੀਫ਼ਤਹਿ
Reply Quote TweetFacebook
Sorry, only registered users may post in this forum.

Click here to login