ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਖੋਜੀ ਦੀ ਨਿਰਾਸਤਾ

Posted by JASJIT SINGH 
ੴਵਾਹਿਗੁਰੂਜੀਕੀਫ਼ਤਹ॥

Sangat Jio received following inspirational story in email, posting here for the benefit of all. Did minor corrections for typo.
__________________________________________________________________________________________________________________

ਖੋਜੀ ਦੀ ਨਿਰਾਸਤਾ
(ਭਾਈ ਰਘਬੀਰ ਸਿੰਘ ਜੀ 'ਬੀਰ' ਪੁਸਤਕ 'ਰਮਜ਼ੀ ਕਹਾਣੀਆਂ')


ਇਕ ਖੋਜੀ ਨੂੰ ਇਕ ਵਾਰੀ ਆਬਾਦੀ ਤੋਂ ਦੂਰ ਜੰਗਲ ਬੀਆਬਾਨ ਵਿਚ ਬੜਾ ਭਾਰਾ ਖਜ਼ਾਨਾ ਲੱਭਾ । ਇਹ ਖਜ਼ਾਨਾ ਹੀਰੇ ਲਾਲ ਅਤੇ ਹੋਰ ਜਵਾਹਰਾਤਾਂ ਨਾਲ ਭਰਪੂਰ ਸੀ। ਖੋਜੀ ਵੇਖ ਕੇ ਬੜਾ ਖੁਸ਼ ਹੋਇਆ ਅਤੇ ਆਪਣੇ ਵਿੱਤ ਅਨੁਸਾਰ ਜਦ ਉਸ ਨੇ ਇਕ ਪੰਡ ਜਵਾਹਰਾਤਾਂ ਦੀ ਖਜ਼ਾਨੇ ਵਿਚੋਂ ਕਢ ਕੇ ਬੰਨ੍ਹ ਲਈ ਤਾਂ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਜਿਸ ਥਾਂ ਤੋਂ ਉਸਨੇ ਜਵਾਹਰਾਤ ਕਢੇ ਸਨ ਉਹ ਮੁੜ ਜਵਾਹਰਾਤਾਂ ਨਾਲ ਹੀ ਪੂਰੀ ਹੋ ਗਈ। ਖੋਜੀ ਦੀ ਹੈਰਾਨੀ ਵਧੀ ਅਤੇ ਉਸਨੇ ਤਜ਼ਰਬੇ ਦੇ ਤੌਰ ਤੇ ਉਸ ਖਜ਼ਾਨੇ ਵਿਚੋਂ ਹੋਰ ਜਵਾਹਰਾਤ ਕੱਢ - ਕੱਢ ਕੇ ਕਈ ਵਖੋ ਵਖਰੀਆਂ ਢੇਰੀਆਂ ਲਾ ਦਿਤੀਆਂ ਪਰ ਉਸਦੇ ਦੇਖਦੇ ਦੇਖਦੇ ਹੀ ਖਜ਼ਾਨਾ ਮੁੜ ਭਰਪੂਰ ਹੋ ਗਿਆ, ਸਭ ਖੱਪੇ ਆਪਣੇ ਆਪ ਹੀ ਜਵਾਹਰਾਤਾਂ ਨਾਲ ਪੂਰੇ ਗਏ।

ਜਦ ਖੋਜੀ ਨੂੰ ਯਕੀਨ ਆ ਗਿਆ ਕਿ ਇਹ ਖਜ਼ਾਨਾ ਵਰਤਿਆਂ ਮੁਕ ਨਹੀ ਸਕਦਾ ਅਤੇ ਇਸ ਵਿਚੋਂ ਜਿਤਨੇ ਜਵਾਹਰਾਤ ਕੱਢੀਏ ਮੁੜ ਆਪਣੇ ਆਪ ਭਰ ਜਾਂਦਾ ਹੈ, ਉਸ ਦੇ ਦਿਲ ਵਿਚ ਖਿਆਲ ਆਇਆ ਕਿ ਕਿਉਂ ਨਾ ਮੈ ਇਸ ਖਜ਼ਾਨੇ ਦਾ ਪਤਾ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਜਾ ਕੇ ਦੇਵਾਂ ਤਾਕਿ ਮੇਰਾ ਦੇਸ਼ ਅਮੀਰ ਅਤੇ ਸੁਖੀ ਹੋ ਜਾਵੇ। ਜਦ ਮੇਰਾ ਦੇਸ਼ ਅਮੀਰ ਅਤੇ ਸੁਖੀ ਹੋ ਗਿਆ ਫਿਰ ਹੋਰ ਦੇਸ਼ਾਂ ਨੂੰ ਇਸ ਖਜ਼ਾਨੇ ਦਾ ਪਤਾ ਦਿਤਾ ਜਾਵੇਗਾ, ਤਦ ਸਾਰਾ ਸੰਸਾਰ ਹੀ ਅਮੀਰ ਅਤੇ ਸੁਖੀ ਹੋ ਜਾਵੇਗਾ। ਇਹ ਜੰਗਲ ਬੜਾ ਸੰਘਣਾ ਅਤੇ ਚਹੁੰ ਪਾਸਿਆਂ ਤੋਂ ਪਹਾੜਾਂ ਨਾਲ ਘਿਰਿਆ ਹੋਇਆ ਸੀ। ਇਥੋਂ ਤਕ ਪਹੁੰਚਣ ਦੀ ਕੋਈ ਸੜਕ ਨਹੀਂ ਸੀ। ਇੰਝ ਜਾਪਦਾ ਸੀ ਕਿ ਉਥੇ ਸਦੀਆਂ ਤੋਂ ਕੋਈ ਇਨਸਾਨ ਆਇਆ ਹੀ ਨਹੀਂ ਸੀ। ਜੰਗਲ ਵਿਚ ਬੜੇ ਬੜੇ ਭਿਆਨਕ ਦਰਿੰਦੇ, ਸ਼ੇਰ, ਚੀਤੇ, ਹਾਥੀ, ਰਿੱਛ, ਅਜ਼ਦਹੇ ਰਹਿੰਦੇ ਸਨ। ਜੰਗਲ ਦੇ ਇਰਦ-ਗਿਰਦ ਦੇ ਪਹਾੜ ਅਸਮਾਨ ਤਕ ਉਚੇ ਅਤੇ ਐਸੀ ਸਿਧੀ ਚੜਾਈ ਵਾਲੇ ਸਨ ਕਿ ਉਹਨਾਂ ਉਤੇ ਚੜ ਸਕਣਾ ਅਸੰਭਵ ਜਾਪਦਾ ਸੀ।

ਖੋਜੀ ਦੀ ਖਜ਼ਾਨਾ ਲਭਣ ਦੀ ਸਾਰੀ ਖੁਸ਼ੀ ਫਿਕੀ ਪੈ ਗਈ ਜਦ ਉਸ ਨੇ ਵਿਚਾਰਿਆ ਕਿ ਉਥੇ ਤਕ ਪਹੁੰਚ ਕੇ ਉਸ ਖਜ਼ਾਨੇ ਨੂੰ ਹਾਸਲ ਕਰਨਾ ਉਸ ਦੇ ਦੇਸ਼ ਵਾਸੀਆਂ ਲਈ ਡਾਹਢਾ ਕਠਨ (ਔਖਾ) ਹੋਵੇਗਾ, ਕਿਉਂਕਿ ਐਸੇ ਉਚੇ ਪਹਾੜ ਤੇ ਚੜ੍ਹਨਾ ਅਤੇ ਐਸੇ ਸੰਘਣੇ ਜੰਗਲਾਂ ਨੂੰ ਲੰਘਣਾਂ ਹਰ ਇਕ ਇਨਸਾਨ ਲਈ ਅਸੰਭਵ ਸੀ। ਪਰ ਉਹ ਖੋਜੀ ਸੀ ਅਪਣੀ ਲਗਨ ਦਾ ਡਾਹਢਾ ਪੱਕਾ, ਜੋ ਇਰਾਦਾ ਧਾਰਦਾ ਉਹ ਪੂਰਾ ਕਰ ਕੇ ਹੀ ਛਡਦਾ। ਉਸ ਨੇ ਉਸ ਖਜ਼ਾਨੇ ਦੇ ਕੰਢੇ ਤੇ ਬੈਠ ਕੇ ਇਹ ਇਰਾਦਾ ਕੀਤਾ ਕਿ ਭਾਂਵੇ ਮੇਰੀ ਅਗਲੀ ਸਾਰੀ ਉਮਰ ਇਸ ਖਜ਼ਾਨੇ ਤੋਂ ਆਪਣੇ ਦੇਸ਼ ਤਕ ਰਸਤਾ ਬਨਾਣ ਵਿਚ ਬੀਤ ਜਾਵੇ, ਮੈਂ ਆਮ ਲੋਕਾਂ ਵਾਸਤੇ ਇਥੋਂ ਤਕ ਪਹੁੰਚਣਾ ਆਸਾਨ ਕਰ ਕੇ ਚੈਨ ਲਵਾਂਗਾ। ਇਕ ਪੰਡ ਜਵਾਹਰਾਤਾਂ ਦੀ ਸਿਰ ਤੇ ਚੁਕ ਕੇ ਇਹ ਖੋਜੀ ਹੌਲੀ ਹੌਲੀ ਕਈ ਮਹੀਨਿਆਂ ਵਿਚ ਰਸਤੇ ਦੀਆਂ ਸਖਤ ਤਕਲੀਫਾਂ ਬਰਦਾਸ਼ਤ ਕਰਦਾ, ਮੁੜ ਆਪਣੇ ਦੇਸ਼ ਪਹੁੰਚਿਆ। ਸਭ ਤੋਂ ਵਡੇ ਜੌਹਰੀ ਪਾਸ ਜਦ ਉਸ ਨੇ ਜਾ ਕੇ ਆਪਣਾ ਇਕ ਹੀਰਾ ਪੇਸ਼ ਕੀਤਾ ਤਾਂ ਉਹ ਜੌਹਰੀ ਬੜਾ ਹੈਰਾਨ ਹੋਇਆ ਕਿਉਂਕਿ ਐਸਾ ਹੀਰਾ ਤਾਂ ਉਸਨੇ ਕਦੀ ਦੇਖਿਆ ਹੀ ਨਹੀਂ ਸੀ, ਮੁੱਲ ਕੀ ਦਸਦਾ! ਜੌਹਰੀ ਨੇ ਖੋਜੀ ਦੇ ਚਰਨਾਂ ਤੇ ਸਿਰ ਰਖ ਦਿਤਾ ਅਤੇ ਆਖਿਆ, "ਮਹਾਂਪੁਰਖ ਜੀ, ਇਸ ਹੀਰੇ ਦਾ ਮੁੱਲ ਦਸਣ ਜਾਂ ਖਰੀਦਣ ਦੀ ਮੇਰੀ ਪਾਇਆਂ (ਔਕਾਤ) ਨਹੀਂ, ਮੇਰੇ ਪਾਸ ਜੋ ਕੁਝ ਹੈ ਸੋ ਆਪ ਇਸ ਹੀਰੇ ਦਾ ਦਰਸ਼ਨ ਕਰਵਾਈ ਮੰਗੋ ਤਾਂ ਹਾਜ਼ਰ ਹੈ।" ਐਪਰ ਉਸ ਖੋਜੀ ਦੇ ਘਰ ਐਸੇ ਹੀਰਿਆਂ ਦੀ ਪੰਡ ਭਰੀ ਪਈ ਸੀ ਅਤੇ ਉਸ ਨੂੰ ਐਸੇ ਹੀਰਿਆਂ ਦੀ ਖਾਨ ਦਾ ਪਤਾ ਲਗ ਚੁਕਾ ਸੀ, ਇਸ ਲਈ ਉਸ ਨੇ ਹਸ ਕੇ ਜੌਹਰੀ ਨੂੰ ਆਖਿਆ, " ਐ ਜੌਹਰੀ, ਜੋ ਤੇਰੇ ਪਾਸ ਇਸ ਹੀਰੇ ਦਾ ਮੁੱਲ ਨਹੀਂ, ਤਾਂ ਤੂੰ ਇਹ ਹੀਰਾ ਐਵੇਂ ਰਖ ਲੈ, ਮੈਨੂੰ ਇਤਨਾਂ ਧਨ ਦੇ ਦੇ ਜਿਸ ਨਾਲ ਮੈਂ ਆਪਣੇ ਦੇਸ਼ ਤੋਂ ਇਸ ਵਰਗੇ ਬੇਅੰਤ ਹੀਰਿਆਂ ਅਤੇ ਜਵਾਹਰਾਤਾਂ ਦੀ ਖਾਨ ਤਕ ਰਸਤਾ ਬਨਵਾਣਾ ਅਰੰਭ ਕਰ ਸਕਾਂ, ਤਾਕਿ ਮੇਰੇ ਦੇਸ਼ਵਾਸੀ ਅਤੇ ਇਹ ਸਾਰੇ ਸੰਸਾਰਵਾਸੀ ਉਥੋਂ ਹੀਰੇ ਜਵਾਹਰਾਤ ਲਿਆ ਲਿਆ ਕੇ ਅਮੀਰ ਅਤੇ ਸੁਖੀ ਹੋ ਜਾਣ, ਅਤੇ ਆਪ ਸੁਖੀ ਹੋ ਕੇ ਹੋਰ ਸਾਰੇ ਸੰਸਾਰ ਨੂੰ ਸੁਖੀ ਬਣਾ ਦੇਣ। "ਜੌਹਰੀ ਨੇ ਆਖਿਆ, "ਮਹਾਂਪੁਰਸ਼, ਇਸ ਹੀਰੇ ਦਾ ਮੁੱਲ ਕੋਈ ਬਾਦਸ਼ਾਹ ਵੀ ਨਹੀਂ ਦੇ ਸਕਦਾ, ਐਪਰ ਜੇ ਤੁਸੀਂ ਮਿਹਰਵਾਨ ਹੋ ਕੇ ਇਹ ਹੀਰਾ ਮੈਨੂੰ ਬਖਸ਼ਦੇ ਹੋ ਤਾਂ ਮੈਂ ਦੋ ਲਖ ਰੁਪਿਆ ਸਿਰਫ ਇਸ ਲਈ ਤੁਹਾਨੂੰ ਦੇਂਦਾ ਹਾਂ, ਕਿ ਸ਼ਾਇਦ ਇਹ ਰੁਪਿਆ ਆਪ ਜੀ ਦੇ ਉਪਕਾਰੀ ਇਰਾਦੇ ਦੀ ਸਫਲਤਾ ਵਿਚ ਕੋਈ ਸਹਾਇਤਾ ਕਰ ਸਕੇ ।"

ਦੋ ਲਖ ਰੁਪਿਆ ਲੈ ਕੇ , ਖੋਜੀ ਨੇ ਬੜੇ ਬੜੇ ਇੰਜੀਨੀਅਰਾਂ ਨੂੰ ਬੁਲਾਇਆ, ਆਪਣੀ ਸਾਰੀ ਸਕੀਮ ਦਸੀ ਅਤੇ ਆਪਣੇ ਦੇਸ਼ ਤੋਂ ਖਜ਼ਾਨੇ ਤਕ ਦਾ ਰਸਤਾ ਬਨਵਾਣਾ ਸ਼ੁਰੂ ਕਰ ਦਿਤਾ। ਖੋਜੀ ਪਾਸ ਜਦ ਰੁਪਿਆ ਮੁਕ ਜਾਂਦਾ , ਉਹ ਆਪਣੀ ਪੰਡ ਵਿਚੋਂ ਇਕ ਜਵਾਹਰਾਤ ਕਢ ਕੇ ਦੇਸ਼ ਦੇ ਕਿਸੇ ਧਨਾਢ ਪਾਸ ਵੇਚ ਕੇ ਲਖਾਂ ਰੁਪਏ ਲੈ ਆਉਂਦਾ ਅਤੇ ਖਜ਼ਾਨੇ ਤਕ ਜਾਣ ਵਾਲੀ ਸੜਕ ਬਨਾਣੀ ਜਾਰੀ ਰਖਦਾ। ਇਸ ਸੜਕ ਦੇ ਤਿਆਰ ਕਰਨ ਵਿਚ ਕਈ ਦਰਿਆਵਾਂ, ਨਦੀਆਂ, ਨਾਲਿਆਂ ਤੇ ਪੁਲ ਬਨਾਣੇ ਪਏ । ਦਸ ਦਸ ਪੰਦਰ੍ਹਾਂ ਪੰਦਰ੍ਹਾਂ ਮੀਲ ਉਤੇ ਮੁਸਾਫਰਾਂ ਦੇ ਠਹਿਰਨ ਲਈ ਪੜਾਅ ਅਤੇ ਸਰਾਂਵਾਂ ਬਣਵਾਈਆਂ, ਪਹਾੜਾਂ ਨੂੰ ਕਟਵਾ ਕਟਵਾ ਕੇ ਜੰਗਲਾਂ ਨੂੰ ਚੀਰ ਚੀਰ ਕੇ ਛੋਟੀ ਜਿਹੀ ਪਗਡੰਡੀ ਬਣਵਾਈ ਗਈ ਜਿਸ ਉਤੇ ਇਨਸਾਨ ਤੁਰ ਕੇ ਉਸ ਖਜ਼ਾਨੇ ਤਕ ਪਹੁੰਚ ਸਕੇ ਜੋ ਖਜ਼ਾਨਾ ਵਰਤਿਆਂ ਮੁਕਦਾ ਨਹੀਂ ਸੀ। ਹੁਣ ਖੋਜੀ ਨੇ ਸੋਚਿਆ ਕਿ ਮੈਂ ਖਜ਼ਾਨੇ ਦੀ ਸੜਕ ਤਾਂ ਬਣਵਾ ਦਿਤੀ ਹੈ ਐਪਰ ਇਹ ਸੜਕ ਕਿਉਂਕਿ ਬੜੇ ਪਹਾੜਾਂ, ਜੰਗਲਾਂ, ਤੇ ਧਰਤੀ ਦੇ ਬਿਖੜੇ ਹਿਸਿਆਂ ਵਿਚੋਂ ਲੰਘਦੀ ਹੈ, ਇਸ ਵਾਸਤੇ ਇਸ ਸੜਕ ਤੇ ਚਲਣ ਵਾਲੇ ਆਪਣੇ ਦੇਸ਼ਵਾਸੀਆਂ ਅਤੇ ਸਾਰੇ ਸੰਸਾਰ ਦੇ ਵਾਸੀਆਂ ਦੀ ਪੂਰੀ ਪੂਰੀ ਰਹਿਨੁਮਾਈ ਲਈ ਇਕ ਪੁਸਤਕ ਤਿਆਰ ਕਰਾਂ, ਜਿਸ ਵਿਚ ਖਜ਼ਾਨੇ ਤਕ ਪਹੁੰਚਣ ਲਈ ਰਸਤੇ ਦੇ ਸਾਰੇ ਹਾਲ, ਸਾਰੀਆਂ ਤਕਲੀਫਾਂ, ਅਤੇ ਉਹਨਾਂ ਤਕਲੀਫਾਂ ਦੇ ਉਪਾਅ ਦਰਜ ਕਰ ਦੇਵਾਂ, ਤਾਂਕਿ ਮੇਰੇ ਦੇਸ਼ਵਾਸੀ ਅਤੇ ਸਾਰੇ ਸੰਸਾਰਵਾਸੀ ਅਤੇ ਉਹਨਾਂ ਦੀਆਂ ਔਲਾਦ ਸਦਾ ਇਸ ਅਮੁਕ ਖਜ਼ਾਨੇ ਤੋਂ ਧਨ ਲਿਆ ਲਿਆ ਕੇ ਅਮੀਰ ਅਤੇ ਸੁਖੀ ਬਣੇ ਰਹਿਣ। ਬੜੀ ਮਿਹਨਤ ਨਾਲ ਖੋਜੀ ਨੇ ਖਜ਼ਾਨੇ ਸਬੰਧੀ ਇਕ ਪੁਸਤਕ ਤਿਆਰ ਕੀਤੀ ਜਿਸ ਵਿਚ ਖਜ਼ਾਨੇ ਤਕ ਪਹੁੰਚਣ ਦੀਆਂ ਸਭ ਹਿਦਾਇਤਾਂ ਦਰਜ ਸਨ। ਇਸ ਪੁਸਤਕ ਨੂੰ ਖੋਜੀ ਨੇ ਬੜੀ ਰੀਝ ਨਾਲ ਛਪਵਾਇਆ ਅਤੇ ਦੇਸ਼ ਦੇ ਰਾਜੇ ਤੋਂ ਲੈ ਕੇ ਹਰ ਇਕ ਕੰਗਾਲ ਤਕ ਇਹ ਪੁਸਤਕ ਮੁਫਤ ਪਹੁੰਚਾ ਦਿਤੀ। ਖੋਜੀ ਨੂੰ ਖਜ਼ਾਨੇ ਤਕ ਸੜਕ ਬਨਾਣ ਤੇ ਉਸ ਸਬੰਧੀ ਪੁਸਤਕ ਛਪਵਾ ਕੇ ਵੰਡਣ ਵਿਚ ਕਈ ਸਾਲ ਲਗ ਗਏ। ਇਤਨੀ ਮਿਹਨਤ ਨਾਲ ਕੀਤੇ ਕੰਮ ਨੂੰ ਸਿਰੇ ਚੜ੍ਹਾ ਕੇ, ਹੁਣ ਆਰਾਮ ਅਤੇ ਸ਼ਾਂਤੀ ਦਾ ਜੀਵਨ ਬਤੀਤ ਕਰਨ ਦੇ ਖਿਆਲ ਨਾਲ, ਉਸ ਨੇ ਖਜ਼ਾਨੇ ਦੇ ਨਜ਼ਦੀਕ ਪਹਾੜਾਂ ਦੇ ਦਾਮਨ ਵਿਚ ਆਪਣਾ ਘਰ ਬਣਵਾਇਆ ਅਤੇ ਲਗਾ ਉਸ ਘਰ ਵਿਚ ਆਪਣੇ ਕੁਝ ਮਿਤਰਾਂ ਸਮੇਤ ਅਨੰਦ ਨਾਲ ਰਹਿਣ। ਇਸ ਤਰ੍ਹਾਂ ਰਹਿੰਦਿਆਂ ਉਸ ਨੂੰ ਕਈ ਮੁੱਦਤਾਂ ਬੀਤ ਗਈਆਂ ।

ਹੁਣ ਖੋਜੀ ਬੁਢਾ ਹੋ ਗਿਆ ਸੀ, ਉਸ ਦੇ ਕਾਲੇ ਵਾਲ ਸਫੈਦ ਹੋ ਚੁਕੇ ਸਨ। ਉਸ ਦੇ ਉਪਕਾਰ ਭਰੇ ਜੀਵਨ ਨੇ ਉਸ ਦੇ ਦਿਲ ਨੂੰ ਸੰਤੁਸ਼ਟ ਅਤੇ ਚਿਹਰੇ ਨੂੰ ਨੂਰਾਨੀ ਬਣਾ ਦਿਤਾ ਸੀ। ਪਰਬਤਾਂ ਦੀ ਇਕਾਂਤ ਖੋਜੀ ਨੂੰ ਇਤਨੀ ਭਾਉਂਦੀ ਸੀ ਕਿ ਹੁਣ ਉਹ ਇਸ ਇਕਾਂਤ ਦਾ ਸਦਾ ਲਈ ਰੂਪ ਬਣ ਜਾਣਾ ਚਾਹੁੰਦਾ ਸੀ। ਉਸ ਨੂੰ ਉਸ ਇਕਾਂਤ ਅਤੇ ਸ਼ਾਂਤੀ ਸਾਹਮਣੇ, ਆਪਣੇ ਸ਼ਰੀਰ ਦਾ ਹਿਲਣਾ ਜੁਲਣਾ, ਸ਼ਰੀਰ ਅੰਦਰ ਹਰ ਵੇਲੇ ਹਰਕਤ ਦਾ ਜਾਰੀ ਰਹਿਣਾ, ਭੁਖ ਪਿਆਸ ਦਾ ਰੋਜ਼ ਆ ਕੇ ਹਲੂਣੇ ਦੇਣਾਂ, ਤਬੀਅਤ ਉਤੇ ਬੋਝ ਜਾਪਦਾ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਸ਼ਰੀਰ ਦੀ ਕੈਦ ਤੋਂ ਆਜ਼ਾਦ ਹੋ ਕੇ ਪਹਾੜਾਂ ਦੀ ਸ਼ਾਂਤੀ ਵਿਚ ਸਮਾ ਜਾਵੇ। ਪਰ ਅਜੇ ਵੀ ਸੰਕਲਪ ਉਸ ਦੇ ਮਨ ਵਿਚ ਫੁਰਦਾ ਰਹਿੰਦਾ ਅਤੇ ਉਹ ਕਦੀ ਕਦੀ ਚਾਹੁੰਦਾ ਕਿ ਪਹਾੜਾਂ ਤੋਂ ਉਤਰ ਕੇ ਇਕ ਵਾਰੀ ਆਪਣੇ ਦੇਸ਼ ਦਾ ਦੌਰਾ ਕਰੇ ਅਤੇ ਆਪਣੀਂ ਅਖੀਂ ਆਪਣੇ ਦੇਸ਼ ਦੀ ਅਮੀਰੀ ਅਤੇ ਖੁਸ਼ਹਾਲੀ ਨੂੰ ਦੇਖੇ ਜੋ ਕਿ ਉਸ ਦੇ ਦੇਸ਼ਵਾਸੀਆਂ ਨੇ ਅਮੁਕ ਖਜ਼ਾਨੇ ਤੋਂ ਦੌਲਤ ਲਿਆ ਲਿਆ ਕੇ ਆਪਣੇ ਦੇਸ਼ ਦੇ ਕੋਨੇ ਕੋਨੇ ਵਿਚ ਖਿਲਾਰ ਲਿਤੀ ਹੋਣੀ ਹੈ। ਇਸ ਲਈ ਪਰਮ ਅਨੰਦ ਵਿਚ ਸਮਾ ਜਾਣ ਤੋਂ ਪਹਿਲੇ ਖੋਜੀ ਨੇ ਆਪਣਾ ਭੇਸ ਬਦਲ ਕੇ ਕੁਝ ਮਿਤਰਾਂ ਸਮੇਤ ਪਹਾੜਾਂ ਤੋਂ ਉਤਰ ਆਪਣੇ ਦੇਸ਼ ਵਲ ਆਇਆ ।

ਪਹਿਲੇ ਪਹਿਲ ਰਸਤੇ ਵਿਚ ਆਏ ਪਿੰਡਾਂ ਵਿਚ ਜਦ ਖੋਜੀ ਨੇ ਦੇਸ਼ ਦੀ ਸੁਧਰੀ ਹਾਲਤ ਦਾ ਕੋਈ ਨਿਸ਼ਾਨ ਨਾ ਦੇਖਿਆ ਤਾਂ ਦਿਲ ਵਿਚ ਹੈਰਾਨ ਹੋਇਆ ਕਿ ਇਤਨੇ ਚਿਰ ਵਿਚ ਦੇਸ਼ ਦੀ ਅਮੀਰੀ ਦਾ ਅਸਰ ਪਿੰਡਾਂ ਉਤੇ ਕਿਉਂ ਨਾ ਪਿਆ ? ਪਰ ਫਿਰ ਉਸ ਨੂੰ ਖਿਆਲ ਆਇਆ ਕਿ ਸ਼ਾਇਦ ਉਸ ਦੇ ਦੇਸ਼ਵਾਸੀਆਂ ਨੇ ਉਨਤੀ ਦਾ ਕੰਮ ਵਡੇ ਵਡੇ ਸ਼ਹਿਰਾਂ ਤੋਂ ਅਰੰਭਿਆ ਹੋਵੇ, ਇਸ ਲਈ ਉਹ ਆਪਣੇ ਵਡੇ ਸ਼ਹਿਰ ਆਇਆ ਤਾਂਕਿ ਉਥੇ ਆ ਕੇ ਉਹ ਦੇਸ਼ ਦੀ ਉਨਤੀ ਦਾ ਸਾਰਾ ਨਕਸ਼ਾ ਆਪ ਵੇਖ ਕੇ ਤਸੱਲੀ ਕਰੇ। ਰਾਜਧਾਨੀ ਦੇ ਵਡੇ ਸ਼ਹਿਰ ਵਿਚ ਵੜਦਿਆਂ ਹੀ ਖੋਜੀ ਨੇ ਸੜਕਾਂ, ਬਾਜ਼ਾਰਾਂ, ਗਲੀਆਂ, ਮਹੱਲਿਆਂ ਵਿਚ ਫਿਰਨਾ ਸ਼ੁਰੂ ਕੀਤਾ, ਪਰ ਉਸ ਨੂੰ ਸਭ ਕੁਝ ਉਹੋ ਪੁਰਾਣਾ ਨਕਸ਼ਾ ਹੀ ਨਜ਼ਰ ਆਇਆ, ਸਭ ਬਾਜ਼ਾਰ ਉਸੇ ਤਰ੍ਹਾਂ ਹੀ ਤੰਗ ਅਤੇ ਮੈਲੇ ਸਨ, ਜਿਵੇਂ ਕਿ ਕਈ ਸਾਲ ਪਹਿਲਾਂ ਖੋਜੀ ਨੇ ਦੇਖੇ ਸਨ । ਸਭ ਲੋਕੀ ਉਸੇ ਪੁਰਾਣੀ ਖਸਤਾ ਹਾਲਤ ਵਿਚ ਨਜ਼ਰ ਆਉਂਦੇ ਸਨ। ਰੋਗ, ਥੁੜ, ਚਿੰਤਾ, ਫਿਕਰ, ਪਰੇਸ਼ਾਨੀ ਸਭ ਲੋਕਾਂ ਦੇ ਚਿਹਰਿਆਂ ਤੇ ਪਹਿਲੇ ਸਮਿਆਂ ਵਾਂਗਰ ਹੀ ਪ੍ਰਗਟ ਸਨ। ਖੋਜੀ ਬੜਾ ਹੈਰਾਨ ਸੀ ਅਤੇ ਸੋਚ ਰਿਹਾ ਸੀ ਕਿ ਮੇਰੇ ਦੇਸ਼ ਵਾਸੀਆਂ ਨੇ ਇਤਨੇ ਵਰ੍ਹਿਆਂ ਅੰਦਰ ਤਾਂ ਬੇਸ਼ੁਮਾਰ ਧਨ ਉਸ ਅਮੁਕ ਖਜ਼ਾਨੇ ਵਿਚੋਂ ਲੈ ਆਂਦਾ ਹੋਣਾ ਹੈ, ਪਰ ਉਹ ਇਸ ਧਨ ਨੂੰ ਲਿਆ ਕੇ ਕਰਦੇ ਕੀ ਰਹੇ ਹਨ? ਜਿਸ ਦੇਸ਼ ਵਿਚ ਬੇਸ਼ੁਮਾਰ ਧਨ ਹੋਵੇ, ਉਥੋਂ ਦਾ ਤਾਂ ਹੁਲੀਆ ਹੀ ਬਦਲ ਜਾਣਾ ਚਾਹੀਦਾ ਹੈ, ਪਰ ਮੈਂ ਸਭ ਕੁਝ ਪੁਰਾਣੀ ਖਸਤਾ ਹਾਲਤ ਵਿਚ ਦੇਖ ਰਿਹਾ ਹਾਂ। ਬਾਜ਼ਾਰਾਂ ਵਿਚ ਮੰਗਤੇ ਉਸੇ ਤਰ੍ਹਾਂ ਭੀਖ ਮੰਗਦੇ ਸਨ । ਹਕੀਮਾਂ, ਵੈਦਾਂ ਦੇ ਬੁਹਿਆਂ ਤੇ ਉਸੇ ਤਰ੍ਹਾਂ ਰੋਗੀ ਰੁਲ ਰਹੇ ਸਨ, ਮਜ਼ਦੂਰ ਪੇਸ਼ਾ ਲੋਕਾਂ ਨੂੰ ਉਸੇ ਤਰ੍ਹਾਂ ਸਾਰਾ ਦਿਨ ਕੰਮ ਕਰਨ ਮਗਰੋਂ ਰਜਵੀਂ ਰੋਟੀ ਨਸੀਬ ਨਹੀ ਸੀ ਹੁੰਦੀ, ਜਿਵੇਂ ਕਿ ਹਾਲ ਉਸ ਦੇ ਖਜਾਨੇ ਦੇ ਧਨ ਲੱਭਣ ਤੋਂ ਪਹਿਲੇ ਸੀ । ਇਹ ਹਾਲਤ ਆਪਣੇ ਦੇਸ਼ ਦੀ ਦੇਖ ਕੇ ਖੋਜੀ ਦੁਖੀ ਹੋ ਰਿਹਾ ਸੀ ਤੇ ਗਲੀਆਂ ਬਾਜ਼ਾਰਾਂ ਵਿਚੋਂ ਨਿਰਾਸਤਾ ਭਰੀਆਂ ਨਜ਼ਰਾਂ ਨਾਲ ਚੌਹੀਂ ਪਾਸੀਂ ਆਪਣੀ ਉਮਰ ਭਰ ਦੀ ਕੀਤੀ ਮਿਹਨਤ ਦਾ ਫਲ ਢੂੰਢ ਰਿਹਾ ਸੀ ।

ਭਾਵੇਂ ਖੋਜੀ ਨੇ ਭੇਸ ਬਦਲਿਆ ਹੋਇਆ ਸੀ, ਪਰ ਕੁਝ ਚਿਰ ਬਾਜ਼ਾਰਾਂ ਵਿਚ ਫਿਰਨ ਮਗਰੋਂ ਉਸ ਨੂੰ ਇਕ ਦੋ ਆਦਮੀਆਂ ਨੇ ਪਛਾਣ ਹੀ ਲਿਆ। ਬਸ ਫੇਰ ਕੀ ਸੀ, ਕੰਨ ਮਕੰਨੀ ਖੋਜੀ ਦੇ ਰਾਜਧਾਨੀ ਵਿਚ ਆਉਣ ਦੀ ਖਬਰ ਸਾਰੇ ਸ਼ਹਿਰ ਵਿਚ ਫੈਲ ਗਈ। ਜਿਧਰ ਖੋਜੀ ਜਾਂਦਾ, ਹਜ਼ਾਰਾਂ ਆਦਮੀ ਉਸ ਨੂੰ ਦੇਖਣ ਆਉਂਦੇ ਅਤੇ ਫੁਲਾਂ ਦੇ ਹਾਰ ਉਸ ਦੇ ਗਲ ਵਿਚ ਪਾਂਦੇ। ਇਕ ਸੇਠ ਨੂੰ ਜਦ ਪਤਾ ਲਗਾ ਕਿ ਖੋਜੀ ਰਾਜਧਾਨੀ ਵਿਚ ਹੈ ਤਾਂ ਉਸ ਨੇ ਆਪਣੀ ਚਾਰ ਘੋੜਿਆਂ ਵਾਲੀ ਗੱਡੀ ਲਿਆ ਕੇ ਖੋਜੀ ਦੇ ਸਾਹਮਣੇ ਹਾਜ਼ਰ ਕੀਤੀ ਅਤੇ ਹਥ ਜੋੜ ਕੇ ਆਖਿਆ, "ਮਹਾਰਾਜ, ਆਪ ਪੈਦਲ ਨਾ ਚਲੋ, ਮੇਰੀ ਗੱਡੀ ਵਿਚ ਸਵਾਰ ਹੋ ਕੇ ਮੈਨੂੰ ਨਿਹਾਲ ਅਤੇ ਮੇਰੀ ਗੱਡੀ ਨੂੰ ਪਵਿਤਰ ਕਰੋ" ਹੁਣ ਖੋਜੀ ਚਾਰ ਘੋੜਿਆਂ ਵਾਲੀ ਗੱਡੀ ਵਿਚ ਫੁਲਾਂ ਨਾਲ ਲੱਦਿਆ ਹੋਇਆ ਬੈਠਾ ਸੀ, ਪਿਛੇ ਚੌਰ ਝੁਲਦੇ ਸਨ ਅਤੇ ਹਜ਼ਾਰਾਂ ਆਦਮੀ ਇਸ ਗੱਡੀ ਦੇ ਅਗੇ ਪਿਛੇ ਸਨ ਅਤੇ ਇਹ ਜਲੂਸ ਰਾਜਧਾਨੀ ਦੇ ਬਾਜ਼ਾਰਾਂ ਵਿਚੋਂ ਲੰਘ ਰਿਹਾ ਸੀ। ਕੋਠਿਆਂ ਦੀਆਂ ਛਤਾਂ ਅਤੇ ਬਾਰੀਆਂ ਵਿਚੋਂ ਲੋਕੀਂ ਫੁਲਾਂ ਦੀ ਬਰਖਾ ਕਰਦੇ ਸਨ। ਖੋਜੀ ਦੀ ਗੱਡੀ ਫੁਲਾਂ ਨਾਲ ਇਤਨੀ ਭਰੀ ਹੋਈ ਸੀ ਕਿ ਖੋਜੀ ਦਾ ਮੂੰਹ ਅਤੇ ਅਖਾਂ ਹੀ ਮਸਾਂ ਦਰਸ਼ਨ ਕਰਨ ਵਾਲਿਆਂ ਨੂੰ ਦਿਸਦੀਆਂ ਸਨ। ਜਦ ਜਲੂਸ ਦੇਸ਼ ਦੇ ਰਾਜੇ ਦੇ ਮਹਿਲ ਅਗੇ ਪਹੁੰਚਿਆ ਤਾਂ ਬਾਕਾਇਦਾ ਤੌਰ ਤੇ ਖੋਜੀ ਨੂੰ ਸ਼ਾਹੀ ਫੌਜ ਨੇ ਸਲਾਮੀ ਦਿਤੀ। ਰਾਜੇ ਨੇ ਸਣੇ ਪਰਿਵਾਰ ਮਹਿਲ ਤੋਂ ਬਾਹਰ ਆ ਕੇ ਖੋਜੀ ਨੂੰ ਨਮਸਕਾਰ ਕੀਤੀ ਅਤੇ ਹਥ ਜੋੜ ਕੇ ਆਖਿਆ, "ਮਹਾਰਾਜ, ਆਪ ਨੇ ਉਸ ਖਜ਼ਾਨੇ ਦਾ ਸਾਨੂੰ ਪਤਾ ਦਿਤਾ ਹੈ ਜੋ ਕਦੀ ਮੁਕਦਾ ਹੀ ਨਹੀਂ ਜਿਸ ਦੇ ਸਾਹਮਣੇ ਸਾਡੇ ਖਜ਼ਾਨੇ ਤੁਛ ਹਨ, ਇਸ ਲਈ ਆਪ ਰਾਜਿਆਂ ਦੇ ਰਾਜੇ ਅਤੇ ਸ਼ਾਹਾਂ ਦੇ ਸ਼ਾਹ ਹੋ, ਬਲਕਿ ਆਪਜੀ ਦੇ ਸਾਹਮਣੇ ਦੁਨੀਆਂ ਦੇ ਮਹਾਰਾਜੇ ਅਤੇ ਸ਼ਹਿਨਸ਼ਾਹ ਨੀਂਵੇ ਹਨ, ਕਿਉਂਕਿ ਉਹਨਾਂ ਦੇ ਖਜ਼ਾਨੇ ਤਾਂ ਵਰਤਿਆਂ ਮੁਕ ਸਕਦੇ ਹਨ ਪਰ ਆਪਜੀ ਦਾ ਖਜ਼ਾਨਾ ਤਾਂ ਅਮੁਕ ਹੈ। ਇਹ ਦੁਨਿਆਵੀ ਮਹਾਰਾਜੇ ਅਤੇ ਸ਼ਹਿਨਸ਼ਾਹ ਝੂਠੇ ਹਨ, ਨਾਸ਼ਵੰਦ ਹਨ ਪਰ ਆਪਜੀ ਤਾਂ ਸਚੇ ਮਹਾਰਾਜੇ ਜਾਂ ਸਚੇ ਪਾਤਸ਼ਾਹ ਹੋ। ਆਪ ਨੂੰ ਮੇਰੀ, ਮੇਰੇ ਪਰਿਵਾਰ ਦੀ, ਮੇਰੇ ਦੇਸ਼ ਦੀ, ਮੇਰੀ ਪਰਜਾ ਦੀ ਸਭਦੀ ਨਮਸ਼ਕਾਰ ਹੈ। ਆਪ ਧੰਨ ਹੋ । ਮੇਰੇ ਮਹਿਲ ਵਿਚ ਚਲ ਕੇ ਕੁਝ ਚਿਰ ਪਧਾਰੋ, ਕੁਝ ਦਿਨਾਂ ਨੂੰ ਸਾਰੇ ਦੇਸ਼ ਵਲੋਂ ਆਪ ਨੂੰ ਬਾਕਾਇਦਾ 'ਜੀ ਆਇਆਂ' ਆਖਿਆ ਜਾਵੇਗਾ ਅਤੇ ਸਾਰੇ ਦੇਸ਼ ਵਲੋਂ ਆਪ ਜੀ ਦੀ ਸੇਵਾ ਵਿਚ ਮਾਨ ਪੱਤਰ ਪੇਸ਼ ਕੀਤਾ ਜਾਵੇਗਾ।"

ਖੋਜੀ ਪਹਿਲੇ ਇਹ ਦੇਖ ਕੇ ਹੈਰਾਨ ਹੋਇਆ ਸੀ ਕਿ ਉਹਦੇ ਦੇਸ਼ ਵਾਸੀ ਇਤਨੇ ਅਰਸੇ ਅੰਦਰ ਸੁਖੀ ਅਤੇ ਅਮੀਰ ਕਿਉਂ ਨਹੀਂ ਹੋਏ, ਹੁਣ ਇਹ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਉਸ ਦੇ ਦੇਸ਼ ਵਾਸੀ ਉਸ ਦੀ ਇਤਨੀ ਇਜ਼ਤ ਕਿਉਂ ਕਰ ਰਹੇ ਹਨ। ਕੁਝ ਦਿਨਾਂ ਤੋਂ ਬਾਅਦ ਦੇਸ਼ ਦੇ ਰਾਜੇ ਦੇ ਪ੍ਰਬੰਧ ਹੇਠ ਖੋਜੀ ਦੇ ਯੋਗ ਸਤਿਕਾਰ ਲਈ ਬੜਾ ਆਲੀਸ਼ਾਨ ਪੰਡਾਲ ਸਜਾਇਆ ਗਿਆ ਅਤੇ ਇਸ ਦੇ ਚਾਰੇ ਦਰਵਾਜ਼ੇ ਖੂਬ ਸ਼ਿੰਗਾਰੇ ਗਏ। ਇਕ ਤੇ ਲਿਖਿਆ ਗਿਆ 'ਦੇਸ਼ ਵਲੋਂ ਖੋਜੀ ਨੂੰ ਜੀ ਆਇਆਂ', ਦੂਜੇ ਤੇ ਲਿਖਿਆ ਗਿਆ 'ਦੇਸ਼ ਨੂੰ ਖੋਜੀ ਤੇ ਮਾਣ ਹੈ' ਤੀਜੇ ਤੇ ਲਿਖਿਆ ਗਿਆ 'ਖੋਜੀ ਜਿਹਾ ਮਹਾਂਪੁਰਖ ਸੰਸਾਰ ਤੇ ਨਾ ਜਨਮਿਆ ਤੇ ਨਾਂ ਜਨਮੇਗਾ' ਅਤੇ ਚੌਥੇ ਤੇ ਲਿਖਿਆ ਗਿਆ 'ਧੰਨ ਧੰਨ ਖੋਜੀ ਜੀ ਮਹਾਰਾਜ'। ਰਾਜਮਹਲ ਤੋਂ ਪੰਡਾਲ ਤਕ ਸੜਕ ਧੁਆ ਕੇ ਉਸ ਉਪਰ ਕਾਲੀਨ ਅਤੇ ਗਲੀਚੇ ਵਿਛਾਏ ਗਏ।

ਨੀਅਤ ਕੀਤੇ ਸਮੇਂ ਉਪਰ ਖੋਜੀ ਦੀ ਸਵਾਰੀ ਸ਼ਾਹੀ ਮਹਲ ਤੋਂ ਡਾਹਢੀ ਸ਼ਾਨ ਸ਼ੌਕਤ ਨਾਲ ਨਿਕਲੀ ।ਦੇਸ਼ ਦਾ ਰਾਜਾ, ਰਾਜੇ ਦੇ ਵਜ਼ੀਰ, ਅਹਿਲਕਾਰ, ਫੌਜੀ ਅਫਸਰ ਅਤੇ ਕਿਤਨੇ ਹੀ ਹੋਰ ਲੋਗ ਵਾਰੀ ਵਾਰੀ ਖੋਜੀ ਦੀ ਪਾਲਕੀ ਨੂੰ ਮੋਢਿਆਂ ਤੇ ਚੁਕੀ ਜਾ ਰਹੇ ਸਨ। ਪਾਲਕੀ ਦੇ ਅਗੇ ਰਾਜੇ ਦੀਆਂ ਫੌਜਾਂ, ਪਲਟਨਾਂ ਅਤੇ ਰਸਾਲੇ ਸਨ, ਜਿਨ੍ਹਾਂ ਦੇ ਅਗੇ ਕਈ ਕਿਸਮ ਦੇ ਵਾਜੇ ਵਜ ਰਹੇ ਸਨ। ਖੋਜੀ ਦੀ ਪਾਲਕੀ ਦੇ ਪਿਛੇ ਦੇਸ਼ ਦੀਆਂ ਸਭ ਵਡੀਆਂ ਵਡੀਆਂ ਸਭਾ ਸੁਸਾਇਟੀਆਂ ਦੇ ਪ੍ਰਤੀਨਿਧ ਹੱਥਾਂ ਵਿਚ ਆਪੋ-ਆਪਣੀ ਸੁਸਾਇਟੀ ਦੇ ਝੰਡੇ ਚੁਕੀ 'ਖੋਜੀ ਦੀ ਜੈ ਖੋਜੀ ਧੰਨ ਹੈ' ਦੇ ਨਾਅਰੇ ਲਗਾਂਦੇ ਜਾ ਰਹੇ ਸਨ। ਸੜਕ ਦੇ ਦੋਹਾਂ ਪਾਸਿਆਂ ਤੋਂ ਖੋਜੀ ਦੀ ਪਾਲਕੀ ਉਤੇ ਦੇਸ਼ ਦੀਆਂ ਇਸਤ੍ਰੀਆਂ ਫੁਲਾਂ ਦੀ ਵਰਖਾ ਕਰ ਰਹੀਆਂ ਸਨ।

ਬੜੀ ਸਜ ਧਜ ਨਾਲ ਖੋਜੀ ਦੀ ਸਵਾਰੀ ਜਦ ਪੰਡਾਲ ਵਿਚ ਪਹੁੰਚੀ ਤਾਂ ਕਿਲੇ ਤੋਂ ਤੋਪਾਂ ਦੇ ਫਾਇਰ ਖੋਜੀ ਦੀ ਸਲਾਮੀ ਵਜੋਂ ਕੀਤੇ ਗਏ। ਪੰਡਾਲ ਵਿਚ ਸ਼ਾਹਾਨਾ ਠਾਠ ਦੀ ਸਜੀ ਸੋਨੇ ਦੀ ਕੁਰਸੀ ਤੇ ਖੋਜੀ ਨੂੰ ਬਿਠਾਇਆ ਗਿਆ ਅਤੇ ਦੇਸ਼ ਦੇ ਉਚ ਘਰਾਣਿਆਂ ਦੀਆਂ ਇਸਤ੍ਰੀਆਂ ਵਲੋਂ ਖੋਜੀ ਦੀ ਆਰਤੀ ਅਤੇ ਪੂਜਾ ਕੀਤੀ ਗਈ। ਦੇਸ਼ ਦੀ ਮਹਾਰਾਣੀ ਵਲੋਂ ਖੋਜੀ ਦੇ ਮੱਥੇ ਉਪਰ ਤਿਲਕ ਲਗਾਇਆ ਗਿਆ ਅਤੇ ਸਾਰੇ ਦੇਸ਼ ਵਾਸੀਆਂ ਨੇ 'ਖੋਜੀ ਧੰਨ ਹੈ, ਖੋਜੀ ਦਾ ਦੇਸ਼ ਧੰਨ ਹੈ, ਖੋਜੀ ਦੇ ਦੇਸ਼ਵਾਸੀ ਧੰਨ ਹਨ' ਦੇ ਜੈਕਾਰੇ ਲਗਾਏ। ਉਪਰੰਤ ਦੇਸ਼ ਦੇ ਸਭ ਤੋਂ ਵਡੇ ਪੰਡਤ/ਰਾਜਪੁਰੋਹਿਤ ਵਲੋਂ ਖੋਜੀ ਦੀ ਸੇਵਾ ਵਿਚ ਹੇਠ ਲਿਖਿਆ ਮਾਣ-ਪੱਤਰ ਪੜਿਆ ਗਿਆ :-

'ਦੇਸ਼ ਅਤੇ ਕੌਮ ਦੀ ਸ਼ਾਨ, ਪਰਮ ਉਪਕਾਰੀ, ਪੂਜਨੀਕ ਅਤੇ ਸਤਿਕਾਰ ਯੋਗ ਖੋਜੀ ਜੀਉ!

ਅਮੁਕ ਅਤੇ ਅਥਾਹ ਖਜ਼ਾਨੇ ਨੂੰ ਲਭ ਕੇ, ਉਸ ਤਕ ਸੁੰਦਰ ਰਸਤਾ ਬਨਾਣ ਅਤੇ ਉਸ ਰਸਤੇ ਦੇ ਸਾਰੇ ਹਾਲ, ਸਾਰੇ ਭੇਦ ਅਤੇ ਹਿਦਾਇਤਾਂ ਦੇਸ਼ ਭਾਸ਼ਾ ਵਿਚ ਪੁਸਤਕ ਦੀ ਸ਼ਕਲ ਅੰਦਰ ਛਪਵਾ ਕੇ ਸਾਰ ਦੇਸ਼ ਵਾਸੀਆਂ ਅੰਦਰ ਪਹੁੰਚਾਣ ਦੀ ਜੋ ਆਪ ਨੇ ਖੇਚਲ, ਕਿਰਪਾ ਅਤੇ ਉਪਕਾਰ ਕੀਤਾ ਹੈ ਉਸ ਦੇ ਧੰਨਵਾਦ ਨੂੰ ਜ਼ਾਹਿਰ ਕਰਨ ਹਿਤ ਆਪ ਦੇ ਦੇਸ਼ ਦਾ ਰਾਜਾ ਅਤੇ ਪਰਜਾ, ਅਜ ਆਪ ਦੀ ਸੇਵਾ ਵਿਚ ਇਕਤਰ ਹੋਏ ਹਨ। ਅਸਲ ਵਿਚ ਤਾਂ ਜੋ ਉਪਕਾਰ ਅਤੇ ਕ੍ਰਿਪਾਲਤਾ ਆਪ ਜੀ ਨੇ ਸਾਡੇ ਤੇ ਕੀਤੀ ਹੈ, ਉਸ ਦਾ ਧੰਨਵਾਦ ਕਿਸੇ ਤਰ੍ਹਾਂ ਵੀ ਨਹੀਂ ਕੀਤਾ ਜਾ ਸਕਦਾ, ਐਪਰ ਫਿਰ ਵੀ ਇਸ ਸੰਬੰਧ ਵਿਚ ਕੁਝ ਦਿਲੀ ਜ਼ਜ਼ਬਾਤ ਨੂੰ ਪਰਗਟ ਕਰਨ ਦਾ ਯਤਨ, ਇਸ ਸਮਾਗਮ ਦੁਆਰਾ ਕੀਤਾ ਗਿਆ ਹੈ ।

ਜਦ ਤੋਂ ਸ੍ਰਿਸ਼ਟੀ ਰਚੀ ਗਈ, ਅਗੇ ਕਿਸੇ ਪੁਰਸ਼ ਨੇ ਸੰਸਾਰ ਦੀ ਆਪ ਜੈਸੀ ਸੇਵਾ ਨਹੀਂ ਕੀਤੀ। ਅਜ ਤਕ ਇਨਸਾਨ ਨੂੰ ਇਨਸਾਨ ਵਲੋਂ ਜੋ ਕੁਝ ਮਿਲਦਾ ਰਿਹਾ, ਉਹ ਕੇਵਲ ਨਾਮ ਅਤੇ ਗਿਣਤੀ ਦੀਆਂ ਹੱਦਾਂ ਵਿਚ ਸੀ, ਇਸ ਲਈ ਮੁਕ ਜਾਣ ਵਾਲਾ ਜਾਂ ਨਾਸ ਹੋ ਜਾਣ ਵਾਲਾ ਸੀ, ਪਰ ਆਪ ਦੀ ਪਵਿਤ੍ਰ ਪੁਸਤਕ ਵਿਚ ਦਸਿਆ ਗਿਆ ਹੈ ਕਿ ਆਪ ਨੇ ਜੋ ਖਜ਼ਾਨਾ ਲੱਭਾ ਹੈ , ਉਸ ਨੂੰ ਜਿਤਨਾ ਵਰਤੋ, ਉਤਨਾ ਹੀ ਹੋਰ ਭਰ ਜਾਂਦਾ ਹੈ, ਇਸ ਲਈ ਆਪ ਦਾ ਖਜ਼ਾਨਾ ਅਮੁਕ ਅਤੇ ਅਥਾਹ ਹੈ। ਸੰਸਾਰ ਅਤੇ ਸੰਸਾਰੀ ਲੋਕਾਂ ਦੇ ਇਸ ਤੋਂ ਵਡੇ ਕੀ ਭਾਗ ਹੋ ਸਕਦੇ ਹਨ ਕਿ ਉਹਨਾਂ ਵਿਚ ਆਪ ਜੈਸਾ ਮਹਾਂਪੁਰਸ਼ ਪੈਦਾ ਹੋਵੇ ਅਤੇ ਉਨਾਂ ਨੂੰ ਇਕ ਐਸੇ ਖਜ਼ਾਨੇ ਦਾ ਪਤਾ ਦੇਵੇ ਜੋ ਵਰਤਿਆ ਮੁਕਦਾ ਨਹੀਂ । ਸਾਡੇ ਦੇਸ਼ ਦੇ ਵਡੇ ਵਡੇ ਜ਼ੋਹਰੀ ਇਸ ਗਲ ਦੀ ਗਵਾਹੀ ਦੇਂਦੇ ਹਨ ਕਿ ਜੋ ਜਵਾਹਰਾਤ ਆਪ ਜੀ ਨੇ ਆਪਣੇ ਅਮੁੱਲ ਖਜ਼ਾਨੇ ਵਿਚੋਂ ਲਿਆ ਕੇ ਉਹਨਾਂ ਨੂੰ ਦਿਤੇ ਹਨ, ਉਹਨਾਂ ਵਰਗੇ ਜਵਾਹਰਾਤ ਸਾਡੀ ਧਰਤੀ ਤੇ ਪੈਦਾ ਹੀ ਘਟ ਹੁੰਦੇ ਹਨ। ਇਸ ਲਈ ਸਾਡੇ ਦੇਸ਼ ਅਤੇ ਸਾਡੀ ਕੌਮ ਨੂੰ ਮਾਣ ਹੈ ਕਿ ਆਪ ਵਰਗਾ ਮਹਾਂਪੁਰਸ਼ ਸਾਡੇ ਵਿਚੋਂ ਪੈਦਾ ਹੋਇਆ । ਆਪ ਦੇ ਮਾਤਾ ਅਤੇ ਪਿਤਾ ਧੰਨ ਹਨ ਜਿਨ੍ਹਾਂ ਆਪ ਜੈਸੇ ਉਪਕਾਰੀ ਨੂੰ ਜਨਮ ਦਿਤਾ।

ਸਤਿਕਾਰ ਯੋਗ ਖੋਜੀ ਜੀ, ਆਪ ਇਹ ਸੁਣ ਕੇ ਖੁਸ਼ ਹੋਵੋਗੇ ਕਿ ਆਪ ਦੇ ਦੇਸ਼ਵਾਸੀ ਆਪ ਦੀ ਕਿਤਨੀ ਕਦਰ ਕਰਦੇ ਹਨ। ਆਪ ਦੀ ਲਿਖੀ ਪੁਸਤਕ ਨੂੰ ਆਪ ਵਰਗਾ ਹੀ ਪਵਿਤਰ ਅਤੇ ਪੂਜਨੀਕ ਸਮਝਿਆ ਜਾਂਦਾ ਹੈ। ਆਪ ਦੀ ਪਵਿਤਰ ਪੁਸਤਕ ਦੀ ਘਰ ਘਰ ਵਿਚ ਪੂਜਾ ਹੁੰਦੀ ਹੈ ਅਤੇ ਇੰਝ ਜਾਪਦਾ ਹੈ ਕਿ ਆਪ ਜੀ ਆਪਣੀ ਪੁਸਤਕ ਦੇ ਰਾਂਹੀ ਸਦਾ ਸਾਡੇ ਦਿਲਾਂ ਵਿਚ ਵਸਦੇ ਹੋ। ਆਪ ਦੀ ਪੁਸਤਕ ਦੇ ਅਗੇ ਅਸੀਂ ਫੁਲ ਚੜਾਂਦੇ ਹਾਂ, ਧੁਪ ਜਗਾਂਦੇ ਹਾਂ, ਚੌਰ ਕਰਦੇ ਹਾਂ, ਅਤੇ ਉਸਨੂੰ ਰੇਸ਼ਮੀ, ਮਖਮਲੀ ਅਤੇ ਸੁੰਦਰ ਰੁਮਾਲਾਂ ਵਿਚ ਵਲੇਟਦੇ ਹਾਂ। ਗਰਮੀਆਂ ਵਿਚ ਰੇਸ਼ਮੀ ਅਤੇ ਸਰਦੀਆਂ ਵਿਚ ਮਖਮਲੀ ਪੁਸ਼ਾਕਾਂ ਆਪ ਜੀ ਦੀ ਪੁਸਤਕ ਨੂੰ ਪਹਿਨਾਈਆਂ ਜਾਂਦੀਆਂ ਹਨ, ਗਲ ਕੀ ਆਪ ਦੀ ਪੁਸਤਕ ਦੀ ਅਸੀਂ ਉਸੇ ਤਰ੍ਹਾਂ ਇਜ਼ਤ ਕਰਦੇ ਹਾਂ ਜਿਵੇਂ ਕਿ ਸਾਨੂੰ ਆਪ ਦੀ ਇਜ਼ਤ ਹੈ। ਆਪ ਦੀ ਪੁਸਤਕ ਵਿਚ ਦਸੇ ਰਸਤੇ ਨੂੰ ਅਸੀਂ ਦੁਨੀਆਂ ਦੇ ਕੁਲ ਰਸਤਿਆਂ ਤੋਂ ਪਵਿਤਰ ਅਤੇ ਚੰਗਾ ਰਸਤਾ ਸਮਝਦੇ ਹਾਂ। ਜੋ ਪੁਰਸ਼ ਆਪ ਦੀ ਪੁਸਤਕ ਜਾਂ ਆਪ ਦੇ ਦਸੇ ਰਸਤੇ ਨੂੰ ਸਾਡੇ ਵਾਂਗਰ ਹੀ ਪੂਜਣ ਅਤੇ ਸਤਿਕਾਰ ਕਰਨ ਲਈ ਤਿਆਰ ਨਾਂ ਹੋਵੇ, ਅਸੀਂ ਉਸ ਨੂੰ ਮਹਾਂ ਭੁਲਿਆ ਹੋਇਆ, ਅਭਾਗਾ ਅਤੇ ਨੀਚ ਇਨਸਾਨ ਸਮਝਦੇ ਹਾਂ। ਆਪ ਦਾ ਜਨਮ ਦਿਨ ਅਤੇ ਆਪ ਜੀ ਦੀ ਪੁਸਤਕ ਦੇ ਲਿਖੇ ਜਾਣ ਵਾਲੇ ਦਿਨ ਨੂੰ ਅਸੀਂ ਮਹਾਂ ਪਵਿਤਰ ਦਿਹਾੜੇ ਸਮਝਦੇ ਹਾਂ। ਉਸ ਦਿਨ ਅਸੀਂ ਸਭ ਇਕੱਠੇ ਹੋ ਕੇ ਆਪ ਜੀ ਦੀ ਜੀਵਨ ਕਥਾ ਦੁਹਰਾਂਦੇ ਹਾਂ ਅਤੇ ਸਭ ਨੂੰ ਦਸਦੇ ਹਾਂ ਕਿ ਕਿਵੇਂ ਆਪ ਨੂੰ ਅਮੁਕ ਖਜ਼ਾਨਾ ਪ੍ਰਾਪਤ ਹੋਇਆ, ਕਿਵੇਂ ਆਪ ਨੇ ਅਨੇਕਾਂ ਪ੍ਰਕਾਰ ਦੇ ਕਸ਼ਟ ਸਹਾਰ ਕੇ ਉਸ ਖਜ਼ਾਨੇ ਤਕ ਪਹੁੰਚਣ ਦਾ ਰਸਤਾ ਤਿਆਰ ਕੀਤਾ, ਕਿਵੇਂ ਆਪ ਨੇ ਉਸ ਰਸਤੇ ਸੰਬੰਧੀ ਪੂਰੀ ਜਾਣ ਪਛਾਣ ਕਰਵਾਣ ਵਾਲੀ ਪਵਿਤਰ ਪੁਸਤਕ ਰਚੀ ਅਤੇ ਕਿਵੇਂ ਉਸ ਪੁਸਤਕ ਨੂੰ ਪੜਨ ਦਾ ਹਰ ਕਿਸੇ ਊਚ-ਨੀਚ, ਰਾਜਾ ਪਰਜਾ, ਇਸਤ੍ਰੀ ਮਰਦ ਨੂੰ ਇਕੋ ਜਿਹਾ ਅਧਿਕਾਰ ਦਿਤਾ। ਇਹਨਾਂ ਸਿਫਤਾਂ ਵਾਲਾ ਇਨਸਾਨ ਸਾਡੀ ਸਮਝ ਵਿਚ ਕੋਈ ਵਲੀ, ਪੈਗੰਬਰ ਜਾਂ ਅਵਤਾਰ ਹੀ ਹੋ ਸਕਦਾ ਹੈ ਇਸ ਲਈ ਅਸੀਂ ਆਪ ਜੀ ਨੂੰ ਇਨਸਾਨ ਨਹੀਂ, ਅਵਤਾਰ ਮੰਨਦੇ ਹਾਂ ਅਤੇ ਅਵਤਾਰ ਵੀ ਉਹ ਜਿਸ ਨੇ ਪਹਿਲੇ ਸਭ ਅਵਤਾਰਾਂ ਨੂੰ ਮਾਤ ਦੇ ਦਿਤੀ ਹੋਵੇ । ਸਚ ਪੁਛੋ ਤਾਂ ਸਾਡੇ ਵਿਚੋਂ ਬਹੁਤ ਸਾਰਿਆਂ ਦਾ ਨਿਸਚਾ ਹੈ ਕਿ ਤੁਸੀਂ ਖੁਦ ਈਸ਼ਵਰ ਹੋ ਅਤੇ ਸਾਨੂੰ ਪਾਪੀਆਂ ਨੂੰ ਅਮੁਕ ਖਜ਼ਾਨੇ ਦਾ ਪਤਾ ਦੇ ਕੇ ਤਾਰਨ ਆਏ ਹੋ।

ਪਰਮ ਪੂਜਨੀਕ ਈਸ਼ਵਰ ਸਰੂਪ ਖੋਜੀ ਜੀਉ,

ਅਸੀਂ ਇਹ ਗਲ ਕੋਈ ਦਿਖਾਵੇ ਦੇ ਤੌਰ ਤੇ ਨਹੀਂ ਆਖਦੇ, ਕਿਉਂਕਿ ਪਿਛੇ ਕਈ ਵਾਰ ਅਮਲੀ ਤੌਰ ਤੇ ਕਰ ਚੁਕੇ ਹਾਂ ਅਤੇ ਅਗੇ ਨੂੰ ਲੌੜ ਆਉਣ ਤੇ ਫਿਰ ਕਰਨ ਨੂੰ ਤਿਆਰ ਹਾਂ ਕਿ ਆਪ ਦੇ ਨਾਮ ਉਤੇ ਅਸੀਂ ਤਨ, ਮਨ, ਧਨ ਵਾਰਨ ਅਤੇ ਲੜਨ ਮਰਨ ਲਈ ਤਿਆਰ ਹਾਂ। ਜੋ ਪੁਰਸ਼ ਆਪ ਨੂੰ ਪੂਰਾ ਪੂਰਾ ਸਤਿਕਾਰ ਨਾਂਹ ਦੇਵੇ, ਉਸ ਨੂੰ ਅਤਿ ਮਾੜਾ ਸਮਝਦੇ ਹਾਂ। ਜੋ ਪੁਰਸ਼ ਆਪ ਦੀ ਸ਼ਾਨ ਵਿਚ ਗੁਸਤਾਖੀ ਦਾ ਅਖਰ ਆਖੇ, ਉਸ ਨੂੰ ਅਸੀਂ ਸਖਤ ਸਜ਼ਾ ਦਿੰਦੇ ਹਾਂ ਅਤੇ ਜੋ ਸ਼ਖਸ ਆਪ ਨੂੰ ਪੂਰਨ ਅਵਤਾਰ ਨਾਂਹ ਸਮਝੇ ਅਤੇ ਕਿਸੇ ਹੋਰ ਅਵਤਾਰ ਦੀ ਪੂਜਾ ਕਰਨੀ ਚਾਹੇ, ਉਸ ਨੂੰ ਅਸੀਂ ਹੀਨਤਾ ਨਾਲ ਦੇਖਦੇ ਹਾਂ ਅਤੇ ਆਪਣੇ ਦੇਸ਼ ਵਿਚ ਹੀ ਨਹੀਂ ਰਹਿਣ ਦਿੰਦੇ।

ਅੰਤ ਵਿਚ ਅਸੀਂ ਆਪ ਨੂੰ ਭਰੋਸਾ ਦਿਵਾਂਦੇ ਹਾਂ ਕਿ ਜਦ ਤਕ ਸਾਡਾ ਦੇਸ ਅਤੇ ਇਸ ਵਿਚ ਸਾਡੀ ਕੌਮ ਵਸਦੀ ਹੈ ਤਦ ਤਕ ਅਸੀਂ ਸਿਵਾਏ ਤੁਹਾਡੇ, ਹੋਰ ਕਿਸੇ ਨੂੰ ਆਪਣਾ ਪੂਜਨੀਕ ਨਹੀਂ ਬਣਾਵਾਂਗੇ। ਆਪ ਦੀ ਪਵਿਤਰ ਪੁਸਤਕ ਦੀ ਸਾਡੇ ਵਿਚ ਉਸੇ ਤਰ੍ਹਾਂ ਪੂਜਾ ਹੁੰਦੀ ਰਹੇਗੀ ਜਿਸ ਤਰ੍ਹਾਂ ਕਿਸੇ ਦੇਹਧਾਰੀ ਅਵਤਾਰ ਦੀ ਹੋ ਸਕਦੀ ਹੈ । ਸਾਡਾ ਤਨ, ਮਨ, ਧਨ ਸਭ ਆਪ ਦੇ ਅਰਪਣ ਹੋਵੇਗਾ। ਸਾਡੇ ਧੰਨ ਭਾਗ ਹਨ ਜੋ ਆਪ ਜੀ ਨੇ ਆਪਣੀ ਪਿਛਲੀ ਉਮਰ ਵਿਚ ਸਾਨੂੰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ ਹੈ। ਅਸੀਂ ਮੁਦਤਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਆਪ ਨੂੰ ਲਭ ਕੇ, ਪਬਲਿਕ ਵਿਚ ਲਿਆ ਕੇ, ਸਮੁਚੇ ਦੇਸ਼ ਵਲੋਂ ਸਤਿਕਾਰ ਕਰੀਏ ਪਰ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਸੀਂ ਆਪ ਜੀ ਦਾ ਅਸਥਾਨ ਨਾਂਹ ਲਭ ਸਕੇ। ਸ਼ੁਕਰ ਹੈ ਜੋ ਆਪ ਜੀ ਨੇ ਸਾਨੂੰ ਦਰਸ਼ਨ ਦਿਤੇ ਅਤੇ ਅਸੀਂ ਅਪਣੇ ਦਿਲਾਂ ਦੀ ਸ਼ਰਧਾ ਭਗਤੀ ਆਪ ਦੇ ਚਰਨਾਂ ਵਿਚ ਪੇਸ਼ ਕਰ ਸਕੇ। ਆਪ ਦਾ ਪਰੇਮ ਅਤੇ ਸਤਿਕਾਰ ਆਪ ਦੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਹਰ ਸਮੇਂ ਠਾਠਾਂ ਮਾਰਦਾ ਰਹੇਗਾ, ਸਾਡੇ ਲੂੰ ਲੂੰ ਵਿਚੋਂ ਸਦਾ ਇਹੋ ਧੁਨੀ ਨਿਕਲਦੀ ਰਹੇਗੀ – ਸਾਡਾ ਖੋਜੀ ਧੰਨ ਹੈ ਸਾਡੇ ਖੋਜੀ ਦੀ ਜੈ ਹੋਵੇ।

ਆਪ ਦੇ ਦਰਸ਼ਨਾਂ ਨੂੰ ਮੁਦਤਾਂ ਤੋਂ ਤਰਸਣ ਵਾਲੇ, ਆਪ ਦੇ ਸ਼ਰਧਾਲੂ, ਆਪ ਦੇ ਭਗਤ, ਅਤੇ ਆਪ ਉਤੇ ਸਦਾ ਮਾਣ ਕਰਨ ਵਾਲੇ

ਅਸੀਂ ਹਾਂ ਆਪ ਦੇ ਪਿਆਰੇ ਦੇਸ਼ ਵਾਸੀ ।'


ਜਦ ਇਹ ਮਾਨ ਪੱਤਰ ਦੇਸ਼ ਦੇ ਸਭ ਤੋਂ ਵਡੇ ਪੰਡਤ/ਰਾਜਪੁਰੋਹਿਤ ਵਲੋਂ ਪੜ੍ਹਿਆ ਗਿਆ ਤਾਂ ਪੰਡਾਲ ਦੇ ਦੌਹਾਂ ਪਾਸਿਆਂ ਤੋਂ 'ਸਾਡੇ ਖੋਜੀ ਦੀ ਜੈ' ਦੇ ਜੈਕਾਰੇ ਗੂੰਜੇ ਅਤੇ ਫੁਲਾਂ ਦੀ ਇਤਨੀ ਵਰਖਾ ਹੋਈ ਕਿ ਪੰਡਾਲ ਦਾ ਸਾਰਾ ਫਰਸ਼ ਫੁਲਾਂ ਦੀ ਸੁਹਾਵਣੀ ਸੇਜ ਬਣ ਗਿਆ। ਦੇਸ਼ ਦੇ ਰਾਜੇ ਨੇ ਹੁਣ ਉਠ ਕੇ ਖੋਜੀ ਨੂੰ ਸਾਰੇ ਦੇਸ਼ ਵਲੋਂ ਅਤੇ ਦੇਸ਼ ਦੀਆਂ ਅਨੇਕ ਸਭਾ ਸੁਸਾਇਟੀਆਂ ਵਲੋਂ ਜੀ ਆਇਆਂ ਆਖਿਆ ਅਤੇ ਬੇਨਤੀ ਕੀਤੀ ਕਿ ਖੋਜੀ ਵੀ ਦੇਸ਼ ਵਾਸੀਆਂ ਦੇ ਮਾਨ ਪੱਤਰ ਦੇ ਉਤਰ ਵਿਚ ਆਪਣੇ ਪਵਿਤਰ ਮਹਾਂਵਾਕ ਸੁਣਾ ਕੇ ਦੇਸ਼ ਵਾਸੀਆਂ ਦੇ ਹਿਰਦਿਆਂ ਨੂੰ ਠੰਡ ਪਾਵੇ। ਰਾਜੇ ਦੀ ਇਸ ਬੇਨਤੀ ਦੇ ਨਾਲ ਹੀ ਸਾਰੇ ਪਾਸਿਆਂ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜ਼ਰੂਰ ਜ਼ਰੂਰ, ਸਾਡੇ ਖੋਜੀ ਜੀ ਜ਼ਰੂਰ ਬੋਲਣ, ਅਸੀਂ ਖੋਜੀ ਜੀ ਦੀ ਗਲ ਸੁਨਣ ਲਈ ਤਰਸ ਰਹੇ ਹਾਂ। ਜਦ ਤੋਂ ਖੋਜੀ ਆਪਣੇ ਦੇਸ਼ ਵਿਚ ਆਇਆ ਸੀ ਉਸ ਨੇ ਆਪਣੀ ਜ਼ੁਬਾਨ ਵਿਚੋਂ ਬਹੁਤ ਥੋੜੇ ਸ਼ਬਦ ਨਿਕਲਣ ਦਿਤੇ ਸਨ, ਉਹ ਸਭ ਮਾਮਲੇ ਨੂੰ ਗਹੁ ਨਾਲ ਦੇਖ ਕੇ ਵਿਚਾਰ ਰਿਹਾ ਸੀ।
ਹੁਣ ਸਾਰੇ ਪਾਸਿਆਂ ਤੋਂ ਜਦ ਜ਼ੋਰ ਦਿਤਾ ਗਿਆ ਕਿ ਖੋਜੀ ਵੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਕੇ ਆਪਣੇ ਦਿਲ ਦੇ ਖਿਆਲ ਪ੍ਰਗਟ ਕਰੇ, ਤਾਂ ਖੋਜੀ ਨੇ ਆਪਣੇ ਨਾਲ ਦੇ ਮਿਤਰ ਰਾਹੀਂ ਇਹ ਅਖਵਾਇਆ –

'ਪਿਆਰੇ ਦੇਸ਼ ਵਾਸੀਉ !
ਆਪ ਵਲੋਂ ਕੀਤੀ ਗਈ ਆਉ ਭਗਤ ਨੂੰ ਦੇਖ ਕੇ ਮੇਰੇ ਦਿਲ ਵਿਚ ਅਨੇਕ ਪ੍ਰਕਾਰ ਦੇ ਖਿਆਲ ਉਪਜ ਰਹੇ ਹਨ, ਜਿਨ੍ਹਾਂ ਨੂੰ ਮੈਂ ਚਾਹੁੰਦਾ ਹਾਂ ਕਿ ਚੰਗੀ ਤਰ੍ਹਾਂ ਲਿਖ ਕੇ ਆਪ ਦੀ ਸੇਵਾ ਵਿਚ ਪੇਸ਼ ਕਰਾਂ, ਇਸ ਵਾਸਤੇ ਕਿਰਪਾ ਕਰਕੇ ਮੈਨੂੰ ਕੁਝ ਦਿਨਾਂ ਦੀ ਮੁਹਲਤ ਦੇ ਕੇ ਕ੍ਰਿਤਾਰਥ ਕਰੋ, ਧੰਨਵਾਦੀ ਹੋਵਾਂਗਾ ।'

ਸਭ ਪਾਸਿਆਂ ਤੋਂ ਆਵਾਜ਼ਾਂ ਆਈਆਂ, 'ਸਾਡਾ ਤਨ, ਮਨ, ਧਨ ਖੋਜੀ ਲਈ ਹਾਜ਼ਰ ਹੈ, ਇਹ ਜੋ ਆਖੇ ਪਰਵਾਨ ਹੈ ।' ਉਸ ਦਿਨ ਦਾ ਸਮਾਗਮ ਖੋਜੀ ਦੇ ਜਲੂਸ ਨੂੰ ਬੜੀ ਸਜਧਜ ਤੇ ਜੈਕਾਰਿਆਂ ਨਾਲ ਮੁੜ ਰਾਜਮਹਿਲ ਤਕ ਪੁਚਾਣ ਦੇ ਬਾਦ ਸਮਾਪਤ ਹੋਇਆ । ਕੁਝ ਦਿਨਾਂ ਬਾਦ ਦੇਸ਼ ਦੇ ਲਖਾਂ ਵਸਨੀਕਾਂ ਦੇ ਹਥਾਂ ਵਿਚ ਖੋਜੀ ਦਾ ਇਹ ਲਿਖਤੀ ਬਿਆਨ ਫੜਿਆ ਦਿਸਦਾ ਸੀ :-

"ਮੇਰੇ ਪਿਆਰੇ ਦੇਸ਼ ਵਾਸੀਉ !

ਮੇਰੇ ਆਉਣ ਉਤੇ ਤੁਸਾਂ ਜੋ ਮੇਰਾ ਸਤਿਕਾਰ ਕੀਤਾ, ਉਸ ਦਾ ਮੈਂ ਧੰਨਵਾਦੀ ਹਾਂ। ਉਸ ਮਾਨ ਪੱਤਰ ਦਾ ਜੋ ਤੁਸਾਂ ਸਮੁਚੇ ਦੇਸ਼ ਵਲੋਂ ਖਾਸ ਪੰਡਾਲ ਵਿਚ ਲਖਾਂ ਦੀ ਗਿਣਤੀ ਵਿਚ ਇਕਠੇ ਹੋ ਕੇ ਮੈਨੂੰ ਦਿਤਾ, ਉਸ ਦਾ ਵੀ ਮੈਂ ਅਤਿ ਧੰਨਵਾਦੀ ਹਾਂ। ਇਸ ਮਾਨ ਪੱਤਰ ਦੇ ਉਤਰ ਵਿਚ ਆਪ ਨੇ ਜੋ ਮੰਗ ਕੀਤੀ ਹੈ ਕਿ ਮੈਂ ਆਪਣੇ ਹਿਰਦੇ ਦੇ ਖਿਆਲ ਪ੍ਰਗਟ ਕਰਾਂ, ਇਹ ਮੰਗ ਜੇ ਨਾਂਹ ਕਰਦੇ ਤਾਂ ਚੰਗਾ ਸੀ, ਕਿਉਂਕਿ ਮੈਂ ਆਪਣੇ ਖਿਆਲ ਆਪਣੇ ਨਾਲ ਹੀ ਵਾਪਸ ਲੈ ਜਾਣਾ ਚਾਹੁੰਦਾ ਸੀ, ਪਰ ਹੁਣ ਤੁਹਾਡੀ ਮੰਗ ਉਤੇ ਅਤੇ ਉਸ ਸੰਬੰਧੀ ਤੁਹਾਡੇ ਨਾਲ ਕੀਤੇ ਇਕਰਾਰ ਮੁਤਾਬਕ ਮੈਨੂੰ ਆਪਣੇ ਦਿਲੀ ਖਿਆਲ ਪ੍ਰਗਟ ਕਰਨੇ ਪਏ ਹਨ। ਜੇਕਰ ਇਹ ਖਿਆਲ ਆਪ ਨੂੰ ਖੁਸ਼ ਨਾ ਕਰ ਸਕਣ ਤਾਂ ਮੈਨੂੰ ਇਸ ਲਈ ਖਿਮਾਂ ਬਖਸ਼ਣੀ ਕਿ ਇਹ ਖਿਆਲ ਉਸ ਹਿਰਦੇ ਵਿਚੋਂ ਨਿਕਲੇ ਹਨ ਜੋ ਆਪਣੇ ਦੇਸ਼ ਵਾਸੀਆਂ ਦੀ ਹੀ ਨਹੀਂ ਸਗੋਂ ਸਮੁਚੀ ਮਨੁਖਤਾ ਦੀ ਸੇਵਾ ਅਤੇ ਉਨਤੀ ਲਈ ਤੜਫਦਾ ਰਿਹਾ ਹੈ ।

ਮੈਂ ਜਦ ਜਵਾਨੀ ਦੀ ਉਮਰ ਵਿਚ ਅਮੁਕ ਖਜ਼ਾਨਾ ਲਭਿਆ ਤਾਂ ਮੇਰੇ ਦਿਲ ਵਿਚ ਇਹ ਸੱਧਰ ਉਠੀ ਕਿ ਬਜਾਏ ਸਿਰਫ ਆਪਣੀ ਔਲਾਦ ਦੇ, ਕਿਉਂ ਨਾ ਇਹ ਖਜਾਨਾ ਦੇਸ਼ ਵਾਸੀਆਂ ਜਾਂ ਸਮੁਚੀ ਮਨੁਖਤਾ ਦੀ ਭੇਟਾ ਕੀਤਾ ਜਾਵੇ, ਜਿਸ ਨਾਲ ਉਹਨਾਂ ਦੀ ਸਦੀਆਂ ਦੀ ਗਰੀਬੀ ਦੂਰ ਹੋਵੇ ਅਤੇ ਦੁਨੀਆਵੀ ਜ਼ਰੂਰਤਾਂ ਤੋਂ ਆਜ਼ਾਦ ਹੋ ਕੇ ਉਹ ਸਦਾ ਅਮੀਰ ਅਤੇ ਸੁਖੀ ਬਣ ਜਾਣ। ਇਸ ਆਸ਼ੇ ਨੂੰ ਅਖਾਂ ਅਗੇ ਰਖ ਕੇ ਮੈਂ ਕਈ ਵਰ੍ਹਿਆਂ ਦੀ ਲਗਾਤਾਰ ਮਿਹਨਤ ਨਾਲ ਆਪਣੇ ਦੇਸ਼ ਤੋਂ ਉਕਤ ਖਜ਼ਾਨੇ ਤਕ ਸੜਕ ਤਿਆਰ ਕਰਵਾਈ ਅਤੇ ਇਸ ਸੜਕ ਸੰਬੰਧੀ ਪੂਰੇ ਹਾਲ ਆਪਣੀ ਪੁਸਤਕ ਵਿਚ ਦਰਜ਼ ਕਰ ਕੇ ਨੀਂਵੇ ਉਚੇ, ਆਪਣੇ-ਪਰਾਏ ਦਾ ਖਿਆਲ ਨਾਂਹ ਕਰਦਿਆਂ ਸਭ ਦੇਸ਼ਵਾਸੀਆਂ ਤਕ ਇਹ ਪੁਸਤਕ ਪਹੁੰਚਾਈ । ਮੇਰੀ ਸਾਰੀ ਕੋਸ਼ਿਸ਼ ਦਾ ਮਨੋਰਥ ਤੁਹਾਨੂੰ ਸਾਰਿਆਂ ਨੂੰ ਗਰੀਬੀ ਅਤੇ ਦੁਖਾਂ ਤੋਂ ਆਜ਼ਾਦ ਕਰਕੇ ਅਮੀਰੀ ਅਤੇ ਬੇਪ੍ਰਵਾਹੀ ਦੀ ਟੀਸੀ ਉਤੇ ਚੜਿਆ ਦੇਖਣਾ ਸੀ। ਇਹ ਸਭ ਕਰਨ ਮਗਰੋਂ ਮੈਂ ਅਮੁਕ ਖਜ਼ਾਨੇ ਦੇ ਨਜ਼ਦੀਕ ਦੇ ਪਹਾੜਾਂ ਵਿਖੇ ਰਹਿਣ ਦਾ ਅਸਥਾਨ ਬਣਾਇਆ ਤਾਂਕਿ ਬਾਕੀ ਦੀ ਉਮਰ ਉਥੇ ਹੀ ਬਤੀਤ ਕਰਾਂ, ਪੂਰਨ ਸੁਖਾਂ ਦੇ ਕਾਰਨ ਮੈਨੂੰ ਉਮਰ ਦੀਆਂ ਘੜੀਆਂ ਗੁਜ਼ਰਦਿਆਂ ਦਾ ਪਤਾ ਹੀ ਨਹੀਂ ਲਗਾ। ਹੁਣ ਜਦ ਸਰੀਰ ਛਡ ਕੇ ਪਹਾੜਾਂ ਦੀ ਸਹਿਜ ਇਕਾਂਤ ਵਿਚ ਸਮਾ ਜਾਣ ਦੀ ਇਛਿਆ ਮੇਰੇ ਮਨ ਵਿਚ ਤੀਬਰ ਹੋਈ ਤਾਂ ਕੇਵਲ ਇਕ ਸੰਕਲਪ ਸੀ ਜਿਸ ਨੇ ਮੈਨੂੰ ਅਜਿਹਾ ਕਰਨੋਂ ਰੋਕਿਆ ਅਤੇ ਉਹ ਸੀ ਕਿ ਅਪਣੇ ਦੇਸ ਦੀ ਸੁਧਰੀ ਅਤੇ ਸੁਖੀ ਹਾਲਤ ਨੂੰ ਸਰੀਰ ਤਿਆਗਣ ਤੋਂ ਪਹਿਲੇ ਇਕ ਵਾਰ ਆਪਣੀਆਂ ਅਖਾਂ ਨਾਲ ਆਪ ਆ ਕੇ ਵੇਖਾਂ। ਪਰ ਮੈਂ ਆ ਕੇ ਆਪਣੇ ਦੇਸ਼ ਦੀ ਹਾਲਤ ਉਸੇ ਦੀ ਉਸੇ ਤਰ੍ਹਾਂ ਵੇਖੀ ਹੈ। ਭੁਖ, ਥੋੜ, ਚਿੰਤਾ, ਫਿਕਰ, ਬੀਮਾਰੀ, ਅਵਿਦਿਆ, ਵੈਰ-ਵਿਰੋਧ, ਈਰਖਾ, ਝਗੜੇ ਜੋ ਗਰੀਬੀ ਦੀਆਂ ਨਿਸ਼ਾਨੀਆਂ ਹਨ, ਉਹ ਜਿਉਂ ਦੀਆਂ ਤਿਉਂ ਪਹਿਲੇ ਦੀ ਤਰ੍ਹਾਂ ਦੇਸ ਵਿਚ ਮੌਜੂਦ ਦਿਸੀਆਂ ਹਨ। ਖੁਸ਼ਹਾਲੀ, ਬੇਫਿਕਰੀ, ਸੰਤੋਖ, ਅਰੋਗਤਾ, ਵਿਦਿਆ, ਪ੍ਰੇਮ, ਮਿਲਾਪ ਅਤੇ ਇਤਫਾਕ ਜੋ ਗਰੀਬੀ ਦੇ ਨਾਂਹ ਹੋਣ ਦੀਆਂ ਨਿਸ਼ਾਨੀਆਂ ਹਨ, ਉਹਨਾਂ ਨੂੰ ਕਿਤੇ ਕਿਤੇ ਡਾਹਢੀ ਡਾਵਾਂਡੋਲ ਹਾਲਤ ਵਿਚ ਵਕਤ ਕਟੀ ਕਰਦੇ ਦੇਖਿਆ ਹੈ।

ਇਸ ਦੇ ਨਾਲ ਹੀ ਮੈਂ ਕਈ ਐਸੀਆਂ ਨਵੀਆਂ ਗੱਲਾਂ ਆਪਣੇ ਦੇਸ਼ਵਾਸੀਆਂ ਵਿਚ ਆ ਕੇ ਵੇਖੀਆਂ ਹਨ, ਜਿਨ੍ਹਾਂ ਦਾ ਮੈਨੂੰ ਚਿਤ ਚੇਤਾ ਵੀ ਨਹੀਂ ਸੀ। ਮੇਰੇ ਦੇਸ਼ਵਾਸੀਆਂ ਨੇ ਮੇਰੀ ਅਮੁਕ ਖਜ਼ਾਨੇ ਸੰਬੰਧੀ ਪੁਸਤਕ ਨੂੰ ਪੜ ਕੇ, ਉਥੋਂ ਦੌਲਤ ਲਿਆ ਲਿਆ ਕੇ ਅਮੀਰ ਅਤੇ ਸੁਖੀ ਬਣਨ ਦੀ ਬਜਾਏ, ਮੇਰੀ ਉਕਤ ਪੁਸਤਕ ਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਹੈ। ਉਸ ਵਿਚ ਦੱਸੇ ਰਸਤੇ ਤੇ ਤੁਰਨ ਦੀ ਬਜਾਏ ਉਸ ਤੇ ਫੁਲ ਚੜਾਣੇ ਸ਼ੁਰੂ ਕਰ ਦਿਤੇ ਹਨ। ਮੇਰੇ ਅਤੇ ਮੇਰੀ ਪੁਸਤਕ ਦੇ ਨਾਮ ਉਤੇ ਕਈ ਸੰਸਥਾਵਾਂ, ਸਭਾ ਸੁਸਾਇਟੀਆਂ ਕਾਇਮ ਹੋ ਗਈਆਂ ਹਨ ਜਿਨ੍ਹਾਂ ਦਾ ਮਨੋਰਥ ਮੇਰੇ ਦੱਸੇ ਖਜ਼ਾਨੇ ਤੋਂ ਲਾਭ ਉਠਾਣ ਦੀ ਬਜਾਏ, ਇਹ ਕਰਨਾ ਹੈ ਕਿ ਮੈਂ ਇਕ ਆਦਮੀ ਨਹੀਂ ਅਵਤਾਰ ਹਾਂ, ਈਸ਼ਵਰ ਹਾਂ ਅਤੇ ਮੇਰੀ ਖੁਸ਼ੀ ਵਾਸਤੇ ਮੇਰੀ ਪੂਜਾ ਹੋਣੀ ਚਾਹੀਦੀ ਹੈ। ਜੋ ਸ਼ਖਸ ਮੈਨੂੰ ਇਨਸਾਨ ਆਖੇ ਜਾਂ ਪੂਜਾ ਕਰਨੀ ਪਸੰਦ ਨਾਂਹ ਕਰੇ ਉਸ ਦਾ ਸਿਰ ਤੋੜਨ ਲਈ ਮੇਰੇ ਦੇਸ਼ਵਾਸੀ ਤਿਆਰ ਹਨ ਪਰ ਜੋ ਦੌਲਤ ਹਾਸਲ ਕਰਕੇ ਸੁਖੀ ਵੱਸਣ ਦਾ ਤਰੀਕਾ ਮੈਂ ਸਾਰੀ ਉਮਰ ਦੀ ਘਾਲਣਾ ਘਾਲਣ ਮਗਰੋਂ ਮੈਂ ਦੇਸ਼ ਵਾਸੀਆਂ ਦੀ ਸੇਵਾ ਵਿਚ ਪੇਸ਼ ਕੀਤਾ ਸੀ, ਉਸ ਵਲ ਕਿਸੇ ਨੇ ਧਿਆਨ ਨਹੀਂ ਦਿਤਾ। ਕੀ ਮੈਂ ਇਹ ਸਾਰੀ ਘਾਲਣਾ ਇਸ ਵਾਸਤੇ ਘਾਲੀ ਸੀ ਕਿ ਮੇਰੀ ਪੁਸਤਕ ਦੀ ਜਾਂ ਮੇਰੀ ਮੂਰਤੀ ਪੂਜਾ ਹੋਣੀ ਸ਼ੁਰੂ ਹੋ ਜਾਵੇ ? ਇਸ ਪੂਜਾ ਤੋਂ ਮੈਨੂੰ, ਮੇਰੇ ਦੇਸ਼ ਨੂੰ , ਮੇਰੇ ਦੇਸ਼ ਵਾਸੀਆਂ ਨੂੰ – ਕਿਸੇ ਨੂੰ ਵੀ ਲਾਭ ਪਹੁੰਚ ਸਕਦਾ ਹੈ ? ਮੇਰੀ ਖੁਸ਼ੀ ਆਪਣੇ ਦੇਸ਼ਵਾਸੀਆਂ ਨੂੰ ਅਮੀਰ, ਸੁਖੀ ਅਤੇ ਖੁਸ਼ਹਾਲ ਵੇਖਣ ਵਿਚ ਸੀ, ਆਪਣੀਂ ਪੂਜਾ ਕਰਾਣ ਵਿਚ ਨਹੀਂ। ਮੇਰੇ ਦੇਸ਼ਵਾਸੀਆਂ ਨੇ ਅਮੀਰ, ਸੁਖੀ ਅਤੇ ਖੁਸ਼ਹਾਲ ਬਨਣ ਦੀ ਥਾਂ ਮੇਰੀ ਪੂਜਾ ਸ਼ੁਰੂ ਕਰ ਕੇ ਕਿਸ ਨੂੰ ਖੁਸ਼ ਕੀਤਾਂ ਹੈ ? ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਨਾਲ ਬੇਅੰਤ ਪਿਆਰ ਹੈ ਅਤੇ ਉਹਨਾਂ ਦੇ ਦਿਲਾਂ ਵਿਚ ਮੇਰੇ ਵਾਸਤੇ ਬੇਅੰਤ ਇਜ਼ਤ ਹੈ ਪਰ ਮੈਂ ਇਹ ਵੀ ਕਹਿਣੋਂ ਨਹੀਂ ਰਹਿ ਸਕਦਾ ਕਿ ਉਹਨਾਂ ਨੇ ਇਸ ਪਿਆਰ ਅਤੇ ਇਜ਼ਤ ਨੂੰ ਐਸੇ ਤਰੀਕੇ ਨਾਲ ਜ਼ਾਹਰ ਕੀਤਾ ਹੈ ਜਿਸ ਤੋਂ ਨਾਂਹ ਮੈਨੂੰ ਅਤੇ ਨਾਂਹ ਉਹਨਾਂ ਨੂੰ ਕੋਈ ਲਾਭ ਪਹੁੰਚਿਆ ਹੈ।

ਮੈਂ ਹੁਣ ਮੁੜ ਆਪਣੇ ਅਮੁਕ ਖਜ਼ਾਨੇ ਦੇ ਨੇੜੇ ਪਹਾੜਾਂ ਵਲ ਜਾ ਰਿਹਾ ਹਾਂ, ਮੈਂ ਆਪਣੇ ਬਿਰਧ ਸਰੀਰ ਨੂੰ ਹੋਰ ਜ਼ਿਆਦਾ ਅਰਸੇ ਵਾਸਤੇ ਕਾਇਮ ਨਹੀਂ ਰਖਣਾ ਚਾਹੁੰਦਾ। ਇਸ ਨੂੰ ਪਹਾੜਾਂ ਦੀ ਅਕਹਿ ਸ਼ਾਂਤੀ ਵਿਚ ਅਲੋਪ ਕਰ ਦੇਵਾਂਗਾ ਪਰ ਮੇਰੀ ਆਤਮਾ, ਸ੍ਰਿਸ਼ਟੀ ਦੀ ਪਰਮਆਤਮਾ ਨਾਲ ਇਕਮਿਕ ਹੋ ਕੇ ਹਰ ਥਾਂ ਛਾ ਜਾਏਗੀ ਅਤੇ ਇਸ ਉਡੀਕ ਵਿਚ ਰਹੇਗੀ ਕਿ ਕਦ ਮੇਰੇ ਦੇਸ਼ਵਾਸੀ ਅਮੀਰ, ਸੁਖੀ ਅਤੇ ਖੁਸ਼ਹਾਲ ਬਣਦੇ ਹਨ। ਅਗਰ ਮੇਰੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਮੇਰੇ ਲਈ ਸਚਮੁਚ ਪਿਆਰ ਅਤੇ ਇਜ਼ਤ ਹੈ ਤਾਂ ਉਹਨਾਂ ਨੂੰ ਮੇਰੀ ਲਿਖੀ ਪੁਸਤਕ ਨੂੰ ਪੜਨਾ, ਵਿਚਾਰਨਾ , ਉਸ ਵਿਚ ਦਸੀਆਂ ਹਿਦਾਇਤਾਂ ਅਨੁਸਾਰ ਸਫਰ ਕਰਕੇ ਅਮੁਕ ਖਜ਼ਾਨੇ ਤਕ ਪਹੁੰਚਣਾ, ਉਸ ਖਜ਼ਾਨੇ ਵਿਚੋਂ ਵਧ ਤੋਂ ਵਧ ਦੌਲਤ ਲਿਆ ਕੇ ਅਮੀਰ ਅਤੇ ਸੁਖੀ ਬਣਨਾ ਚਾਹੀਦਾ ਹੈ। ਮੇਰੀ ਆਤਮਾ ਆਪਣੀ ਜਾਂ ਆਪਣੀ ਪੂਜਾ ਕਰਵਾ ਕੇ ਕਦੀ ਸੁਖੀ ਨਹੀਂ ਹੋ ਸਕਦੀ, ਉਹ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵਰਗਾ ਅਮੀਰ, ਸੁਖੀ ਅਤੇ ਖੁਸ਼ਹਾਲ ਵਸਦਿਆਂ ਵੇਖ ਕੇ ਹੀ ਸੁਖੀ ਹੋਵੇਗੀ ਅਤੇ ਉਸ ਦਿਨ ਤਕ ਆਪ ਸਭਨਾਂ ਨਮਿਤ ਕੀਤੀ ਸੇਵਾ ਅਤੇ ਘਾਲਣਾ ਨੂੰ ਸਫਲ ਨਹੀਂ ਸਮਝੇਗੀ ਜਦ ਤਕ ਤੁਸੀਂ ਸਾਰੇ ਹੀ ਅਮੀਰ ਅਤੇ ਸੁਖੀ ਨਾ ਹੋ ਜਾਵੋ।


ਸਮੁਚੀ ਕਾਇਨਾਤ ਦਾ ਸੇਵਕ ਅਤੇ ਸ਼ੁਭਚਿੰਤਕ

……….ਖੋਜੀ"
Reply Quote TweetFacebook
Sorry, only registered users may post in this forum.

Click here to login